Headlines

ਫਿਲਮ ਸਮੀਖਿਆ-ਸਰਬੋਤਮ ਕਲਾ ਕ੍ਰਿਤ ਤੇ ਇਤਿਹਾਸਕ ਦਸਤਾਵੇਜ਼ ਹੈ ਪੰਜਾਬੀ ਫੀਚਰ ਫਿਲਮ ‘ਗੁਰੂ ਨਾਨਕ ਜਹਾਜ਼ ‘

ਡਾ.ਗੋਪਾਲ ਸਿੰਘ ਬੁੱਟਰ-

ਸੰਪਰਕ+91 9915005814, (604)835 3048

ਪੰਜਾਬੀ ਫੀਚਰ ਫਿਲਮ ‘ਗੁਰੂ ਨਾਨਕ ਜਹਾਜ਼’ (Komagata maru) 1914 ਵਿੱਚ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਸਮੁੰਦਰ ਵਿੱਚ ਪੰਜਾਬੀ ਯਾਤਰੂਆਂ ਨਾਲ ਵਾਪਰੇ ਜ਼ੁਲਮ-ਓ-ਸਿਤਮ ਦੀ ਇੰਤਹਾ ਜਿੱਡੇ ਕਹਿਰ ਨੂੰ ਸਾਕਾਰ ਕਰਨ ਵਾਲੀ ਹਰ ਲਿਹਾਜ਼ ਨਾਲ ਸਫ਼ਲ ਪੰਜਾਬੀ ਫਿਲਮ ਹੈ ਜਿਸ ਨੂੰ ਸਰਵੋਤਮ ਕਲਾ ਕ੍ਰਿਤ ਬਣਾਉਣ ਲਈ ਸ਼ਰਨ ਆਰਟਸ ਦੀ ਟੀਮ ਨੇ ਉੱਚਕੋਟੀ ਦੇ ਅਦਾਕਾਰਾਂ ਦੀ ਕਲਾਤਮਿਕ ਪ੍ਰਤਿਭਾ ਦਾ ਸਦ-ਉਪਯੋਗ ਕਰਦਿਆਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਇਸ ਫ਼ਿਲਮ ਦਾ ਵਸਤੂ ਬਣਨ ਵਾਲਾ ਮਹਾਂ ਦੁਖਾਂਤ ਪੰਜਾਬੀਆਂ ਨੂੰ ਹੀ ਨਹੀਂ ਸਗੋਂ ਸਭ ਸੰਵੇਦਨਸ਼ੀਲ ਮਨੁੱਖਾਂ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦੇਣ ਵਾਲਾ ਹਿਰਦੇ ਵੇਧਕ ਸੱਲ ਹੈ। ਦੂਜੇ ਪਾਸੇ ਇਹ ਸ਼ਰਮਨਾਕ ਕਾਂਡ ਬਰਤਾਨਵੀ ਸਾਮਰਾਜੀ ਸ਼ਕਤੀ ਦੇ ਮੱਥੇ ‘ਤੇ ਸਦੀਵੀ ਬਦਨੁਮਾ ਦਾਗ਼  ਵੀ ਹੈ। ਬਿਹਤਰ ਭਵਿੱਖ ਲਈ ਰੁਜ਼ਗਾਰ ਦੇ ਵਧੀਆ ਮੌਕੇ ਦੀ ਤਲਾਸ਼ ਵਿੱਚ ਕੈਨੇਡਾ ਆ ਰਹੇ ਇਸ ਜਹਾਜ਼ ਦੇ ਮੁਸਾਫ਼ਰ ਪੰਜਾਬੀਆਂ ਦੀ ਇਸ ਭਿਅੰਕਰ ਹੋਣੀ ਲਈ ਭਾਰਤੀ ਜਾਸੂਸ /ਭ੍ਰਿਸ਼ਟ ਆਵਾਸ ਅਧਿਕਾਰੀ ਵਿਲੀਅਮ ਚਾਰਲਸ ਹੌਪਕਿਨਸਨ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦਾ ਮੁਖੀ ਮੈਕਲਮ ਰੀਡ ਤਾਂ ਜ਼ਾਹਿਰਾ ਖਲਨਾਇਕ ਹੈਨ ਹੀ ਪਰ ਇਸ ਗ਼ੈਰ ਮਨੁੱਖੀ ਨੀਤੀ ਦਾ ਪ੍ਰਮੁੱਖ ਘਾੜਾ ਕੈਨੇਡਾ ਦਾ ਪ੍ਰਥਮ ਪ੍ਰਧਾਨ ਮੰਤਰੀ ਸਰ ਜੌਹਨ ਅਲੈਗਜ਼ੈਂਡਰ ਮੈਕਡੋਨਲਡ ਹੈ ਜਿਸਨੇ ਕੈਨੇਡਾ ਨੂੰ ਸਿਰਫ਼ ਗੋਰਿਆਂ ਦਾ ਦੇਸ਼ ਹੀ ਰੱਖਣ ਦੇ ਆਪਣੇ ਘਿਨਾਉਣੇ ਅਤੇ ਗ਼ੈਰ ਮਨੁੱਖੀ ਫਾਸ਼ੀਵਾਦੀ ਮਨਸੂਬੇ ਆਪਣੇ ਕਰਜ ਕਾਲ ਦੇ ਆਰੰਭ ਵਿੱਚ ਹੀ ਭਾਵ 1867 ਵਿੱਚ ਹੀ ਜ਼ਾਹਰ ਕਰ ਦਿੱਤੇ ਸਨ। ਮਿ. ਮੈਕਡੋਨਲਡ ਦੀ ਇਸ ਨੀਤੀ ‘ਤੇ ਸਖ਼ਤੀ ਨਾਲ ਪੈਹਿਰਾ ਦੇਣ ਦੀ ਕੈਨੇਡਾ ਸਰਕਾਰ ਨੂੰ ਜ਼ਿਆਦਾ ਲੋੜ 1897 ਨੂੰ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਲਈ ਕੈਨੇਡਾ ਆਏ ਸਿੱਖ ਸੈਨਿਕਾਂ ਦੇ ਇਸ ਧਰਤੀ ‘ਤੇ ਵੱਸਣ ਦੀ ਇੱਛਾ ਉਪਰੰਤ ਪੰਜਾਬੀਆਂ ਦੇ ਮਨਾਂ ਵਿੱਚ ਇਸ ਧਰਤੀ ਲਈ ਵਧੀ ਖਿੱਚ ਨੂੰ ਭਾਂਪਦਿਆਂ ਮਹਿਸੂਸ ਹੋਈ। ਪੰਜਾਬੀ ਪ੍ਰਵਾਸੀਆਂ ਨੂੰ ਬੇਸ਼ੱਕ ਸ਼ੁਰੂ ਸ਼ੁਰੂ ਵਿੱਚ ਲੰਮੇਰੇ ਸਮੁੰਦਰੀ ਸਫ਼ਰ ਤੋਂ ਇਲਾਵਾ ਕੋਈ ਖ਼ਾਸ ਤਕਲੀਫਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਪੰਜਾਬੀਆਂ ਦੀ ਲਗਾਤਾਰ ਆਮਦ ਅਤੇ ਉਨ੍ਹਾਂ ਦੀ ਜਥੇਬੰਦ ਹੋਣ ਦੀ ਰੁਚੀ ਤੋਂ ਕੈਨੇਡਾ ਦੀ ਸਰਕਾਰ ਤੇ ਬਰਤਾਨਵੀ ਸਾਮਰਾਜੀ ਤਾਕਤ ਜਲਦੀ ਹੀ ਸੁਚੇਤ ਹੋ ਗਈਆਂ। ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਦਾ ਰਾਹ ਰੋਕਣ ਲਈ ਸਿੱਧੇ ਜਹਾਜ਼ ਰਾਹੀਂ ਆਉਣ ਅਤੇ 200 ਡਾਲਰ ਨਕਦ ਲਿਆਉਣ ਦੀ ਕਠੋਰ ਸ਼ਰਤ ਲਾਗੂ ਕਰ ਦਿੱਤੀ।

