Oct 3, 2026

ਭੰਗੜਾ ਚੈਂਪੀਅਨਸ਼ਿਪ ਮੁਕਾਬਲੇ ਯਾਦਗਾਰੀ ਰਹੇ-

ਲਗਰੀ ( ਦਲਵੀਰ ਜੱਲੋਵਾਲੀਆ) -ਬੀਤੇ ਦਿਨ ਕੈਲਗਰੀ ‘ਚ ਰੈਡ ਐਫ ਐਮ ਰੇਡੀਓ ਦੇ ਸੰਚਾਲਕ ਕੁਲਵਿੰਦਰ ਸੰਘੇੜਾ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋ ਪ੍ਰੇਰੀ ਵਿੰਡਸ ਪਾਰਕ ਚ ਪਹਿਲਾ ਰੈੱਡ ਐਫ ਐਮ  ਸਮਰ ਭੰਗੜਾ ਜੈਮ ਫਰੀ ਮੇਲਾ ਕਰਵਾਇਆ ਗਿਆ । ਜਿਸ ਵਿੱਚ ਸਿਰਮੌਰ ਪੰਜਾਬੀ ਗਾਇਕ ਹਰਜੀਤ ਹਰਮਨ ਤੇ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਹਾਜ਼ਰੀ ਲਗਵਾਈ ਤੇ ਵੱਡੀ ਗਿਣਤੀ ‘ਚ ਲੋਕਾਂ ਨੇ ਉਨ੍ਹਾਂ ਦੀ ਗਾਇਕੀ ਦਾ ਆਨੰਦ ਮਾਣਿਆ । ਹਰਜੀਤ ਹਰਮਨ ਨੇ ਆਪਣੇ ਪੁਰਾਣੇ ਤੇ ਨਵੇਂ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਜਦ ਹਰਜੀਤ ਹਰਮਨ ਨੇ ਆਪਣਾ ਪ੍ਰਸਿੱਧ ਗੀਤ “ਮਿੱਤਰਾਂ ਦਾ ਨਾ ਚੱਲਦਾ “ਗਾਇਆ ਤਾਂ ਸਰੋਤਿਆਂ ਨੇ ਖੂਬ ਭੰਗੜਾ ਪਾਇਆ।  ਗੁਰਨਾਮ ਭੁੱਲਰ ਨੇ ਜਦ “ਡਾਇਮੰਡ ਦੀ ਝਾਂਜਰ “ ਗਾਣਾ ਗਾਇਆ ਤਾਂ ਮੁਟਿਆਰਾਂ ਤੇ ਨੌਜਵਾਨ ਇਸ ਗੀਤ ਤੇ ਖੂਬ ਨੱਚੇ । ਪਰਮ ਗੁਰਾਇਆ ਤੇ ਸਫਲ ਸ਼ੇਰ ਨੇ ਵੀ ਗਾਣੇ ਗਾਏ ।
ਇਸ ਮੇਲੇ ਚ ਭੰਗੜੇ ਦੇ ਮੁਕਾਬਲੇ ਵੀ ਕਰਵਾਏ ਗਏ । ਇਸ ਵਿੱਚ ਪਹਿਲਾ ਇਨਾਮ ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿੰਟਨ ਨੂੰ 6,000 ਡਾਲਰ ਦਿੱਤਾ ਗਿਆ। ਦੂਸਰਾ ਇਨਾਮ ਨੱਚਦਾ ਪੰਜਾਬ ਭੰਗੜਾ ਅਕੈਡਮੀ ਕੈਲਗਰੀ ਨੂੰ 3,000 ਤੇ ਤੀਸਰੇ ਸਥਾਨ ਉੱਤੇ ਅਸ਼ਕੇ ਫੋਕ ਆਰਟਸ ਅਕੈਡਮੀ ਕੈਲਗਰੀ ਭੰਗੜਾ ਟੀਮ ਨੂੰ 1,000 ਡਾਲਰ ਦਿੱਤਾ ਗਿਆ । ਫੋਕ ਬੀਟ ਗਿੱਧਾ ਅਕੈਡਮੀ ਨੇ ਵੀ ਪ੍ਰਫੋਰਮ ਕੀਤਾ। ਇਸ ਮੇਲੇ ‘ ਚ ਏਅਰ ਪੌਡਸ,ਆਈ ਫ਼ੋਨ,ਟੀਵੀ ਆਦਿ ਲੱਕੀ ਡਰਾਅ ਵੀ ਕੱਢੇ ਗਏ।

