ਸਰੀ, 29 ਅਪ੍ਰੈਲ (ਹਰਦਮ ਮਾਨ)- ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਦੇ ਸਰੀ ਯੂਨਿਟ ਦੀ ਜਨਰਲ ਬਾਡੀ ਦੀ ਮੀਟਿੰਗ ਬੀਤੇ ਦਿਨ ਸੁਸਾਇਟੀ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਦੀ ਪ੍ਰਧਾਨਗੀ ਹੇਠ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਜੋਸ਼ੀਲੇ ਮਾਹੌਲ ਵਿੱਚ ਹੋਈ। ਇਸ ਮੀਟਿੰਗ ਵਿਚ ਕਈ ਨਵੇਂ ਮੈਂਬਰਾਂ ਸਮੇਤ ਕਰੀਬ ਦੋ ਦਰਜਨ ਮੈਂਬਰਾਂ ਨੇ ਹਿੱਸਾ ਲਿਆ ਅਤੇ ਕਾਫੀ ਮੈਂਬਰ ਦੇਸ਼ ਤੋਂ ਬਾਹਰ ਹੋਣ ਕਾਰਨ ਅਤੇ ਹੋਰ ਮਜਬੂਰੀਆਂ ਕਾਰਨ ਹਾਜਰ ਨਾ ਹੋ ਸਕੇ। ਮੀਟਿੰਗ ਦੀ ਸ਼ੁਰੂਆਤ ਅਵਤਾਰ ਬਾਈ ਦੇ ਸਵਾਗਤ ਸ਼ਬਦਾਂ ਨਾਲ ਹੋਈ। ਉਪਰੰਤ ਸਕੱਤਰ ਗੁਰਮੇਲ ਗਿੱਲ ਨੇ ਪਿਛਲੇ ਸੈਸ਼ਨ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਕੁੱਝ ਸੋਧਾਂ ਸਮੇਤ ਸਰਬਸੰਮਤੀ ਨਾਲ ਪਾਸ ਕਰ ਲਿਆ ਗਿਆ। ਇਸ ਤੋਂ ਬਾਅਦ ਨਵੇਂ ਅਹੁਦੇਦਾਰਾਂ ਅਤੇ ਐਗਜ਼ੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਜਸਵਿੰਦਰ ਹੇਅਰ – ਪ੍ਰਧਾਨ, ਅਨੁਜ ਸੂਦ – ਮੀਤ ਪ੍ਰਧਾਨ, ਗੁਰਮੇਲ ਗਿੱਲ – ਸਕੱਤਰ, ਨਿਰਮਲ ਕਿੰਗਰਾ – ਸਹਾਇਕ ਸਕੱਤਰ, ਹਰਪਾਲ ਗਰੇਵਾਲ – ਖਜ਼ਾਨਚੀ ਅਤੇ ਰਾਮਜੀਤ ਤਰਕ, ਇਕਬਾਲ ਬਰਾੜ, ਸੁੱਖੀ ਗਰਚਾ, ਠਾਣਾ ਸਿੰਘ ਤੇ ਪਰਮਜੀਤ ਸਿੱਧੂ ਐਗਜ਼ੈਕਟਿਵ ਕਮੇਟੀ ਮੈਂਬਰ ਚੁਣੇ ਗਏ। ਇਸ ਉਪਰੰਤ 19 ਮਈ ਨੂੰ ਤਰਕਸ਼ੀਲ ਸੁਸਾਇਟੀ ਦੇ ਹੋ ਰਹੇ ਕੌਮੀ ਡੈਲੀਗੇਟ ਇਜਲਾਸ ਲਈ 6 ਡੈਲੀਗੇਟਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਅੰਤ ਵਿਚ ਧੰਨਵਾਦੀ ਮਤਾ ਪੇਸ਼ ਕੀਤਾ ਗਿਆ ਅਤੇ ਸਾਰੇ ਮੈਂਬਰਾਂ ਵੱਲੋਂ ਅੰਧਵਿਸ਼ਵਾਸ਼ਾਂ ਦੇ ਹਨੇਰੇ ਨੂੰ ਦੂਰ ਕਰਨ ਲਈ ਨਿੱਠ ਕੇ ਕੰਮ ਕਰਨ ਦੇ ਅਹਿਦ ਨਾਲ ਮੀਟਿੰਗ ਸਮਾਪਤ ਹੋਈ।