Nov 26, 2026

ਸਰੀ (ਸੁਰਿੰਦਰ ਸਿੰਘ ਜੱਬਲ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਐਤਵਾਰ 22 ਨਵੰਬਰ ਨੂੰ ਆਗਮਨ ਪੁਰਬ ਦੇ ਸੰਬੰਧ ਵਿਚ ਮੇਨ ਦਰਬਾਰ ਹਾਲ ਵਿਚ ਸ੍ਰੀ ਅਖੰਡਪਾਠ ਸਾਹਿਬ ਅਰੰਭ ਕੀਤੇ ਗਏ ਤੇ 24 ਨਵੰਬਰ ਮੰਗਲਵਾਰ ਨੂੰ ਸ੍ਰੀ ਅਖੰਡਪਾਠ ਜੀ ਦੀ ਸੰਪੂਰਨਤਾ ਉਪਰੰਤ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮ ਦੇ 8:30 ਵਜੇ ਤੀਕ ਗੁਰਬਾਣੀ ਕੀਰਤਨ ਤੇ ਕਥਾ ਦਾ ਪ੍ਰਵਾਹ ਅਤੇ ਗੁਰੂ ਕਾ ਲੰਗਰ ਸਾਰਾ ਦਿਨ ਚੱਲਿਆ।ਮੰਗਲਵਾਰ ਕੰਮਕਾਰ ਦਾ ਦਿਨ ਹੋਣ ਕਰਕੇ ਸ਼ਾਮ ਦੇ ਛੇ ਵਜੇ ਤਾਂ ਸੰਗਤਾਂ ਭਾਰੀ ਗਿਣਤੀ ਵਿਚ ਦਰਬਾਰ ਹਾਲ ਵਿਚ ਪਹੁੰਚੀਆਂ।ਰਾਗੀ ਜੱਥੇ ਭਾਈ ਸਵਰਨਜੀਤ ਸਿੰਘ ਪਟਿਆਲੇ ਵਾਲੇ ਅਤੇ ਭਾਈ ਇਕਬਾਲ ਸਿੰਘ ਲੁਧਿਆਣੇ ਵਾਲਿਆਂ ਨੇ ਸਿੱਖ ਧਰਮ ਦੇ ਬਾਨੀ, ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਢੋਆ, ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ’ ਆਪਿ ਨਰਾਇਣੁ ਕਲਾਧਾਰ ਜੱਗ ਮਹਿ ਪਰਵਰਿਯਉ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ ਅਤੇ “ਤਿਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ, ਸਭ ਸਿੱਖਨ ਕੋ ਸੁਖ ਦਏ ਜੱਹ ਤੱਹ ਭਏ ਸਹਾਇ” ਜਿਹੇ ਅਨੇਕਾਂ ਸ਼ਬਦਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਕੀਰਤੀਮਾਨ ਕੀਤਾ। ਗਿਆਨੀ ਕੁਲਵੰਤ ਸਿੰਘ ਤੇ ਗਿਆਨੀ ਸਤਵਿੰਦਰਪਾਲ ਸਿੰਘ ਨੇ ਗੁਰੂ ਸਾਹਿਬਾਨ ਜੀ ਦੇ ਜੀਵਨ ਵਿਚੋਂ ਅਹਿਮ ਘਟਨਾਵਾਂ ਨੂੰ ਬਿਆਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਂਵਾਂ ਤੇ ਚੱਲਣ ਲਈ ਪ੍ਰੇਰਿਆ।ਸਮੂਹ ਸੰਗਤ ਨੂੰ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿਤੀਆਂ ਗਈਆਂ ਅਤੇ ਗੁਰੂ ਮਹਾਰਾਜ ਜੀ ਵਲੋਂ ਸਰਬੱਤ ਦੇ ਭਲੇ ਤੇ ਸਾਝੀਵਾਲਤਾ ਲਈ ਪਾਈਆਂ ਪੈੜਾਂ ਅਤੇ ਸਮੁੱਚੀ ਮਾਨਵਤਾ ਦੇ ‘ਸਰਬੱਤ ਦਾ ਭਲਾ’ ਦੇ ਸੰਕਲਪ ਨੂੰ ਹੋਰ ਵੀ ਤਨਦੇਹੀ ਨਾਲ ਸਾਂਝਿਆਂ ਕਰਨ ਲਈ ਪ੍ਰੇਰਿਆ।ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀਆਂ ਸੇਵਾਦਾਰ ਬੀਬੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਰਾਹੀ ਅਤੇ ਪੰਜਾਬੀ ਤੇ ਕੀਰਤਨ ਕਲਾਸ ਦੇ ਬੱਚੇ ਬੱਚੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਧਰਮ ਬਾਰੇ ਸਾਖੀ ਰੂਪ ਵਿਚ ਮਹਿਮਾ ਨੁੰ ਵਰਨਣ ਕੀਤਾ। ਕੁਝ ਕੁ ਬੱਚਿਆਂ ਨੇ ਪਹਿਲੀ ਪੌੜੀ ਅਤੇ ਗਿਆਰਾਂ ਪੌੜੀਆਂ ਦਾ ਪਾਠ ਤੇ ਪੰਜਾਬੀ ਵਿਚ ਲਿਖੀ ਹੋਈ ਵਾਰਤਾ ਨੂੰ ਪੜ੍ਹਨ ਬਾਅਦ ਬੋਲ ਕੇ ਸਟੇਜ ਤੋਂ ਸੰਗਤ ਨਾਲ ਸਾਂਝਾ ਕੀਤਾ।ਸਾਂਝੇ ਰੂਪ ਵਿਚ ਸਟੇਜ ਤੇ ਬੈਠ ਕੇ ਮੂਲ਼ ਮੰਤਰ ਦਾ ਜਾਪ ਕੀਤਾ ਤਾਂ ਕਿ ਬੱਚਿਆਂ ਦਾ ਹੌਸਲਾ ਵਧ ਸਕੇ।ਪੰਜਾਬੀ ਸਕੂਲ ਦਵਿੰਦਰ ਕੌਰ ਚਾਨਾ ਅਤੇ ਕੀਰਤਨ ਕਲਾਸ ਦਾ ਪ੍ਰਬੰਧ ਪ੍ਰਮਜੀਤ ਕੌਰ ਜੱਬਲ ਦੀ ਦੇਖਰੇਖ ਅਧੀਨ ਚੱਲ ਰਹੇ ਹਨ।ਮਾਪਿਆਂ ਨੂੰ ਬੇਨਤੀ ਹੈ ਕਿ ਪੰਜਾਬੀ ਅਤੇ ਕੀਰਤਨ ਸਿਖਣ ਲਈ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਚੱਲ ਰਹੀਆਂ ਕਲਾਸਾਂ ਦਾ ਲਾਹਾ ਲਓ ਜੀ।ਸਕੂਲੀ ਬੱਚਿਆਂ ਦੇ ਪ੍ਰੋਗਰਾਮ ਉਪਰੰਤ ਪ੍ਰਮਜੀਤ ਕੌਰ ਜੱਬਲ ਅਤੇ ਸੁਰਿੰਦਰ ਸਿੰਘ ਜੱਬਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਕਵਿਤਾਵਾਂ ਸੰਗਤ ਨਾਲ ਸਾਂਝੀਆਂ ਕੀਤੀਆਂ।ਪੂਰੇ ਪੰਜ ਵਜੇ ਬੱਚਿਆਂ ਅਤੇ ਸੰਗਤ ਨੇ ਪ੍ਰਕਾਸ਼ ਦਿਵਸ ਤੇ ਕੇਕ ਮਠਿਆਈ ਅਤੇ ਲੰਗਰ ਦਾ ਅਨੰਦ ਮਾਣਿਆ।ਸੇਵਾਦਾਰ ਬੀਬੀਆਂ ਨੇ ਸੰਗਤ ਵਾਸਤੇ ਵੱਖੋ ਵੱਖਰੀ ਤਰ੍ਹਾਂ ਦੇ ਭੋਜਨ ਬਣਾ ਕੇ ਸੰਗਤ ਅਤੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਲੰਗਰ ਬਨਾਉਣ ਅਤੇ ਵਰਤਾਉਣ ਵਾਲੇ ਭਾਈਆਂ ਤੇ ਬੀਬੀਆਂ ਦਾ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ।ਭਾਈ ਹਰਦਮ ਸਿੰਘ ਮਾਨ ਜੀ ਨੇ ਇਸੇ ਦਿਨ ਤੇ ਕਿਤਾਬਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਵੂੀ ਕੀਤਾ।ਇਸੇ ਤਰ੍ਹਾਂ ਅਗਲੇ ਹਫਤੇ 27 ਨਵੰਬਰ ਤੋਂ ਅਖੰਡਪਾਠ ਸਾਹਿਬ ਅਰੰਭ ਕਰਕੇ 29 ਨਵੰਬਰ ਐਤਵਾਰ ਨੂੰ ਸੀ੍ਰ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਲੰਗਰ ਕੀਰਤਨ ਦੀ ਸੇਵਾ ਲੋਂਗਸ਼ੋਰਮੈਨ ਵਰਕਰਜ਼ ਅਤੇ ਸਹਿਯੋਗੀਆਂ ਵਲੋਂ ਕੀਤੀ ਜਾਵੇਗੀ।

Leave a Reply

Your email address will not be published. Required fields are marked *