ਉਪ ਚੋਣ ਜਿੱਤਣ ਉਪਰੰਤ ਸਰੀ ਤੇ ਲੈਂਗਲੀ ਵਿਚ ਕੰਸਰਵੇਟਿਵ ਸਮਰਥਕਾਂ ਨੂੰ ਸੰਬੋਧਨ ਕੀਤਾ-
ਸਰੀ (ਦੇ ਪ੍ਰ ਬਿ)- ਕੰਸਰਵੇਟਿਵ ਆਗੂ ਪੀਅਰ ਪੋਲੀਅਰ ਅਲਬਰਟਾ ਦੇ ਬੈਟਲ ਰਿਵਰ ਕਰੋਅਫੁੱਟ ਹਲਕੇ ਤੋਂ ਭਾਰੀ ਬਹੁਮਤ ਨਾਲ ਜ਼ਿਮਨੀ ਚੋਣ ਜਿੱਤਕੇ ਪਾਰਲਮੈਂਟ ਵਿਚ ਪੁੱਜ ਗਏ ਹਨ। ਇਸ ਜ਼ਿਮਨੀ ਚੋਣ ਵਿਚ ਜਿੱਤ ਉਪਰੰਤ ਭਾਰੀ ਉਤਸ਼ਾਹ ਵਿਚ ਦਿਖਾਈ ਦਿੱਤੇ ਕੰਸਰਵੇਟਿਵ ਆਗੂ ਬੀਤੇ ਦਿਨ ਸਰੀ ਵਿਖੇ ਪੁੱਜੇ ਤੇ ਇਥੇ ਪ੍ਰੈਸ ਅਤੇ ਆਪਣੇ ਸਮਰਥਕਾਂ ਦੇ ਰੂਬਰੂ ਹੁੰਦਿਆਂ ਲਿਬਰਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਖੁੱਲਕੇ ਬੋਲੇ। ਉਹਨਾਂ ਪਿਛਲੇ ਦਿਨਾਂ ਤੋਂ ਕੈਨੇਡਾ ਵਿਚ ਵਧ ਰਹੇ ਅਪਰਾਧਾਂ ਅਤੇ ਆਰਥਿਕ ਮੰਦਵਾੜੇ ਵਾਲੀ ਸਥਿਤੀ ਤੇ ਹਾਲਾਤ ਲਈ ਪ੍ਰਧਾਨ ਮੰਤਰੀ ਕਾਰਨੀ ਵਲੋਂ ਠੀਕ ਢੰਗ ਨਾਲ ਕੰਮ ਨਾ ਕਰਨ ਲਈ ਜਿੰਮੇਵਾਰ ਠਹਿਰਾਉਂਦਿਆਂ ਕੰਸਰਵੇਟਿਵ ਵਲੋਂ ਲਿਬਰਲ ਖਿਲਾਫ ਮਜ਼ਬੂਤ ਮੁਹਿੰਮ ਸ਼ੁਰੂ ਕਰਨ ਦਾ ਸੱਦਾ ਦਿੱਤਾ। ਇਸੇ ਦੌਰਾਨ ਉਹਨਾਂ ਨੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਭਾਰਤੀ ਮੂਲ ਦੇ ਗੈਂਗਸਟਰ ਗਰੁੱਪ ਵਲੋਂ ਫਿਰੌਤੀਆਂ ਅਤੇ ਧਮਕੀਆਂ ਲਈ ਇਸ ਗਿਰੋਹ ਨੂੰ ਕੈਨੇਡਾ ਵਿਚ ਅਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ, ਸਰੀ ਦੀ ਮੇਅਰ ਬਰੈਂਡਾ ਲੌਕ ਅਤੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਵੀ ਅਜਿਹੀ ਮੰਗ ਕਰ ਚੁੱਕੇ ਹਨ।
