Oct 8, 2026

ਸੇਫ ਸਰੀ ਕੋਲੀਸ਼ਨ ਵਲੋਂ ਕੌਂਸਲਰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ-

ਸਰੀ ( ਦੇ ਪ੍ਰ ਬਿ)- ਉਘੀ ਸਮਾਜ ਸੇਵੀ, ਔਰਤ ਹੱਕਾਂ ਦੀ ਅਲੰਬਰਦਾਰ ਤੇ ਸਰੀ ਦੀ ਜਾਣੀ ਪਹਿਚਾਣੀ ਮਹਿਲਾ ਸ਼ਖਸੀਅਤ ਮੀਰਾ ਗਿੱਲ, ਸਰੀ ਮਿਊਂਸਪਲ ਚੋਣਾਂ ਲਈ ਚੋਣ ਮੈਦਾਨ ਵਿਚ ਹੈ। ਉਸਨੇ ਸਾਬਕਾ ਮੇਅਰ ਡੱਕ ਮੈਕਲਮ ਦੀ ਅਗਵਾਈ ਵਾਲੀ ਸਲੇਟ ਸੇਫ ਸਰੀ ਕੋਲੀਸ਼ਨ ਦੀ  ਤਰਫੋ ਕੌਂਸਲਰ ਉਮੀਦਵਾਰ ਵਜੋਂ ਆਪਣੇ ਸ਼ਹਿਰ ਦੇ ਆਪਣੇ ਲੋਕਾਂ ਤੱਕ ਪਹੁੰਚ ਕਰਦਿਆਂ ਸਿਟੀ ਹਾਲ ਵਿਚ ਇਕ ਲੋਕ ਪੱਖੀ ਤੇ ਬੁਲੰਦ ਆਵਾਜ਼ ਬਣਨ ਲਈ ਹੁੰਗਾਰਾ ਭਰਨ ਦਾ ਸੱਦਾ ਦਿੱਤਾ ਹੈ।

ਕੈਨੇਡਾ ਰੈਵਨਿਊ ਏਜੰਸੀ ਦੀ ਇਕ ਅਧਿਕਾਰੀ ਵਜੋਂ ਆਪਣੀ ਉਪਜੀਵਕਾ ਕਮਾਉਣ ਦੇ ਨਾਲ ਆਵਰ ਗਲੋਬਰ ਵਿਲੇਜ ਦੀ ਸੰਸਥਾਪਕ ਵਜੋਂ ਪਿਛਲੇ ਕਈ ਸਾਲਾਂ ਤੋਂ ਲੋੜਵੰਦਾਂ, ਬੇਸਹਾਰਾ ਲੋਕਾਂ, ਬਜੁਰਗਾਂ ਦੀ ਮਦਦਗਾਰ ਅਤੇ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ ਅਤੇ ਕਈ ਹੋਰ ਸਮਾਜਿਕ ਤੇ ਸਭਿਆਚਾਰਕ ਸੰਸਥਾਵਾਂ ਨਾਲ ਜੁੜਕੇ ਸਮਾਜ ਸੇਵਾ ਵਿਚ ਮਹੱਤਵਪੂਰਣ ਯੋਗਦਾਨ ਪਾਉਂਦੀ ਆ ਰਹੀ ਹੈ ਮੀਰਾ ਗਿੱਲ।

