Nov 26, 2026

ਡਾ. ਵਰਿਆਮ ਸਿੰਘ ਸੰਧੂ ਅਤੇ ਪਾਕਿਸਤਾਨੀ ਸ਼ਾਇਰਾ ਤਾਹਿਰਾ ਸਰਾ ਨੇ ਮੁੱਖ ਮਹਿਮਾਨਾਂ ਵਜੋਂ ਕੀਤੀ ਸ਼ਿਰਕਤ–

ਬਰੈਂਪਟਨ, 25 ਨਵੰਬਰ (ਹਰਦਮ ਮਾਨ)- ਬੀਤੇ ਦਿਨੀਂ ਬਰੈਂਪਟਨ ਦੇ ਸਨੇਲਗਰੋਵ ਕਮਿਊਨਿਟੀ ਸੈਂਟਰ ਵਿਖੇ ਨੌਜਵਾਨ ਸ਼ਾਇਰਾਂ ਵੱਲੋਂ ਇਕ ਵਿਲੱਖਣ ਸਾਹਿਤਕ ਮਹਿਫ਼ਿਲ ‘ਮੁਲਾਕਾਤ’ ਕਰਵਾਈ ਗਈ। ਬਹੁਭਾਸ਼ਾਈ ਸਾਹਿਤਕ ਸਾਂਝ ਅਤੇ ਨੌਜਵਾਨ ਪੀੜ੍ਹੀ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰਵਾਈ ਗਈ ਇਸ ਮਹਿਫ਼ਲ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਲਗਭਗ ਦੋ ਸੌ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕਰਕੇ ਇਸ ਸਾਹਿਤਕ ਉਪਰਾਲੇ ਨੂੰ ਯਾਦਗਾਰੀ ਬਣਾ ਦਿੱਤਾ।

ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਦਾ ਸੰਚਾਲਨ ਅਤੇ ਸਮੁੱਚਾ ਪ੍ਰਬੰਧ ਨੌਜਵਾਨ ਸ਼ਾਇਰਾਂ ਦੀ ਟੀਮ ਵੱਲੋਂ ਬੇਹੱਦ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਇਸ ਟੀਮ ਵਿੱਚ ਗੁਰਦਾਸ ਸਿੰਘ, ਨਵਰੀਤ ਪਾਬਲਾ, ਕਰਨ ਪ੍ਰਕਾਸ਼, ਗੁਰਵੀਨ ਪਾਬਲਾ, ਪ੍ਰਨੀਤ ਸਿੰਘ, ਹਰਜੋਤ ਸਿੰਘ ਲਾਇਲ, ਕਰਨਦੀਪ ਸਿੰਘ ਧਾਲੀਵਾਲ, ਕਰਮਜੀਤ ਸਿੰਘ, ਸੁਖਮਨਦੀਪ ਕੌਰ ਅਤੇ ਅਮਰਜੀਤ ਸਿੰਘ ਭੁੱਲਰ ਸ਼ਾਮਲ ਸਨ। ਇਸ ਸਮੁੱਚੇ ਉਪਰਾਲੇ ਦੀ ਅਗਵਾਈ ਨਾਮਵਰ ਸ਼ਾਇਰਾ ਪਰਮਜੀਤ ਕੌਰ ਦਿਓਲ ਨੇ ਕੀਤੀ।

ਮਹਿਫ਼ਿਲ ਵਿੱਚ ਪ੍ਰਸਿੱਧ ਸਾਹਿਤਕਾਰ ਡਾ. ਵਰਿਆਮ ਸਿੰਘ ਸੰਧੂ ਅਤੇ ਪਾਕਿਸਤਾਨੀ ਸ਼ਾਇਰਾ ਤਾਹਿਰਾ ਸਰਾ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ, ਜਦਕਿ ਭੁਪਿੰਦਰ ਦੂਲੇ ਅਤੇ ਸੁਰਿੰਦਰਜੀਤ ਕੌਰ ਨੇ ਪ੍ਰਧਾਨਗੀ ਕੀਤੀ। ਡਾ. ਵਰਿਆਮ ਸਿੰਘ ਸੰਧੂ ਦੀ ਸ਼ਖ਼ਸੀਅਤ ਅਤੇ ਸਾਹਿਤਕ ਯੋਗਦਾਨ ਬਾਰੇ ਕਰਨ ਪ੍ਰਕਾਸ਼ ਨੇ ਬਹੁਤ ਹੀ ਸੰਖੇਪ, ਸੰਜੀਦਾ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਜਾਣ-ਪਛਾਣ ਕਰਵਾਈ। ਬਾਕੀ ਮਹਿਮਾਨਾਂ ਦੀ ਜਾਣ-ਪਛਾਣ ਪਰਮਜੀਤ ਕੌਰ ਦਿਓਲ ਨੇ ਕਰਵਾਈ ਅਤੇ ਮੰਚ ਦੀ ਕਾਰਵਾਈ ਵੀ ਬੇਹੱਦ ਸੁਚੱਜੇ ਢੰਗ ਨਾਲ ਅੱਗੇ ਵਧਾਈ।

