Headlines

ਸੰਪਾਦਕੀ- ਪਹਿਲਵਾਨ ਸਾਕਸ਼ੀ ਦੇ ਅਥਰੂ…..

-ਸੁਖਵਿੰਦਰ ਸਿੰਘ ਚੋਹਲਾ-

 ਉਲੰਪਿਕ ਤਗਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਵਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਉਪਰ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਧੜੇ ਦਾ ਦਬਦਬਾ ਕਾਇਮ ਰਹਿਣ ਦੇ ਰੋਸ ਵਜੋਂ ਭਰੇ ਗੱਚ ਤੇ ਅਥਰੂ ਭਿੱਜੀਆਂ ਅੱਖਾਂ ਨਾਲ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਉਪਰੰਤ ਉਲੰਪੀਅਨ ਬਜਰੰਗ ਪੂਨੀਆ ਨੇ ਸਾਕਸ਼ੀ ਦੇ ਸਮਰਥਨ ਵਿਚ ਆਪਣਾ ਪਦਮਸ੍ਰੀ ਸਨਮਾਨ ਵਾਪਿਸ ਕਰ ਦਿੱਤਾ ਹੈ। ਉਲੰਪੀਅਨ ਮੁੱਕੇਬਾਜ ਵਰਿੰਦਰ ਸਿੰਘ ਨੇ ਆਪਣਾ ਪਦਮਸ਼੍ਰੀ ਪੁਰਸਕਾਰ ਵਾਪਿਸ ਕਰਨ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੂੰ ਐਕਸ ਸੰਦੇਸ਼ ਵਿਚ ਕਿਹਾ ਹੈ ਕਿ ਉਹ ਦੇਸ਼ ਦੀ ਧੀ ਤੇ ਆਪਣੀ ਭੈਣ ਸਾਕਸ਼ੀ ਦੇ ਸਮਰਥਨ ਵਿਚ ਖੜਾ ਹੈ।

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਪ੍ਰਧਾਨ ਦੀ ਚੋਣ ਵਿਚ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਦੇ ਨੇੜਲੇ ਸਾਥੀ ਸੰਜੇ ਸਿੰਘ ਵਲੋਂ ਚੋਣ ਜਿੱਤਣ ਉਪਰੰਤ ਕੁਸ਼ਤੀ ਫੈਡਰੇਸ਼ਨ ਖਿਲਾਫ ਸੰਘਰਸ਼ ਕਰਨ ਵਾਲੇ ਖਿਡਾਰੀ ਆਪਣੇ ਆਪਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਕ ਲੰਬੇ ਸੰਘਰਸ਼ ਉਪਰੰਤ ਉਹਨਾਂ ਨੇ ਫੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਨ ਨੂੰ ਪ੍ਰਧਾਨਗੀ ਤੋਂ ਹਟਾਉਣ ਅਤੇ ਨਵੇਂ ਪ੍ਰਧਾਨ ਦੀ ਚੋਣ ਦੇ ਐਲਾਨ ਨਾਲ ਜੋ ਇਨਸਾਫ ਦੀ ਉਮੀਦ ਕੀਤੀ ਸੀ, ਉਹ ਸਾਰੀ ਮਿੱਟੀ ਵਿਚ ਮਿਲ ਗਈ ਹੈ। ਉਹਨਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਨਵੀਂ ਚੋਣ ਵਿਚ ਬ੍ਰਿਜ ਭੂਸ਼ਨ ਦਾ ਕੋਈ ਵੀ ਨੇੜਲਾ  ਸਾਥੀ ਭਾਗ ਨਹੀ ਲਵੇਗਾ ਪਰ ਚੋਣ ਉਪਰੰਤ ਜੋ ਕੁਝ ਹੋਇਆ ਉਹ ਬਹੁਤ ਹੀ ਦੁਖਦਾਈ ਤੇ ਸ਼ਰਮਨਾਕ ਰਿਹਾ।

