Apr 23, 2026

ਸੁਖਵਿੰਦਰ ਸਿੰਘ ਚੋਹਲਾ—

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੇ ਇਕ ਉਚ ਪੱਧਰੀ ਵਫਦ ਸਮੇਤ ਤਿੰਨ ਮੁਲਕਾਂ ਦੇ 26 ਫਰਵਰੀ ਤੋਂ 7 ਮਾਰਚ ਤੱਕ ਕੀਤੇ ਜਾ ਰਹੇ ਦੌਰੇ ਦੇ ਪਹਿਲੇ ਪੜਾਅ ਵਿਚ ਸਭ ਤੋਂ ਪਹਿਲਾਂ ਭਾਰਤ ਪੁੱਜੇ ਹਨ। ਬੀਤੇ ਦਿਨ ਉਹਨਾਂ ਦਾ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਨਿੱਘਾ ਸਵਾਗਤ ਕੀਤਾ ਗਿਆ। ਇਥੇ ਉਹ ਵੱਡੇ ਸਨਅਤਕਾਰਾਂ ਅਤੇ ਵਪਾਰਕ ਅਦਾਰਿਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗਾਂ ਉਪਰੰਤ ਰਾਜਧਾਨੀ ਦਿੱਲੀ ਪੁੱਜਣਗੇ ਜਿਥੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਵਪਾਰ ਤੇ ਸਬੰਧਾਂ ਦੀ ਮਜ਼ਬੂਤੀ ਲਈ ਵਿਆਪਕ ਸਮਝੌਤੇ ਤੇ ਸਹੀ ਪਾਏ ਜਾਣ ਦੀ ਉਮੀਦ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰੀ ਟੈਰਿਫਾਂ ਦੇ ਨਾਮ ਹੇਠ ਲਗਾਤਾਰ ਕੈਨੇਡਾ ਨੂੰ ਜਿਚ ਕਰਨ ਅਤੇ ਵਿਸ਼ਵ ਆਰਥਿਕ ਮੰਡੀ ਨੂੰ ਭਾਰੀ ਸੱਟ ਪਹੁੰਚਾਏ ਜਾਣ ਦੇ ਦਰਮਿਆਨ ਪ੍ਰਧਾਨ ਮੰਤਰੀ ਕਾਰਨੀ ਕੈਨੇਡਾ ਲਈ ਅਮਰੀਕਾ ਤੋਂ ਬਾਹਰ ਨਵੇਂ ਵਪਾਰਕ ਭਾਈਵਾਲਾਂ ਦੀ ਭਾਲ ਵਿਚ ਹਨ। ਉਹਨਾਂ ਵਲੋਂ ਪਿਛਲੇ ਮਹੀਨੇ ਡਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਦੌਰਾਨ ਦਿੱਤੇ ਗਏ ਦਲੇਰਾਨਾ ਅਤੇ ਦੂਰ ਅੰਦੇਸ਼ੀ ਵਾਲੇ ਭਾਸ਼ਨ ਉਪਰੰਤ ਕੈਨੇਡਾ ਨੂੰ ਵਿਸ਼ਵ ਪੱਧਰ ਤੇ ਇਕ ਮਜਬੂਤ ਆਰਥਿਕ ਸ਼ਕਤੀ ਅਤੇ ਭਾਈਵਾਲ ਵਜੋਂ ਉਭਾਰਨ ਦੇ ਯਤਨਾਂ ਤਹਿਤ ਯੂਰਪ ਤੋਂ ਇਲਾਵਾ ਏਸ਼ੀਅਨ ਮੁਲਕਾਂ ਦੀਆਂ ਵੱਡੀਆਂ ਵਪਾਰਕ ਮੰਡੀਆਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਭਾਰਤ ਦੁਨੀਆ ਦੀ ਤੀਸਰੀ ਵ਼ੱਡੀ ਆਰਥਿਕ ਤਾਕਤ ਵਜੋਂ ਉਭਰਿਆ ਹੈ। ਦੁਨੀਆ ਦਾ ਹਰ ਮੁਲਕ ਭਾਰਤ ਨਾਲ ਵਪਾਰਕ ਸਬੰਧਾਂ ਦੀ ਦੌੜ ਵਿਚ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਵਪਾਰਕ ਭਾਈਵਾਲੀ ਤੇ ਮਿਤਰਤਾ ਦਾ ਦੌਰ ਵੀ ਕਾਫੀ ਪੁਰਾਣਾ ਹੈ ਪਰ ਇਸ ਦੌਰਾਨ ਦੋਵਾਂ ਮੁਲਕਾਂ ਵਿਚ ਸਬੰਧਾਂ ਵਿਚ ਵਿਗਾੜ ਅਤੇ ਵਪਾਰਕ ਸਮਝੌਤੇ ਖਟਾਈ ਵਿਚ ਪੈਣ ਦਾ ਵੀ ਇਕ ਇਤਿਹਾਸ ਹੈ। ਪਿਛਲੇ ਸਮੇਂ ਦੌਰਾਨ ਕੈਨੇਡਾ ਵਲੋਂ ਭਾਰਤ ਨੂੰ ਯੂਰੇਨੀਅਮ ਸਪਲਾਈ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਬਾਦ ਵਿਚ ਕੈਨੇਡਾ ਨੇ ਭਾਰਤ ਉਪਰ ਗਿਫਟ ਵਿਚ ਦਿੱਤੇ ਗਏ ਯੂਰੇਨੀਅਮ ਨਾਲ ਪ੍ਰਮਾਣੂ ਬੰਬ ਬਣਾਏ ਜਾਣ ਦੇ ਦੋਸ਼ ਲਗਾਏ ਸਨ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਹਾਰਪਰ ਅਤੇ ਹੋਰ ਪੂਰਵ ਪ੍ਰਧਾਨ ਮੰਤਰੀਆਂ ਦੇ ਭਾਰਤ ਦੌਰੇ ਉਤਨੇ ਚਰਚਾ ਵਿਚ ਨਹੀ ਰਹੇ ਜਿਤਨੀ ਚਰਚਾ ਸਾਲ 2018 ਵਿਚ ਪ੍ਰਧਾਨ ਮੰਤਰੀ ਟਰੂਡੋ ਦੇ ਦੌਰੇ ਦੀ ਰਹੀ। ਖਬਰਾਂ ਸਨ ਕਿ  ਕੈਨੇਡਾ ਦੀ ਧਰਤੀ ਉਪਰ ਖਾਲਿਸਤਾਨੀ ਸਿੱਖਾਂ ਨੂੰ ਭਾਰਤ ਖਿਲਾਫ ਪ੍ਰਚਾਰ ਦੀ ਖੁੱਲ ਦਿੱਤੇ ਜਾਣ ਤੋਂ ਨਾਰਾਜ਼ ਭਾਰਤ ਨੇ ਤਤਕਾਲੀ ਪ੍ਰਧਾਨ ਮੰਤਰੀ ਟਰੂਡੋ ਦਾ ਸ਼ਿਸਟਾਚਾਰ ਮੁਤਾਬਿਕ ਸਵਾਗਤ ਨਹੀ ਸੀ ਕੀਤਾ ਉਲਟਾ ਟਰੂਡੋ ਦੇ ਵਫਦ ਵਿਚ  ਇਕ ਸਜਾ ਯਾਫਤਾ ਸਾਬਕਾ ਖਾਲਿਸਤਾਨੀ ਆਗੂ ਦੀ ਸ਼ਮੂਲੀਅਤ ਦੀਆਂ ਖਬਰਾਂ ਨਾਲ ਉਹਨਾਂ ਦਾ ਭਾਰਤ ਦੌਰਾ ਫਲਾਪ ਰਹਿਣ ਦੇ ਨਾਲ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਵਿਚ ਵਿਗਾੜ ਪੈਦਾ ਹੋ ਗਿਆ ਸੀ। ਭਾਰਤ ਕੈਨੇਡਾ ਸਬੰਧਾਂ ਵਿਚਾਲੇ ਵੱਡਾ ਤਣਾਅ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਟਰੂਡੋ ਨੇ 18 ਸਤੰਬਰ 2023 ਨੂੰ ਸੰਸਦ ਵਿਚ ਇਹ ਬਿਆਨ ਦੇ ਕੇ ਦੁਨੀਆ ਨੂੰ ਚੌਂਕਾ ਦਿੱਤਾ ਕਿ 18 ਜੂਨ 2023 ਵਿਚ ਇਕ ਖਾਲਿਸਤਾਨੀ ਸਮਰਥਕ ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਪਿੱਛੇ ਭਾਰਤੀ ਏਜੰਟਾਂ ਦੀ ਭੂਮਿਕਾ ਦੇ ਪੱਕੇ ਸਬੂਤ ਹਨ। ਬਾਦ ਵਿਚ ਇਹ ਵੀ ਚਰਚਾ ਰਹੀ ਕਿ ਕੈਨੇਡਾ ਵਿਚ ਖਾਲਿਸਤਾਨ ਸਮਰਥਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਹੋਰ ਹਿੰਸਕ ਕਾਰਵਾਈਆਂ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਹੈ। ਇਹਨਾਂ ਦੋਸ਼ਾਂ ਵਿਚਾਲੇ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਤੇ ਵਪਾਰਕ ਸਬੰਧਾਂ ਵਿਚ ਭਾਰੀ ਵਿਗਾੜ ਆਇਆ ਪਰ ਹੁਣ ਕਾਰਨੀ ਸਰਕਾਰ ਵਲੋਂ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਤਰਜੀਹ ਦਿੰਦਿਆਂ ਭਾਰਤ ਨੂੰ ਹਰ ਪੱਖੋ ਕਲੀਨ ਚਿੱਟ ਦੇ ਦਿੱਤੀ ਗਈ ਹੈ। ਖਾਲਿਸਤਾਨ ਪੱਖੀ ਕੈਨੇਡੀਅਨ ਸਿੱਖ ਪ੍ਰਧਾਨ ਮੰਤਰੀ ਕਾਰਨੀ ਦੇ ਭਾਰਤ ਦੌਰੇ ਦਾ ਵਿਰੋਧ ਕਰ ਰਹੇ ਹਨ ਜਦੋਂਕਿ ਪ੍ਰਧਾਨ ਮੰਤਰੀ ਦਫਤਰ ਨੇ ਕਾਰਨੀ ਦੇ ਦੌਰੇ ਤੋਂ ਪਹਿਲਾਂ ਇਹ ਸਪੱਸ਼ਟ ਕੀਤਾ ਹੈ ਕਿ ਉਹ ਨਹੀ ਸਮਝਦੇ ਕਿ ਕੈਨੇਡਾ ਵਿਚ ਕਿਸੇ ਹਿੰਸਕ ਕਾਰਵਾਈ ਜਾਂ ਵਿਦੇਸ਼ੀ ਦਖਲ ਵਿਚ ਭਾਰਤ ਸਰਕਾਰ ਦੀ ਕੋਈ ਭੂਮਿਕਾ ਹੈ। ਸਪੱਸ਼ਟ ਹੈ ਕਿ ਕੈਨੇਡੀਅਨ ਕੂਟਨੀਤੀ ਵਿਚ ਭਾਰਤ ਪ੍ਰਤੀ ਇਹ ਵੱਡਾ ਬਦਲਾਅ ਦੋਵਾਂ ਮੁਲਕਾਂ ਵਿਚਾਲੇ ਵਪਾਰਕਾ ਸਬੰਧਾਂ ਦੀ ਮੁੜ ਸ਼ੁਰੂਆਤ ਅਤੇ ਮਜਬੂਤੀ ਪ੍ਰਦਾਨ ਕਰਨ ਲਈ ਹੈ।

