Nov 26, 2026

ਮੈਸੀ ਟਨਲ ਦੀ ਥਾਂ ਨਵਾਂ ਬ੍ਰਿਜ ਬਣਾਉਣ ਦੀ ਯੋਜਨਾ ਤੇ ਕੰਮ ਅਤੇ ਕਰਮਚਾਰੀਆਂ ਦੀ ਦਫ਼ਤਰਾਂ ਵਿੱਚ ਵਾਪਸੀ ਦੇ ਵੀ ਹੁਕਮ-
ਵਿਕਟੋਰੀਆ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਲੌਰਨ ਡੌਰਕਸਨ ਨੇ ਐਲਾਨ ਕੀਤਾ ਹੈ ਕਿ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਹੀ ਉਹਨਾਂ ਨੇ ਤਿੰਨ ਪ੍ਰਮੁੱਖ ਤਰਜੀਹਾਂ ‘ਤੇ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ।
ਡੋਰਕਸਨ ਨੇ ਆਪਣੀ ਪਹਿਲੀ ਤਰਜੀਹ ਵਜੋਂ ਦੱਸਿਆ ਕਿ ਰਿਚਮੰਡ ਅਤੇ ਡੈਲਟਾ ਵਿਚਾਲੇ ਮੌਜੂਦ ‘ਜਾਰਜ ਮੈਸੀ ਟਨਲ’ ਦੀ ਥਾਂ ‘ਤੇ ਇੱਕ ਪੁਲ ਬਣਾਉਣ ਦੇ ਡਿਜ਼ਾਈਨ ਲਈ ‘ਇਰਾਦਾ ਨੋਟਿਸ’ (notice of intent) ਜਾਰੀ ਕੀਤਾ ਜਾਵੇਗਾ।
ਬੁੱਧਵਾਰ ਦੁਪਹਿਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਨੋਟਿਸ ਅੱਜ ਦਿਨ ਵਿੱਚ ਹੀ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸ ਵਿੱਚ ਮੌਜੂਦਾ ਠੇਕੇਦਾਰ ਨੂੰ ਇਹ ਕੰਮ ਕਰਨ ਲਈ ਕਿਹਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਕੈਬਨਿਟ ਸਾਰੇ ਅੰਕੜਿਆਂ ਦੀ ਸਮੀਖਿਆ ਕਰੇਗੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਪ੍ਰੋਜੈਕਟ ਆਰਥਿਕ ਤੌਰ ‘ਤੇ ਸਭ ਤੋਂ ਵੱਧ ਲਾਹੇਵੰਦ ਹੋਵੇ।
ਡੋਰਕਸਨ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਟੈਕਸਦਾਤਾਵਾਂ ਨੂੰ ਉਨ੍ਹਾਂ ਦੇ ਪੈਸੇ ਦਾ ਸਭ ਤੋਂ ਵਧੀਆ ਮੁੱਲ ਮਿਲੇ। ਉਹਨਾਂ ਕਿਹਾ ਕਿ ਮੈਂ ‘ਪੁਲ’ ਬਣਾਉਣ ਦੇ ਹੱਕ ਵਿੱਚ ਜ਼ਿਆਦਾ ਹਾਂ, ਪਰ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਮੈਂ ਕੁਝ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦਾ ਹਾਂ। ਉਮੀਦ ਹੈ ਕਿ ਇਹ ਫੈਸਲਾ ਕ੍ਰਿਸਮਸ ਤੋਂ ਪਹਿਲਾਂ ਹੋ ਜਾਵੇਗਾ।