ਦਰ ਅਸਲ ਉਸ ਦੌਰ ਵਿੱਚ ਤਿੰਨ ਤਰ੍ਹਾਂ ਦੀ ਸੋਚ ਨਾਲ ਸੰਬੰਧਤ ਪੰਜਾਬੀ ਕੈਨੇਡਾ ਵੱਲ ਆ ਰਹੇ ਸਨ। ਇੱਕ ਤਾਂ ਸੰਤ ਤੇਜਾ ਸਿੰਘ ਦੇ ਅਨੁਆਈ ਜਿਹੜੇ ਸਰਕਾਰ ਪ੍ਰਤੀ ਸਦਭਾਵੀ ਰਹਿ ਕੇ ਸਰਕਾਰ ਦੇ ਸਹਿਯੋਗ ਨਾਲ ਸਿੱਖੀ ਦੇ ਪ੍ਰਚਾਰ ਅਤੇ ਵਿਦਿਆ ਦੇ ਪ੍ਰਸਾਰ ਬਾਰੇ ਸੋਚਦੇ ਸਨ। ਦੂਜੇ ਸਰਕਾਰੀ ਤੰਤਰ ਦੇ ਵਫ਼ਾਦਾਰ ਅਤੇ ਉਨ੍ਹਾਂ ਦੇ ਹੱਥਠੋਕੇ ਬਣਕੇ ਫਾਇਦਾ ਉਠਾਉਣ ਨੂੰ ਤਰਜੀਹ ਦਿੰਦੇ ਸਨ। ਤੀਜੇ ਉਹ ਜਾਗਰੂਕ ਪੰਜਾਬੀ ਸਨ ਜਿਹੜੇ ਆਪਣੇ ਹੱਕਾਂ ਲਈ ਜਥੇਬੰਦ ਹੋ ਕੇ ਆਵਾਜ਼ ਬੁਲੰਦ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। ਇਸ ਤੀਜੀ ਧਿਰ ਦੇ ਪੰਜਾਬੀਆਂ ਨੇ ਵੈਨਕੂਵਰ ਵਿੱਚ 1908 ਵਿੱਚ ਪਹਿਲਾਂ ਗੁਰਦੁਆਰਾ ਬਣਾ ਕੇ ਆਪਣੇ ਹਮਵਤਨਾਂ ਨੂੰ ਨਾਲ ਜੋੜਨ ਲਈ ਸਾਂਝਾ ਮੰਚ ‘ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ’ ਤਿਆਰ ਕੀਤਾ। ਇਮੀਗ੍ਰੇਸ਼ਨ ਵਿਭਾਗ ਨੇ ਕਠੋਰ ਪਰਵਾਸੀ ਨੀਤੀਆਂ ਇਸ ਧਿਰ ਦੇ ਪ੍ਰਭਾਵ ਨੂੰ ਰੋਕਣ ਲਈ ਹੀ ਘੜੀਆਂ ਸਨ । ਨਵੀਆਂ ਸ਼ਰਤਾਂ ਅਨੁਸਾਰ ਪੰਜਾਬੀਆਂ ਦਾ ਕੈਨੇਡਾ ਪਹੁੰਚ ਸਕਣਾ ਲਗਪਗ ਅਸੰਭਵ ਹੀ ਸੀ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਹਿੰਦੋਸਤਾਨ ਤੋਂ ਕੋਈ ਵੀ ਸਿੱਧਾ ਜਹਾਜ਼ ਕੈਨੇਡਾ ਜਾਂਦਾ ਹੀ ਨਹੀਂ ਸੀ ਅਤੇ 200 ਡਾਲਰ ਨਾਲ ਲੈ ਕੇ ਜਾਣਾ ਵੀ ਗ਼ਰੀਬ ਪੰਜਾਬੀਆਂ ਲਈ ਬਹੁਤ ਔਖਾ ਮਸਲਾ ਸੀ।

ਪੰਜਾਬੀ ਮੁਸਾਫਰਾਂ ਦੀ ਇਸ ਸਮੱਸਿਆ ਬਾਰੇ ਜਾਣ ਕੇ ਉੱਘੇ ਕਾਰੋਬਾਰੀ ਸ ਗੁਰਦਿੱਤ ਸਿੰਘ ਸਰਹਾਲੀ ਨੇ  ਜਪਾਨੀ ਕੰਪਨੀ ਕਾਮਾਗਾਟਾਮਾਰੂ ਸਟੀਮਰ ਸ਼ਿਪ ਤੋਂ ਇੱਕ ਜਹਾਜ਼ ਕਿਰਾਏ ‘ਤੇ ਲੈ ਕੇ ਹਾਂਗਕਾਂਗ ਤੋਂ ਸਿੱਧਾ ਕੈਨੇਡਾ ਜਾਣ ਵਾਲ਼ਾ ਜਹਾਜ਼ ‘ਗੁਰੂ ਨਾਨਕ ਜਹਾਜ਼’ ਦੇ ਨਾਂ ਹੇਠ ਤਿਆਰ ਕਰ ਲਿਆ। ਇਸ ਜਹਾਜ਼ ਵਿੱਚ ਹਾਂਗਕਾਂਗ ਅਤੇ ਅਗਲੇ ਪੜਾਵਾਂ ਤੋਂ ਕੁੱਲ 376(340 ਸਿੱਖ,24 ਮੁਸਲਮ ਅਤੇ 12 ਹਿੰਦੂ) ਮੁਸਾਫ਼ਰ ਸਵਾਰ ਹੋ ਗਏ।

