ਅੰਮ੍ਰਿਤਸਰ:- ਬਰਤਾਨੀਆਂ ਵਿੱਚ ਹੋਈਆਂ ਨਵੀਆਂ ਚੋਣਾਂ ਵਿੱਚ ਪਹਿਲੀਵਾਰ ਚਾਰ ਦਸਤਾਰਧਾਰੀ ਸਿੱਖਾਂ ਅਤੇ ਪੰਜ ਸਿੱਖ ਪਰਿਵਾਰਾਂ ਨਾਲ ਸਬੰਧਤ ਸਿੱਖ ਬੀਬੀਆਂ ਦੇ ਸੰਸਦ ਮੈਂਬਰ ਬਨਣ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਭ ਜੇਤੂ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਬਰਤਾਨੀਆ ਵਿੱਚ ਲੇਬਰ ਪਾਰਟੀ ਨੂੰ ਹੁੰਝਾਫੇਰ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਕੁੱਲ 650 ਸੀਟਾਂ ਵਿਚੋਂ 412 ਸੀਟਾਂ ਲੇਬਰ ਪਾਰਟੀ ਨੂੰ ਮਿਲਣੀਆਂ ਬਰਤਾਨੀਆਂ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਅਧਿਆਇ ਅੰਕਿਤ ਹੋਇਆ ਹੈ। ਉਨ੍ਹਾਂ ਪੰਜਾਬ ਦੇ ਪਿਛੋਕੜ ਵਾਲੇ ਸਿੱਖ ਲੀਡਰ ਸ. ਤਰਮਨਜੀਤ ਸਿੰਘ, ਸਤਬੀਰ ਕੌਰ, ਪ੍ਰੀਤ ਕੌਰ ਗਿੱਲ, ਜੱਸ ਅਠਵਾਲ, ਹਰਪ੍ਰੀਤ ਕੌਰ ਉਪਲ, ਗੁਰਿੰਦਰ ਜੋਸਨ, ਡਾ. ਜੀਵਨ ਸੰਧੇਰ, ਵਰਿੰਦਰ ਜੱਸ, ਬੀਬੀ ਆਹਲੂਵਾਲੀਆ ਨੂੰ ਇਸ ਜਿੱਤ ਦੀ ਖੁਸ਼ੀ ਸਮੇਂ ਵਧਾਈ ਦਿਤੀ ਹੈ। ਇਸ ਤੋਂ ਇਲਾਵਾ ਭਾਰਤਵੰਸ਼ੀ ਸੰਸਦ ਮੈਬਰਾਂ ਨੂੰ ਵੀ ਦਿਲੋਂ ਮੁਬਾਰਕਬਾਦ ਦੇਂਦਿਆਂ ਕਿਹਾ ਬਰਤਾਨੀਆਂ ਵਿੱਚ ਕੀਰ ਸਟਾਰਮਰ ਦੀ ਅਗਵਾਈ ਵਿੱਚ ਬਨਣ ਵਾਲੀ ਸਰਕਾਰ ਵਿੱਚ 26 ਮੈਂਬਰ ਭਾਰਤ ਨਾਲ ਸਬੰਧ ਰਖਦੇ ਹਨ ਜੋ ਖੁਸ਼ੀ ਵਾਲੀ ਗੱਲ ਹੈ।