ਐਡਮਿੰਟਨ ਵਿਚ ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਵਲੋਂ ਵਿਸ਼ੇਸ਼ ਸੈਮੀਨਾਰ ਦਾ ਆਯੋਜਨ-
ਐਡਮਿੰਟਨ ( ਦੀਪਤੀ, ਗੁਰਪ੍ਰੀਤ ਸਿੰਘ, ਸਤੀਸ਼ ਸਚਦੇਵਾ )- ਬੀਤੇ ਦਿਨੀਂ ਮਿੱਲਵੁਡ ਕਲਚਰਲ ਸੀਨੀਅਰ ਸੁਸਾਇਟੀ ਆਫ ਦੀ ਰਿਟਾਇਰਡ ਐਂਡ ਸੈਂਮੀਂ ਰਿਟਾਇਰਡ ਐਡਮਿੰਟਨ ( ਅਲਬਰਟਾ ) ਦੇ ਵਿੱਚ ਪ੍ਹੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਐਡਮਿੰਟਨ ਵਲੋਂ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਦੇ ਮੁੱਖ ਬੁਲਾਰੇ ਕਾਮਰੇਡ ਮੰਗਤ ਰਾਮ ਪਾਸਲਾ ਸਿਆਸੀ ਚਿੰਤਕ ਅਤੇ ਜਨਰਲ ਸਕੱਤਰ ( ਭਾਰਤੀ ਕਮਿਊਨਿਸਟ ਮਾਰਕਸਵਾਦੀ ਪਾਰਟੀ ) ਸਨ। ਇਸਦਾ ਵਿਸ਼ਾ “ ਹਿੰਦੂ ਰਾਸ਼ਟਰਵਾਦ ਦਾ ਉਭਾਰ ਅਤੇ ਭਾਰਤੀ ਖੱਬੀ ਧਿਰਾਂ ਲਈ ਸੰਕਟ ਦਾ ਦੌਰ “ ਸੀ। ਪ੍ਰਧਾਨਗੀ ਮੰਡਲ ਵਿੱਚ ਡਾਕਟਰ ਪੀ ਆਰ ਕਾਲੀਆ ਸੰਸਥਾ ਦੇ ਪ੍ਰਧਾਨ, ਸ਼੍ਰੀ ਸੁਖਦੇਵ ਸਿੰਘ ਬੈਨੀਪਾਲ ਸੈਕਟਰੀ ਮਿੱਲਵੁਡ ਕਲਚਰਲ ਸੁਸਾਇਟੀ ਬਿਰਾਜਮਾਨ ਸਨ ।
ਮੁੱਖ ਬੁਲਾਰੇ ਕਾਮਰੇਡ ਮੰਗਤ ਰਾਮ ਪਾਸਲਾ ਨੇ ਬੋਲਦਿਆਂ ਦੱਸਿਆ ਕਿ ਹਿੰਦੂ ਰਾਸ਼ਟਰ ਦਾ ਮਤਲਬ ਜੋ ਸਿਰੋਂ ਮੋਨਾ ਹੈ ਕਲੀਨਸ਼ੇਵ ਹੈ ਉਹ ਨਹੀਂ ਮਤਲਬ ਆਰ ਐਸ ਐਸ ਹੈ ,ਰਾਸ਼ਟਰੀ ਸੋਇਮ ਸੰਘ ਹੈ ਜਿਸਦੀ ਸਥਾਪਨਾ 1925 ਵਿੱਚ ਹੋਈ ਸੀ, ਇਹ ਲੋਕ ਪੂਰੀ ਤਰਾਂ ਅੰਗਰੇਜ਼ ਭਗਤ ਸਨ। ਇਨ੍ਹਾਂ ਦੀ ਆਜ਼ਾਦੀ ਅੰਦੋਲਨ ਵਿੱਚ ਕੋਈ ਸ਼ਹਾਦਤ ਯੋਗਦਾਨ ਨਹੀਂ,ਇੱਕੋ ਇੱਕ ਨਿਸ਼ਾਨਾ ਹਿੰਦੂ ਰਾਸ਼ਟਰ ਕਾਇਮ ਕਰਨਾ , ਜਦੋਂ ਕਿ ਪੂਰੀ ਦੁਨੀਆ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ । ਉਨ੍ਹਾਂ ਦੱਸਦਿਆਂ ਕਿਹਾ ਕਿ ਸਰਮਾਏਦਾਰ ਸੰਸਾਰ ਸਾਮਰਾਜ ਦੁਨੀਆਂ ਭਰ ਵਿੱਚ ਹੋਰ ਲੁੱਟ ਕਰਨ ਲਈ ਨਿਹੱਕੀਆਂ ਜੰਗਾਂ ਲਾ ਕੇ ਮਨੁੱਖਤਾ ਨੂੰ ਬੰਬਾਂ ਦਾ ਖਾਜ਼ਾ ਬਣਾ ਕੇ ਭੁੱਖਮਰੀ ਵਿੱਚ ਸੁੱਟ ਰਿਹਾ ਹੈ। ਇਹਨਾਂ ਵਲੋਂ ਲੋਕਾਂ ਨੂੰ ਧਰਮਾਂ ਜਾਤਾਂ ਦੇ ਨਾਂ ਤੇ ਲੜਾਇਆ ਜਾ ਰਿਹਾ,ਘੱਟ ਗਿਣਤੀਆਂ ,ਮੁਸਲਿਮ, ਸਿੱਖ ਖੱਬੀ ਧਿਰ ਦੇ ਲੋਕ ਇਨ੍ਹਾਂ ਦੇ ਨਿਸ਼ਾਨੇ ਤੇ ਹਨ ।ਉਨ੍ਹਾਂ ਦੱਸਿਆ ਕਿ ਨਿਰਦੋਸ਼ ਗਾਜ਼ਾ ਵਿੱਚ ਮਰ ਰਹੇ ਲੋਕ ਜ਼ਿੰਦਗੀ ਜਿਓਣ ਦੀ ਦੁਹਾਈ ਪਾ ਰਹੇ ਹਨ , 60000 ਤੋ ਵੱਧ ਲੋਕ ਜਿਹਨਾਂ ਵਿਚ ਬੱਚੇ ,ਨੌਜਵਾਨ, ਔਰਤਾਂ , ਬੁੱਧੀਜੀਵੀ ਮਾਰੇ ਜਾ ਚੁੱਕੇ ਹਨ । ਲੱਖ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ ਹਨ, ਨਿਰਦੋਸ਼ ਲੋਕ ਦੋਵੇਂ ਪਾਸਿਆਂ ਤੋਂ ਮਰ ਰਹੇ ਹਨ । 1991 ਤੋਂ ਜਦੋਂ ਤੋਂ ਸੰਸਾਰੀਕਰਨ ਦੇ ਨਾਂ ਤੇ ਵਿਸ਼ਵ ਵਪਾਰ ਸਮਝੌਤੇ ਤੇ ਦਸਤਖਤ ਹੋਏ ਵਢਾਂਗਾ ਤੇਜ਼ ਹੋਇਆ ।ਸੰਸਾਰੀ ਕਰਨ, ਉਦਾਰੀਕਰਨ,ਨਿੱਜੀਕਰਨ ਨੇ ਰੁਜ਼ਗਾਰ ਖੋਹ ਲਿਆ ਦੁਨੀਆਂ ਭਰ ਵਿੱਚ ਭਾਰਤ ਵਿੱਚ ਪਬਿਲਕ ਸੈਕਟਰ ਵੇਚਣ ਤੇ ਲਾ ਦਿੱਤਾ ਗਿਆ। ਅੰਤਾਂ ਦੀ ਮਹਿੰਗਾਈ ਚ ਵਾਧਾ ਹੋਇਆ ਜ਼ਿੰਦਗੀ ਜਿਓਣਾ ਦੁੱਭਰ ਹੋ ਗਿਆ , ਮੋਦੀ ਦੀ ਹਕੂਮਤ ਵਿੱਚ ਨੋਟਬੰਦੀ, ਕਰੋਨਾ ਵਰਗੀਆਂ ਬਿਮਾਰੀਆਂ ਚ ਅੰਬਾਨੀ, ਅਦਾਨੀ ਵਰਗੇ ਲੁਟੇਰਿਆਂ ਨੂੰ ਦੇਸ਼ ਦਾ ਸਰਮਾਇਆ ਕੌਡੀਆਂ ਦੇ ਭਾਅ ਲੁਟਾਇਆ।ਟਰੰਪ ਦੇ ਆਉਣ ਤੇ ਜੋ ਸਲੂਕ ਭਾਰਤੀਆਂ ਨਾਲ ਹੋਇਆ ਜੱਗ ਜ਼ਾਹਰ ਹੈ । ਟਰੰਪ ਦੇ ਟੈਰਿਫ਼ ਲਗਾਉਣ ਨੇ ਦੁਨੀਆਂ ਭਰ ਵਿੱਚ ਤਰਥੱਲੀ ਮਚਾ ਦਿੱਤੀ । ਇਸਦਾ ਇੱਕੋ ਇੱਕ ਹੱਲ ਮਿਹਨਤਕਸ਼, ਕਿਰਤੀ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਹੈ ।