‘ਵਿਹਲੀ ਜਨਤਾ ਫ਼ਿਲਮਜ਼’ ਵੱਲੋਂ ਪ੍ਰਸਤੁਤ ਦਾ ਇਸ ਹਰ ਲਿਹਾਜ਼ ਨਾਲ ਉੱਚਤਮ ਫਿਲਮ ਦਾ ਨਿਰਮਾਣ ਮਨਪ੍ਰੀਤ ਜੌਹਲ ਨੇ ਅਤੇ ਨਿਰਦੇਸ਼ਨ ਸ਼ਰਨ ਆਰਟਸ ਨੇ ਕੀਤਾ ਹੈ। ਇਸ ਦੇ ਲੇਖਕ ਅਰਨਵ ਬੀਰ ਸਿੰਘ ਅਤੇ ਸ਼ਰਨ ਆਰਟਸ ਹਨ। ਅਦਾਕਾਰਾਂ -ਗੁਰਪ੍ਰੀਤ ਸਿੰਘ ਘੁੱਗੀ, ਤਰਸੇਮ ਜੱਸੜ, ਐਡਵਰਡ ਸੋਨੇਨਬਲਿਕ,ਮਾਰਕ ਬਨਿੰਗਟਨ ਅਤੇ ਬਲਵਿੰਦਰ ਬੁਲਟ ਨੇ ਆਪਣੀ ਉੱਚਪਾਏ ਅਦਾਕਾਰੀ ਦਾ ਗਹਿਰਾ ਪ੍ਰਭਾਵ ਛੱਡਿਆ ਹੈ।ਫਿਲਮ ਵਿੱਚ ਸਮੁੰਦਰੀ ਤੂਫ਼ਾਨਾਂ ਵਿੱਚ ਘਿਰੇ ਜਹਾਜ਼ ਦਾ ਯਥਾਰਥਕ ਫਿਲਮਾਂਕਣ ਅਤੇ ਮੁਸਾਫਰਾਂ ਦੀਆਂ ਮਨੋ-ਸਰੀਰਕ ਮੁਦਰਾਵਾਂ ਤੇ ਹਾਵਾਂ ਭਾਵਾਂ ਦੀ ਉੱਚ ਪੱਧਰੀ ਪੇਸ਼ਕਾਰੀ ਸਿਨਮੇਟੋਗ੍ਰਾਫੀ(ਕਾਰਜਸ਼ੀਲ ਫਿਲਮ ਫੋਟੋਗ੍ਰਾਫੀ ਦੀ ਕਲਾਤਮਿਕ ਅਤੇ ਤਕਨੀਕੀ ਪੱਖੋਂ ਉੱਤਮਤਾ) ਜਿਸ ਵਿੱਚ ਦ੍ਰਿਸ਼ ਸਿਰਜਣਾ, ਸੈੱਟ ਜਾਂ ਸਥਾਨ ਦੀ ਚੋਣ ਅਤੇ ਪ੍ਰਕਾਸ਼, ਕੈਮਰੇ,ਲੈੱਨਜ਼, ਫਿਲਟਰ, ਫਿਲਮ ਸਟੌਕ ਦੀ ਚੋਣ, ਕੈਮਰੇ ਦਾ ਕੋਣ ਜਾਂ ਸਥਿਤੀ, ਮੂਵਮੇਂਟ,ਕਲੋਜ਼ਅਪ ਲਾਈਟ ਅਤੇ ਆਵਾਜ਼ ਦੇ ਪ੍ਰਭਾਵਾਂ ਦੀ ਉਚਿਤ ਵਰਤੋਂ ਆਦਿਕ ਪੱਖੋਂ ਸਮੁੱਚਾ ਪ੍ਰਭਾਵ ਬੌਲੀਵੁੱਡ ਤੋਂ ਅੱਗੇ ਹੌਲੀਵੁੱਡ ਦੀ ਫ਼ਿਲਮਕਾਰੀ ਦੇ ਮਿਆਰ ਤੀਕਰ ਹੱਥ ਮਿਲਾਉਂਦਾ ਦ੍ਰਿਸ਼ਟੀਗੋਚਰ ਹੁੰਦਾ ਹੈ।

