-ਸੁਖਵਿੰਦਰ ਸਿੰਘ ਚੋਹਲਾ–
ਬ੍ਰਿਟਿਸ਼ ਕੋਲੰਬੀਆ ਵਿਚ 17 ਅਕਤੂਬਰ ਦਿਨ ਸ਼ਨੀਵਾਰ ਨੂੰ ਮਿਊਂਸਪਲ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਆਮ ਵੋਟਾਂ ਵਾਲੇ ਦਿਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਦਿਆਂ ਸੂਬੇ ਦੀਆਂ ਕੁਲ 161 ਨਗਰ ਕੌਂਸਲਾਂ ਸਮੇਤ ਮੈਟਰੋ ਵੈਨਕੂਵਰ ਦੀਆਂ 21 ਕੌਂਸਲਾਂ ਲਈ ਵੋਟ ਕਰਨਗੇ। ਮੈਟਰੋ ਵੈਨਕੂਵਰ ਵਿਚ ਸਭ ਤੋਂ ਅਹਿਮ ਨਗਰ ਕੌਂਸਲਾਂ ਵਿਚ ਬੀਸੀ ਦੇ ਸਭ ਤੋਂ ਵੱਡੇ ਸ਼ਹਿਰ ਵੈਨਕੂਵਰ ਅਤੇ ਦੂਸਰੇ ਵੱਡੇ ਸ਼ਹਿਰ ਸਰੀ ਤੋਂ ਇਲਾਵਾ ਡੈਲਟਾ, ਰਿਚਮੰਡ, ਵੈਸਟ ਮਨਿਸਟਰ, ਬਰਨਬੀ, ਕੁਕਇਟਲਮ, ਲੈਂਗਲੀ ਸਿਟੀ, ਲੈਂਗਲੀ ਟਾਉਨਸ਼ਿਪ ਅਤੇ ਮੈਟਰੋ ਤੋਂ ਬਾਹਰ ਪੰਜਾਬੀਆਂ ਦੀ ਦੂਸਰੀ ਵੱਡੀ ਵਸੋਂ ਵਾਲੇ ਸ਼ਹਿਰ ਐਬਸਫੋਰਡ ਸ਼ਾਮਿਲ ਹਨ।
ਵੈਨਕੂਵਰ ਜੋ ਕਿ ਬੀ ਸੀ ਦਾ ਆਬਾਦੀ ਪੱਖੋ ਸਭ ਤੋਂ ਵੱਡਾ ਸ਼ਹਿਰ ਹੈ ਵਿਚ ਮੌਜੂਦਾ ਮੇਅਰ ਕੇਨ ਸਿਮ ਦੇ ਮੁਕਾਬਲੇ ਅੱਠ ਹੋਰ ਉਮੀਦਵਾਰ ਹਨ। ਇਨ੍ਹਾਂ ਵਿੱਚ ਸਾਬਕਾ ਕੌਂਸਲਰ ਕੋਲੀਨ ਹਾਰਡਵਿਕ, ਮੌਜੂਦਾ ਕੌਂਸਲਰ ਰੇਬੇਕਾ ਬਲਾਈ ਅਤੇ ਮੇਅਰ ਦੇ ਸਾਬਕਾ ‘ਚੀਫ਼ ਆਫ਼ ਸਟਾਫ਼’ ਕਰੀਮ ਅੱਲਾਮ ਸ਼ਾਮਲ ਹਨ। ਪਰ ਉਹਨਾਂ ਦਾ ਮੁੱਖ ਮੁਕਾਬਲਾ ਗ੍ਰੀਨ ਪਾਰਟੀ ਦੇ ਪੀਟ ਫਰਾਈ ਨਾਲ ਸਮਝਿਆ ਜਾਂਦਾ ਹੈ। ਵੈਨਕੂਵਰ ਸਿਟੀ ਕੌਂਸਲ ਵਿਚ ਮੁੱਖ ਮੁੱਦੇ ਸੁਰੱਖਿਆ ਅਤੇ ਨਸ਼ਿਆਂ ਖਿਲਾਫ ਕਾਰਵਾਈ ਹਨ ਪਰ ਮੇਅਰ ਵਲੋਂ ਇਹ ਚੋਣ ਇਸ ਮੁੱਦੇ ਤੇ ਲੜੀ ਜਾ ਰਹੀ ਹੈ ਕਿ ਉਹਨਾਂ ਨੇ ਸ਼ਹਿਰ ਲਈ ਹੁਣ ਤੱਕ ਕੋਈ ਚੰਗਾ ਕੰਮ ਕੀਤਾ ਹੈ ਜਾਂ ਨਹੀਂ।