ਬੁੱਧਵਾਰ ਨੂੰ ਸਰੀ ਅਤੇ ਲੈਂਗਲੀ ਵਿਚ ਜਨਤਕ ਸਮਾਗਮਾਂ ਦੌਰਾਨ ਬੋਲਦਿਆਂ, ਕੰਸਰਵੇਟਿਵ ਆਗੂ ਨੇ ਕਿਹਾ ਕਿ ਪੁਲਿਸ ਰਿਪੋਰਟ ਮੁਤਾਬਿਕ ਪਿਛਲੇ ਛੇ ਮਹੀਨਿਆਂ ਵਿੱਚ 10 ਜਬਰੀ ਵਸੂਲੀ ਦੀਆਂ ਰਿਪੋਰਟਾਂ ਮਿਲੀਆਂ ਹਨ। ਉਹਨਾਂ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਕੈਨੇਡਾ ਦੇ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। ਉਹਨਾਂ ਹੋਰ ਕਿਹਾ ਕਿ ਹੁਣ “ਹੁਣ ਇਸ ਗੱਲ ਦੇ ਸਬੂਤ ਹਨ ਕਿ ਇਸ ਗਰੁੱਪ ਦੀ ਹਿੰਸਾ ਅੱਤਵਾਦ ਅਤੇ ਰਾਜਨੀਤਿਕ ਪ੍ਰੇਰਣਾਵਾਂ ਨਾਲ ਜੁੜੀ ਹੋਈ ਹੈ।
ਲੈਂਗਲੀ ਵਿਚ ਇਕ ਫਾਰਮ ਹਾਊਸ ਮਾਰਕੀਟ ਵਿਖੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਪੋਲੀਅਰ ਨੇ ਲਿਬਰਲ ਸਰਕਾਰ ਅਤੇ ਪ੍ਰਧਾਨ ਮੰਤਰੀ ਕਾਰਨੀ ਤੇ ਤਿੱਖੇ ਹਮਲੇ ਕੀਤੇ। ਕੰਸਰਵੇਟਿਵ ਸਮਰਥਕਾਂ ਉਹਨਾਂ ਦੇ ਭਾਸ਼ਨ ਦੌੌਰਾਨ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ। ਭਾਸ਼ਨ ਉਪਰੰਤ ਲੰਬਾ ਸਮਾਂ ਉਹਨਾਂ ਨੇ ਮੰਚ ਉਪਰ ਕੰਸਰਵੇੇਟਿਵ ਸਮਰਥਕਾਂ ਨਾਲ ਯਾਦਗਾਰੀ ਤਸਵੀਰਾਂ ਕਰਵਾਈਆਂ। ਇਸ ਮੌਕੇ ਐਮ ਪੀ ਸੁਖਮਨ ਗਿੱਲ, ਐਮ ਪੀ ਵੈਨ ਪੋਪਟਾ, ਐਮ ਐਲ ਏ ਹਰਮਨ ਭੰਗੂ, ਐਮ ਐਲ ਏ ਬਰਾਇਨ ਟੈਪਰ, ਸਾਬਕਾ ਮੇਅਰ ਡੱਗ ਮੈਕੱਲਮ, ਕੰਸਰਵੇਟਿਵ ਕਾਰਕੁੰਨ ਸੁਖ ਪੰਧੇਰ, ਅਵਤਾਰ ਸਿੰਘ ਰਾਜਾ ਗਿੱਲ, ਭਲਿੰਦਰ ਸਿੰਘ ਵੜੈਚ, ਰਾਜਾ ਗੋਲਡ ਲੀਫ ਟਰਾਂਸਪੋਰਟ, ਰਮਨਦੀਪ ਸਿੰਘ ਰੈਡ ਸਟਾਰ ਟਰਾਂਸਪੋਰਟ, ਬੌਬ ਚੀਮਾ, ਬਲਵੀਰ ਢੱਟ, ਰਾਜ ਮੁੰਦਰਾ, ਜੈਸੀ ਸਹੋਤਾ, ਤੇਗਜੋਤ ਬੱਲ, ਆਤਮਜੀਤ ਸਿੰਘ ਬੱਲ, ਚਰਨਜੀਤ ਸਿੰਘ ਏਸ ਇੰਸੋਰੈਂਸ, ਕਰਤਾਰ ਸਿੰਘ ਢਿੱਲੋਂ ਤੇ ਹੋਰ ਕਈ ਅਹਿਮ ਵਿਅਕਤੀ ਹਾਜ਼ਰ ਸਨ।
