ਮਹਿਫ਼ਿਲ ਦਾ ਆਗਾਜ਼ ਊਜ਼ਮਾ ਮਹਿਮੂਦ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਨ ਨਾਲ ਕੀਤਾ ਗਿਆ। ਇਸ ਉਪਰੰਤ ਕਾਵਿ-ਮਹਿਫ਼ਿਲ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਵਿੱਚ ਨੌਜਵਾਨ ਅਤੇ ਸੀਨੀਅਰ ਸ਼ਾਇਰਾਂ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਨੌਜਵਾਨ ਕਵੀਆਂ ਦੀਆਂ ਰਚਨਾਵਾਂ ਵਿੱਚ ਵਿਸ਼ਿਆਂ ਦੀ ਵਿਭਿੰਨਤਾ, ਵਿਚਾਰਾਂ ਦੀ ਪਕਿਆਈ ਅਤੇ ਕਾਵਿਕ ਸੰਵੇਦਨਾ ਦੇਖਣ ਨੂੰ ਮਿਲੀ। ਖ਼ਾਸ ਤੌਰ ’ਤੇ ਪੰਜਾਬੀ ਮਾਂ-ਬੋਲੀ ਪ੍ਰਤੀ ਮੋਹ, ਸਾਹਿਤਕ ਚੇਤਨਾ ਅਤੇ ਆਪਣੀ ਸਿਰਜਣਾਤਮਕ ਪਛਾਣ ਸਥਾਪਤ ਕਰਨ ਦੀ ਤਾਂਘ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਸਪੱਸ਼ਟ ਝਲਕਦੀ ਸੀ।

ਨੌਜਵਾਨ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਖ਼ੂਬਸੂਰਤ ਰਚਨਾਵਾਂ ਨੇ ਸੀਨੀਅਰ ਸਾਹਿਤਕਾਰਾਂ ਤੋਂ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ। ਇਨ੍ਹਾਂ ਨਵੀਆਂ ਆਵਾਜ਼ਾਂ ਵਿੱਚੋਂ ਪੰਜਾਬੀ ਸਾਹਿਤ ਦੇ ਭਵਿੱਖ ਦੀਆਂ ਸੰਭਾਵਨਾਵਾਂ ਵੀ ਦਿਖਾਈ ਦਿੱਤੀਆਂ। ਇਹ ਪ੍ਰਭਾਵਸ਼ਾਲੀ ਅਹਿਸਾਸ ਵੀ ਉੱਭਰ ਕੇ ਸਾਹਮਣੇ ਆਇਆ ਕਿ ਜੇਕਰ ਨਵੀਂ ਪੀੜ੍ਹੀ ਇਸੇ ਤਰ੍ਹਾਂ ਸਾਹਿਤ ਨਾਲ ਜੁੜੀ ਰਹੇ ਤਾਂ ਪੰਜਾਬੀ ਸਾਹਿਤ ਦੀ ਅਮੀਰ ਵਿਰਾਸਤ ਨੂੰ ਅੱਗੇ ਤੋਰਨ ਵਾਲੇ ਹੱਥਾਂ ਦੀ ਕੋਈ ਕਮੀ ਨਹੀਂ ਰਹੇਗੀ।

ਸੀਨੀਅਰ ਸ਼ਾਇਰਾਂ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਮਹਿਫ਼ਿਲ ਵਿੱਚ ਸਾਹਿਤਕ ਰੰਗ ਭਰਿਆ। ਉਨ੍ਹਾਂ ਨੇ ਨੌਜਵਾਨ ਪ੍ਰਤਿਭਾਵਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਹੋਰ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ ਵੱਲੋਂ ਵੀ ਅਜਿਹੇ ਉਪਰਾਲਿਆਂ ਨੂੰ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ ਗਈ।

