-ਸੁਖਵਿੰਦਰ ਸਿੰਘ ਚੋਹਲਾ-
ਭਾਰਤ ਦੇ ਉਤਰੀ-ਪੂਰਬੀ ਰਾਜ ਮਨੀਪੁਰ ਵਿਚ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਘੁੰਮਾਉਣ ਤੇ ਖੇਤਾਂ ਵਿਚ ਲਿਜਾਕੇ ਬਲਾਤਾਰ ਕੀਤੇ ਜਾਣ ਦੀ ਘਟਨਾ ਜਿਥੇ ਮਾਨਵੀ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਹੈ ਉਥੇ ਸਮੇਂ ਦੇ ਹਾਕਮਾਂ ਤੇ ਪ੍ਰਸ਼ਾਸਨ ਦੀ ਨਾਲਾਇਕੀ ਅਤੇ ਨਿਕੰਮੇਪਣ ਦੇ ਨਾਲ ਖੁਦ ਨੂੰ ਵਿਸ਼ਵ ਗੁਰੂ ਕਹਾਉਣ ਦੇ ਦਾਅਵੇਦਾਰਾਂ ਦੇ ਮੂੰਹ ਉਪਰ ਕਰਾਰੀ ਚਪੇੜ ਵੀ ਹੈ। ਇਹ ਸ਼ਰਮਨਾਕ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਭਾਰਤ ਚੰਦਰਯਾਨ ਰਾਹੀਂ ਚੰਦਰਮਾ ਉਪਰ ਤਿਰੰਗਾ ਝੰਡਾ ਗੱਡਣ ਦੀ ਕੋਸ਼ਿਸ਼ ਵਜੋਂ ਵਿਸ਼ਵ ਦੀਆਂ ਮਹਾਂਸ਼ਕਤੀਆਂ ਵਜੋਂ ਆਪਣਾ ਨਾਮ ਲਿਖਵਾਉਣ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਸੇ ਧਰਤੀ ਦੇ ਲੋਕ ਮਾਨਵੀ ਗਿਰਾਵਟ ਦੇ ਪਤਾਲ ਵਿਚ ਗਰਕ ਜਾਣ ਦੀਆਂ ਖਬਰਾਂ ਦੇ ਰੂਬਰੂ ਵੀ ਹੋ ਰਹੇ ਹਨ।
ਮਨੀਪੁਰ ਵਿਚ ਵਾਪਰੀ ਇਹ ਸ਼ਰਮਨਾਕ ਘਟਨਾ 2 ਮਈ ਦੀ ਦੱਸੀ ਜਾਂਦੀ ਹੈ ਪਰ ਇਸਦੀ ਵੀਡੀਓ ਕੁਝ ਦਿਨਾਂ ਬਾਦ ਸੋਸ਼ਲ ਮੀਡੀਆ ਉਪਰ ਪ੍ਰਸਾਰਿਤ ਹੋਣ ਉਪਰੰਤ ਹੀ ਭਾਰਤੀ ਹਾਕਮਾਂ ਦੀ ਜਾਗ ਖੁੱਲੀ ਹੈ। ਮਨੀਪੁਰ ਵਿਚ ਦੋ ਫਿਰਕਿਆਂ ਵਿਚ ਜਾਤੀ ਨਫਰਤ ਕਾਰਣ ਫੈਲੀ ਹਿੰਸਾ ਨੂੰ ਦਬਾਉਣ ਅਤੇ ਸ਼ਾਂਤੀ ਬਣਾਉਣ ਦੇ ਦਾਅਵਿਆਂ ਦਰਮਿਆਨ ਜਦੋਂ ਇਹ ਸ਼ਰਮਨਾਕ ਘਟਨਾ ਸਾਹਮਣੇ ਆਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਆਖਰ ਆਪਣੀ ਚੁੱਪੀ ਤੋੜਨੀ ਪਈ। ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ ਮਨੀਪੁਰ ਵਿਚ ਜੋ ਕੁਝ ਵੀ ਵਾਪਰਿਆ ਬਹੁਤ ਸ਼ਰਮਨਾਕ ਹੈ ਤੇ ਧੀਆਂ ਭੈਣਾਂ ਦੀ ਬੇਇਜਤੀ ਕਰਨ ਵਾਲੇ ਦੋਸ਼ੀਆਂ ਨੂੰ ਕਦੇ ਮੁਆਫ ਨਹੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਮਨੀਪੁਰ ਘਟਨਾ ਉਪਰ ਅਫਸੋਸ ਪ੍ਰਗਟ ਕਰਦਿਆਂ ਸੂਬੇ ਵਿਚ ਫੈਲੀ ਫਿਰਕੂ ਨਫਰਤ ਅਤੇ ਹਿੰਸਾ ਦਾ ਕੋਈ ਜਿਕਰ ਨਹੀ ਕੀਤਾ ਤੇ ਨਾਹੀ ਸੂਬੇ ਦੇ ਮੁੱਖ ਮੰਤਰੀ ਬਾਰੇ ਕੁਝ ਕਿਹਾ ਹੈ ਜੋ ਬੜੀ ਬੇਸ਼ਰਮੀ ਨਾਲ ਇਹ ਕਹਿੰਦੇ ਸੁਣਾਈ ਦਿੱਤੇ ਹਨ ਕਿ ਔਰਤਾਂ ਨਾਲ ਦੁਰਵਿਹਾਰ ਦੀਆਂ ਘਟਨਾਵਾਂ ਤੇ ਹੋਰ ਵੀ ਬਹੁਤ ਵਾਪਰੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ਰਮਨਾਕ ਘਟਨਾ ਲਈ ਜਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਲੋਕਤੰਤਰ ਦੇ ਮੰਦਿਰ ਵਿਚ ਆਉਣ ਤੋਂ ਪਹਿਲਾਂ ਉਹਨਾਂ ਦਾ ਦਿਲ ਗੁੱਸੇ ਤੇ ਨਾਰਾਜ਼ਗੀ ਨਾਲ ਭਰਿਆ ਪਿਆ ਹੈ ਪਰ ਸੰਸਦ ਵਿਚ ਕਈ ਦਿਨਾਂ ਤੋਂ ਸ਼ੋਰ ਸ਼ਰਾਬਾ ਪਾਉਦਿਆਂ ਇਸ ਮੁੱਦੇ ਉਪਰ ਬਹਿਸ ਦੀ ਮੰਗ ਕਰਦੇ ਆ ਰਹੇ ਵਿਰੋਧੀ ਮੈਂਬਰਾਂ ਦੀ ਆਵਾਜ਼ ਸੁਣਨ ਨੂੰ ਉਹ ਤਿਆਰ ਨਹੀ ਹਨ।
