Oct 3, 2026

Screenshot

ਸੀਨੀਅਰ ਸੁਸਾਇਟੀ ਦੇ ਪ੍ਰਧਾਨ ਨੇ ਗੁਰਦੁਆਰਾ ਪ੍ਰਬੰਧਕਾਂ ਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਭੇਜੀ-ਖਾਲਿਸਤਾਨੀ ਬੋਰਡ ਉਤਾਰਨ ਲਈ ਕਿਹਾ-

ਸਰੀ ( ਦੇ ਪ੍ਰ ਬਿ)- ਭਾਰਤੀ ਮੀਡੀਆ ਵਿਚ ਅੱਜ ਸਵੇਰ ਤੋਂ ਬਰੇਕਿੰਗ ਨਿਊਜ ਚੱਲ ਰਹੀ ਹੈ ਕਿ ਸਰੀ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਖਾਲਿਸਤਾਨ ਦੀ ਅੰਬੈਸੀ ਖੁੱਲਣ ਨਾਲ ਕੈਨੇਡਾ ਤੇ ਭਾਰਤ ਵਿਚਾਲੇ ਸਬੰਧਾਂ ਵਿਚ ਆ ਰਹੇ ਸੁਧਾਰਾਂ ਨੂੰ ਵੱਡੀ ਸੱਟ ਮਾਰਨ ਦਾ ਯਤਨ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕਥਿਤ ਅੰਬੈਸੀ ਦੀ ਇਮਾਰਤ ਲਈ ਸੂਬਾ ਸਰਕਾਰ ਵਲੋਂ ਲਗਪਗ ਡੇਢ ਲੱਖ ਡਾਲਰ ਦੀ ਫੰਡਿੰਗ ਮੁਹੱਈਆ ਕਰਵਾਈ ਗਈ ਹੈ। ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਇਸ ਮੁੱਦੇ ਨੂੰ ਹੋਰ ਤੂਲ ਦਿੰਦਿਆਂ ਖਾਲਿਸਤਾਨੀ ਤੱਤਾਂ ਦੇ ਕੈਨੇਡਾ ਵਿਚ ਖੁੱਲੇਆਮ ਭਾਰਤ ਖਿਲਾਫ ਸਾਜਿਸ਼ ਰਚਣ ਦੇ ਦੋਸ਼ ਲਗਾ ਰਹੇ ਹਨ ਜਦੋਂਕਿ ਇਸ ਸਾਰੀ  ਘਟਨਾ ਪਿੱਛੇ ਅਸਲੀਅਤ ਕੁਝ ਹੋਰ ਹੈ। ਇਹ ਮਸਲਾ ਖਾਲਿਸਤਾਨ ਦੀ ਅੰਬੇੈਸੀ ਖੁੱਲਣ ਦਾ ਨਹੀ ਬਲਕਿ ਸੀਨੀਅਰ ਸੈਂਟਰ ਦੀ ਇਮਾਰਤ ਨਾਲ ਭੰਨਤੋੜ ਕਰਨ ਅਤੇ ਇਸਦੇ ਬਜੁਰਗ ਮੈਂਬਰਾਂ ਨਾਲ ਜ਼ਿਆਦਤੀ ਕਰਨ ਦਾ ਹੈ।