ਖਬਰਾਂ ਹਨ ਕਿ ਕੈਨੇਡਾ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਦੇ ਨਾਲ ਤਕਨੀਕੀ ਸਹਿਯੋਗ, ਰੱਖਿਆ ਤਕਨੀਕ, ਊਰਜਾ, ਤੇਲ,ਗੈਸ ਅਤੇ ਸਸਕੈਚਵਨ ਦੀਆਂ ਦਾਲਾਂ ਤੇ ਹੋਰ ਅਨਾਜ ਸਮੇਤ ਵਿਆਪਕ ਵਪਾਰਕ ਸਮਝੌਤਾ ਕਰਨ ਵੱਲ ਕਦਮ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਕਾਰਨੀ ਦੇ ਭਾਰਤ ਦੌਰੇ ਪ੍ਰਤੀ ਪ੍ਰਸਿੱਧ ਕਾਲਮ ਨਵੀਸ ਕੈਪਬੈਲ ਕਲਾਰਕ ਦੇ ਵਿਚਾਰ ਧੰਨਵਾਦ ਸਹਿਤ ਪੇਸ਼ ਹਨ-

**ਕੈਂਪਬੈਲ ਕਲਾਰਕ-

ਤੁਹਾਨੂੰ ਸ਼ਾਇਦ ਉਹ ਦਿਨ ਯਾਦ ਨਾ ਹੋਣ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਲਈ ਭਾਰਤ ਗਏ ਸਨ, ਪਰ ਜੇ ਤੁਸੀਂ ਆਪਣੀਆਂ ਅੱਖਾਂ ਬੰਦ ਕਰਦੇ ਹੋ, ਤਾਂ ਤੁਸੀਂ ਬਾਲੀਵੁੱਡ ਪਹਿਰਾਵੇ ਵਿੱਚ ਮਿਸਟਰ ਟਰੂਡੋ ਦੀ ਇੱਕ ਤਸਵੀਰ ਬਣਾ ਸਕਦੇ ਹੋ। ਇਹ ਫਰਵਰੀ 2018  ਸੀ। ਮਿਸਟਰ ਟਰੂਡੋ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ 2010 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਕਤ-ਵਪਾਰ ਗੱਲਬਾਤ ਦਾ ਐਲਾਨ ਕੀਤਾ ਸੀ। ਪਰ  ਉਹ ਗੱਲਬਾਤ ਕਦੇ ਵੀ ਸਿਰੇ ਨਹੀ ਲੱਗੀ। ਮੁੜ ਸ਼ੁਰੂਆਤ ਦੇ ਮੌਕੇ ਬਹੁਤ ਹੋਏ, ਪਰ ਨਤੀਜੇ ਨਾਂਹਪੱਖੀ ਹੀ ਰਹੇ । ਜ਼ਿਆਦਾਤਰ, ਕੈਨੇਡਾ-ਭਾਰਤ ਸਬੰਧ ਕਾਮੇਡੀ ਅਤੇ ਦੁਖਾਂਤ ਵਿਚ ਹੀ ਬਦਲਦੇ ਰਹੇ । ਹੁਣ ਜਿਵੇਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਦੀ ਯਾਤਰਾ ਕਰ ਰਹੇ ਹਨ ਤਾਂ , ਉਹ ਇੱਕ ਹੋਰ ਸ਼ੁਰੂਆਤ ਦਾ ਟੀਚਾ ਰੱਖ ਰਹੇ ਹਨ। ਇੱਕ ਭਾਵਨਾ ਹੈ ਕਿ ਇਸ ਵਾਰ ਕੁਝ ਵੱਖਰਾ ਹੋ ਸਕਦਾ ਹੈ।