ਜਿਕਰਯੋਗ ਹੈ ਕਿ ਮਨੀਪੁਰ ਵਿਚ ਵਸਦੇ ਦੋ ਪ੍ਰਮੁੱਖ ਭਾਈਚਾਰੇ -ਕੁੱਕੀ ਅਤੇ ਮੈਤਈ ਵਿਚਾਲੇ ਫਿਰਕੂ ਹਿੰਸਾ ਉਸ ਸਮੇਂ ਭੜਕ ਉਠੀ ਸੀ ਜਦੋਂ ਇਸਾਈ ਧਰਮ ਨਾਲ ਸਬੰਧ ਰੱਖਣ ਵਾਲੇ ਕੁੱਕੀ ਲੋਕਾਂ ਨੇ ਰਾਜ ਵਿਚ ਹਿੰਦੂ ਧਰਮ ਨਾਲ ਸਬੰਧਿਤ ਮੈਤਈ ਭਾਈਚਾਰੇ ਲਈ ਐਸ ਟੀ ਰੁਤਬਾ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਸੀ। ਕੁੱਕੀ ਭਾਈਚਾਰੇ ਦੀ ਦਲੀਲ ਹੈ ਕਿ ਬਹੁਗਿਣਤੀ ਵਾਲੇ ਮੈਤਈ ਭਾਈਚਾਰੇ ਨੂੰ ਕਬਾਇਲੀ ਜਨਜਾਤੀ ਦਾ ਰੁਤਬਾ ਦਿੱਤੇ ਜਾਣ ਨਾਲ ਉਹਨਾਂ ਦੇ ਅਧਿਕਾਰਾਂ ਨੂੰ ਖਤਰਾ ਪੈਦਾ ਹੋ ਜਾਵੇਗਾ ਕਿਉਂਕਿ ਸੂਬੇ ਵਿਚ ਪਹਿਲਾਂ ਹੀ ਜ਼ਮੀਨ ਖਰੀਦਣ ਅਤੇ ਨੌਕਰੀਆਂ ਵਿਚ ਰਾਖਵੇਂਕਰਨ ਦੇ ਅਧਿਕਾਰ ਕੁੱਕੀ ਜਨਜਾਤੀ ਕੋਲ ਹਨ ਪਰ ਹੁਣ ਮੈਤਈ ਭਾਈਚਾਰੇ ਨੂੰ ਇਹ ਅਧਿਕਾਰ ਦੇਣ ਨਾਲ ਸੂਬੇ ਵਿਚ ਵੱਡਾ ਬਿਖੇੜਾ ਉਠ ਖੜਾ ਹੋਇਆ ਹੈ। ਦੋਵਾਂ ਫਿਰਕਿਆਂ ਵਿਚਾਲੇ ਫੈਲੀ ਹਿੰਸਾ ਕਾਰਣ ਹੁਣ ਤੱਕ 157 ਲੋਕ ਮਾਰੇ ਜਾ ਚੁੱਕੇ ਹਨ ਤੇ 50,000 ਤੋ ਉਪਰ ਲੋਕ ਬੇਘਰ ਹੋ ਚੁੱਕੇ ਹਨ ਜਿਹਨਾਂ ਨੂੰ ਸਰਕਾਰ ਵਲੋਂ ਆਰਜੀ ਕੈਂਪਾਂ ਵਿਚ ਰੱਖਿਆ ਜਾ ਰਿਹਾ ਹੈ। ਪਿਛਲੀ ਤਿੰਨ ਮਈ ਤੋਂ ਮਨੀਪੁਰ ਵਿਚ ਫੈਲੀ ਫਿਰਕੂ ਹਿੰਸਾ ਦੌਰਾਨ ਔਰਤਾਂ ਅਤੇ ਬੱਚਿਆਂ ਖਿਲਾਫ ਜੁਲਮ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਹ ਬਹੁਤ ਹੀ ਹਿਰਦੇਵੇਧਕ ਹਨ। ਸਮਝਿਆ ਜਾਂਦਾ ਹੈ ਕਿ ਸੂਬੇ ਵਿਚ ਹਿੰਦੂ ਬਹੁਗਿਣਤੀ ਮੈਤਈ ਫਿਰਕੇ ਨਾਲ ਸਬੰਧਿਤ ਲੋਕ ਘੱਟ ਗਿਣਤੀ ਕੁੱਕੀ ਈਸਾਈ ਲੋਕਾਂ ਨੂੰ ਲਗਾਤਾਰ ਡਰਾਉਣ ਧਮਕਾਉਣ ਦੇ ਨਾਲ ਜੋਰ ਜੁਲਮ ਦਾ ਸ਼ਿਕਾਰ ਬਣਾ ਰਹੇ ਹਨ। ਇਸ ਹਿੰਸਕ ਦੌਰ ਦੌਰਾਨ ਕੁੱਕੀ ਫਿਰਕੇ ਨਾਲ ਸਬੰਧਿਤ ਇਕ 40 ਸਾਲਾ ਔਰਤ ਅਤੇ ਇਕ ਅੱਲੜ ਵਰੇਸ ਦੀ ਲੜਕੀ ਨੂੰ ਨੰਗਾ ਕਰਕੇ ਘੁਮਾਉਣ ਅਤੇ ਖੇਤਾਂ ਵਿਚ ਲਿਜਾਕੇ ਉਹਨਾਂ ਨਾਲ ਜਿਆਦਤੀ ਕੀਤੇ ਜਾਣ ਦੀ ਵੀਡੀਓ ਵਿਚ ਮੈਤਈ ਕਬੀਲੇ ਦੇ ਲੋਕਾਂ ਵਲੋਂ ਗੁੰਡਾਗਰਦੀ ਦਾ ਜੋ ਨੰਗਾ ਨਾਚ ਕੀਤਾ ਗਿਆ, ਉਸਤੋ ਜਾਹਰ ਹੈ ਕਿ ਸੂਬੇ ਵਿਚ ਅਮਨ ਕਨੂੰਨ ਦੀ ਵਿਵਸਥਾ ਬਿਲਕੁਲ ਨਾਦਾਰਦ ਹੈ। ਬੁਰਛਾਗਰਦੀ ਦੀ ਸਿਖਰ ਹੈ ਕਿ ਹਿੰਸਾ ਤੇ ਬਲਾਤਕਾਰ ਦੀਆਂ ਘਟਨਾਵਾਂ ਸਬੰਧੀ ਕਿਸੇ ਵੀ ਥਾਣੇ ਵਿਚ ਕੋਈ ਰਿਪੋਰਟ ਦਰਜ ਨਹੀ ਕਰਵਾਈ ਗਈ। ਸਮਝਿਆ ਜਾ ਸਕਦਾ ਹੈ ਕਿ ਘੱਟਗਿਣਤੀ ਲੋਕ ਇਤਨੇ ਡਰੇ ਹੋਏ ਹਨ ਕਿ ਉਹਨਾਂ ਵਿਚ ਥਾਣੇ ਜਾ ਕੇ ਰਿਪੋਰਟ ਲਿਖਵਾਉਣ ਜਾਂ ਕਹਿ ਲਵੋ ਕਿ ਪੁਲਿਸ ਪ੍ਰਾਸ਼ਾਸਨ ਵਿਚ ਕੋਈ ਵਿਸ਼ਵਾਸ ਹੀ ਨਹੀ ਕਿ ਉਹ ਆਪਣੀ ਰਿਪੋਰਟ ਦਰਜ ਕਰਵਾ ਸਕਣ।
ਇਸ ਘਟਨਾ ਉਪਰੰਤ ਮਨੀਪੁਰ, ਗਵਾਂਡੀ ਸੂਬਿਆਂ ਅਤੇ ਦੇਸ਼ ਦੇ ਹੋਰ ਕਈ ਭਾਗਾਂ ਵਿਚ ਵਿਖਾਵਾਕਾਰੀਆਂ ਨੇ ਸੜਕਾਂ ਉਪਰ ਨਿਕਲਦਿਆਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਰੋਸ ਜਾਹਰ ਕਰਦਿਆਂ ਦੋਸ਼ੀਆ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਹਨਾਂ ਰੋਸ ਵਿਖਾਵਿਆਂ ਉਪਰੰਤ ਹੀ ਇਸ ਘਟਨਾ ਲਈ ਜਿੰਮੇਵਾਰ 5 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਅਫਸੋਸਨਾਕ ਪਹਿਲੂ ਇਹ ਵੀ ਹੈ ਕਿ ਦੋਸ਼ੀਆਂ ਵਿਚ ਇਕ 15 ਸਾਲਾ ਲੜਕਾ ਵੀ ਸ਼ਾਮਿਲ ਹੈ।