ਫਿਲਮ ਦੇ ਅਗਲੇ ਪੜਾਅ ਵਿੱਚ ਜਦ ਜਹਾਜ਼ ਵੈਨਕੂਵਰ ਬੰਦਰਗਾਹ ਦੇ ਨਜ਼ਦੀਕ ਪਹੁੰਚ ਜਾਂਦਾ ਹੈ ਤਾਂ ਹੌਪਕਿਨਸਨ ਅਤੇ ਰੀਡ ਆਪਣੇ ਅਖ਼ਤਿਆਰਾਂ ਦੀ ਹੈਂਕੜ ਨਾਲ ਜਹਾਜ਼ ਦੇ ਮੁਸਾਫ਼ਰਾਂ ਨੂੰ ਬੰਦਰਗਾਹ ਉੱਤੇ ਉਤਰਨ ਤੋਂ ਰੋਕ ਕੇ ਮੁਸਾਫਰਾਂ ਲਈ ਨਵੀਆਂ ਸਮਸਿਆਵਾਂ ਪੈਦਾ ਕਰ ਦਿੰਦੇ ਹਨ। ਇੱਥੇ ਆਪਣੇ ਹਮਵਤਨਾਂ ਦੀ ਹਰ ਸੰਭਵ ਮਦਦ ਕਰਨ ਲਈ ਵੈਨਕੂਵਰ ਗੁਰਦੁਆਰੇ ਦੇ ਸੰਚਾਲਕ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਾਲੇ ਗ਼ਦਰੀ ਦੇਸ਼ ਭਗਤ ਜਿਨ੍ਹਾਂ ਵਿੱਚ ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਮੇਵਾ ਸਿੰਘ ਲੋਪੋਕੇ, ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ , ਭਾਈ ਰਹੀਮ ਹਸਨ, ਭਾਈ ਕਰਮ ਸਿੰਘ ਦੌਲਤਪੁਰ ਅਤੇ ਯੁਗਾਂਤਰ ਆਸ਼ਰਮ ਸਾਨਫਰਾਂਸਿਸਕੋ ਵਾਲੇ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਠੱਠੀਆਂ, ਬਾਬਾ ਵਿਸਾਖਾ ਸਿੰਘ ਦਦੇਹਰ, ਤਾਰਿਕ ਨਾਥ ਦਾਸ ਆਦਿ ਸ਼ਾਮਿਲ ਸਨ ਸਰਗਰਮ ਹੋ ਜਾਂਦੇ ਹਨ।

ਇਹਨਾਂ ਵਤਨ ਪ੍ਰਸਤ ਮਹਾਨ ਹਸਤੀਆਂ ਦੁਆਰਾ ਕੀਤੀ ਪੁਰਜ਼ੋਰ ਪੈਰਵਾਈ ਕੀਤੀ -ਜਿਸ ਵਿੱਚ ਕੈਨੇਡਾ ਦੇ ਮਨੁੱਖੀ ਅਧਿਕਾਰਾਂ ਦੇ ਨਾਮਵਰ ਵਕੀਲ ਜੇ.ਐਡਵਰਡ ਬਰਡ ਦੀਆਂ ਕਾਨੂੰਨੀ ਸੇਵਾਵਾਂ ਮੁੱਹਈਆ ਕਰਵਾਉਣੀਆਂ, ਲੋਕਾਂ ਨੂੰ ਕਾਮਾਗਾਟਾਮਾਰੂ ਦੇ ਮੁਸਾਫ਼ਰਾਂ ਨੂੰ ਇਨਸਾਫ ਦਿਵਾਉਣ ਲਈ ਲਾਮਬੰਦ ਕਰਨਾ ਅਤੇ ਜਹਾਜ਼ ਵਿੱਚ ਰਾਸ਼ਨ ਅਤੇ ਜ਼ਰੂਰੀ ਵਸਤਾਂ ਪਹੁੰਚਾਉਂਦੀਆਂ ਸ਼ਾਮਿਲ ਸਨ।

