ਕੈਲਗਰੀ ( ਦਲਵੀਰ ਜੱਲੋਵਾਲੀਆ )-– ਪਹਿਲੀ ਜੁਲਾਈ ਨੂੰ ਕੈਨੇਡਾ ਭਰ ਵਿਚ ਕੈਨੇਡਾ ਦਿਵਸ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਕੈਬਨਿਟ ਮੰਤਰੀਆਂ , ਐਮ ਪੀਜ਼, ਅਲਬਰਟਾ ਪ੍ਰੀਮੀਅਰ, ਮੰਤਰੀਆਂ, ਵਿਧਾਇਕਾਂ ਤੋਂ ਇਲਾਵਾ ਦੇਸ਼ ਭਰ ਦੇ ਆਗੂਆਂ ਨੇ ਲੋਕਾਂ ਨੂੰ ਕੈਨੇਡਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕੈਨੇਡਾ ਜਸ਼ਨਾਂ ਵਿਚ ਸ਼ਾਮਿਲ ਹੋਕੇ ਲੋਕਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਕੈਨੇਡਾ ਦੇ ਸ਼ਾਨਦਾਰ ਸ਼ਹਿਰ ਐਡਮਿੰਟਨ ਅਤੇ ਕੈਲਗਰੀ ਵਿੱਚ ਆਪਣੇ ਦੇਸ਼ ਪ੍ਰਤੀ ਪਿਆਰ ਤੇ ਜਜ਼ਬੇ ਦਾ ਜਸ਼ਨ ਮਨਾਉਣ ਲਈ ਹਜ਼ਾਰਾਂ ਲੋਕ ਵੱਖ ਵੱਖ ਸਮਾਗਮਾਂ ਵਿਚ ਸ਼ਾਮਿਲ ਹੋਏ ਤੇ ਵਧਾਈਆਂ ਸਾਂਝੀਆਂ ਕੀਤੀਆਂ। ਵੱਖ-ਵੱਖ ਸਟੇਜਾਂ ‘ਤੋਂ ਗੀਤ-ਸੰਗੀਤ, ਮਨੋਰੰਜਨ, ਫੂਡ ਟਰੱਕਾਂ, ਝੂਲਿਆਂ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਦਾ ਅਨੰਦ ਮਾਣਿਆ।
ਇਸ ਮੁਬਾਰਕ ਮੌਕੇ ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ ਗਿੱਲ, ਐਮ ਐਲ ਏ ਗੁਰਿੰਦਰ ਸਿੰਘ ਬਰਾੜ, ਐਮ ਐਲ ਏ ਪਰਮੀਤ ਸਿੰਘ ਬੋਪਾਰਾਏ, ਐਮ ਐਲ ਏ ਇਰਫਾਨ ਸਾਬਿਰ, ਕੌਸਲਰ ਰਾਜ ਧਾਲੀਵਾਲ, ਪ੍ਰੀਮੀਅਰ ਸਲਾਹਕਾਰ ਹੈਪੀ ਮਾਨ, ਐਡਮਿੰਟਨ ਤੋਂ ਐਮ ਪੀ ਟਿਮ ਉਪਲ, ਐਮ ਪੀ ਜਗਸ਼ਰਨ ਮਾਹਲ, ਐਮ ਐਲ ਏ ਗੁਰਤੇਜ ਬਰਾੜ, ਸਾਬਕਾ ਐਮ ਐਲ ਏ ਨਰੇਸ਼ ਭਾਰਦਵਾਜ ਨੇ ਦੇਸ ਵਾਸੀਆਂ ਨੂੰ ਕੈਨੇਡਾ ਡੇਅ ਦੀਆਂ ਵਧਾਈਆ ਦਿੱਤੀਆਂ ਤੇ ਵੱਖ-ਵੱਖ ਸਮਾਗਮਾਂ ਵਿਚ ਸ਼ਾਮਿਲ ਹੋਕੇ ਖੁਸ਼ੀਆਂ ਸਾਂਝੀਆਂ ਕੀਤੀਆਂ।