ਸਬੰਧਿਤ ਇਮਾਰਤ ਜਿਸਦੇ ਮੱਥੇ ਉਪਰ ਰੀਪਬਲਿਕ ਆਫ ਖਾਲਿਸਤਾਨ ਅਤੇ ਖਾਲਿਸਤਾਨ ਜਿੰਦਾਬਾਦ ਦੇ ਬੋਰਡ ਲਗਾਏ ਗਏ ਹਨ, ਅਸਲ ਵਿਚ ਬਜੁਰਗਾਂ ਦੀ ਬਹੁਤ ਪੁਰਾਣੀ ਤੇ ਸਤਿਕਾਰਤ ਸੰਸਥਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੀ ਇਮਾਰਤ ਹੈ। 1984 ਵਿਚ ਹੋਂਦ ਵਿਚ ਆਉਣ ਵਾਲੀ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਉਤਰੀ ਅਮਰੀਕਾ ਦੀ ਸਭ ਤੋਂ ਪੁਰਾਣੀ ਭਾਰਤੀ ਮੂਲ ਦੇ ਬਜੁਰਗਾਂ ਦੀ ਸੰਸਥਾ ਹੈ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ 1993 ਤੋਂ ਚੱਲ ਰਹੀ ਸੁਸਾਇਟੀ ਵਲੋਂ ਮੌਜੂਦਾ ਇਮਾਰਤ ਸਰਕਾਰੀ ਫੰਡਿੰਗ ਅਤੇ ਸਥਾਨਕ ਕਾਰੋਬਾਰੀਆਂ ਦੀ ਸਹਾਇਤਾ ਸਾਲ 1995-96 ਦੇ ਕਰੀਬ ਬਣਾਈ ਗਈ ਸੀ ਜਿਸ ਵਿਚ ਬਜੁਰਗਾਂ ਲਈ ਹੈਲਥ ਫਿਟਨੈਸ ਸੈਂਟਰ, ਮਨੋਰੰਜਨ ਖੇਡਾਂ, ਲਾਇਬ੍ਰੇਰੀ, ਸੈਮੀਨਾਰ ਹਾਲ ਦੀਆਂ ਸਹੂਲਤਾਂ ਉਪਲਬਧ ਕਰਵਾਉਣ ਤੋਂ ਇਲਾਵਾ ਬਜੁਰਗਾਂ ਦੀ ਹਰ ਤਰਾਂ ਦੀ ਸਹਾਇਤਾ ਅਤੇ ਟੂਰ ਪ੍ਰੋਗਰਾਮ ਉਲੀਕੇ ਜਾਂਦੇ ਹਨ। ਸੁਸਾਇਟੀ ਦੇ ਲਗਪਗ 500 ਤੋਂ ਉਪਰ ਮੈਂਬਰ ਹਨ ਜਿਹਨਾਂ ਵਿਚ ਵੱਡੀ ਗਿਣਤੀ ਵਿਚ ਐਕਸ ਸਰਵਿਸਮੈਨ ਅਤੇ ਭਾਰਤ ਸਰਕਾਰ ਦੇ ਪੈਨਸ਼ਨਰ ਵੀ ਸ਼ਾਮਿਲ ਹਨ। ਸੁਸਾਇਟੀ ਵਲੋਂ ਇਸ ਇਮਾਰਤ ਵਿਚ ਹਰ ਹਫਤੇ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਹਨਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਤੇ ਹੋਰ ਸਾਹਿਤਕ ਸਭਾਵਾਂ ਵਲੋਂ ਸਾਹਿਤਕ ਸਮਾਗਮਾਂ ਦਾ ਆਯੋਜਨ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੈ।

ਬਜੁਰਗਾਂ ਦੀ ਇਸ ਉਘੀ ਅਤੇ ਸਤਿਕਾਰਤ ਸੰਸਥਾ  ਦੀ ਇਮਾਰਤ ਦੇ ਮੁੱਖ ਦਰਵਾਜੇ ਉਪਰ ਲੱਗੇ ਸੀਨੀਅਰ ਸੁਸਾਇਟੀ ਦੇ ਬੋਰਡ ਉਤਾਰਕੇ ਖਾਲਿਸਤਾਨੀ ਬੋਰਡ ਲਗਾਏ ਜਾਣ ਦੀ ਘਟਨਾ ਬਾਰੇ ਸੁਸਾਇਟੀ ਦੇ ਪ੍ਰਧਾਨ ਸ ਅਵਤਾਰ ਸਿੰਘ ਢਿੱਲੋਂ ਨਾਲ ਸੰਪਰਕ ਕਰਨ ਤੇ ਉਹਨਾਂ ਇਸ ਘਟਨਾ ਤੇ ਦੁਖ ਪ੍ਰਗਟ ਕਰਦਿਆਂ ਇਸਨੂੰ ਬਜੁਰਗਾਂ ਦੀ ਸੁਸਾਇਟੀ ਅਤੇ ਇਮਾਰਤ ਨਾਲ ਇਕ ਵੱਡੀ ਸ਼ਰਾਰਤ ਕਰਾਰ ਦਿੱਤਾ ਹੈ। ਉਹਨਾਂ ਦੱਸਿਆ ਕਿ  ਉਹਨਾਂ ਨੇ ਸੁਸਾਇਟੀ ਵਲੋਂ ਅੱਜ ਗੁਰੁਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਇਕ ਲਿਖਤੀ ਪੱਤਰ ਰਾਹੀਂ ਰਾਤ ਨੂੰ ਵਾਪਰੀ ਉਕਤ ਘਟਨਾ ਦੀ ਜਾਣਕਾਰੀ ਦਿੰਦਿਆਂ ਇਮਾਰਤ ਤੋਂ ਸੁਸਾਇਟੀ ਦੇ ਉਤਾਰੇ ਗਏ ਬੋਰਡ ਦੁਬਾਰਾ ਲਗਾਉਣ ਅਤੇ ਖਾਲਿਸਤਾਨ ਦੇ ਬੋਰਡ ਉਤਾਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਰਾਤ ਦੇ ਹਨੇਰੇ ਵਿਚ ਸੁਸਾਇਟੀ ਦਾ ਬੋਰਡ ਉਤਾਰੇ ਜਾਣ ਤੇ ਖਾਲਿਸਤਾਨੀ ਬੋਰਡ ਲਗਾਏ ਜਾਣ ਸਬੰਧੀ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ। ਇਸੇ ਦੌਰਾਨ ਪੁਲਿਸ ਵਲੋਂ ਉਹਨਾਂ ਨੂੰ ਸਿਟੀ ਬਾਈਲਾਅਜ਼ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਸ਼ਹਿਰ ਵਿਚ ਕਿਸੇ ਅਦਾਰੇ ਦੇ ਬੋਰਡ ਉਤਾਰਨ ਜਾਂ ਭੰਨਤੋੜ ਕੀਤੇ ਜਾਣ ਖਿਲਾਫ ਕਾਰਵਾਈ ਸਿਟੀ ਬਾਈਲਾਅਜ਼ ਦੇ ਅਧਿਕਾਰ ਖੇਤਰ ਵਿਚ ਹੈ। ਉਹਨਾਂ ਆਪਣੀ ਸ਼ਿਕਾਇਤ ਸਿਟੀ ਬਾਈਲਾਅਜ਼ ਵਿਭਾਗ ਨੂੰ ਵੀ ਈਮੇਲ ਕਰ ਦਿੱਤੀ ਹੈ।

ਉਹਨਾਂ ਯਾਦ ਕਰਾਇਆ ਕਿ ਇਸਤੋਂ ਪਹਿਲਾਂ ਸਾਲ 2020 ਵਿਚ ਵੀ ਕੁਝ ਲੋਕਾਂ ਵਲੋਂ ਸੀਨੀਅਰ ਸੈਂਟਰ ਦਾ ਮੁੱਖ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਕਿਹਾ ਗਿਆ  ਸੀ ਬਜੁਰਗ ਸੈਂਟਰ ਦਾ ਪਿਛਲਾ ਦਰਵਾਜ਼ਾ ਵਰਤਣ ਪਰ ਸੁਸਾਇਟੀ ਨੇ ਉਸ ਕੋਸ਼ਿਸ਼ ਨੁੂੰ ਨਾਕਾਮ ਕਰ ਦਿੱਤਾ ਸੀ। ਉਹਨਾਂ ਤਾਜ਼ਾ ਘਟਨਾ ਨੂੰ ਵੀ ਬਜੁਰਗਾਂ ਦੇ ਸਨਮਾਨ ਦਾ ਮੁੱਦਾ ਅਤੇ ਇਮਾਰਤ ਉਪਰ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਸੀਨੀਅਰ ਸੈਂਟਰ ਦੀ ਇਮਾਰਤ ਉਪਰ ਖਾਲਿਸਤਾਨ ਦੇ ਬੋਰਡ ਲਗਾਏ ਜਾਣ ਬਾਰੇ ਉਹਨਾਂ ਹੋਰ ਕਿਹਾ ਕਿ ਸੁਸਾਇਟੀ ਦੇ ਵੱਡੀ ਗਿਣਤੀ ਵਿਚ ਬਜੁਰਗ ਮੈਂਬਰ ਭਾਰਤ ਸਰਕਾਰ ਦੇ ਪੈਨਸ਼ਨਰ ਹਨ, ਇਸ ਘਟਨਾ ਨਾਲ ਉਹਨਾਂ ਨੂੰ ਇੰਡੀਆ ਜਾਣ ਅਤੇ ਖਾਲਿਸਤਾਨ ਦੇ ਨਾਮ ਹੇਠ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਖਦਸ਼ਾ ਹੈ। ਉਹਨਾਂ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਅਤੇ ਭਾਈਚਾਰੇ ਦੇ ਸਿਆਣੇ ਲੋਕਾਂ ਨੂੰ ਸੀਨੀਅਰ ਸੁਸਾਇਟੀ ਦੇ ਬਜੁਰਗ ਮੈਂਬਰਾਂ ਨੂੰ ਕਿਸੇ ਵੀ ਮੁਸ਼ਕਲ ਤੋਂ ਬਚਾਉਣ ਅਤੇ ਉਹਨਾਂ ਦੇ ਸਨਮਾਨ ਦੀ ਬਹਾਲੀ ਦੀ ਮੰਗ ਕੀਤੀ ਹੈ।

ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਦਾ ਪਤਾ 7050-120 ਸਟਰੀਟ ਸਰੀ, ਬੀ ਸੀ ਹੈ। ਇਸਦੇ ਪ੍ਰਧਾਨ ਸ ਅਵਤਾਰ ਸਿੰਘ ਢਿੱਲੋਂ ਨਾਲ ਸੈਂਟਰ ਦੇ ਫੋਨ ਨੰਬਰ 604-591-1795 ਤੇ ਸੰਪਰਕ ਕੀਤਾ ਜਾ ਸਕਦਾ ਹੈ।

error: Content is protected !!