ਇਸ ਸਾਹਿਤਕ ਮਹਿਫ਼ਿਲ ਵਿੱਚ ਭੁਪਿੰਦਰ ਦੂਲੇ, ਤਾਹਿਰਾ ਸਰਾ, ਸੁਰਿੰਦਰਜੀਤ ਕੌਰ, ਪਰਮਜੀਤ ਦਿਓਲ, ਰਜਵੰਤ ਕੌਰ ਸੰਧੂ, ਕੁਲਵਿੰਦਰ ਖਹਿਰਾ, ਊਜ਼ਮਾ ਮਹਿਮੂਦ, ਅਮਰਜੀਤ ਸਿੰਘ ਭੁੱਲਰ, ਪਰਮ ਸਰਾ, ਅਮੀਤੋਜ, ਗ਼ਜ਼ਾਲੇਹ ਘਾਸੇਮੀ, ਅਰਸ਼ ਚੀਮਾ, ਨੋਰਮਨ ਵਲਡੇਜ, ਹਰਮੇਸ਼ ਜਿੰਦੋਵਾਲ, ਗੁਰਵਿੰਦਰ, ਰਿੰਟੂ ਭਾਟੀਆ, ਸਨਮੀਤ ਸਿੰਘ ਵਿਰਕ, ਕਿਰਨ ਬੈਂਸ, ਸੁਖਚਰਨਜੀਤ ਕੌਰ ਗਿੱਲ, ਕਰਨਵੀਰ ਸਿੰਘ ਧਾਲੀਵਾਲ, ਗੁਰਦਾਸ ਸਿੰਘ, ਨਵਰੀਤ ਢਿੱਲੋਂ, ਨਵਰੀਤ ਪਾਬਲਾ, ਪ੍ਰਨੀਤ ਸਿੰਘ, ਹਰਜੋਤ ਸਿੰਘ ਲਾਇਲ, ਕਰਨਦੀਪ ਸਿੰਘ ਧਾਲੀਵਾਲ, ਕਰਮਜੀਤ ਸਿੰਘ, ਸੁਖਮਨਦੀਪ ਕੌਰ, ਪਰਮਜੀਤ ਸਿੰਘ ਢਿੱਲੋਂ, ਕਰਨ ਪ੍ਰਕਾਸ਼, ਅਨੁ ਰੰਧਾਵਾ, ਬਲਤੇਜ, ਉਪਕਾਰ ਸਿੰਘ ਪਾਤਰ, ਪ੍ਰੇਮਪਾਲ ਗਿੱਲ, ਬਲਜਿੰਦਰ ਕੌਰ, ਪ੍ਰੋ. ਅਤੈ ਸਿੰਘ, ਪ੍ਰਭਜੋਤ ਰਾਠੌਰ, ਗੁਰਚਿਤ ਕੌਰ ਅਤੇ ਗੁਰਲੀਨ ਕੌਰ ਸਮੇਤ ਹੋਰ ਕਈ ਕਵੀਆਂ ਨੇ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨ ਡਾ. ਵਰਿਆਮ ਸਿੰਘ ਸੰਧੂ ਨੇ ਆਪਣੇ ਵਿਲੱਖਣ, ਸਹਿਜ ਅਤੇ ਹਾਸਰਸ ਭਰੇ ਅੰਦਾਜ਼ ਵਿੱਚ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨ ਸ਼ਾਇਰਾਂ ਦੀਆਂ ਰਚਨਾਵਾਂ ਵਿੱਚੋਂ ਉਨ੍ਹਾਂ ਦੀ ਕਾਵਿਕ ਸੂਝ-ਬੂਝ ਅਤੇ ਸਾਹਿਤਕ ਸੰਭਾਵਨਾਵਾਂ ਨੂੰ ਪਛਾਣਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਦੀ ਆਸ ਪ੍ਰਗਟਾਈ। ਉਨ੍ਹਾਂ ਨੇ ਆਪਣੇ ਅਨੁਭਵਾਂ ਅਤੇ ਸਿੱਖਣਯੋਗ ਵਿਚਾਰਾਂ ਦੀ ਸਾਂਝ ਪਾਉਂਦਿਆਂ ਨੌਜਵਾਨਾਂ ਨੂੰ ਸਾਹਿਤਕ ਸਫ਼ਰ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਹਾਸਰਸ ਭਰੇ ਸੰਵਾਦ ਨੇ ਮਹਿਫ਼ਿਲ ਦੇ ਮਾਹੌਲ ਨੂੰ ਹੋਰ ਵੀ ਖ਼ੁਸ਼ਗਵਾਰ ਬਣਾ ਦਿੱਤਾ।

ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼ਾਲਾਂ ਅਤੇ ਫੁਲਕਾਰੀਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਦਲਬੀਰ ਕਥੂਰੀਆ ਦਾ ਇਸ ਉਪਰਾਲੇ ਨੂੰ ਸਫ਼ਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਅੰਤ ਵਿੱਚ ਗੁਰਦਾਸ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਮਹਿਮਾਨਾਂ, ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

ਇਸ ਮਹਿਫ਼ਿਲ ਵਿਚ ਹਰਦਿਆਲ ਝੀਤਾ, ਸੁਰਜੀਤ ਕੌਰ, ਸਿਕੰਦਰ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਗੁਰਵੀਨ ਪਾਬਲਾ, ਨਾਟਕਕਾਰ ਗੁਰਚਰਨ ਸਿੰਘ, ਅਮਰਜੀਤ ਕੌਰ, ਸੰਨੀ ਸੰਦੀਪ, ਅਜੈਬ ਸਿੰਘ ਚੱਠਾ, ਕਰਮਜੀਤ ਸਿੰਘ ਬਾਬਲ, ਸੁਜਾਨ ਸਿੰਘ, ਸਰਦੂਲ ਸਿੰਘ ਥਿਆੜਾ, ਜਾਗੀਰ ਕਾਹਲੋਂ ਅਤੇ ਸੁੰਦਰ ਪਾਲ ਰਾਜਾਸੰਸੀ ਸਮੇਤ ਹੋਰ ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜਰ ਸਨ।

Leave a Reply

Your email address will not be published. Required fields are marked *