ਪ੍ਰਧਾਨਗੀ ਚੋਣ ਵਿਚ ਬ੍ਰਿਜ ਭੂਸ਼ਨ ਦੇ ਸਾਥੀ ਸੰਜੇ ਸਿੰਘ ਨੂੰ 47 ਚੋ 40 ਵੋਟ ਮਿਲੇ ਜਦੋਂਕਿ ਖਿਡਾਰੀਆਂ ਦੀ ਹਮਾਇਤ ਪ੍ਰਾਪਤ ਕਾਮਨਵੈਲਥ ਗੋਲਡ ਮੈਡਲ ਜੇਤੂ ਉਮੀਦਵਾਰ ਅਨੀਤਾ ਨੂੰ ਕੇਵਲ 7 ਵੋਟ ਮਿਲੇ ਹਨ।  ਸੰਜੇ ਸਿੰਘ ਦੇ ਜੇਤੂ ਹੋਣ ਦੇ ਨਾਲ ਫੈਡਰੇਸ਼ਨ ਦੇ 15 ਅਹੁਦਿਆਂ ’ਚੋਂ 13 ’ਤੇ ਉਹਨਾਂ ਦੇ ਹਮਾਇਤੀ ਕਾਬਜ਼ ਹੋਏ ਹਨ ਭਾਵੇਂ ਕਿ ਜਰਨਲ ਸਕੱਤਰ ਦੇ ਅਹੁਦੇ ’ਤੇ ਅਨੀਤਾ ਦੇ ਪੈਨਲ ਦੇ ਪ੍ਰੇਮ ਚੰਦ ਲੋਚਬ ਨੇ ਸਫਲਤਾ ਹਾਸਲ ਕੀਤੀ ਹੈ। ਇਸ ਚੋਣ ਵਿਚ ਜਿੱਤ ਉਪਰੰਤ ਬ੍ਰਿਜ ਭੂਸ਼ਨ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ ਜਦੋਂਕਿ ਨਵਾਂ ਚੁਣਿਆ ਪ੍ਰਧਾਨ ਗਲੇ ਵਿਚ ਦੋ ਕੁ ਹਾਰ ਲਟਕਾਈ ਦੁੰਮ ਛੱਲਾ ਬਣਿਆ ਦਿਖਾਈ ਦਿੱਤਾ। ਪੋਸਟਰ ਵੰਡੇ ਗਏ ਕਿ ਦਬਦਬਾ ਕਾਇਮ ਹੈ,ਦਬਦਬਾ ਕਾਇਮ ਰਹੇਗਾ। ਬ੍ਰਿਜ ਭੂਸ਼ਨ ਤੇ ਉਸਦੇ ਧੜੇ ਨੇ ਪ੍ਰਧਾਨਗੀ ਚੋਣ ਵਿਚ ਭਗਵਾਂ ਸਿਆਸਤ ਦਾ ਭਰਵਾਂ ਲਾਹਾ ਲਿਆ ਹੈ। ਪਰ ਕਮਾਲ ਵੇਖੋ ਕਿ ਨਵੇ ਚੁਣੇ ਗਏ ਪ੍ਰਧਾਨ ਦਾ ਕਹਿਣਾ ਹੈ ਕਿ ਸਾਕਸ਼ੀ ਤੇ ਬਜਰੰਗ ਸਿਆਸਤ ਕਰ ਰਹੇ ਹਨ। ਉਸਦਾ  ਇਹ ਵੀ ਕਹਿਣਾ ਹੈ ਕਿ ਬ੍ਰਿਜ ਭੂਸ਼ਨ ਦਾ ਕਰੀਬੀ  ਹੋਣਾ ਕੋਈ ਪਾਪ ਨਹੀ ਹੈ। ਇਸਤੋਂ ਪਹਿਲਾਂ ਉਹ ਉਤਰ ਪ੍ਰਦੇਸ਼ ਕੁਸ਼ਤੀ ਮਹਾਂਸੰਘ ਦਾ ਉਪ ਪ੍ਰਧਾਨ ਰਹਿ ਚੁੱਕਾ ਹੈ ਤੇ ਹੁਣ ਉਸਨੇ ਬ੍ਰਿਜ ਭੂਸ਼ਨ ਦੀ ਹਮਾਇਤ ਲੈਕੇ ਕੋਈ ਗਲਤ ਕੰਮ ਨਹੀ ਕੀਤਾ।

ਜਿਕਰਯੋਗ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਨਾਲ ਸਬੰਧਿਤ ਮਹਿਲਾ ਪਹਿਲਵਾਨਾਂ ਨੇ ਪਹਿਲਵਾਨ ਸਾਕਸ਼ੀ ਮਲਿਕ, ਵਿਨੇਸ ਫੋਗਾਟ ਤੇ ਬਜਰੰਗ ਪੂਨੀਆ ਦੀ ਅਗਵਾਈ ਹੇਠ ਬ੍ਰਿਜ ਭੂਸ਼ਨ ਖਿਲਾਫ 6 ਮਹਿਲਾ ਪਹਿਲਵਾਨਾਂ ਨਾਲ ਛੇੜਛਾੜ ਕਰਨ ਅਤੇ ਜਿਨਸੀ ਸੋਸ਼ਣ ਦੇ ਦੋਸ਼ਾਂ ਕਾਰਣ ਜੰਤਰ ਮੰਤਰ ਤੇ ਰੋਸ ਧਰਨਾ ਲਗਾਇਆ ਸੀ। ਲਗਪਗ 40 ਦਿਨ ਚੱਲੇ ਉਹਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਦੇਸ਼ ਭਰ ਦੇ ਖਿਡਾਰੀਆਂ ਨੇ ਸਮਰਥਨ ਦਿੱਤਾ ਤੇ ਵਿਰੋਧੀ ਧਿਰਾਂ ਦੇ ਆਗੂ ਪੁੱਜੇ ਪਰ ਸਰਕਾਰ ਨੇ ਉਹਨਾਂ ਦੀ ਗੱਲ ਅਣਸੁਣੀ ਕਰ ਛੱਡੀ। ਉਹਨਾਂ ਦਿਨ ਰਾਤ ਪਾਰਲੀਮੈਂਟ ਦੇ ਬਾਹਰ ਚਾਲੀਸਾ  ਕੱਟਿਆ ਪਰ ‘ਸੱਤਾ ਦੇ ਹਨੂਮਾਨ’ ਦਾ ਦਿਲ ਨਹੀ ਪਸੀਜਿਆ। 28 ਮਈ ਨੂੰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਨਵੇਂ ਸੰਸਦ ਭਵਨ ਵੱਲ ਰੋਸ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਜੰਤਰ ਮੰਤਰ ਤੋਂ ਹਟਾ ਦਿੱਤਾ। ਅਖੀਰ ਸੁਪਰੀਮ ਕੋਰਟ ਦੇ ਦਖਲ ਉਪਰੰਤ ਬ੍ਰਿਜ ਭੂਸ਼ਨ ਖਿਲਾਫ ਕੇਸ ਦਰਜ ਹੋਇਆ ਪਰ ਅਜੇ ਤੱਕ ਵੀ ਉਸਦੇ ਖਿਲਾਫ ਜਾਂਚ ਰਿਪੋਰਟ ਨਸ਼ਰ ਨਹੀ ਕੀਤੀ ਗਈ।

ਖਿਡਾਰੀਆਂ ਨੂੰ ਉਮੀਦ ਸੀ ਕਿ ਫੈਡਰੇਸ਼ਨ ਦੀ ਚੋਣ ਨਾਲ ਉਹਨਾਂ ਦਾ ਬ੍ਰਿਜ ਭੂਸ਼ਨ ਤੋਂ ਖਹਿੜਾ ਛੁੱਟ ਜਾਵੇਗਾ ਪਰ ਚੋਣ ਨੇ ਦੱਸ ਦਿੱਤਾ ਹੈ ਕਿ ਖੇਡ ਫੈਡਰੇਸ਼ਨਾਂ ਨੂੰ ਸਿਆਸਤਦਾਨਾਂ ਦੇ ਚੁੰਗਲ ਚੋਂ ਆਜਾਦ ਕਰਵਾਉਣਾ ਇਤਨਾ ਆਸਾਨ ਨਹੀਂ।ਖਿਡਾਰੀਆਂ ਦਾ ਭੋਲਾਪਣ ਸਿਆਸਤ ਹੱਥੋ ਮਾਤ ਖਾ ਗਿਆ ਹੈ।