ਸਾਲਾਂ ਤੋਂ, ਭਾਰਤ-ਕੈਨੇਡਾ ਵਪਾਰ ਸਮਝੌਤੇ ਕਰਨ ਦਾ ਵਾਅਦਾ ਹੁੰਦਾ ਰਿਹਾ ਪਰ ਇਹ ਵਾਅਦਾ ਬਹੁਤ ਘੱਟ ਹੀ ਪੂਰਾ ਕੀਤਾ ਗਿਆ। ਹੁਣ, ਇੱਕ ਬਦਲਦੀ ਦੁਨੀਆਂ ਵਿੱਚ, ਭਾਰਤ ਨੇ  ਯੂਰਪੀਅਨ ਯੂਨੀਅਨ ਨਾਲ ਇੱਕ ਸੌਦੇ ਨੂੰ ਅੰਤਿਮ ਰੂਪ ਦਿੱਤਾ ਹੈ। ਉਹ ਵੀ ਕੇਨੇਡਾ ਵਾਂਗ  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰ ਹਫੜਾ-ਦਫੜੀ ਦੇ ਵਿਚਕਾਰ ਵਿਭਿੰਨਤਾ ਲਿਆਉਣਾ ਚਾਹੁੰਦੇ ਹਨ । ਇਸ ਵਾਰ, ਮਿਸਟਰ ਕਾਰਨੀ ਵਪਾਰਕ ਗੱਲਬਾਤ ਦਾ ਐਲਾਨ ਕਰਨ ਦੇ ਯੋਗ ਹੋ ਸਕਦੇ ਹਨ ਜੋ ਅਸਲ ਵਿੱਚ ਨੇਪਰੇ ਚੜ ਸਕਦੀ ਹੈ।

ਗੈਰ-ਮੁਨਾਫ਼ਾ ਏਸ਼ੀਆ-ਪੈਸੀਫਿਕ ਫਾਊਂਡੇਸ਼ਨ ਦੀ ਉਪ-ਪ੍ਰਧਾਨ ਵੀਨਾ ਨਦਜੀਬੁੱਲਾ ਦਾ ਮੰਨਣਾ ਹੈ ਕਿ ਕੈਨੇਡਾ-ਭਾਰਤ ਸਬੰਧਾਂ ਦਾ ਇਤਿਹਾਸ ਬਹੁਤ ਸਾਰੇ ਖੁੰਝੇ ਮੌਕਿਆਂ, ਰੁਕਾਵਟਾਂ ਅਤੇ ਬੇਵਿਸ਼ਵਾਸੀ ਵਿੱਚੋਂ ਇੱਕ ਹੈ। ਪਰ ਦੁਵੱਲੇ ਰਿਸ਼ਤੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਵੀ ਮੌਜੂਦ ਹਨ। ਇਕ ਦੂਸਰੇ ਦੇ ਡਿਪਲੋਮੈਟ ਕੱਢੇ ਜਾਣ ਤੋਂ ਲੈ ਕੇ ਗਲੇ ਲਗਾਉਣ ਤੱਕ।

ਮਿਸਟਰ ਕਾਰਨੀ ਭਾਰਤ ਨਾਲ ਸਬੰਧਾਂ ਨੂੰ ਮੁੜ ਸਥਾਪਿਤ ਕਰ ਸਕਦੇ ਹਨ ਜੋ ਪਿਛਲੇ 16 ਮਹੀਨੇ ਪਹਿਲਾਂ ਇੱਕ ਨੀਵੇਂ ਪੱਧਰ ‘ਤੇ ਪਹੁੰਚ ਗਏ ਸਨ।

ਫਿਰ ਵੀ ਕੈਨੇਡਾ-ਭਾਰਤ ਸਬੰਧਾਂ ਬਾਰੇ ਇੱਕ ਸਵਾਲ ਹੈ ਜਿਸਦੇ ਜਵਾਬ ਦੀ ਲੋੜ ਹੈ । ਉਹ ਹੈ ਕਿ ਅਸੀਂ ਇੱਕ ਦੂਜੇ ਲਈ ਕੀ ਹਾਂ? ਭਰੋਸੇਯੋਗ ਆਰਥਿਕ ਭਾਈਵਾਲ ? ਸੁਰੱਖਿਆ ਸਹਿਯੋਗੀ ? ਦੋਸਤ ? ਵਪਾਰਕ ਮੌਕਾਪ੍ਰਸਤ ਜਾਂ ਜਾਸੂਸ-ਬਨਾਮ-ਜਾਸੂਸ ਵਿਰੋਧੀ?