ਸਰੀ ਤੇ ਸਮਾਜਿਕ ਅਤੇ ਸਭਿਆਚਾਰਕ ਪ੍ਰੋਗਰਾਮਾਂ  ਦੀ ਅਗਵਾਈ ਕਰਦਿਆਂ ਇਕ ਬੁਲੰਦ ਮਹਿਲਾ ਵਜੋਂ ਆਪਣੀ ਪਹਿਚਾਣ ਸਥਾਪਿਤ ਕਰਨ ਵਾਲੀ ਮੀਰਾ ਗਿੱਲ ਨੇ ਸਿਟੀ ਕੌਂਸਲਰ ਦੀ ਚੋਣ ਲੜਨ ਦੇ ਆਪਣੇ ਫੈਸਲੇ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਹੈ ਕਿ ਉਹ ਇਸ ਸ਼ਹਿਰ ਦੀ ਪਿਛਲੇ 33 ਸਾਲਾਂ ਤੋਂ ਵਸਨੀਕ ਹੈ। ਸਰੀ ਉਸਦਾ ਘਰ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਬਿਜਨਸ ਸਟੱਡੀਜ ਪ੍ਰੋਗਰਾਮ ਵਿਚ ਡਿਗਰੀ ਕਰਨ ਉਪਰੰਤ ਉਹ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਰੈਵਨਿਊ ਏਜੰਸੀ ਨਾਲ ਸੇਵਾਵਾਂ ਨਿਭਾਅ ਰਹੀ ਹੈ। ਇਸ ਸ਼ਹਿਰ ਅਤੇ ਭਾਈਚਾਰੇ ਨੇ ਉਸਨੂੰ ਤੇ ਉਸਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ ਜਿਸਦੇ ਇਵਜ਼ ਵਿਚ ਭਾਈਚਾਰੇ ਤੇ ਸ਼ਹਿਰ ਨੂੰ ਕੁਝ ਵਾਪਿਸ ਕਰਨਾ ਵੀ ਉਸਦੇ ਹਮੇਸ਼ਾ ਜ਼ਿਹਨ ਵਿਚ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ, ਮੈਂ ਕਈ ਸਥਾਨਕ ਸੰਗਠਨਾਂ ਨਾਲ ਸਵੈ-ਇੱਛਾ ਨਾਲ ਕੰਮ ਕੀਤਾ ਹੈ, ਜਿਸ ਵਿੱਚ ਖੇਡ ਅਕੈਡਮੀਆਂ, ਥੀਏਟਰ ਸਮੂਹ, ਸਾਹਿਤਕ ਸੰਸਥਾਵਾਂ ਅਤੇ ਸਰੀ ਨਿਵਾਸੀਆਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਾਲੀਆਂ ਭਾਈਚਾਰਕ ਪਹਿਲਕਦਮੀਆਂ ਸ਼ਾਮਲ ਹਨ। ਮੈਨੂੰ ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਦਾ ਸੰਸਥਾਪਕ ਪ੍ਰਧਾਨ ਹੋਣ ‘ਤੇ ਮਾਣ ਹੈ। ਫਾਊਂਡੇਸ਼ਨ ਰਾਹੀਂ, ਮੈਂ ਹਜ਼ਾਰਾਂ ਸਰੀ ਨਿਵਾਸੀਆਂ ਦਾ ਸਮਰਥਨ ਕਰਨ ਵਾਲੇ ਬਹੁਤ ਸਾਰੇ ਪ੍ਰੋਗਰਾਮਾਂ ਅਤੇ ਭਾਈਚਾਰਕ ਪਹਿਲਕਦਮੀਆਂ ਨੂੰ ਆਯੋਜਿਤ ਕਰਨ ਵਿੱਚ ਮਦਦ ਕੀਤੀ ਹੈ। ਸਾਲ 2014 ਸਥਾਪਿਤ ਇਸ ਸੰਸਥਾ ਰਾਹੀਂ  ਸਾਡੀਆਂ ਪਹਿਲਕਦਮੀਆਂ ਨੇ ਬਜ਼ੁਰਗਾਂ ਅਤੇ ਨੌਜਵਾਨਾਂ ਦਾ ਵਿਸ਼ੇਸ਼ ਸਮਰਥਨ ਕੀਤਾ ਹੈ, ਬੇਘਰ ਲੋਕਾਂ ਦੀ ਮਦਦ ਕੀਤੀ ਹੈ, ਨਸ਼ੀਲੇ ਪਦਾਰਥਾਂ ਅਤੇ ਗੈਂਗ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ ਹੈ, ਕਮਿਊਨਿਟੀ ਸੜਕ ਸੁਰੱਖਿਆ ਮੁਹਿੰਮਾਂ ਦੀ ਅਗਵਾਈ ਕੀਤੀ ਹੈ  ਅਤੇ ਹਾਲ ਹੀ ਵਿੱਚ ਸੀਨੀਅਰ ਵੈਲਨੈਸ ਸੈਸ਼ਨ ਅਤੇ ਪਾਲਤੂ ਜਾਨਵਰਾਂ ਦੀ ਦੇਖਭਾਲ ਜਾਗਰੂਕਤਾ ਸੈਸ਼ਨਾਂ ਦੀ ਮੇਜ਼ਬਾਨੀ ਕੀਤੀ ਹੈ।

ਇਕ ਕੌਂਸਲਰ ਉਮੀਦਵਾਰ ਵਜੋੰ ਉਹਨਾਂ ਦੀ ਸੋਚ ਹੈ ਕਿ ਸਰੀ ਦੇ ਵਿਕਾਸ ਲਈ ਜ਼ਿੰਮੇਵਾਰ ਫੈਸਲੇ ਲੈਣ, ਮਜ਼ਬੂਤ ਜਨਤਕ ਸੇਵਾ ਅਤੇ ਟੈਕਸਦਾਤਾਵਾਂ ਦੇ ਡਾਲਰਾਂ ਦੀ ਸਾਵਧਾਨੀ ਨਾਲ ਨਿਗਰਾਨੀ ਦੀ ਵਧੇਰੇ ਲੋੜ ਹੈ।  ਉਹ ਜਵਾਬਦੇਹੀ, ਵਿਹਾਰਕ ਲੀਡਰਸ਼ਿਪ ਅਤੇ ਵਿਹਾਰਕ ਪਹੁੰਚ ਲਿਆਉਣ ਲਈ ਵਚਨਬੱਧ ਹੈ ਜਿਸਨੇ ਉਸਦੇ ਕੈਰੀਅਰ ਅਤੇ ਕਮਿਊਨਿਟੀ ਸੇਵਾ ਲਈ ਮਾਰਗਦਰਸ਼ਨ ਕੀਤਾ ਹੈ। ਉਹਨਾਂ ਦਾ ਮੰਨਣਾ ਹੈ ਕਿ  ਇਕੱਠੇ ਮਿਲ ਕੇ, ਅਸੀਂ ਇੱਕ ਸੁਰੱਖਿਅਤ, ਮਜ਼ਬੂਤ ਅਤੇ ਵਧੇਰੇ ਕਿਫਾਇਤੀ ਤੇ ਰਹਿਣਯੋਗ ਸ਼ਹਿਰ ਬਣਾ ਸਕਦੇ ਹਾਂ, ਜਿੱਥੇ ਹਰ ਨਿਵਾਸੀ ਨੂੰ ਵਧਣ-ਫੁੱਲਣ ਦੇ ਬਰਾਬਰ ਮੌਕੇ ਮੁਹੱਈਆ ਹੋਣ। ਉਹਨਾਂ ਸਰੀ ਸ਼ਹਿਰ ਅਤੇ ਆਪਣੇ ਲੋਕਾਂ ਲਈ ਕੁਝ ਕਰਨ ਦੀ ਇੱਛਾ ਤੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੇ ਲੋਕਾਂ ਤੋਂ ਵੋਟ ਰਾਹੀਂ ਸਮਰਥਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *