21 ਤੇ 22 ਨਵੰਬਰ ਨੂੰ ਸਿਵਿਕ ਪਲਾਜ਼ਾ ਵਿਖੇ ਲੱਗਣਗੀਆਂ ਰੌਣਕਾਂ; 60 ਫੁੱਟ ਉੱਚੇ ਕ੍ਰਿਸਮਸ ਟ੍ਰੀ ਨੂੰ ਰੌਸ਼ਨ ਕਰਨ ਦੀ ਰਸਮ ਹੋਵੇਗੀ ਖਿੱਚ ਦਾ ਕੇਂਦਰ–
ਸਰੀ (ਮਹੇਸ਼ਇੰਦਰ ਸਿੰਘ ਮਾਂਗਟ)—ਸਰੀ ਦੇ ਸਿਵਿਕ ਪਲਾਜ਼ਾ ਵਿਖੇ 21 ਅਤੇ 22 ਨਵੰਬਰ ਨੂੰ ਕਰਵਾਏ ਜਾ ਰਹੇ 16ਵੇਂ ਸਾਲਾਨਾ ‘ਸਰੀ ਟ੍ਰੀ ਲਾਈਟਿੰਗ ਫੈਸਟੀਵਲ ਐਂਡ ਹੌਲੀਡੇਅ ਮਾਰਕੀਟ’ ਵਿੱਚ ਇਸ ਵਾਰ ਵੀ ਲੋਕ ਮੁਫ਼ਤ ਆਊਟਡੋਰ ਆਈਸ ਸਕੇਟਿੰਗ ਦਾ ਆਨੰਦ ਮਾਣ ਸਕਣਗੇ। ਕੌਨਕੋਰਡ ਪੈਸੀਫਿਕ ਦੀ ਪੇਸ਼ਕਾਰੀ ਹੇਠ ਹੋਣ ਵਾਲੇ ਇਸ ਪੁਰਸਕਾਰ ਜੇਤੂ ਮੇਲੇ ਦੀ ਪਹਿਲੀ ਸ਼ਾਮ 60 ਫੁੱਟ ਉੱਚੇ ਕ੍ਰਿਸਮਸ ਟ੍ਰੀ ਨੂੰ ਰੌਸ਼ਨ ਕੀਤਾ ਜਾਵੇਗਾ।
ਮੇਅਰ ਡਗ ਮਕਲਮ ਨੇ ਕਿਹਾ ਕਿ ਸਰੀ ਟ੍ਰੀ ਲਾਈਟਿੰਗ ਫੈਸਟੀਵਲ ਇਸ ਖੇਤਰ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਤਿਉਹਾਰੀ ਸਮਾਗਮਾਂ ਵਿੱਚੋਂ ਇੱਕ ਹੈ। ਹਰ ਸਾਲ ਹਜ਼ਾਰਾਂ ਲੋਕ ਮਨੋਰੰਜਨ, ਪਰਿਵਾਰਕ ਸਰਗਰਮੀਆਂ ਅਤੇ ਤਿਉਹਾਰੀ ਮਾਹੌਲ ਦਾ ਆਨੰਦ ਮਾਣਨ ਲਈ ਇੱਥੇ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਗਮ ਇਕੱਠੇ ਹੋ ਕੇ ਤਿਉਹਾਰ ਮਨਾਉਣ ਅਤੇ ਸਰੀ ਦੀਆਂ ਵੱਖ-ਵੱਖ ਖ਼ੂਬੀਆਂ ਨਾਲ ਜੁੜਨ ਦਾ ਵਧੀਆ ਮੌਕਾ ਹੈ।
ਲੋਕਾਂ ਦੀ ਮੰਗ ’ਤੇ ਮੁੜ ਸ਼ੁਰੂ ਕੀਤੀ ਜਾ ਰਹੀ ਸਕੇਟਿੰਗ ਲਈ ‘ਸੈਂਟਾਜ਼ ਵਰਕਸ਼ਾਪ ਐਂਡ ਆਈਸ ਰਿੰਕ’ ਟੈਂਟ ਅੰਦਰ 4,000 ਵਰਗ ਫੁੱਟ ਦਾ ਰਿੰਕ ਤਿਆਰ ਕੀਤਾ ਜਾਵੇਗਾ। ਮੇਲਾ ਸਮਾਪਤ ਹੋਣ ਤੋਂ ਬਾਅਦ ਵੀ ਮੁਫ਼ਤ ਸਕੇਟਿੰਗ ਦੀ ਸਹੂਲਤ 15 ਫਰਵਰੀ, 2027 ਤੱਕ ਜਾਰੀ ਰਹੇਗੀ। ਸਕੇਟ ਅਤੇ ਹੈਲਮਟ ਵੀ ਵਰਤੋਂ ਲਈ ਮੁਫ਼ਤ ਉਪਲਬਧ ਹੋਣਗੇ।
ਕੌਨਕੋਰਡ ਪੈਸੀਫਿਕ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਟੈਰੀ ਹੁਈ ਨੇ ਕਿਹਾ ਕਿ ਇਸ ਤਿਉਹਾਰੀ ਸਮਾਗਮ ਦੇ ਮੁੱਖ ਸਹਿਯੋਗੀ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਮੁਤਾਬਕ ਮੁਫ਼ਤ ਸਕੇਟਿੰਗ ਰਿੰਕ ਪਰਿਵਾਰਾਂ ਲਈ ਇੱਕ ਵਧੀਆ ਸਹੂਲਤ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਭਾਈਚਾਰਿਆਂ ਦੀ ਉਸਾਰੀ ਕਰਨ ਦੇ ਕੰਪਨੀ ਦੇ ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ। ਉਨ੍ਹਾਂ ਇਸ ਭਾਈਚਾਰਕ ਰਵਾਇਤ ਨੂੰ ਜਾਰੀ ਰੱਖਣ ਲਈ ਸਿਟੀ ਆਫ਼ ਸਰੀ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਮੇਲੇ ਦੌਰਾਨ 21 ਨਵੰਬਰ ਨੂੰ ਸ਼ਾਮ 6:30 ਵਜੇ ਕ੍ਰਿਸਮਸ ਟ੍ਰੀ ਨੂੰ ਰੌਸ਼ਨ ਕਰਨ ਦੀ ਰਸਮ ਹੋਵੇਗੀ। ਬੱਚਿਆਂ ਅਤੇ ਪਰਿਵਾਰਾਂ ਲਈ ਸੈਂਟਾ ਨਾਲ ਤਸਵੀਰਾਂ ਖਿਚਵਾਉਣ, ਸੈਂਟਾ ਨੂੰ ਚਿੱਠੀਆਂ ਲਿਖਣ ਅਤੇ ਤਿਉਹਾਰ ਨਾਲ ਸਬੰਧਤ ਕਲਾ-ਕਿਰਤ ਦੀਆਂ ਸਰਗਰਮੀਆਂ ਦਾ ਪ੍ਰਬੰਧ ਹੋਵੇਗਾ। ਸਿਟੀ ਹਾਲ ਦੇ ਐਟ੍ਰੀਅਮ ਵਿੱਚ ਲੱਗਣ ਵਾਲੀ ਹੌਲੀਡੇਅ ਮਾਰਕੀਟ ਵਿੱਚ 30 ਤੋਂ ਵੱਧ ਸਥਾਨਕ ਵਿਕਰੇਤਾ ਹਿੱਸਾ ਲੈਣਗੇ।
ਇਸ ਤੋਂ ਇਲਾਵਾ ਚਾਰ ਮੰਚਾਂ ’ਤੇ ਲਾਈਵ ਮਨੋਰੰਜਨ, ਵੱਡਾ ਝੂਲਾ ਅਤੇ ਹੋਰ ਮਨੋਰੰਜਕ ਝੂਲੇ ਵੀ ਮੇਲੇ ਦੀ ਖਿੱਚ ਬਣਨਗੇ। 22 ਨਵੰਬਰ ਨੂੰ ਸ਼ਾਮ 7 ਵਜੇ ਅੱਗ ਦੇ ਕਰਤੱਬਾਂ ਦਾ ਸ਼ਾਨਦਾਰ ਪ੍ਰਦਰਸ਼ਨ ਹੋਵੇਗਾ। ਮੇਲੇ ਦੀਆਂ ਇਹ ਸਰਗਰਮੀਆਂ ਅਤੇ ਆਕਰਸ਼ਣ ਲੋਕਾਂ ਲਈ ਮੁਫ਼ਤ ਹੋਣਗੇ।