ਰੈੱਡ ਐਫ ਐਮ ਕੈਲਗਰੀ , ਰੈੱਡ ਐਫ ਐਮ ਵੈਨਕੂਵਰ , ਰੈੱਡ ਐਫ ਐਮ ਟੋਰਾਂਟੋ ਦੀ ਸਮੁੱਚੀ ਟੀਮ ਅਤੇ ਵਲੰਟੀਅਰਾਂ ਦੀ ਅਣਥੱਕ ਮਿਹਨਤ ਸਦਕਾ ਇਹ ਮੇਲਾ ਹਰ ਪੱਖੋਂ ਸਫਲ ਰਿਹਾ । ਰੈੱਡ ਐਫ ਐਮ ਦੇ ਸੀਈਓ ਅਤੇ ਪ੍ਰੈਜੀਡੈਂਟ ਕੁਲਵਿੰਦਰ ਸੰਘੇੜਾ ਨੇ ਤਹਿ ਦਿਲੋਂ ਸਾਰੀ ਕਮਿਊਨਟੀ , ਸਪਾਂਸਰਾਂ , ਵਪਾਰਕ ਅਦਾਰਿਆਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।
ਇਸ ਮੇਲੇ ਵਿੱਚ 17,000 ਤੋਂ 20,000 ਲੋਕਾਂ ਨੇ ਸ਼ਮੂਲੀਅਤ ਕੀਤੀ। ਸਟੇਜ ਸੈਕਟਰੀ ਦੀ ਸੇਵਾ ਗੁਰਪ੍ਰੀਤ ਕੌਰ ਤੇ ਗੁਰਪ੍ਰੀਤ ਗਰੇਵਾਲ ਨੇ ਨਿਭਾਈ। ਬੱਚਿਆਂ ਦੇ ਖੇਡਣ ਲਈ ਤੇ ਬਜ਼ੁਰਗਾਂ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਸਨ ।ਮੇਲੇ ਵਿਚ ਉਘੀਆਂ ਰਾਜਨੀਤਿਕ ਹਸਤੀਆਂ ਜਿਹਨਾਂ ਵਿਚ ਐੱਮ ਪੀ ਜਸਰਾਜ ਸਿੰਘ ਹੱਲਣ,ਐੱਮ ਪੀ ਅਮਨਪ੍ਰੀਤ ਸਿੰਘ ਗਿੱਲ,ਐੱਮ ਪੀ ਦਲਵਿੰਦਰ ਗਿੱਲ , ਪ੍ਰੀਮੀਅਰ ਸਲਾਹਕਾਰ ਹੈਪੀ ਮਾਨ , ਐੱਮ ਐੱਲ ਏ ਪਰਮੀਤ ਸਿੰਘ ਬੋਪਾਰਾਏ, ਮੇਅਰ ਜੋਤੀ ਗੋਂਡਕ , ਕੌਂਸਲਰ ਰਾਜ ਧਾਲੀਵਾਲ, ਕਾਰੋਬਾਰੀ ਪਾਲੀ ਵਿਰਕ ,ਤਲਵਿੰਦਰ ਪਰਮਾਰ ਤੇ ਪ੍ਰੀਮੀਅਰ ਤਾਲਮੇਲ ਸਕੱਤਰ ਜਤਿੰਦਰ ਲੰਮੇ ਸ਼ਾਮਿਲ ਸਨ, ਉਨ੍ਹਾਂ ਨੇ ਵਿਸ਼ੇਸ਼ ਹਾਜ਼ਰੀ ਭਰਦਿਆਂ  ਇਸ ਪ੍ਰੋਗਰਾਮ ‘ਚ ਸਮੁੱਚੀ ਟੀਮ ਨੂੰ ਵਧਾਈ ਦਿੱਤੀ ।

error: Content is protected !!