ਸਰਵੇਖਣ ਵਿਚ ਬਰੈਂਡਾ ਨੂੰ 24 ਫੀਸਦੀ, ਡੱਗ ਨੂੰ 12 ਫੀਸਦੀ, ਸਟਾਰਚੁੱਕ ਤੇ ਲਿੰਡਾ ਨੂੰ 7 ਫੀਸਦੀ ਤੇ ਹੋਣਵੀਰ ਨੂੰ 6 ਫੀਸਦੀ ਸਮਰਥਨ ਹਾਸਲ-
ਸਰੀ ( ਦੇ ਪ੍ਰ ਬਿ)-ਹੁਣ ਜਦੋਂ ਚੋਣਾਂ ਵਿਚ ਇਕ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਤਾਂ ਨਵੇਂ ਚੋਣ ਸਰਵੇਖਣ ਵਿਚ ਸਰੀ ਦੀ ਮੌਜੂਦਾ ਮੇਅਰ ਆਪਣੇ ਛੇ ਵਿਰੋਧੀ ਉਮੀਦਵਾਰਾਂ ਦੇ ਮੁਕਾਬਲੇ ਮਜ਼ਬੂਤ ਸਥਿਤੀ ਵਿਚ ਹੈ। ਪੋਸਟਮੀਡੀਆ ਨਿਊਜ਼ ਲਈ ਲੇਜਰ ਵਲੋਂ ਕੀਤੇ ਗਏ ਸਰਵੇਖਣ ਵਿਚ ਲੌਕ ਨੂੰ 24 ਫ਼ੀਸਦੀ ਵੋਟਰਾਂ ਦਾ ਸਮਰਥਨ ਹਾਸਲ ਹੈ। ਸੇਫ ਸਰੀ ਕੁਲੀਸ਼ਨ ਦੇ ਸਾਬਕਾ ਮੇਅਰ ਡੱਗ ਮੈਕਲਮ ਨੂੰ 12 ਫੀਸਦੀ, ਇਮੈਜਿਨ ਸਰੀ ਦੇ ਮਾਈਕ ਸਟਾਰਚੁਕ ਅਤੇ ਫਸਟ ਸਰੀ ਦੀ ਲਿੰਡਾ ਐਨਿਸ ਨੂੰ 7-7 ਫੀਸਦੀ ਅਤੇ ਕੰਸਰਵੇਟਿਵ ਸਰੀ ਦੇ ਹੋਨਵੀਰ ਸਿੰਘ ਰੰਧਾਵਾ ਨੂੰ 6 ਫ਼ੀਸਦੀ ਵੋਟਰਾਂ ਦਾ ਸਮਰਥਨ ਹਾਸਲ ਹੈ। ਉਂਜ ਮੁਕਾਬਲੇ ਦਾ ਨਤੀਜਾ ਅਜੇ ਤੈਅ ਨਹੀਂ ਹੋਇਆ ਕਿਉਂਕਿ ਸਰੀ ਵੋਟਰਾਂ ਦੇ ਵੱਡੇ ਹਿੱਸੇ 34 ਫ਼ੀਸਦੀ ਵਲੋਂ ਅਜੇ ਇਹ ਫ਼ੈਸਲਾ ਨਹੀਂ ਕੀਤਾ ਗਿਆ ਕਿ ਵੋਟ ਕਿਸ ਉਮੀਦਵਾਰ ਨੂੰ ਪਾਉਣੀ ਹੈ। ਸਰੀ ਦੇ ਅੱਧੇ ਤੋਂ ਵੱਧ ਲੋਕਾਂ 64 ਫ਼ੀਸਦੀ ਨੇ ਸੰਕੇਤ ਦਿੱਤਾ ਕਿ ਉਹ ਸਿਟੀ ਕੌਂਸਲ ਵਿਚ ਤਬਦੀਲੀ ਦੇਖਣਾ ਚਾਹੁੰਦੇ ਹਨ। ਲੇਜਰ ਦੇ ਕਾਰਜਕਾਰੀ ਉਪ ਪ੍ਰਧਾਨ ਸਟੀਵ ਮੋਸੋਪ ਨੇ ਕਿਹਾ ਕਿ ਇਹ ਉਨ੍ਹਾਂ ਮਾਮਲਿਆਂ ਵਿਚੋਂ ਇਕ ਗੱਲ ਹੋ ਸਕਦੀ ਹੈ ਜਿਥੇ ਮਾੜੇ ਉਮੀਦਵਾਰਾਂ ਵਿਚ ਸਭ ਤੋਂ ਵਧੀਆ ਸਥਿਤੀ ਬਣ ਰਹੀ ਹੈ। ਚੋਣਾਂ ਵਿਚ ਕਈ ਵਾਰ ਅਜਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਵੋਟਰਾਂ ਵਲੋਂ ਬਦਲਾਅ ਦੀ ਇੱਛਾ ਕਾਰਨ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ ਪਰ ਬਹੁਤੇ ਵੋਟਰ ਅਜੇ ਵੀ ਬਰੈਂਡਾ ਲੌਕ ਦਾ ਸਮਰਥਨ ਕਰ ਰਹੇ ਹਨ। ਬੁੱਧਵਾਰ ਦੀ ਰਾਤ ਨੂੰ ਮੇਅਰ ਅਹੁਦੇ ਦੀ ਬਹਿਸ ਦੌਰਾਨ ਲੌਕ ਮੋਹਰੀ ਸਥਿਤੀ ਕਾਰਨ ਸਪੱਸ਼ਟ ਰੂਪ ਵਿਚ ਨਿਸ਼ਾਨੇ ’ਤੇ ਰਹੀ। ਲੌਕ ਦੇ ਵਿਰੋਧੀਆਂ ਨੇ ਵਾਰ ਵਾਰ ਸਰੀ ਕੁਨੈਕਟ ਦੀ ਨੇਤਾ ’ਤੇ ਨਿਸ਼ਾਨਾ ਸਾਧਿਆ। ਹਰੇਕ ਉਮੀਦਵਾਰ ਨੂੰ ਇਕ ਦੂਸਰੇ ਤੋਂ ਇਕ ਸਵਾਲ ਪੁੱਛਣ ਦਾ ਮੌਕਾ ਦਿੱਤਾ ਗਿਆ ਅਤੇ ਲਗਪਗ ਸਾਰੇ ਉਮੀਦਵਾਰਾਂ ਨੇ ਲੌਕ ਤੋਂ ਹੀ ਸਵਾਲ ਪੁੱਛਣ ਨੂੰ ਤਰਜੀਹ ਦਿੱਤੀ। 2022 ਦੀ ਚੋਣ ਵਿਚ ਲੌਕ ਨੇ ਮੈਕਲਮ ਨੂੰ 1000 ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ। ਮੋਸੋਪ ਨੇ ਕਿਹਾ ਕਿ ਇਸ ਸਾਲ ਵੀ ਮੁਕਾਬਲਾ ਸਖਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹੈ ਕਿ ਸਟਾਰਚੁਕ ਅਤੇ ਐਨਿਸ ਚੋਣ ਸਰਵੇਖਣਾਂ ਵਿਚ ਬਿਹਤਰ ਪ੍ਰਦਰਸ਼ਨ ਨਹੀਂ ਕਰ ਰਹੇ।
