ਪੁਲਿਸ ਨੂੰ ਤੜਕੇ ਪੌਣੇ ਪੰਜ ਵਜੇ ਦੇ ਕਰੀਬ ਗੋਲੀਬਾਰੀ ਦੀ ਸੂਚਨਾ ਮਿਲੀ-
ਸਰੀ ( ਦੇ ਪ੍ਰ ਬਿ)-ਸਰੀ ਦੀ ਸਕਾਟ ਰੋਡ ਤੇ ਸਥਿਤ ਪ੍ਰਸਿਧ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਉਪਰ ਮੁੜ ਗੋਲੀਬਾਰੀ ਹੋਣ ਦੀ ਖਬਰ ਹੈ। ਕੈਫੇ ਉਪਰ ਮੁੜ ਗੋਲੀਬਾਰੀ ਹੋਣ ਬਾਰੇ ਪੁਲਿਸ ਨੂੰ ਅੱਜ ਤੜਕੇ ਪੌਣੇ ਪੰਜ ਵਜੇ (4.40) ਦੇ ਕਰੀਬ ਸੂਚਨਾ ਮਿਲੀ ਜਿਸ ਉਪਰੰਤ ਪੁਲਿਸ ਟੀਮ ਮੌਕੇ ਤੇ ਪੁੱਜੀ। ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਸਰੀ ਅਤੇ ਡੈਲਟਾ ਪੁਲਿਸ 7 ਅਗਸਤ ਵੀਰਵਾਰ ਨੂੰ ਤੜਕੇ 4.40 ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਉਪਰੰਤ ਘਟਨਾ ਸਥਾਨ ਤੇ ਪੁੱਜੀ। ਕੈਫੇ ਦੇ ਸਾਹਮਣੇ ਗੇਟ ਵਾਲੇ ਸ਼ੀਸ਼ੇ ਦੀ ਦੀਵਾਰ ਤੇ ਲਗਪਗ ਛੇ ਗੋਲੀਆਂ ਦੇ ਨਿਸ਼ਾਨ ਪਾਏ ਗਏ। ਗੋਲੀਬਾਰੀ ਸਮੇਂ ਕੈਫੇ ਦੇ ਅੰਦਰ ਸਟਾਫ ਦਾ ਕੋਈ ਮੈਂਬਰ ਨਹੀ ਸੀ।
ਸਰੀ ਪੁਲਿਸ ਨੇ ਹੋਰ ਕਿਹਾ ਕਿ ਉਹ ਔਨਲਾਈਨ ਘੁੰਮ ਰਹੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਜਾਣੂ ਹਨ ਜੋ ਦਾਅਵਾ ਕਰਦੀਆਂ ਹਨ ਕਿ ਇਸ ਦੂਜੀ ਵਾਰ ਹੋਈ ਗੋਲੀਬਾਰੀ ਦੀ ਲਾਰੈਂਸ ਬਿਸ਼ਨੋਈ ਗੈਂਗ ਨੇ ਜ਼ਿੰਮੇਵਾਰੀ ਲਈ ਹੈ। ਭਾਰਤੀ ਮੀਡੀਆ ਉਨ੍ਹਾਂ ਦਾਅਵਿਆਂ ਦੀ ਵਿਆਪਕ ਤੌਰ ‘ਤੇ ਰਿਪੋਰਟ ਕਰ ਰਿਹਾ ਹੈ। “ਸਾਡੇ ਜਾਂਚਕਰਤਾ ਕਈ ਦਾਅਵਿਆਂ ਅਤੇ ਸੋਸ਼ਲ ਮੀਡੀਆ ਪੋਸਟਾਂ ਤੋਂ ਜਾਣੂ ਹਨ, ਹਾਲਾਂਕਿ, ਜਾਂਚ ਦੇ ਸ਼ੁਰੂਆਤੀ ਪੜਾਅ ‘ਤੇ ਹੋਣ ਕਰਕੇ, ਸਾਰੀਆਂ ਸੰਭਾਵਨਾਵਾਂ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 10 ਜੁਲਾਈ ਨੂੰ, ਕੈਫੇ ਦੇ ਬਾਹਰ ਅੱਠ ਤੋਂ ਦਸ ਗੋਲੀਆਂ ਚਲਾਈਆਂ ਗਈਆਂ ਸਨ। ਉਸ ਸਮੇਂ ਵੀ ਕੋਈ ਵੀ ਜ਼ਖਮੀ ਨਹੀਂ ਹੋਇਆ, ਹਾਲਾਂਕਿ ਉਸ ਸਮੇਂ ਸਟਾਫ ਅੰਦਰ ਮੌਜੂਦ ਸੀ।
ਇਸ ਕੈਫੇ ਨੂੰ ਇਸ ਗਰਮੀਆਂ ਦੇ ਸ਼ੁਰੂ ਵਿੱਚ ਵਿਸ਼ਵ-ਪ੍ਰਸਿੱਧ ਕਾਮੇਡੀਅਨ/ਅਦਾਕਾਰ ਸ਼ਰਮਾ ਅਤੇ ਉਸਦੀ ਪਤਨੀ, ਗਿੰਨੀ ਚਤਰਥ ਦੁਆਰਾ ਲਾਂਚ ਕੀਤਾ ਗਿਆ ਸੀ।
ਕੈਪਸ ਕੈਫੇ ਨੇ 20 ਜੁਲਾਈ ਨੂੰ ਪਹਿਲੀ ਗੋਲੀਬਾਰੀ ਤੋਂ ਬਾਅਦ ਆਪਣੇ ਦਰਵਾਜ਼ੇ ਦੁਬਾਰਾ ਖੋਲ੍ਹ ਦਿੱਤੇ ਸਨ। ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ, 31 ਜੁਲਾਈ ਨੂੰ, ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸਰੀ ਪੁਲਿਸ ਅਧਿਕਾਰੀਆਂ ਨਾਲ ਆਪਣਾ ਸਮਰਥਨ ਦਿਖਾਉਣ ਲਈ ਕੈਪਸ ਕੈਫੇ ਦਾ ਦੌਰਾ ਕੀਤਾ ਸੀ ਤੇ ਕੌਫੀ ਦੀਆਂ ਚੁਸਕੀਆਂ ਵੀ ਲਈਆਂ ਸਨ। ਉਹਨਾਂ ਭਾਰਤੀ ਗੈਂਗਰਸਟਰ ਗਰੁੱਪ ਨੂੰ ਅਤਵਾਦੀ ਐਲਾਨੇ ਜਾਣ ਦੀ ਵੀ ਮੰਗ ਕੀਤੀ ਸੀ। ਪਰ ਫੈਡਰਲ ਸਰਕਾਰ ਨੇ ਹੁਣ ਤੱਕ ਫਿਰੌਤੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਲਈ ਜਿੰਮੇਵਾਰ ਗੈਂਗਸਟਰ ਗਰੁੱਪ ਖਿਲਾਫ ਕੋਈ ਸਖਤ ਕਾਰਵਾਈ ਦਾ ਸੰਦੇਸ਼ ਨਹੀ ਦਿੱਤਾ। ਹੁਣ ਕੈਫੇ ਤੇ ਦੂਸਰੀ ਵਾਰ ਗੋਲੀਬਾਰੀ ਹੋਣ ਤੋਂ ਪਤਾ ਚਲਦਾ ਹੈ ਕਿ ਗੈਂਗਸਟਰ ਕਿੰਨੇ ਬੇਖੌਫ ਹੋਕੇ ਦਹਿਸ਼ਤ ਦਾ ਕਾਰੋਬਾਰ ਕਰ ਰਹੇ ਹਨ।