ਇਸ ਮੌਕੇ ਸੰਸਥਾ ਦੇ ਮੈਂਬਰ ਲਾਡੀ ਸੂਸਾਂ, ਭੈਣ ਬਖ਼ਸ਼ ਸੰਘਾ, ਜਸਬੀਰ ਸੰਘਾ, ਅਤੇ ਹੋਰ ਮੈਂਬਰ ਸਾਹਿਬਾਨ ਨੇ ਦੇਸ਼ ਦੀਆਂ ਹਾਲਤਾਂ ਦਾ ਜ਼ਿਕਰ ਖੂਬਸੂਰਤ ਗੀਤ ਗਾ ਕੇ ਵਰਨਣ ਕੀਤਾ। ਇਸ ਸਮਾਗਮ ਵਿੱਚ ਉੱਘੇ ਲੇਖਕ ਮਾਸਟਰ ਮੱਖਣ ਕੁਹਾੜ ਦੀ ਨਵੀਂ ਕਿਤਾਬ “ਬਲ਼ਦੇ ਰਾਹਾਂ ਦਾ ਸਫ਼ਰ “ ਅਜੇ ਤਨਵੀਰ ਦੀ ਪੁਸਤਕ ਫਤਵਿਆਂ ਦੇ ਦੌਰ ਵਿਚ ਅਤੇ ਮੰਗਤ ਰਾਮ ਪਾਸਲਾ ਦੀ ਕਿਤਾਬ ਪੁਰਖਾਰ ਵਾਟਾਂ ਦਾ ਦੂਸਰਾ ਐਡੀਸ਼ਨ ਵੀ ਜਾਰੀ ਕੀਤਾ ਗਿਆ। ਸੰਸਥਾ ਦੇ ਮੈਂਬਰ ਸ਼੍ਰੀ ਹਰਿੰਦਰ ਹੁੰਦਲ ਨੇ ਮਤਾ ਪੇਸ਼ ਕੀਤਾ ਕਿ “ਕੈਨੇਡਾ ਦੀ ਪਾਰਲੀਮੈਂਟ ਮਤਾ ਪਾਸ ਕਰਕੇ ਇਜ਼ਰਾਈਲ ਨੂੰ ਮੱਦਦ ਦੇਣੀ ਬੰਦ ਕਰੇ “ਜਿਸਨੂੰ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਗਈ।ਇਸ ਸਮਾਗਮ ਵਿੱਚ ਜਸਵੀਰ ਦਿਓਲ ਸਥਾਨਕ ਐਮ ਐਲ ਏ, ਸ਼੍ਰੀ ਗੁਰਤੇਜ ਸਿੰਘ ਬਰਾੜ ਨਵੇਂ ਚੁਣੇ ਗਏ ਐਮ ਐਲ ਏ ਤੋਂ ਇਲਾਵਾ ਸ੍ਰੀ ਜਰਨੈਲ ਬਸੋਤਾ , ਸ਼੍ਰੀ ਕੁਲਮੀਤ ਸੰਘਾ ਅਤੇ ਪਰਾਈਮ ਏਸ਼ੀਆ ਤੋ ਪਹੁੰਚੇ ਹੋਏ ਸਨ ।ਐਡਮਿੰਟਨ ਸੁਸਾਇਟੀ ਦੇ ਆਗੂਆਂ ਮਾਸਟਰ ਮਹਿੰਦਰ ਸਿੰਘ, ਸ਼੍ਰੀ ਅਮਰਜੀਤ ਸਿੰਘ ਵਿਰਦੀ, ਸਤੀਸ਼ ਸਚਦੇਵਾ,ਸ਼੍ਰੀ ਦਿਲਬਾਗ ਸਿੰਘ ਰਾਏ, ਰੰਧਾਵਾ ,ਤਲਵਿੰਦਰ ਗਰੇਵਾਲ, ਸੰਜੀਵ ਕੁਮਾਰ ਕਾਲੜਾ ਅਤੇ ਹੋਰਨਾਂ ਸਤਿਕਾਰਤ ਮੈਂਬਰਾਂ ਦਾ ਸੈਕਟਰੀ ਸ਼੍ਰੀ ਸੁਖਦੇਵ ਸਿੰਘ ਬੈਨੀਪਾਲ ਨੇ ਸਭਨਾਂ ਦਾ ਬਹੁਤ ਧੰਨਵਾਦ ਕੀਤਾ । ਸ਼੍ਰੀ ਨਵਤੇਜ ਬੈਂਸ, ਸ਼੍ਰੀ ਸੁਰਜੀਤ ਸਿੰਘ ਗਿੱਲ, ਭੈਣ ਰਾਜਵਿੰਦਰ ਕੌਰ ਵੀ ਸਾਥੀਆਂ ਸਮੇਤ ਸਮਾਗਮ ਵਿੱਚ ਮੌਜੂਦ ਰਹੇ । ਮੰਚ ਸੰਚਾਲਕ ਦੀ ਜ਼ਿੰਮੇਵਾਰੀ ਕਿਰਤਮੀਤ ਕੋਹਾੜ ਨੇ ਨਿਭਾਈ।