ਮਿਸਟਰ ਕਾਰਨੀ ਨੇ ਆਪਣੇ ਜਨਵਰੀ ਦੇ ਦਾਵੋਸ ਭਾਸ਼ਣ ਵਿੱਚ ਕਿਹਾ ਸੀ  ਕਿ ਕੈਨੇਡਾ ਆਪਣੇ ਅੰਤਰਰਾਸ਼ਟਰੀ ਸਬੰਧਾਂ ਨੂੰ ਖੁਦ ਸਥਾਪਿਤ ਕਰੇਗਾ ਜਿਸ ਵਿਚ ਉਸਦੀਆਂ ਕਦਰਾਂ ਕੀਮਤਾਂ ਦੀ ਲਿਸ਼ਕੋਰ ਹੋਵੇਗੀ। ਹੁਣ ਮਿਸਟਰ ਕਾਰਨੀ ਦੀ ਭਾਰਤ ਫੇਰੀ ਉਹਨਾਂ ਦੇ  ਪੂਰਵਗਾਮੀ, ਮਿਸਟਰ ਟਰੂਡੋ ਦੁਆਰਾ ਸਰੀ, ਬੀ.ਸੀ ਦੀ  ਪਾਰਕਿੰਗ ਲਾਟ ਵਿੱਚ ਇੱਕ ਕੈਨੇਡੀਅਨ ਨਾਗਰਿਕ, ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਗਾਉਣ ਤੋਂ ਬਾਅਦ ਦੁਵੱਲੇ ਸਬੰਧਾਂ ਦੇ ਇਤਿਹਾਸ ਦਾ ਨਵਾਂ ਪੰਨਾ ਪਲਟਣ ਵਾਲੀ ਹੈ। ਭਾਰਤ ਲੰਬੇ ਸਮੇਂ ਤੋਂ ਰੋਸ ਜ਼ਾਹਰ ਕਰਦਾ ਆਇਆ ਹੈ ਕਿ ਕੈਨੇਡਾ ਆਪਣੀ ਧਰਤੀ ਤੇ ਖਾਲਿਸਤਾਨ ਪੱਖੀ ਕਾਰਕੁਨਾਂ ਨੂੰ ਭਾਰਤ ਖਿਲਾਫ ਪ੍ਰਚਾਰ ਦੀ ਖੁੱਲ ਦਿੰਦਾ ਹੈ ਤੇ ਉਹਨਾਂ ਨੂੰ ਅਜਿਹਾ ਕਰਨੋਂ ਵਰਜਦਾ ਨਹੀਂ।

2024 ਵਿੱਚ, ਆਰਸੀਐਮਪੀ ਨੇ ਦੋਸ਼ ਲਗਾਇਆ ਸੀ  ਭਾਰਤ ਸਰਕਾਰ ਦੇ ਏਜੰਟ ਅਪਰਾਧਾਂ ਦੀ ਇੱਕ ਲੰਬੀ ਲੜੀ ਵਿੱਚ ਸ਼ਾਮਲ ਸਨ ਜੋ ਸੁਝਾਅ ਦਿੰਦੇ ਹਨ ਕਿ ਭਾਰਤ ਦਾ ਰੋਸ ਹੁਣ ਕੈਨੇਡਾ ਵਿੱਚ ਅੰਤਰਰਾਸ਼ਟਰੀ ਦਮਨ ਦਾ ਰੂਪ ਲੈ ਗਿਆ ਹੈ। ਮਿਸਟਰ ਕਾਰਨੀ ਨੇ ਇਹਨਾਂ ਰਿਪੋਰਟਾਂ ਬਾਰੇ ਕੁਝ ਨਹੀ ਕਿਹਾ ਬਲਕਿ ਜੂਨ ਵਿੱਚ ਕਨਾਨਾਸਕਿਸ ਵਿੱਚ ਜੀ 7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ । ਭਾਰਤ ਸਰਕਾਰ ਕੈਨੇਡੀਅਨ ਏਜੰਸੀਆਂ ਦੇ ਦੋਸ਼ਾਂ ਨੂੰ ਰੱਦ ਕਰਦੀ ਆਈ ਹੈ ਤੇ ਹੁਣ  ਦੋਵਾਂ ਮੁਲਕਾਂ ਨੇ ਸੁਰੱਖਿਆ ਦੇ ਮੁੱਦੇ ਤੇ ਜਾਣਕਾਰੀ ਸਾਂਝੀ ਕਰਨ ਅਤੇ ਕਾਰਵਾਈ ਦਲ ਕਾਇਮ ਕੀਤਾ ਹੈ। ਪਰ ਇਸ ਦੌਰਾਨ ਕੈਨੇਡੀਅਨ ਜਨਤਾ ਨੂੰ ਕਾਰਨੀ ਵਲੋਂ ਪ੍ਰਗਟਾਏ ਜਾ ਰਹੀਆਂ ਕਦਰਾਂ ਕੀਮਤਾਂ ਵਿਚ ਉਹ ਉਤਮਤਾ ਦਿਖਾਈ ਨਹੀਂ ਦੇ ਰਹੀ।

