ਸ੍ਰੀ ਮੁਕਤਸਰ ਸਾਹਿਬ:- 6 ਜਨਵਰੀ -ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲ ਚਲਾਣਾ ਕਰ ਜਾਣ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਥੇਦਾਰ ਨੰਦਗੜ੍ਹ ਨਿਧੜਕ ਪੰਥਕ ਆਗੂ ਸਨ ਤੇ ਸਿੱਖੀ ਅਸੂਲਾਂ ਤੇ ਮਰਯਾਦਾ ਦੇ ਪਹਿਰੇਦਾਰ ਸਨ, ਉਨ੍ਹਾਂ ਸਿੱਖੀ ਦੇ ਮੂਲ ਸਿਧਾਤਾਂ ਦੀ ਭੰਨਤੋੜ ਸਬੰਧੀ ਕਦੀ ਕਿਸੇ ਨਾਲ ਸਮਝੌਤਾ ਜਾਂ ਨਰਮ ਰਵੱਇਆ ਨਹੀਂ ਸੀ ਰੱਖਿਆ। ਸੱਚੇ ਸੁੱਚੇ ਪੂਰਨ ਗੁਰਸਿੱਖ ਸਨ। ਪਿਛਲੇ ਕੁੱਝ ਸਮੇਂ ਤੋਂ ਸੇਹਤਕ ਤੌਰ ਤੇ ਢਿੱਲੇ ਸਨ ਤੇ ਡਾਕਟਰਾਂ ਦੇ ਜ਼ੇਰੇ ਇਲਾਜ਼ ਸਨ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਬਾਬਾ ਬਲਬੀਰ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ, ਰਿਸ਼ਤੇਦਾਰ ਤੇ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।