ਭਾਰਤੀ ਕੁਸ਼ਤੀ ਫੈਡਰੇਸ਼ਨ ਇਕੱਲੀ ਅਜਿਹੀ ਸੰਸਥਾ ਨਹੀ ਹੈ ਜਿਸ ਉਪਰ ਸਿਆਸਤਦਾਨਾਂ ਦਾ ਕਬਜਾ ਹੈ। ਮੁਲਕ ਭਰ ਦੀਆਂ ਸਾਰੀਆਂ ਖੇਡ ਫੈਡਰੇਸ਼ਨਾਂ, ਐਸੋਸੀਏਸ਼ਨਾਂ ਤੇ ਜਥੇਬੰਦੀਆਂ ਦੀਆਂ ਪ੍ਰਧਾਨਗੀਆਂ ਉਪਰ ਸਿਆਸਤਦਾਨ ਜਾਂ ਉਹਨਾਂ ਦੇ ਪੁੱਤ,ਭਰਾ, ਭਤੀਜੇ ਜਾਂ ਨੇੜਲੇ ਰਿਸ਼ਤੇਦਾਰ ਕਾਬਜ਼ ਹਨ। ਇਹਨਾਂ ਸੰਸਥਾਵਾਂ ਨੂੰ ਮਿਲਦੀ ਭਾਰੀ ਫੰਡਿੰਗ, ਗਰਾਂਟਾਂ, ਵੱਡੇ ਆਫਿਸ, ਜਾਇਦਾਦਾਂ ਤੇ ਖਿਡਾਰੀਆਂ ਦੀ ਚੋਣ, ਵਿਦੇਸ਼ੀ ਟੂਰ, ਮਾਣ ਸਨਮਾਨ ਤੇ ਹੋਰ ਕਈ ਕੁਝ ਜੋ ਸਿਆਸਤ ਦੇ ਫਿਟ ਬੈਠਦਾ ਹੈ, ਵਾਸਤੇ ਇਹਨਾਂ ਸੰਸਥਾਵਾਂ ਨੂੰ ਵਰਤਿਆ ਜਾਂਦਾ ਹੈ। ਇਹਨਾ ਸੰਸਥਾਵਾਂ ਦੇ ਮੁਖੀਆਂ ਤੇ ਹੋਰ ਅਹੁਦੇਦਾਰਾਂ ਵਲੋਂ ਸੌੜੇ ਸਿਆਸੀ ਹਿੱਤਾਂ ਤੋ ਇਲਾਵਾ ਪਰਦੇ ਪਿੱਛੇ ਮਹਿਲਾ ਖਿਡਾਰੀਆਂ ਨਾਲ ਜੋ ਵਿਹਾਰ ਕੀਤਾ ਜਾਂਦਾ ਹੈ, ਜਿਨਸੀ ਸੋਸ਼ਨ ਦੀਆਂ ਸ਼ਰਮਸਾਰ ਕਰ ਦੇਣ ਅਨੇਕਾਂ ਕਹਾਣੀਆਂ ਹਨ।  ਸਾਕਸ਼ੀ ਮਲਿਕ ਵਰਗੀਆਂ ਸਵੈਅਭਿਮਾਨੀ ਮੁਟਿਆਰਾਂ ਨੇ ਜੇ ਇਹਨਾਂ ਕਹਾਣੀਆਂ ਨੂੰ ਉਜਾਗਰ ਕਰਨ ਦਾ ਸਾਹਸ ਵਿਖਾਇਆ ਹੈ ਤਾਂ ਸੱਤਾ ਤੇ ਕਾਬਜ ਵੱਡੇ ਆਗੂਆਂ ਨੇ ਇਹਨਾਂ ਨੂੰ ਅਣਸੁਣਿਆ ਕਰਨ ਅਤੇ ਪਾਰਟੀ ਹਿੱਤਾਂ ਨੂੰ ਤਰਜੀਹ ਦੇਣ ਦੀ ਜੋ ਬੇਸ਼ਰਮੀ ਵਿਖਾਈ ਹੈ, ਉਹ ਵੀ ਇਤਿਹਾਸ ਦਾ ਇਕ ਸ਼ਰਮਨਾਕ ਪੰਨਾ ਲਿਖਿਆ ਗਿਆ ਹੈ। ਸਾਕਸ਼ੀ ਦੇ ਅੱਥਰੂ ਵਿਅੱਰਥ ਨਹੀ ਜਾਣਗੇ। ਉਸ ਨਾਲ ਕਈ ਹੋਰ ਫੋਗਾਟ ਤੇ ਬਜਰੰਗ ਪੂਨੀਆ ਵਰਗੇ ਲੋਕ ਖੜੇ ਹਨ। ਖੇਡਾਂ ਮੈਦਾਨ ਤੋਂ ਇਲਾਵਾ ਸਮਾਜ ਵਿਚ ਔਰਤ ਦੇ ਸ਼ਾਨਦਾਰ ਵਜੂਦ ਤੇ ਇੱਜਤ ਸਨਮਾਨ ਲਈ ਸ਼ੁਰੂ ਕੀਤੀ ਗਈ ਇਸ ਲਹਿਰ ਨੂੰ ਅੱਗੇ ਵਧਾਉਣ ਲਈ ਸਾਕਸ਼ੀ ਨੂੰ ਖੇਡਾਂ ਤੋ ਸੰਨਿਆਸ ਲੈਣ ਦੀ ਲੋੜ ਨਹੀ…ਜੰਗ ਜਾਰੀ ਰੱਖਣ ਦੀ ਲੋੜ ਹੈ। ਬੇਬਸੀ ਦੀ ਥਾਂ ਗੁੱਸੇ ਤੇ ਰੋਹ ਭਰੇ ਅਥਰੂ ਅਜਾਈਂ ਨਹੀਂ ਜਾਂਦੇ….