ਮੰਨਣਯੋਗ ਹੈ ਕਿ ਮਿਸਟਰ ਕਾਰਨੀ ਵਪਾਰ ਅਤੇ ਨਿਵੇਸ਼ ਨੂੰ ਪਹਿਲ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਜਨਵਰੀ ਦੀ ਆਪਣੀ ਚੀਨ ਯਾਤਰਾ ਦੌਰਾਨ ਵੀ  ਵਿਦੇਸ਼ੀ ਦਖਲਅੰਦਾਜ਼ੀ ਬਾਰੇ ਵੀ ਗੱਲ ਨਹੀਂ ਕੀਤੀ। ਪਰ ਭਾਰਤ ਨਾਲ ਸ਼ੁਰੂਆਤ ਵਿਚ ਕੁਝ ਹੋਰ ਹੋਣਾ ਚਾਹੀਦਾ ਹੈ।  ਨਿਸ਼ਚਤ ਤੌਰ ‘ਤੇ, ਪੂਰੀ ਦੁਨੀਆ ਭਾਰਤ ਦੀ ਵਪਾਰਕ ਸੰਭਾਵਨਾ ਅਤੇ ਇਸਦੀ ਵਧਦੀ ਭੂ-ਰਾਜਨੀਤਿਕ ਮਹੱਤਤਾ ਲਈ ਇਸਦੇ ਦਰਵਾਜੇ ਤੇ ਦਸਤਕ ਦੇ ਰਹੀ ਹੈ। ਪਿਛਲੇ ਹਫ਼ਤੇ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਭਾਰਤ ਦਾ ਦੌਰਾ ਕੀਤਾ ਅਤੇ ਭਾਰਤ ਨਾਲ “ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ” ਦਾ ਐਲਾਨ ਕੀਤਾ ਹੈ ।

ਪਰ ਇਹ ਵਿਚਾਰਨ ਯੋਗ ਹੈ ਕਿ ਕੈਨੇਡਾ ਦਾ ਭਾਰਤ ਨਾਲ ਰਿਸ਼ਤਾ ਕੀ ਹੈ, ਜਾਂ ਕੀ ਬਣ ਸਕਦਾ ਹੈ। ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ। 1970 ਦੇ ਦਹਾਕੇ ਵਿੱਚ, ਕੈਨੇਡਾ ਨੇ ਭਾਰਤ ‘ਤੇ ਬੰਬ ਬਣਾਉਣ ਲਈ ਆਪਣੀ ਪ੍ਰਮਾਣੂ ਤਕਨਾਲੋਜੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਸੀ । 1985 ਵਿੱਚ ਏਅਰ ਇੰਡੀਆ ਬੰਬ ਧਮਾਕੇ ਨੂੰ ਰੋਕਣ ਵਿੱਚ ਕੈਨੇਡੀਅਨ ਅਧਿਕਾਰੀਆਂ ਦੀ ਅਸਫਲਤਾ, ਜਿਸ ਵਿੱਚ ਕੈਨੇਡਾ ਤੋਂ ਲੰਡਨ ਜਾਂਦੇ ਸਮੇਂ ਉਡਾਣ ਵਿਚ 329 ਲੋਕ ਮਾਰੇ ਗਏ ਸਨ, ਨੇ ਭਾਰਤ ਵਿੱਚ ਇੱਕ ਸਥਾਈ ਪ੍ਰਭਾਵ ਛੱਡਿਆ ਕਿ ਕੈਨੇਡਾ ਖਾਲਿਸਤਾਨੀ-ਪੱਖੀ ਅੱਤਵਾਦੀਆਂ ਨੂੰ ਕਾਬੂ ਕਰਨ ਵਿੱਚ ਅਸਫਲ ਰਿਹਾ ਹੈ ਤੇ ਉਸਨੇ ਜਾਣਬੁੱਝਕੇ ਇਸ ਜਾਂਚ ਨੂੰ ਕਿਸੇ ਪਾਸੇ ਨਹੀ ਲਗਾਇਆ।

