Headlines

ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਤੇ ਉਘੇ ਕਵੀ ਰਵਿੰਦਰ ਸਹਿਰਾਅ ਵਿਦਿਆਰਥੀਆਂ ਦੇ ਰੂਬਰੂ ਹੋਏ

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਲਈ “ਸਾਹਿਤਕ ਰਚਨਾ ਪ੍ਰਕਿਰਿਆ ਅਤੇ ਪੱਤਰਕਾਰੀ ਜੀਵਨ” ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ-

ਜਲੰਧਰ ( ਲਾਇਲਪੁਰ ਖਾਲਸਾ ਕਾਲਜ ਨਿਊਜ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਇਸੇ ਤਹਿਤ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵਲੋਂ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਅਤੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਲਈ “ਸਾਹਿਤਕ ਰਚਨਾ ਪ੍ਰੀਕਿਰਿਆ ਅਤੇ ਪੱਤਰਕਾਰੀ ਜੀਵਨ” ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਕੈਨੇਡਾ ਤੋਂ  ਦੇਸ਼ ਪ੍ਰਦੇਸ ਟਾਈਮਜ਼ ਅਖਬਾਰ ਦੇ ਮੁੱਖ ਸੰਪਾਦਕ ਸ. ਸੁਖਵਿੰਦਰ ਸਿੰਘ ਚੋਹਲਾ, ਪੱਤਰਕਾਰ ਅਤੇ ਕਵੀ ਬਤੌਰ ਮੁੱਖ ਵਕਤਾ ਸ਼ਾਮਲ ਹੋਏ। ਜਦਕਿ ਅਮਰੀਕਾ ਤੋਂ ਸ. ਰਵਿੰਦਰ ਸਿੰਘ ਸਹਿਰਾਅ, ਕਵੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੋਹਾਂ ਸ਼ਖਸੀਅਤਾਂ ਨੂੰ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਦੇ ਕੇ ਜੀ ਆਇਆ ਕਿਹਾ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਦੇ ਵਿਦਿਆਰਥੀਆਂ ਲਈ ਇਸ ਸਮਾਗਮ ਦਾ ਆਯੋਜਨ ਇਕ ਉੱਤਮ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰੀ ਅਤੇ ਸਾਹਿਤ ਦਾ ਬਹੁਤ ਨੇੜਲਾ ਸੰਬੰਧ ਹੈ। ਉਨ੍ਹਾਂ ਦੱਸਿਆ ਕਿ ਪੱਤਰਕਾਰ ਸਮਾਜ ਦੇ ਸਮੁੱਚੇ ਵਿਕਾਸ ਅਤੇ ਕੁਰੀਤੀਆਂ ਨੂੰ ਦੂਰ ਕਰਨ ਵਿਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੱਚੀ ਤੇ ਨਿਡਰ ਪੱਤਰਕਾਰੀ ਕਰਨ ਦੀ ਪ੍ਰੇਰਨਾ ਦਿੱਤੀ ਤੇ ਲੈਕਚਰ ਤੋਂ ਲਾਭ ਉਠਾਉਣ ਦਾ ਸੰਦੇਸ਼ ਦਿੱਤਾ। ਮੁੱਖ ਵਕਤਾ ਸ. ਸੁਖਵਿੰਦਰ ਸਿੰਘ ਚੋਹਲਾ ਨੇ ਆਪਣੇ ਲੈਕਚਰ ’ਚ ਆਪਣੇ ਪੱਤਰਕਾਰੀ ਅਨੁਭਵ ਸਾਂਝੇ ਕੀਤੇ। ਸਾਹਿਤ ਨਾਲ ਇਸ ਦੇ ਸੰਬੰਧ ਬਾਰੇ ਜਾਣਕਾਰੀ ਦਿੱਤੀ ਤੇ ਪੱਤਰਕਾਰੀ ਦੀਆਂ ਬਾਰੀਕੀਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਪੁਸਤਕ ਪ੍ਰੇਮ ਅਤੇ ਵੱਧ ਤੋਂ ਵੱਧ ਗਿਆਨ ਤੇ ਜਾਣਕਾਰੀ ਹਾਸਲ ਕਰਨ ਦੀ ਇੱਛਾ ਦੇ ਨਾਲ ਇਮਾਨਦਾਰੀ ਤੇ ਆਪਣੇ ਪੇਸ਼ੇ ਪ੍ਰਤੀ ਸਮਰਪਣ ਭਾਵਨਾ ਨੂੰ  ਇਕ ਸਫਲ ਪੱਤਰਕਾਰ ਦੀ ਪਹਿਚਾਣ ਦੱਸਿਆ।

ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਉੱਘੇ ਕਵੀ ਸ. ਰਵਿੰਦਰ ਸਿੰਘ ਸਹਿਰਾਅ ਨੇ ਆਪਣੇ ਸਾਹਿਤਕ ਸਫਰ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ ਕਵਿਤਾਵਾਂ ‘ਧੀ’ ਅਤੇ ‘ਫਿਲਸਤੀਨੀ ਕੁੜੀ ਦੀ ਚੱਪਲ’ ਰਾਹੀਂ ਵਾਤਾਵਰਨ ਨੂੰ ਬਹੁਤ ਸੰਜੀਦਗੀ ਭਰਪੂਰ ਬਣਾ ਦਿੱਤਾ। ਇਸ ਉਪਰੰਤ ਵਿਿਦਆਰਥੀਆਂ ਦੇ ਸਵਾਲਾਂ ਦੇ ਦੋਨਾਂ ਹੀ ਸ਼ਖਸੀਅਤਾਂ ਨੇ ਉੱਤਰ ਦਿੱਤੇ। ਸਮਾਗਮ ਵਿਚ ਡਾ. ਗੋਪਾਲ ਸਿੰਘ ਬੁੱਟਰ, ਸਾਬਕਾ ਮੁਖੀ ਪੰਜਾਬੀ ਵਿਭਾਗ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਪਰੋਕਤ ਵਿਸ਼ੇ ਉਪਰ ਆਪਣੇ ਅਨੁਭਵ ਸਾਂਝੇ ਕੀਤੇ। ਸਮਾਗਮ ਦੇ ਅੰਤ ਵਿਚ  ਪ੍ਰੋ. ਸੰਜੀਵ ਕੁਮਾਰ ਆਨੰਦ ਮੁਖੀ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੁਰਿੰਦਰਪਾਲ ਮੰਡ ਮੁਖੀ ਪੰਜਾਬੀ ਵਿਭਾਗ ਤੋਂ ਇਲਾਵਾ ਪ੍ਰੋ. ਕੁਲਦੀਪ ਸੋਢੀ, ਪ੍ਰੋ. ਬਲਰਾਜ ਸਿੰਘ, ਪ੍ਰੋ ਸੰਦੀਪ ਮਨਨ ਤੇ ਵਿਭਾਗ ਦੇ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰੋ. ਪ੍ਰੀਤੀ ਨੇ ਬਾਖੂਬੀ ਨਿਭਾਈ।