Oct 13, 2026

* ਉੱਘੇ ਵਿਗਿਆਨੀ ਡਾ: ਹਰਦੇਵ ਸਿੰਘ ਵਿਰਕ ਅਤੇ ਅਮਰਜੀਤ ਕੌਰ ਦੀਆਂ ਪੁਸਤਕਾਂ ਲੋਕ ਅਰਪਣ–

ਵੈਨਕੂਵਰ, ਅਕਤੂਬਰ (ਮਲਕੀਤ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਇਸ ਮਹੀਨੇ ਕੀਤੀ ਗਈ ਇਕੱਤਰਤਾ ਯਾਦਗਾਰੀ ਹੋ ਨਿੱਬੜੀ। ਇਸ ਮੌਕੇ ਤੇ ਮਹਾਨ ਵਿਗਿਆਨੀ ਅਤੇ ਉੱਘੇ ਸਿੱਖ ਵਿਦਵਾਨ ਡਾ: ਹਰਦੇਵ ਸਿੰਘ ਵਿਰਕ ਦੀ ਪੁਸਤਕ ‘ਪੈਰਿਸ ਤੋਂ ਪਟਿਆਲਾ’ ਅਤੇ ਲੇਖਿਕਾ ਅਮਰਜੀਤ ਕੌਰ ਦੀ ਪੁਸਤਕ ‘ਯਤਨ ਲੌਢੇ ਵੇਲੇ ਦੇ’ ਰਿਲੀਜ਼ ਕੀਤੀਆਂ ਗਈਆ
ਇਸ ਮਹੀਨੇ ਦੀ ਮੀਟਿੰਗ ‘ਰੀਕਾਸਲੀਏਸ਼ਨ ਡੇਅ’ ਨੂੰ ਸਮਰਪਿਤ ਸੀ। ਇਸ ਇਕੱਤਰਤਾ ਦੌਰਾਨ
ਸਭ ਤੋਂ ਪਹਿਲਾਂ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿ ਕੇ ਸਟੇਜ ਦੀ ਸ਼ੁਰੂਆਤ ਕੀਤੀ ਅਤੇ ਸਭਾ ਦੇ ਪ੍ਰਧਾਨ ਸ: ਪ੍ਰਿਤਪਾਲ ਸਿੰਘ ਗਿੱਲ,ਲੇਖਿਕਾ ਅਮਰਜੀਤ ਕੌਰ,ਅਤੇ ਡਾ: ਹਰਦੇਵ ਸਿੰਘ ਵਿਰਕ ਨੂੰ ਪ੍ਰਧਾਨਗੀ ਮੰਡਲ ਲਈ ਸੱਦਾ ਦਿੱਤਾ। ਉਪਰੰਤ ਬੀਤੇ ਮਹੀਨੇ ਦੀ ਮੀਟਿੰਗ ਦੀ ਕਾਰਵਾਈ ਸਾਂਝੀ ਕੀਤੀ ਗਈ ਅਤੇ ਅਕਤੂਬਰ ਮਹੀਨੇ ਵਿੱਚ ਜਨਮ ਦਿਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਭਾ ਵੱਲੋਂ ਵਧਾਈ ਦਿੱਤੀ ਗਈ। ਇਸ ਦੌਰਾਨ ਉੱਘੇ ਵਿਅੰਗਕਾਰ ਅਤੇ ਪੰਜਾਬੀ ਹਾਸ-ਵਿਅੰਗ ਅਕਾਦਮੀ (ਅੰਤਰਰਾਸ਼ਟਰੀ) ਦੇ ਪ੍ਰਧਾਨ ਸ੍ਰੀ ਕੇ. ਐਲ. ਗਰਗ ਦੇ ਬੇਵਕਤ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਹਾਜ਼ਰ ਕਵੀਆਂ ਨੇ ਆਪਣੇ ਬਹੁਮੁੱਲੇ ਕਲਾਮ ਪੇਸ਼ ਕਰਕੇ ਖੂਬ ਵਾਹ ਵਾਹ ਬਟੋਰੀ। ਲੋਕ ਗਾਇਕ ਤੇ ਲੇਖਕ ਬਲਬੀਰ ਸ਼ੇਰਪੁਰੀ ਅਤੇ ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਖੂਬਸੂਰਤ ਗੀਤਾਂ ਰਾਹੀਂ ਮਹੌਲ ਵਿੱਚ ਸੰਗੀਤਕ ਰੰਗ ਭਰ ਦਿੱਤਾ ਗਿਆ। ਉਪਰੰਤ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ,ਡਾ: ਰਣਜੀਤ ਸਿੰਘ ਪੰਨੂ,ਕਵਿੰਦਰ ਚਾਂਦ,ਪ੍ਰੋ: ਕੁਲਵੰਤ ਸਿੰਘ ਥਿੰਦ ਅਤੇ ਡਾ: ਵਿਰਕ ਦੇ ਕਲਾਸਫੈਲੋ ਮਾ: ਅਮਰੀਕ ਸਿੰਘ ਲੇਹਲ ਵੱਲੋਂ ਡਾ: ਹਰਦੇਵ ਸਿੰਘ ਵਿਰਕ ਦੀ ਪੁਸਤਕ ‘ਪੈਰਿਸ ਤੋਂ ਪਟਿਆਲਾ’ ਉੱਪਰ ਬਹੁਤ ਮਿਹਨਤ ਨਾਲ ਤਿਆਰ ਕੀਤੇ ਪਰਚੇ ਪੜ੍ਹੇ ਗਏ। ਬੁਲਾਰਿਆਂ ਨੇ ਡਾ: ਵਿਰਕ ਦੀਆਂ ਮਹਾਨ ਪ੍ਰਾਪਤੀਆਂ ਦਾ ਗੁਣਗਾਨ ਕਰਦਿਆਂ ਉਨ੍ਹਾਂ ਨੂੰ ਕੌਮ ਦਾ ਮਾਣ ਕਿਹਾ। ਬੁਲਾਰਿਆਂ ਨੇ ਪੁਸਤਕ ਵਿੱਚ ਬੇਬਾਕੀ ਨਾਲ ਲਿਖੀਆਂ ‘ਅੰਦਰਲੀਆਂ’ ਗੱਲਾਂ ਦੀ ਖੂਬ ਪ੍ਰਸ਼ੰਸਾ ਕੀਤੀ। ਲੇਖਿਕਾ ਅਮਰਜੀਤ ਕੌਰ ਦੀ ਪੁਸਤਕ ‘ਯਤਨ ਲੌਢੇ ਵੇਲੇ ਦੇ’ ਉੱਪਰ ਪਲਵਿੰਦਰ ਸਿੰਘ ਰੰਧਾਵਾ,ਜਸਵੰਤ ਕੌਰ ਰਾਣਾ,ਹਰਦਮ ਮਾਨ ਅਤੇ ਸੁਰਜੀਤ ਸਿੰਘ ਮਾਧੋਪੁਰੀ ਨੇ ਪਰਚੇ ਪੜੇ ਅਤੇ ਸਮਾਜਿਕ ਸਰੋਕਾਰਾਂ ਨਾਲ ਨੂੰ ਖੂਬਸੂਰਤੀ ਨਾਲ ਸ਼ਬਦਾਂ ਵਿੱਚ ਪਰੋਣ ਦੀ ਖੂਬ ਸਰਾਹਨਾ ਕੀਤੀ। ਇਸ ਤੋਂ ਬਾਅਦ ਡਾ: ਹਰਦੇਵ ਸਿੰਘ ਵਿਰਕ ਨੇ ਆਪਣੇ ਮੁੱਢਲੇ ਸੰਘਰਸ਼ਮਈ ਜੀਵਨ ਅਤੇ ਜੀਵਨ ਭਰ ਦੇ ਤਜਰਬੇ ਸਾਂਝੇ ਕੀਤੇ। ਲੇਖਿਕਾ ਅਮਰਜੀਤ ਕੌਰ ਨੇ ਕਿਹਾ ਕਿ ਉਹ ਕਾਲਜ ਸਮੇਂ ਕਲਮਅਜ਼ਮਾਈ ਕਰਦੇ ਸਨ ਪਰ ਬਾਅਦ ਵਿੱਚ ਕਿਸੇ ਮਜਬੂਰੀ ਕਾਰਨ ਉਹ ਲਿਖ ਨਹੀਂ ਸਕੇ। ਪਰ ਕੈਨੇਡਾ ਆ ਕੇ ਸਾਹਿਤ ਸਭਾਵਾਂ ਵਿੱਚੋਂ ਸਾਹਿਤਕ ਮਹੌਲ ਮਿਲ ਗਿਆ ਅਤੇ ਕਲਮ ਨੇ ਫਿਰ ਅੰਗੜਾਈ ਲੈ ਕੇ ਸਿਰਜਣਾ ਸ਼ੁਰੂ ਕਰ ਦਿੱਤੀ, ਜਿਸ ਦਾ ਸਿੱਟਾ ਤੁਹਾਡੇ ਸਾਹਮਣੇ ਹੈ। ਉਨ੍ਹਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
*         ਅਖੀਰ ਵਿੱਚ ਸਭਾ ਵੱਲੋਂ ਦੋਵਾਂ ਲੇਖਕਾਂ ਦਾ ਸਨਮਾਨ ਕੀਤਾ ਗਿਆ। ਲੇਖਕਾਂ ਵੱਲੋਂ ਸੀਨੀਅਰ ਸਿਟੀਜਨ ਸੈਂਟਰ ਦੇ ਨੁਮਾਇੰਦਿਆਂ ਨੂੰ ਇੱਕ-ਇੱਕ ਕਿਤਾਬ ਭੇਂਟ ਕੀਤੀ। ਪਲਵਿੰਦਰ ਸਿੰਘ ਰੰਧਾਵਾ ਨੇ ਆਪਣਾ  ਬਹੁਤ ਪਿਆਰਾ ਗੀਤ ਤਰੰਨਮ ਵਿੱਚ ਕਹਿ ਕੇ ਖੂਬ ਦਾਦ ਬਟੋਰੀ। ਸ: ਪ੍ਰਿਤਪਾਲ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦੋਵਾਂ ਲੇਖਕਾਂ ਨੂੰ ਸਭਾ ਵੱਲੋਂ ਵਧਾਈ ਦਿੱਤੀ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ  ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖੂਬੀ ਨਿਭਾਈ ਗਈ।

Leave a Reply

Your email address will not be published. Required fields are marked *