ਕੈਨੇਡੀਅਨ ਪ੍ਰਧਾਨ ਮੰਤਰੀ ਅਕਸਰ ਭਾਰਤ ਦਾ ਦੌਰਾ ਕਰਦੇ ਰਹੇ ਹਨ ਅਤੇ ਦੋ ਲੋਕਤੰਤਰਾਂ ਵਿਚਕਾਰ ਸਾਂਝੇ ਮੁੱਲਾਂ ਬਾਰੇ ਭਾਸ਼ਣ ਦਿੰਦੇ ਰਹੇ ਹਨ। ਸਮਝਣ ਦੀ ਲੋੜ ਹੈ ਕਿ “ਸਾਡਾ ਇੱਕ ਦੂਜੇ ਲਈ ਕੀ ਮਤਲਬ ਹੈ? ਅਸੀਂ ਇੱਕ ਦੂਜੇ ਲਈ ਆਰਥਿਕ ਮੌਕਾ ਹਾਂ ਜਾਂ ਕੁਝ ਹੋਰ। ਅਸੀਂ ਅਸਲ ਵਿੱਚ ਕਦਰਾਂ ਕੀਮਤਾਂ ਦੀ ਗੱਲ ਨਹੀ ਕਰਦੇ।  ਲੱਗਦਾ ਹੈ ਕਿ ਅਸੀਂ ਇੰਡੋ-ਪੈਸੀਫਿਕ ਵਿੱਚ ਚੀਨ ਦੇ ਵਧਦੇ ਦਬਾਅ ਅਤੇ ਸਾਡੀ ਸੁਰੱਖਿਆ ਲਈ ਇਸਦਾ ਕੀ ਅਰਥ ਹੈ ਦੇ  ਨਾਲ ਇੱਕ ਗਲੋਬਲ ਸਿਆਸਤ ਦੀ ਚਿੰਤਾ ਸਾਂਝੀ ਕਰਦੇ ਹਾਂ।

ਮਾਹਿਰਾਂ ਦਾ ਤਰਕ ਹੈ ਕਿ ਕੈਨੇਡਾ ਨੂੰ ਇੱਕ ਅਜਿਹਾ ਰਿਸ਼ਤਾ ਲੱਭਣਾ ਚਾਹੀਦਾ ਹੈ ਜੋ ਫਰਾਂਸ ਨਾਲ ਕੈਨੇਡਾ ਦੇ ਸਬੰਧਾਂ ਜਿੰਨਾ ਨੇੜਲਾ ਨਹੀਂ, ਪਰ ਚੀਨ ਜਿੰਨਾ ਸਾਵਧਾਨ ਵੀ ਨਹੀਂ। ਯਕੀਨਨ, ਮੁੜ ਸ਼ੁਰੂਆਤ ਲਈ ਇਕ ਕੋਸ਼ਿਸ਼ ਦੀ ਜ਼ਰੂਰਤ ਸਮੇਂ ਦੀ ਮੰਗ ਹੈ।

-* ਧੰਨਵਾਦ ਸਹਿਤ-ਦਾ ਗਲੋਬ ਐਂਡ ਮੇਲ ਵਲੋਂ ਛਾਪਿਆ ਗਿਆ ਕਾਰਟੂਨ ।