ਡੈਲਟਾ ( ਦੇ ਪ੍ਰ ਬਿ)- ਉਘੇ ਵਕੀਲ, ਸਮਾਜ ਸੇਵੀ ਅਤੇ ਕਿਸੇ ਸਮੇਂ ਭੰਗੜੇ ਦੀਆਂ ਸਟੇਜਾਂ ਤੇ ਧਮਾਲਾਂ ਪਾਉਣ ਵਾਲੇ ਪਵਨ ਜੋਸ਼ੀ ਇਸ ਸਮੇਂ ਡੈਲਟਾ ਸਿਟੀ ਦੀਆਂ ਚੋਣਾਂ ਵਿਚ ‘ਵੰਨ ਡੈਲਟਾ’ ਟੀਮ ਦੀ ਤਰਫੋਂ ਕੌਂਸਲਰ ਉਮੀਦਵਾਰ ਵਜੋਂ ਲੋਕ ਕਚਹਿਰੀ ਵਿਚ ਹਨ। ਪੰਜਾਬ ਦੇ ਸ਼ਹਿਰ ਸੁਨਾਮ ਦੇ ਜੰਮਪਲ ਪਵਨ ਜੋਸ਼ੀ ਦਾ ਪਿਛੋਕੜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿੰਨ ਸੇਵਕ ਅਤੇ ਸਿੱਖ ਧਰਮ ਦੇ ਮੁਢਲੇ ਪ੍ਰਚਾਰਕਾਂ ਚੋ ਇਕ, ਭਾਈਕੇ ਪਸ਼ੌਰ ਨਾਲ ਸਬੰਧਿਤ ਪੰਡਿਤ ਬਾਬਾ ਗੰਗਾ ਰਾਮ ਜੀ ਨਾਲ ਜੁੜਦਾ ਹੈ। ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਲੇ ਬਾਬਾ ਗੰਗਾ ਰਾਮ ਜੀ ਦੇ ਜੀਵਨ ਇਤਿਹਾਸ ਅਤੇ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਦੀ ਗਾਥਾ ਦਾ ਖਾਸ ਜਿਕਰ ਸਿੱਖ ਇਤਿਹਾਸ ਦੇ ਮਹਾਨ ਗਰੰਥ ਭਾਈ ਸੰਤੋਖ ਸਿੰਘ ਜੀ ਲਿਖਤ ਸੂਰਜ ਪ੍ਰਕਾਸ਼ ਵਿਚ ਸੁਨਹਿਰੀ ਅੱਖਰਾਂ ਨਾਲ ਅੰਕਿਤ ਹੈ। ਇਹ ਉਹੀ ਪੰਡਿਤ ਗੰਗਾ ਰਾਮ ਜੀ ਸਨ ਜਿਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦੀ ਸੇਵਾ ਸਮੇਂ ਵਪਾਰ ਕਰਨ ਲਈ ਲਿਆਂਦੇ ਸੈਂਕੜੇ ਕੁਟਿੰਟਲ ਅਨਾਜ ਦੇ ਭੰਡਾਰ ਗੁਰੂ ਕੇ ਲੰਗਰਾਂ ਦੀ ਸੇਵਾ ਵਿਚ ਲਗਾ ਦਿੱਤੇ ਸਨ ਤੇ ਫਿਰ ਇਸਦੇ ਇਵਜ਼ ਵਿਚ ਰੁਪਏ-ਪੈਸੇ ਦੀ ਥਾਂ ਗੁਰੂ ਜੀ ਤੋਂ ਸਿੱਖੀ ਦੀ ਦਾਤ ਦੀ ਮੰਗ ਕੀਤੀ ਸੀ। ਗੁਰੂ ਜੀ ਨੇ ਪੰਡਿਤ ਗੰਗਾ ਰਾਮ ਨੂੰ ਗਲ ਲਗਾਕੇ ਭਾਈਕੇ ਦਾ ਰੁਤਬਾ ਦਿੱਤਾ ਤੇ ਸਿੱਖੀ ਦੇ ਪ੍ਰਚਾਰ ਲਈ ਮਾਲਵਾ ਖੇਤਰ ਵਿਚ ਭੇਜਿਆ ਸੀ। ਗੁਰੂ ਘਰ ਦੀਆਂ ਮਹਾਨ ਬਖਸ਼ਿਸ਼ਾਂ ਪਾਉਣ ਵਾਲੇ ਬਾਬਾ ਗੰਗਾ ਰਾਮ ਦੇ ਵੰਸ਼ਜ਼ ਪਵਨ ਜੋਸ਼ੀ ਆਪਣੇ ਪੁਰਖਿਆਂ ਦੇ ਇਤਿਹਾਸ ਅਤੇ ਗੁਰੂ ਘਰ ਨਾਲ ਜੁੜੇ ਹੋਣ ਦਾ ਜਿਕਰ ਬਹੁਤ ਹੀ ਨਿਮਰ ਹੁੰਦਿਆਂ ਤੇ ਸ਼ਰਧਾ ਨਾਲ ਕਰਦੇ ਹਨ।
ਡੈਲਟਾ ਸਿਟੀ ਚੋਣਾਂ ਵਿਚ ਕੌਸਲਰ ਉਮੀਦਵਾਰ ਵਜੋਂ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਪਹੁੰਚ ਕਰਦਿਆਂ ਉਨ੍ਹਾਂ ਦਾ ਮੰਨਣਾ ਹੈ ਕਿ ਸਿਟੀ ਹਾਲ ਵਿਚ ਯੋਗ ਅਗਵਾਈ ਲਈ ਇਹ ਇੱਕ ਨਵੀਂ ਪਹੁੰਚ ਅਪਣਾਉਣ ਦਾ ਸਮਾਂ ਹੈ। ਇੱਕ ਪੇਸ਼ੇਵਰ ਵਕੀਲ ਹੋਣ ਦੇ ਨਾਲ ਲੰਬੇ ਸਮੇਂ ਤੋਂ ਭਾਈਚਾਰੇ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਐਡਵੋਕੇਟ ਪਵਨ ਜੋਸ਼ੀ ਕੋਲ ਜਨਤਕ ਸੇਵਾ ਦਾ ਵਿਆਪਕ ਤਜਰਬਾ ਹੈ।ਪਵਨ ਦਾ ਕਹਿਣਾਹੈ ਕਿ ‘ਵਨ ਡੈਲਟਾ’ ਟੀਮ ਉਹ ਅਗਵਾਈ ਪ੍ਰਦਾਨ ਕਰਦੀ ਹੈ ਜਿਸਦੀ ਡੈਲਟਾ ਨੂੰ ਇੱਕ ਸਪੱਸ਼ਟ ਅਤੇ ਸਹਿਯੋਗੀ ਦ੍ਰਿਸ਼ਟੀਕੋਣ ਨਾਲ ਅੱਗੇ ਵਧਣ ਲਈ ਲੋੜ ਹੈ। ਉਹ ਇੱਕ ਅਜਿਹਾ ਡੈਲਟਾ ਬਣਾਉਣਾ ਚਾਹੁੰਦੇ ਹਨ ਜਿੱਥੇ ਨੌਰਥ ਡੈਲਟਾ ਨੂੰ ਉਹ ਤਵੱਜੋਂ ਮਿਲੇ ਜਿਸਦਾ ਉਹ ਹੱਕਦਾਰ ਹੈ। ਸਿਟੀ ਨੂੰ ਅਜਿਹੇ ਹੋਣਹਾਰ, ਤਜੁਰਬੇਕਾਰ ਅਤੇ ਸਮਰਪਿਤ ਆਗੂ ਦੀ ਲੋੜ ਹੈ ਜੋ ਲੋਕਾਂ ਲਈ ਸਹੀ ਮਾਅਨਿਆਂ ਵਿਚ ਕੰਮ ਕਰ ਸਕੇ ਅਤੇ ਉਹਨਾਂ ਦੀ ਆਵਾਜ਼ ਬਣ ਸਕੇ।