ਜਿਸਤੋ ਜਾਣਿਆ ਜਾ ਸਕਦਾ ਹੈ ਕਿ ਭਾਰਤੀ ਸਮਾਜ ਵਿਚ ਫਿਰਕੂ ਤੇ ਹਿੰਸਕ ਸੋਚ ਦੀ ਜੜ ਕਿਸ ਕਦਰ ਆਪਣੀ ਥਾਂ ਬਣਾਈ ਬੈਠੀ ਹੈ। ਆਜਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਵਾਲੇ ਭਾਰਤ ਦੀਆਂ ਜੜਾਂ ਵਿਚ ਪਏ ਇਸ ਫਿਰਕੂ ਸੋਚ ਦੇ ਜਹਿਰ ਦਾ ਹੁਣ ਤੱਕ ਇਲਾਜ ਕਿਊਂ ਨਹੀ ਹੋ ਸਕਿਆ। ਇਸਦਾ ਕਾਰਣ ਜਾਣਨਾ ਕੋਈ ਮੁਸ਼ਕਲ ਕਾਰਜ ਵੀ ਨਹੀ। ਅਗਸਤ 1947 ਵਿਚ ਦੇਸ਼ ਦੀ ਵੰਡ ਦੌਰਾਨ ਲਗਪਗ 10 ਲੱਖ ਲੋਕ ਮਾਰੇ ਗਏ ਤੇ ਕਰੋੜਾਂ ਲੋਕ ਘਰੋ ਬੇਘਰ ਹੋ ਗਏ, ਲਈ ਵੀ ਇਹੀ ਫਿਰਕੂ ਜਹਿਰ ਜਿੰਮੇਵਾਰ ਸੀ। ਪਰ ਇਸ ਜ਼ਹਿਰ ਨੂੰ ਸਮਾਜ ਦੀਆਂ ਨਸਾਂ ਵਿਚ ਫੈਲਣ ਜਾਂ ਫੈਲਾਉਣ ਵਾਲੇ ਵੀ ਕੌਣ ਸਨ। ਦੇਸ਼ ਜਾਂ ਸਮਾਜ ਦੀਆਂ ਜੜਾਂ ਵਿਚ ਪਏ ਇਸ ਫਿਰਕੂ ਜ਼ਹਿਰ, ਹਿੰਸਾ ਜਾਂ ਨਸਲੀ ਨਫਰਤ ਉਪਰ ਸੰਸਦ ਵਿਚ ਬਹਿਸ ਦਾ ਸੱਦਾ ਦੇਣ ਵਾਲੇ, ਜਾਂ ਬਹਿਸ ਤੋ ਇਨਕਾਰੀ ਹੋਣ ਵਾਲੇ, ਸਮਾਜ ਦੇ ਠੇਕੇਦਾਰ, ਸੂਬਿਆਂ ਤੇ ਦੇਸ਼ ਦੀ ਸਿਆਸਤ ਉਪਰ ਕਾਬਜ਼ ਧਿਰਾਂ, ਆਗੂ ਜਾਂ ਹਾਕਮ ਆਖਰ ਹੈ ਕੌਣ । ਇਹ ਸਭ ਸਮਝਣ ਜਾਂ ਜਾਣਨ ਤੋ ਬਿਨਾਂ ਇਸ ਫਿਰਕੂ ਸੋਚ ਜਾਂ ਜਹਿਰ ਦਾ ਇਲਾਜ ਸੰਭਵ ਨਹੀ।
ਹਾਕਮਾਂ ਜਾਂ ਸਿਆਸਤਦਾਨਾਂ ਲਈ ਫਿਰਕੂ ਨਫਰਤ ਨੂੰ ਹਵਾ ਦੇਣਾ ਜਾਂ ਲਿਪਾਪੋਚੀ ਕਰਨਾ ਉਹਨਾਂ ਦੀ ਖੇਡ ਦਾ ਹਿੱਸਾ ਹੋ ਸਕਦਾ ਹੈ ਪਰ ਔਰਤਾਂ ਨੂੰ ਜਾਤੀ ਨਫਰਤ ਦੌਰਾਨ ਨਿਸ਼ਾਨਾ ਬਣਾਉਣ ਵਾਲੇ ਲੋਕਾਂ ਨੂੰ ਦੁਰਲਾਹਨਤ ਭੇਜਕੇ, ਗੱਲ ਨੂੰ ਰਫਾ ਦਫਾ ਕਰ ਦੇਣਾ ਵੀ ਮਾਨਵੀ ਸਮਾਜ ਲਈ ਲਾਹਨਤ ਤੋਂ ਘੱਟ ਨਹੀਂ।