ਨਸਲਵਾਦੀ ਹਕੂਮਤ ਨੇ ਜਿਸਤਰ੍ਹਾਂ ਬਿਹਤਰ ਭਵਿੱਖ ਦੀ ਆਸ ਨਾਲ ਆਏ ਮੁਸਾਫ਼ਰਾਂ ਨੂੰ ਵਾਪਸ ਮੋੜਿਆ ਅਤੇ ਇਨ੍ਹਾਂ ਮੁਸਾਫ਼ਰਾਂ ਉੱਤੇ ਉਨ੍ਹਾਂ ਦੇ ਆਪਣੇ ਦੇਸ਼ ਦੇ ਬੱਜ ਬੱਜ ਘਾਟ (ਕਲਕੱਤਾ) ਵਿਖੇ ਬਰਤਾਨਵੀ ਸਾਮਰਾਜੀ ਸਰਕਾਰ ਨੇ ਪੁਲਿਸ ਦੀਆਂ ਗੋਲੀਆਂ ਲਾਠੀਆਂ ਵਰ੍ਹਾ ਕੇ ਅਤਿਆਚਾਰ ਕੀਤਾ ਉਹ ਅਤਿਅੰਤ ਹਿਰਦੇ ਮੰਜ਼ਰ ਹੈ ਜਿਸ ਨੂੰ ਫਿਲਮ ਵਿੱਚ ਬਾਖੂਬੀ ਸਾਕਾਰ ਕੀਤਾ ਗਿਆ ਹੈ। ਫਿਲਮ ਦੇ ਅਖੀਰ ਵਿੱਚ ਉਸ ਇਤਿਹਾਸਕ ਘੜੀ ਦਾ ਅਸਲੀ ਵੀਡੀਓ ਕਲਿੱਪ ਜਿਸ ਵਿੱਚ ਇਸ ਘਟਨਾ ਤੋਂ ਇੱਕ ਸਦੀ ਬਾਅਦ ਇਸ ਘਟਨਾ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਮਿ.ਜਸਟਿਨ ਟਰੂਡੋ ਨੂੰ ਪਾਰਲੀਮੈਂਟ ਵਿੱਚ ਮੁਆਫ਼ੀ ਮੰਗਦੇ ਦਿਖਾਇਆ ਗਿਆ ਹੈ -ਚੰਗਾ ਪ੍ਰਭਾਵ ਛੱਡਦਾ ਹੈ।