ਮੈਟਰੋ ਵੈਨਕੂਵਰ ਵਿਚ ਦੂਸਰੇ ਅਤੇ ਪੰਜਾਬੀਆਂ ਦੀਆਂ ਵਸੋਂ ਵਾਲੇ ਸਭ ਤੋਂ ਵੱਡੇ ਸ਼ਹਿਰ ਸਰੀ ਵਿਚ ਮੌਜੂਦਾ ਮੇਅਰ ਬਰੈਂਡਾ ਲੌਕ ਦਾ ਮੁੱਖ ਮੁਕਾਬਲਾ ਸਾਬਕਾ ਮੇਅਰ ਡੱਗ ਮੈਕਲਮ ਨਾਲ ਸਮਝਿਆ ਜਾਂਦਾ ਹੈ। ਮੁਕਾਬਲੇ ਵਿਚ ਦੂਸਰੇ ਮੋਹਰੀ ਉਮੀਦਵਾਰਾਂ ਵਿਚ ਲਿੰਡਾ ਐਨਿਸ, ਹੋਣਵੀਰ ਸਿੰਘ ਰੰਧਾਵਾ ਅਤੇ ਟਰੌਏ ਵੈਨ ਵਲੀਟ ਸ਼ਾਮਿਲ ਹਨ। ਚੀਨੀ ਮੂਲ ਦੇ ਲੋਕਾਂ ਦੀ ਵੱਡੀ ਵਸੋਂ ਵਾਲੇ ਸ਼ਹਿਰ ਰਿਚਮੰਡ ਵਿਚ ਮੇਅਰ ਲਈ ਮੁੱਖ ਮੁਕਾਬਲਾ ਸਾਬਕਾ ਕੌਂਸਲਰ ਰੌਬ ਹਾਵਰਡ ਅਤੇ ਮੌਜੂਦਾ ਕੌਂਸਲਰ ਕੈਸ਼ ਹੀਡ ਤੇ ਅਲੈਕਸਾ ਲੂ ਵਿਚਾਲੇ ਹੋਣ ਦੀ ਸੰਭਾਵਨਾ ਹੈ। ਇਹ ਤਿੰਨੇ ਹੀ ਸਾਬਕਾ ‘ਬੀ.ਸੀ. ਲਿਬਰਲ ਪਾਰਟੀ’ ਨਾਲ ਜੁੜੇ ਰਹੇ ਹਨ। ਹਾਵਰਡ ਅਤੇ ਹੀਡ ਇਸ ਪਾਰਟੀ ਵੱਲੋਂ ਵਿਧਾਇਕ ਵੀ ਰਹਿ ਚੁੱਕੇ ਹਨ, ਜਦਕਿ ਲੂ ਵੀ ਇਸੇ ਪਾਰਟੀ ਦੀ ਉਮੀਦਵਾਰ ਰਹਿ ਚੁੱਕੀ ਹੈ। ਰਿਚਮੰਡ ਵਾਂਗ, ਕੋਕਇਟਲਮ ਵਿੱਚ ਵੀ ਸਿਟੀ ਹਾਲ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਹੈ, ਇਥੋਂ ਮੇਅਰ ਰਹੇ ਰਿਚਰਡ ਸਟੀਵਰਟ ਹੁਣ ਅਹੁਦਾ ਛੱਡ ਰਹੇ ਹਨ। ਇਥੋ ਸਾਬਕਾ ਕੌਂਸਲਰ ਕਰੈਗ ਹੋਜ ਅਤੇ ਕੌਂਸਲਰ ਰਹੀ ਟ੍ਰਿਸ਼ ਮੈਡੋਵਾ ਵਿਚਾਲੇ ਮੁਕਾਬਲਾ ਸਮਝਿਆ ਜਾਂਦਾ ਹੈ। ਇਥੇ ਪਹਿਲਾਂ ਮੇਅਰ ਸਟੀਵਰਟ ਆਪਣਾ ਸਮਰਥਨ ਹੋਜ ਨੂੰ ਦੇ ਰਹੇ ਸਨ ਪਰ ਹੁਣ ਉਹ ਮੈਡੋਵਾ ਦੀ ਹਮਾਇਤ ਕਰ ਰਹੇ ਹਨ। ਸਰੀ ਦੇ ਗਵਾਂਢੀ ਸ਼ਹਿਰ ਡੈਲਟਾ ਵਿਚ ਮੌਜੂਦਾ ਮੇਅਰ ਜੌਰਜ ਹਾਰਵੀ ਦਾ ਮੁਕਾਬਲਾ ਡਾਇਲਨ ਕਰੂਗਰ ਨਾਲ ਹੈ।
ਲੈਂਗਲੀ ਸਿਟੀ ਅਤੇ ਨਿਊ ਵੈਸਟਮਿੰਸਟਰ ਦੋ ਮੱਧਮ ਆਕਾਰ ਦੀਆਂ ਸ਼ਹਿਰੀ ਨਗਰ ਕੌਂਸਲਾਂ ਹਨ ਜਿਨ੍ਹਾਂ ਦੀ ਕਹਾਣੀ ਇੱਕੋ ਜਿਹੀ ਹੈ। ਨਿਊ ਵੈਸਟਮਿੰਸਟਰ ਵਿੱਚ ਪੈਟ੍ਰਿਕ ਜੌਨਸਟੋਨ ਡੈਨੀਅਲ ਫੋਂਟੇਨ ਅਤੇ ਲੈਂਗਲੀ ਸਿਟੀ ਵਿੱਚ ਨਾਥਨ ਪਾਚਲ ਡੈਲਨੀ ਮੈਕ ਨਾਲ ਮੁਕਾਬਲਾ ਹੈ। ਦੋਵਾਂ ਸ਼ਹਿਰਾਂ ਵਿਚ ਅਪਰਾਧਾਂ ਦੀ ਰੋਕਥਾਮ ਅਤੇ ਜਨਤਕ ਸੁਰੱਖਿਆ ਵੱਡੇ ਮੁੱਦੇ ਹਨ।
ਖੇਤੀਬਾੜੀ ਵਾਲੇ ਖੁੱਲੇ ਡੁੱਲੇ ਲੈਂਗਲੀ ਟਾਊਨਸ਼ਿਪ ਤੋਂ ਮੌਜੂਦਾ ਮੇਅਰ ਐਰਿਕ ਵੁੱਡਵਾਰਡ ਦਾ ਸਾਹਮਣਾ ਜੇ ਲੰਡਗਰੇਨ ਨਾਲ ਹੈ, ਜੋ ਉਹਨਾਂ ਦੇ ਮੁਕਾਬਲੇ ਕਾਫੀ ਮਜਬੂਤੀ ਨਾਲ ਉਭਰੇ ਹਨ। ਐਰਿਕ ਵੁੱਡਵਾਰਡ ਦਾ ਕਹਿਣਾ ਹੈ ਕਿ ਲੈਂਗਲੀ ਟਾਉਨਸ਼ਿਪ ਤੇਜੀ ਨਾਲ ਵਿਕਾਸ ਕਰ ਰਿਹਾ ਸ਼ਹਿਰ ਹੈ ਤੇ ਇਸਦੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਣ ਲਈ ਉਸਦੀ ਅਗਵਾਈ ਵਾਲੀ ਸਲੇਟ ਫਾਰਵਰਡ ਫਾਰ ਲੈਂਗਲੀ ਟਾਉਨਸ਼ਿਪ ਦੇ ਹੱਥ ਲੋੜੀਂਦੀ ਹੈ ਜਦੋਂਕਿ ਲੰਡਗਰੇਨ ਉਹਨਾਂ ਨੂੰ ਬੁਨਿਆਦੀ ਢਾਂਚੇ ਉਪਰ ਲਏ ਜਾ ਰਹੇ ਭਾਰੀ ਕਰਜਿਆਂ ਲਈ ਘੇਰ ਰਹੇ ਹਨ।ਬੀਸੀ ਵਿਚ ਪੰਜਾਬੀਆਂ ਦੀ ਭਾਰੀ ਵਸੋਂ ਵਾਲੇ ਸ਼ਹਿਰ ਸਰੀ ਅਤੇ ਐਬਸਫੋਰਡ ਦੀਆਂ ਚੋਣਾਂ ਪ੍ਰਤੀ ਭਾਈਚਾਰੇ ਦੇ ਲੋਕਾਂ ਵਿਚ ਖਾਸ ਦਿਲਚਸਪੀ ਹੈ।
