Oct 3, 2026

ਸਰੀ ( ਸੁਖਵੀਰ ਗਰੇਵਾਲ, ਮਲਕੀਤ ਸਿੰਘ )- ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਵਲੋਂ ਕੈਨੇਡਾ ਕੱਪ ਫੀਲਡ ਹਾਕੀ ਕੌਮਾਂਤਰੀ ਫੀਲਡ ਹਾਕੀ ਟੂਰਨਾਮੈਂਟ ਜੋ  11 ਜੁਲਾਈ ਤੋਂ 13 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ, ਦਾ ਸ਼ੁਕਵਾਰ ਨੂੰ ਸ਼ਾਨਦਾਰ ਉਦਘਾਟਨ ਟੈਮਾਨਵਿਸ ਪਾਰਕ ਦੀ ਐਸਟਰੋਟਰਫ ਗਰਾਉਂਡ ਤੇ ਕੀਤਾ ਗਿਆ। ਇਹ ਉਦਘਾਟਨ ਸਰੀ ਦੀ ਮੇਅਰ ਬਰੈਂਡਾ ਲੌਕ ਵਲੋਂ ਕੀਤਾ ਗਿਆ ਜਿਹਨਾਂ ਦਾ ਸਾਥ ਦਿੱਤਾ ਲਿਬਰਲ ਐਮ ਪੀ ਸੁੱਖ ਧਾਲੀਵਾਲ, ਐਮ ਐਲ ਏ ਜੈਸੀ ਸੁੰਨੜ, ਸਾਬਕਾ ਮੰਤਰੀ ਡਾ ਗੁਲਜਾਰ ਸਿੰਘ ਚੀਮਾ, ਸਾਬਕਾ ਹਾਕੀ ਉਲੰਪੀਅਨ ਤੋਚੀ ਸੰਧੂ ਤੇ ਹੋਰ ਸ਼ਖਸੀਅਤਾਂ ਨੇ। ਇਸ ਦੌਰਾਨ ਪੰਜਾਬ ਤੋਂ ਸਾਬਾਕ ਮੰਤਰੀ ਤੇ ਐਮ ਪੀ ਮੀਤ ਹੇਅਰ ਨੇ ਵੀ ਹਾਜ਼ਰੀ ਭਰੀ ਤੇ ਟੂਰਨਾਮੈਂਟ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨਾਲ ਸ ਹਰਮੀਤ ਸਿੰਘ ਖੁੱਡੀਆਂ ਵੀ ਹਾਜ਼ਰ ਸਨ।
ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਜੱਸੀ ਮਾਂਗਟ ਤੇ ਊਧਮ ਸਿੰਘ ਹੁੰਦਲ ਨੇ ਦੱਸਿਆ ਕਿ ਪ੍ਰੀਮੀਅਰ ਵਰਗ ਵਿੱਚ ਚੋਟੀ ਦੀਆਂ 6 ਟੀਮਾਂ ਖੇਡਣਗੀਆਂ ਜਿਹਨਾਂ ਵਿੱਚ ਹਰ ਸਾਲ ਵਾਂਗ ਕੌਮਾਂਤਰੀ ਸਿਤਾਰੇ ਖੇਡਣਗੇ।ਕੰਪੀਟੀਟਿਵ(ਸੋਸ਼ਲ) ਵਰਗ ਵਿੱਚ 11 ਟੀਮਾਂ ਦੀ ਹਾਜ਼ਰੀ ਲੱਗੇਗੀ।ਇਸੇ ਤਰਾਂ ਮਹਿਲਾ ਵਰਗ ਵਿੱਚ ਖੇਡ ਰਹੀਆਂ 4 ਟੀਮਾਂ ਵਿੱਚ ਕੈਨੇਡਾ ਦੀ ਮੌਜੂਦਾ ਜੂਨੀਅਰ ਨੈਸ਼ਨਲ ਟੀਮ ਤੋਂ ਬਾਕੀ ਟੀਮਾਂ ਵਿੱਚ ਕਈ ਕੌਮਾਂਤਰੀ ਖਿਡਾਰਨਾਂ ਦੇ ਖੇਡਣ ਦੀ ਸੰਭਾਵਨਾ ਹੈ।ਕੈਨੇਡਾ ਦੀ ਫੀਲਡ ਹਾਕੀ ਪਨੀਰੀ ਨੂੰ ਹੁਲਾਰਾ ਦੇਣ ਲਈ ਜੂਨੀਅਰ ਵਰਗ ਦੇ ਮੈਚਾਂ ਲਈ ਕਲੱਬ ਨੇ ਵੱਡਾ ਉਪਰਾਲਾ ਕੀਤਾ ਹੈ। ਇਸ ਮੌਕੇ ਤਰਨੀ ਹੇਅਰ,ਨਵੀ ਦਿਓਲ,ਹਰਵਿੰਦਰ ਸਿੰਘ,ਗਗਨ ਥਿੰਦ,ਸੁੱਖ ਗਿੱਲ,ਮਲਕੀਤ ਸਿੰਘ ਤੇ ਸਤਵੰਤ ਅਟਵਾਲ ਹਾਜ਼ਰ ਸਨ।

ਕੈਪਸ਼ਨ:ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਦੇ ਮੈਂਬਰ ਕੈਨੇਡਾ ਕੱਪ ਦਾ ਪੋਸਟਰ ਜਾਰੀ ਕਰਦੇ ਹੋਏ।

error: Content is protected !!