ਫਿਲਮ ਗੁਰੂ ਨਾਨਕ ਜਹਾਜ਼ ਵਿੱਚ ਕਾਮਾਗਾਟਾਮਾਰੂ ਦੇ ਮਹਾਂ ਦੁਖਾਂਤ ਦੇ ਨਾਲ ਨਾਲ ਕੈਨੇਡਾ ਦੀ ਧਰਤੀ ‘ਤੇ ਵਤਨ ਦੇ ਆਜ਼ਾਦੀ ਸੰਘਰਸ਼ ਵਿਰੁੱਧ ਸਰਕਾਰੀ ਦਮਨ ਤਹਿਤ ਫਾਂਸੀ ਲੱਗਣ ਵਾਲੇ ਪਹਿਲੇ ਗ਼ਦਰੀ ਦੇਸ਼ ਭਗਤ ਭਾਈ ਮੇਵਾ ਸਿੰਘ ਲੋਪੋਕੇ ਦੇ ਵਿਅਕਤਿਤਵ ਨੂੰ ਵੀ ਬਾਖੂਬੀ ਉਭਾਰਿਆ ਗਿਆ ਹੈ।ਅਦਾਕਾਰ ਤਰਸੇਮ ਜੱਸੜ ਦੀ ਹਰ ਲਿਹਾਜ਼ ਨਾਲ ਪਰਪੱਕ ਅਦਾਕਾਰੀ ਨੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਖ਼ਸੀਅਤ ਨੂੰ ਸ਼ਾਖਸ਼ਾਤ ਪ੍ਰਗਟ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਬਿਨਾਂ ਕਿਸੇ ਉੱਪਭਾਵੁਕਤਾ ਦੇ ਸੱਚਮੁੱਚ ਹੀ ਜੇ ਭਾਈ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਮੌਕੇ 2014 ਵਿੱਚ ਪੰਜਾਬੀ ਦਾ ਸਿਰਮੌਰ ਲੇਖਕ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਰੂਹ-ਇ-ਰਵਾਂ ਵਰਿਆਮ ਸਿੰਘ ਸੰਧੂ ਆਪਣੀ ਕਮਾਲ ਦੀ ਬੌਧਿਕ ਤੇ ਕਰਤਾਰੀ ਪ੍ਰਤਿਭਾ ਦੀ ਕਰਾਮਾਤ ਨਾਲ ਭਾਈ ਮੇਵਾ ਸਿੰਘ ਲੋਪੋਕੇ ਦੀ ਜੀਵਨੀ ਨਾ ਲਿਖਦਾ ਤਾਂ ਉਨ੍ਹਾਂ ਦੀ ਅਸਲੀ ਸ਼ਖ਼ਸੀਅਤ ਦਾ ਪੰਜਾਬੀ ਪਾਠਕਾਂ ਤੇ ਸਰੋਤਿਆਂ ਨੂੰ ਕਦੇ ਵੀ ਪਤਾ ਨਾ ਲੱਗਦਾ। ਇਸ ਕਥਨ ਵਿੱਚ ਵਾਧਾ ਕਰਦਿਆਂ ਮੈਂ ਪੂਰੀ ਈਮਾਨਦਾਰੀ ਨਾਲ ਕਹਿੰਦਾ ਹਾਂ ਕਿ ਜੇ ਉੱਚਕੋਟੀ ਦਾ ਕਲਾਕਾਰ ਤਰਸੇਮ ਜੱਸੜ ਇਸ ਫਿਲਮ ਗੁਰੂ ਨਾਨਕ ਜਹਾਜ਼ ਵਿੱਚ ਭਾਈ ਮੇਵਾ ਸਿੰਘ ਲੋਪੋਕੇ ਦੀ ਏਨੀ ਸਜੀਵ ਭੂਮਿਕਾ ਨਾ ਨਿਭਾ ਪਾਉਂਦਾ ਤਾਂ ਪੰਜਾਬੀ ਦਰਸ਼ਕਾਂ ਨੂੰ ਭਾਈ ਸਾਹਿਬ ਦੀ ਅਸਲੀ ਸ਼ਖ਼ਸੀਅਤ ਦੇ ਸ਼ਾਇਦ ਕਦੀ ਵੀ ਦਰਸ਼ਨ ਨਾ ਹੋ ਸਕਦੇ।

ਫਿਲਮ ਗੁਰੂ ਨਾਨਕ ਜਹਾਜ਼ ਵਿੱਚ ਦੁੱਖ, ਚਿੰਤਾ, ਤਣਾਓ ਅਤੇ ਹੋਰ ਮਾਨਸਿਕ ਉਤਰਾਵਾਂ ਚੜ੍ਹਾਵਾਂ ਨੂੰ ਭਾਵਪੂਰਤ ਰੂਪ ਵਿੱਚ ਉਭਾਰਨ ਤੇ ਪ੍ਰਗਟਾਉਣ ਲਈ ਧਾਰਮਿਕ ਆਜ਼ਾਦੀ ਦੇ ਪ੍ਰਥਮ ਸ਼ਹੀਦ (ਕਿਸੇ ਦੂਸਰੇ ਧਰਮ ਦੇ ਵਿਸ਼ਵਾਸਾਂ ਨੂੰ ਮੰਨਣ ਦੀ ਆਜ਼ਾਦੀ ਖਾਤਰ ਸ਼ਹੀਦ ਹੋਣ ਵਾਲੇ ਦੁਨੀਆ ਦੇ ਇਤਿਹਾਸ ਵਿਚਲੇ ਪ੍ਰਥਮ ਸ਼ਹੀਦ) ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਣੀ ਦੇ ਗਾਇਨ ਨੇ ਵੀ ਇਸ ਰਚਨਾ ਨੂੰ ਬਰਕਤਾਂ ਬਖਸ਼ੀਆਂ ਹਨ। ਇਸ ਉੱਚਕੋਟੀ ਦੀ ਪ੍ਰੋਡਕਸ਼ਨ ਨਾਲ ਸੰਬੰਧਤ ਸਭ ਪ੍ਰਤਿਭਾਵਾਂ ਨੂੰ ਹਾਰਦਿਕ ਵਧਾਈਆਂ ਤੇ ਸ਼ੁਭਕਾਮਨਾਵਾਂ ।

 

Leave a Reply

Your email address will not be published. Required fields are marked *