ਸਰੀ ਵਿਚ ਮੌਜੂਦਾ ਮੇਅਰ ਬਰੈਂਡਾ ਲੌਕ ਅਤੇ ਸਾਬਕਾ ਮੇਅਰ ਡੱਗ ਮੈਕਲਮ ਵਿਚਾਲੇ ਮੁਕਾਬਲਾ ਸਮਝਿਆ ਜਾਂਦਾ ਹੈ ਕਿ ਉਥੇ ਰਵਾਇਤੀ ਲੀਡਰਾਂ ਦੇ ਮੁਕਾਬਲੇ ਤੇਜੀ ਨਾਲ ਉਭਰੇ ਪੰਜਾਬੀ ਨੌਜਵਾਨ ਹੋਣਵੀਰ ਸਿੰਘ ਰੰਧਾਵਾ ਨੂੰ ਮਿਲਿਆ ਹੁੰਗਾਰਾ ਕਾਫੀ ਉਤਸ਼ਾਹਜਨਕ ਹੈ। ਉਹਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਲਿੰਡਾ ਐਨਿਸ ਅਤੇ ਸਾਉਥ ਸਰੀ ਦੇ ਧਨਾਢ ਬਿਜਨਸਮੈਨ ਟਰੌਏ ਵੈਨ ਵਲੀਟ ਆਪੋ ਆਪਣੇ ਢੰਗ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸ਼ਹਿਰ ਦੇ ਮੁੱਖ ਮੁੱਦਿਆਂ ਵਿਚ ਇਸ ਵਾਰ ਜਨਤਕ ਸੁਰੱਖਿਆ,ਪ੍ਰਾਪਰਟੀ ਟੈਕਸ, ਸ਼ਹਿਰ ਦੇ ਖਰਚਿਆਂ, ਵਿਕਾਸ ਪ੍ਰਾਜੈਕਟਾਂ ਅਤੇ ਆਮ ਲੋਕਾਂ ਤੇ ਛੋਟੇ ਕਾਰੋਬਾਰੀਆਂ ਦੀਆਂ ਲੋੜਾਂ ਚੋਣ ਬਹਿਸ ਦੇ ਕੇਂਦਰ ਰਹੇ ਹਨ। ਮੌਜੂਦਾ ਮੇਅਰ ਬਰੈਂਡਾ ਲੌਕ ਮੁੜ ਮੇਅਰ ਦੀ ਕੁਰਸੀ ਹਾਸਲ ਕਰਨ ਲਈ ਪੁਲਿਸ ਅਤੇ ਫਾਇਰ ਸੇਵਾਵਾਂ ਵਿੱਚ ਨਿਵੇਸ਼, ਟੈਕਸਾਂ ਨੂੰ ਕਾਬੂ ਵਿੱਚ ਰੱਖਣ, ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਜਾਰੀ ਰੱਖਣ ਲਈ ਲੋਕਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ । ਸਾਬਕਾ ਮੇਅਰ ਡੱਗ ਮੈਕਲਮ ਨੇ ਸਕਾਈਟ੍ਰੇਨ ਦੇ ਵਿਸਥਾਰ, ਚਾਰ ਸਾਲਾਂ ਲਈ ਜਾਇਦਾਦ ਟੈਕਸ ਵਿੱਚ ਵਾਧਾ ਨਾ ਕਰਨ ਅਤੇ ਅਪਰਾਧ ਤੇ ਐਕਸਟੌਰਸ਼ਨ ਵਿਰੁੱਧ ਸਖ਼ਤ ਕਾਰਵਾਈ ਵਰਗੇ ਵਾਅਦੇ ਕੀਤੇ ਹਨ। ਲਿੰਡਾ ਐਨਿਸ ਸੁਰੱਖਿਆ, ਵਿੱਤੀ ਪਾਰਦਰਸ਼ਤਾ ਅਤੇ ਸਿਟੀ ਦੇ ਖਰਚਿਆਂ ਦੀ ਸਮੀਖਿਆ ’ਤੇ ਜ਼ੋਰ ਦੇ ਰਹੀ ਹੈ। ਮਾਈਕ ਸਟਾਰਚੁਕ ਸੁਰੱਖਿਅਤ, ਘੱਟ ਭੀੜ-ਭੜੱਕੇ ਵਾਲੇ ਅਤੇ ਕਿਫਾਇਤੀ ਸਰੀ ਦੀ ਗੱਲ ਕਰ ਰਹੇ ਹਨ, ਜਦਕਿ ਟਰੌਇ ਵੈਨ-ਵਲੀਟ ਅਤੇ ਇਗਲ ਐਮਨਜ਼ ਦੂਜਾ ਵੀ ਸ਼ਹਿਰ ਦੇ ਵਿਕਾਸ ਅਤੇ ਪ੍ਰਸ਼ਾਸਨ ਸਬੰਧੀ ਆਪਣੇ ਵਿਚਾਰਾਂ ਨਾਲ ਵੋਟਰਾਂ ਤੱਕ ਪਹੁੰਚ ਕੀਤੀ ਹੈ।
ਪੰਜਾਬੀ ਨੌਜਵਾਨ ਵਕੀਲ ਹੋਨਵੀਰ ਸਿੰਘ ਰੰਧਾਵਾ ਦੀ ਮੁਹਿੰਮ ਨੂੰ ਲੋਕਾਂ ਵਲੋਂ ਅਣਕਿਆਸਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੀ ਮੁਹਿੰਮ ਦਾ ਮੁੱਖ ਜ਼ੋਰ ਸੁਰੱਖਿਅਤ ਸੜਕਾਂ, ਘੱਟ ਟੈਕਸਾਂ, ਜਵਾਬਦੇਹ ਪ੍ਰਸ਼ਾਸਨ ਅਤੇ ਸਿਟੀ ਦੇ ਫ਼ੈਸਲਿਆਂ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਵਧਾਉਣ ’ਤੇ ਰਿਹਾ ਹੈ। ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਸ਼ਹਿਰ ਵਿੱਚ ਆਈਆਂ ਸਮੱਸਿਆਵਾਂ ਨੂੰ ਉਭਾਰਦਿਆਂ ਵੋਟਰਾਂ ਨੂੰ ਇਹ ਸੋਚਣ ਦਾ ਸੱਦਾ ਦਿੱਤਾ ਹੈ ਕਿ ਸਰੀ ਨੂੰ ਨਵੀਆਂ ਲੀਹਾਂ ’ਤੇ ਲਿਜਾਣ ਲਈ ਕਿਸ ਤਰ੍ਹਾਂ ਦੀ ਅਗਵਾਈ ਦੀ ਲੋੜ ਹੈ। ਮੇਅਰ ਅਤੇ ਕੌਂਸਲਰ ਉਮੀਦਵਾਰਾਂ ਦੇ ਆਪੋ ਆਪਣੇ ਦਾਅਵਿਆਂ ਅਤੇ ਵਾਅਦਿਆਂ ਦਰਮਿਆਨ ਸੁਰੱਖਿਆ ਦਾ ਮੁੱਦਾ ਸਭ ਤੋਂ ਅਹਿਮ ਹੈ। ਜਬਰੀ ਵਸੂਲੀ, ਗੈਂਗ ਹਿੰਸਾ, ਨਸ਼ਿਆਂ ਨਾਲ ਜੁੜੇ ਅਪਰਾਧ ਅਤੇ ਪੁਲਿਸ ਸੇਵਾਵਾਂ ਦੀ ਕਾਰਗੁਜ਼ਾਰੀ ਵੱਡੇ ਮੁੱਦੇ ਹਨ। ਇਸ ਦੇ ਨਾਲ ਹੀ ਜਾਇਦਾਦ ਟੈਕਸ, ਘਰਾਂ ਦੀ ਕਿਫਾਇਤ, ਟ੍ਰੈਫਿਕ, ਸਕਾਈਟ੍ਰੇਨ ਦਾ ਵਿਸਥਾਰ ਅਤੇ ਸ਼ਹਿਰ ਦੇ ਵੱਡੇ ਵਿਕਾਸ ਪ੍ਰਾਜੈਕਟਾਂ ’ਤੇ ਖਰਚੇ ਵੀ ਵੋਟਰਾਂ ਲਈ ਬਹੁਤ ਅਹਿਮ ਹਨ।
ਸਰੀ ਸਿਟੀ ਵਿੱਚ ਮੇਅਰ ਲਈ ਸੱਤ ਉਮੀਦਵਾਰਾਂ ਤੋਂ ਇਲਾਵਾ ਕੌਂਸਲ ਲਈ 66 ਅਤੇ ਸਕੂਲ ਟਰੱਸਟੀ ਲਈ 24 ਉਮੀਦਵਾਰ ਸਮੇਤ ਕੁੱਲ 97 ਉਮੀਦਵਾਰ ਆਪਣੀ ਕਿਸਮਤ ਅਜਮਾਈ ਕਰ ਰਹੇ ਹਨ। ਸਰੀ ਦੀ ਲਗਪਗ 5 ਲੱਖ 68 ਹਜਾਰ ਦੀ ਰਜਿਸਟਰਡ ਆਬਾਦੀ ਵਿਚ ਸਾਉਥ ਏਸ਼ੀਅਨਾਂ ਦੀ 2 ਲੱਖ 12 ਹਜਾਰ ਦੀ ਆਬਾਦੀ ਚੋਂ ਸਿੱਖ ਅਤੇ ਪੰਜਾਬੀ ਵਸੋਂ 1 ਲੱਖ 28 ਹਜਾਰ ਦੇ ਕਰੀਬ ਹੈ। ਸਰੀ ਦੇ ਵੋਟਰ ਇੱਕ ਮੇਅਰ, ਅੱਠ ਸਿਟੀ ਕੌਂਸਲਰ ਅਤੇ ਛੇ ਸਕੂਲ ਟਰੱਸਟੀਆਂ ਦੀ ਚੋਣ ਕਰਨਗੇ।
ਇਸੇ ਤਰਾਂ ਐਬਸਫੋਰਡ ਸ਼ਹਿਰ ਜਿਥੇ ਇਕ ਲੱਖ 53 ਹਜਾਰ ਦੀ ਆਬਾਦੀ ਚੋਂ 45 ਹਜਾਰ ਸਾਊਥ ਏਸ਼ੀਅਨ ਚੋਂ ਸਿੱਖ ਅਤੇ ਪੰਜਾਬੀ ਵਸੋਂ 38 ਹਜਾਰ 395 ਹੈ ਵਿਚ ਵੋਟਰਾਂ ਨੇ ਮੇਅਰ ਅਤੇ 6 ਕੌਂਸਲਰਾਂ ਅਤੇ 7 ਸਕੂਲ ਟਰੱਸਟੀਆਂ ਦਾ ਫੈਸਲਾ ਕਰਨਾ ਹੈ। ਇਥੇਂ ਮੇਅਰ ਲਈ ਪੰਜਾਬੀ ਨੌਜਵਾਨ ਸੁੱਖੀ ਧਾਮੀ ਦਾ ਮੁਕਾਬਲਾ ਮੌਜਦਾ ਮੇਅਰ ਰੌਸ ਸੀਮੈਨਜ ਨਾਲ ਹੈ। ਮੇਅਰ ਰੌਸ ਸੀਮੈਨਜ ਜਿਥੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ ਉਥੇ ਸੁਖੀ ਧਾਮੀ ਬਹੁਤ ਹੀ ਮਿਲਾਪੜਾ, ਲੋਕਾਂ ਵਿਚ ਵਿਚਰਨ ਵਾਲਾ ਅਤੇ ਸ਼ਹਿਰ ਲਈ ਠੋਸ ਯੋਜਨਾਵਾਂ ਰੱਖਣ ਵਾਲਾ ਨੌਜਵਾਨ ਹੈ। ਉਸਦੀ ਚੋਣ ਮੁਹਿੰਮ ਨੂੰ ਪੰਜਾਬੀ ਭਾਈਚਾਰੇ ਦਾ ਹੁੰਗਾਰਾ ਕਾਫੀ ਉਤਸ਼ਾਹਜਨਕ ਹੈ।
ਕੌਂਸਲ ਚੋਣਾਂ ਲਈ 17 ਅਕਤੂਬਰ ਨੂੰ ਸਵੇਰ 8 ਵਜੇ ਤੋਂ ਸ਼ਾਮ 8 ਵਜੇ ਤੱਕ ਵੋਟਾਂ ਤੋਂ ਬਾਦ ਲਗਪਗ ਸਾਢੇ ਨੌ ਵਜੇ ਮੁਢਲੇ ਨਤੀਜੇ ਆਉਣੇ ਆਰੰਭ ਹੋ ਜਾਣਗੇ। ਇਸ ਵਾਰ ਅਡਵਾਂਸ ਵੋਟਿੰਗ ਵਿਚ ਭਾਰੀ ਵਾਧਾ ਦਰਜ ਹੋਇਆ ਹੈ। ਸਰੀ ਵਿਚ ਇਸ ਵਾਰ ਕੁਲ 52600 ਵੋਟਾਂ ਅਡਵਾਂਸ ਵਿਚ ਪੋਲ ਹੋਈਆਂ। ਜੋ ਪਿਛਲੀ ਵਾਰ 2022 ਦੀਆਂ 35701 ਵੋਟਾਂ ਤੋਂ 47 ਪ੍ਰਤੀਸ਼ਤ ਦਾ ਵਾਧਾ ਹੈ। ਸਰੀ ਦੇ ਕੁਲ ਰਜਿਸਟਰਡ ਵੋਟਰ 3 ਲੱਖ 52148 ਹਨ। ਇਕ ਲੱਖ 53 ਹਜ਼ਾਰੀ ਦੀ ਆਬਾਦੀ ਵਾਲੇ ਐਬਸਫੋਰਡ ਸ਼ਹਿਰ ਵਿਚ ਸਾਉਥ ਏਸ਼ੀਅਨ ਆਬਾਦੀ 45 ਹਜ਼ਾਰ ਦੇ ਕਰੀਬ ਹੈ ਜਿਸ ਵਿਚ ਸਿੱਖ ਅਤੇ ਪੰਜਾਬੀ ਵਸੋਂ 38 ਹਜ਼ਾਰ ਦੇ ਕਰੀਬ ਹੈ। ਇਥੇ ਇਸ ਵਾਰ ਅਡਵਾਂਸ ਵੋਟਿੰਗ ਦਾ ਅੰਕੜਾ 10 ਹਜਾਰ 142 ਰਿਹਾ ਜਦੋਂਕਿ ਪਿਛਲ਼ੀ ਵਾਰ ਕੇਵਲ 5251 ਵੋਟਾਂ ਅਡਵਾਂਸ ਪੋਲ ਹੋਈਆਂ ਸਨ। ਇਹ ਵਾਧਾ 93 ਪ੍ਰਤੀਸ਼ਤ ਹੈ। ਅਡਵਾਂਸ ਪੋਲਿੰਗ ਤੋਂ ਸਮਝਿਆ ਜਾ ਸਕਦਾ ਹੈ ਕਿ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਇਸ ਵਾਰ ਵੋਟ ਪੋਲਿੰਗ ਵਿਚ ਵਧੇਰੇ ਦਿਲਚਸਪੀ ਵਿਖਾਈ ਹੈ ਜਿਸਦੇ ਨਤੀਜੇ ਹੈਰਾਨੀਜਨਕ ਤੇ ਮਿਹਨਤ ਕਰਨ ਵਾਲੇ ਉਮੀਦਵਾਰਾਂ ਦੇ ਪੱਖ ਵਿਚ ਹੋ ਸਕਦੇ ਹਨ।
ਨੋਟ- ( ਆਬਾਦੀ ਅੰਕੜੇ ਪੰਜ ਸਾਲ ਪਹਿਲਾਂ 2021 ਦੇ ਹਨ)