ਬ੍ਰਿਟਿਸ਼ ਕੋਲੰਬੀਆ ਦੀ ਪਿਛਲੀ ਐਨ ਡੀ ਪੀ ਸਰਕਾਰ ਨੇ ਪੁਲ ਬਣਾਉਣ ਦੀ ਬਜਾਏ, ਟਨਲ ਨੂੰ ਹੀ ਬਦਲਣ (ਨਵੀਂ ਟਨਲ ਬਣਾਉਣ) ਦੀ ਯੋਜਨਾ ਬਣਾਈ ਸੀ।
ਪ੍ਰੀਮੀਅਰ ਨੇ ਆਪਣੀ ਸਰਕਾਰ ਦੇ ਦੂਸਰੇ ਵੱਡੇ ਵਾਅਦੇ ਵਜੋਂ  ਸਕੂਲ ਸਿਲੇਬਸ ਵਿਚੋ ਸੋਜੀ 123 ਸਮੱਗਰੀ ਨੂੰ ਹਟਾਉਣ ਦਾ ਐਲਾਨ ਕੀਤਾ ਹੈ।
ਡੋਰਕਸਨ ਨੇ ਕਿਹਾ ਕਿ ਸਿੱਖਿਆ ਮੰਤਰਾਲਾ ਸਕੂਲ ਜ਼ਿਲ੍ਹਿਆਂ ਨਾਲ ਮਿਲ ਕੇ ਕੰਮ ਕਰੇਗਾ ਤਾਂ ਜੋ ਸਕੂਲਾਂ ਵਿੱਚੋਂ ‘SOGI 123’ ਸਮੱਗਰੀ ਨੂੰ ਹਟਾ ਦਿੱਤਾ ਜਾਵੇ। ਡੋਰਕਸਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਕੂਲ ਹਰੇਕ ਵਿਦਿਆਰਥੀ ਲਈ ਸੁਰੱਖਿਅਤ ਅਤੇ ਸੁਆਗਤ ਕਰਨ ਵਾਲੀਆਂ ਥਾਵਾਂ ਹੋਣ, ਜਿੱਥੇ ਪੜ੍ਹਨ, ਲਿਖਣ, ਗਣਿਤ ਅਤੇ ਬੱਚਿਆਂ ਨੂੰ ਆਪਣੇ ਆਪ ਸੋਚਣਾ ਸਿਖਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ।
ਸਰਕਾਰੀ ਕਰਮਚਾਰੀਆਂ ਲਈ ਦਫ਼ਤਰ ਵਾਪਸੀ ਦੀ ਯੋਜਨਾ-
ਡੌਰਕਸਨ ਦੀ ਤੀਜੀ ਤਰਜੀਹ ਤਹਿਤ ਦੱਸਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰਕਾਰੀ ਕਰਮਚਾਰੀ ਇੱਕ ਪੜਾਅਵਾਰ ਯੋਜਨਾ ਤਹਿਤ ਦਫ਼ਤਰ ਵਾਪਸ ਆਉਣਗੇ।
ਜਿਹੜੇ ਲੋਕ ਦਫ਼ਤਰ ਤੋਂ ਕੰਮ ਕਰ ਸਕਦੇ ਹਨ, “ਉਹ ਹਫ਼ਤੇ ਵਿੱਚ ਪੰਜ ਦਿਨ ਦਫ਼ਤਰ ਆ ਕੇ ਕੰਮ ਕਰਨਗੇ।”
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਸੇਵਾਵਾਂ ਦੇ ਮੁਖੀ ਨੂੰ ਪੱਤਰ ਲਿਖ ਕੇ ਦਫ਼ਤਰ ਵਾਪਸੀ ਦੀ ਨੀਤੀ ਲਈ ਯੋਜਨਾਬੰਦੀ ਸ਼ੁਰੂ ਕਰਨ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਹਜ਼ਾਰਾਂ ਸਰਕਾਰੀ ਕਰਮਚਾਰੀ, ਜਿਵੇਂ ਕਿ ਨਰਸਾਂ, ਅਧਿਆਪਕ, ਸੁਧਾਰ ਗ੍ਰਹਿ (ਜੇਲ੍ਹ ਪ੍ਰਸ਼ਾਸਨ) ਦੇ ਕਰਮਚਾਰੀ ਅਤੇ ਮੋਹਰੀ ਕਤਾਰ ਵਿੱਚ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕ, ਕਦੇ ਵੀ ਘਰੋਂ ਕੰਮ ਕਰਨ  ਦੀ ਸਹੂਲਤ ਨਹੀਂ ਰੱਖਦੇ ਸਨ।
ਨ।

Leave a Reply

Your email address will not be published. Required fields are marked *