Oct 3, 2026

ਸਰੀ,(ਮਹੇਸ਼ਇੰਦਰ ਮਾਂਗਟ, ਮਲਕੀਤ ਸਿੰਘ )-ਪੰਜਾਬੀ ਫਿਲਮ ਜਗਤ ਅਤੇ ਪੰਜਾਬੀ ਪਿਆਰਿਆਂ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਪ੍ਰਸਿੱਧ ਕਮੇਡੀਅਨ ਜਸਵਿੰਦਰ ਭੱਲਾ ਅਚਾਨਕ ਅਕਾਲ ਚਲਾਣਾ ਕਰ ਗਏ। ਉਹ ਲਗਪਗ 65 ਵਰਿਆਂ ਦੇ ਸਨ ਤੇ  ਪਿਛਲੇ ਕੁਝ ਦਿਨਾਂ ਤੋਂ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਜ਼ੇਰੇ ਇਲਾਜ ਸਨ|

ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ  ਲੁਧਿਆਣਾ ਨੇੜੇ ਪਿੰਡ ਬਰਮਾਲੀਪੁਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਪਿੰਡ ਬਰਮਾਲੀਪੁਰ ਦੇ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਸਨ। ਭੱਲਾ ਨੇ ਆਪਣੀ ਮੁੱਢਲੀ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਪ੍ਰਾਪਤ ਕੀਤੀ ਤੇ ਫਿਰ ਬੀ.ਐਸ.ਸੀ. ਅਤੇ ਐਮ.ਐਸ.ਸੀ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕਰਨ ਉਪਰੰਤ  ਪੀ.ਐਚ.ਡੀ. ਦੀ ਡਿਗਰੀ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ, ਮੇਰਠ ਤੋਂ ਕੀਤੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਵਜੋਂ ਸ਼ੁਰੂ ਕੀਤੀ ਅਤੇ 31 ਮਈ 2020 ਨੂੰ ਪ੍ਰੋਫੈਸਰ ਅਤੇ ਵਿਭਾਗ ਦੇ ਮੁਖੀ ਵਜੋਂ  ਸੇਵਾਮੁਕਤ ਹੋਏ।
ਪੰਜਾਬੀ ਕਾਮੇਡੀ ਦੀ ਦੁਨੀਆ ਦੇ ਮਹਾਨ ਚਿਹਰੇ, ਪ੍ਰਸਿੱਧ ਕਾਮੇਡੀਅਨ ਤੇ ਅਦਾਕਾਰ ਡਾ. ਜਸਵਿੰਦਰ ਭੱਲਾ ਦੇ ਤੁਰ ਜਾਣ ਨਾਲ ਹਾਸਿਆਂ ਦੀ ਦੁਨੀਆ ਵਿੱਚ ਵੱਡਾ ਖਾਲੀਪਨ ਪੈਦਾ ਹੋ ਗਿਆ ਹੈ। ਹਰ ਅੱਖ ਨਮ ਹੈ, ਪਰ ਭੱਲਾ ਸਾਹਿਬ ਦੇ ਰਚੇ ਕਿਰਦਾਰ ਤੇ ਬੋਲ ਸਦਾ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ।
ਭਾਵੇਂ ਅੱਜ ਉਹਨਾਂ ਨੂੰ ਸਾਰਾ ਸੰਸਾਰ ਡਾ. ਜਸਵਿੰਦਰ ਭੱਲਾ ਦੇ ਨਾਂ ਨਾਲ ਜਾਣਦਾ ਸੀ, ਪਰ ਸ਼ੁਰੂਆਤ ਵਿੱਚ ਉਹ ਸਭ ਲਈ  “ਛਣਕਾਟੇ ਵਾਲਾ ਭੱਲਾ” ਸਨ। 1988 ਦੇ “ਛਣਕਾਟਾ 88” ਤੋਂ ਸ਼ੁਰੂ ਹੋਇਆ ਇਹ ਸਫ਼ਰ ਪੰਜਾਬੀ ਸਭਿਆਚਾਰ ਦੀ ਰੂਹ ਵਿੱਚ ਵੱਸਦਾ ਗਿਆ। “ਛਣਕਾਟਾ” ਦੇ ਹਰ ਵਰਜ਼ਨ ਨੇ ਹਾਸਿਆਂ ਨੂੰ ਨਵੀਂ ਉਡਾਣ ਦਿੱਤੀ। ਵੀਡੀਓ ਦੇ ਦੌਰ ਵਿੱਚ ਭੱਲਾ-ਨੀਲੂ ਦੀ ਜੋੜੀ ਨੇ ਧਮਾਲ ਮਚਾਈ, ਜਦਕਿ ਸੁਖਵਿੰਦਰ ਸੁੱਖੀ ਦੇ ਗੀਤਾਂ ਨੇ ਛਣਕਾਟੇ ਨੂੰ ਹੋਰ ਗੁਡੀ ਚੜ੍ਹਾ ਦਿੱਤਾ।
ਭੱਲਾ ਦੀ ਕਾਮੇਡੀ ਆਮ ਜ਼ਿੰਦਗੀ ਵਿੱਚੋਂ ਜੰਮੀ ਹੁੰਦੀ ਸੀ। ਉਹ ਹਰੇਕ ਵਰਗ, ਸਿਆਸਤਦਾਨਾਂ ਤੋਂ ਲੈ ਕੇ ਆਪਣੇ ਸਾਥੀ ਕਲਾਕਾਰਾਂ ਤੱਕ, ਸਭ ਉੱਤੇ ਵਿਅੰਗ ਕਰਦੇ। “ਪ੍ਰਸਿੰਨੀਏ ਖਾ ਕੇਲਾ” ਵਰਗੇ ਡਾਇਲਾਗ ਘਰ-ਘਰ ਦੇ ਮੁਹਾਵਰੇ ਬਣ ਗਏ। ਬਠਿੰਡੇ ਵਾਲਾ “ਕੇਲਾ ਛਿੱਲ ਕੇ ਖਾਣਾ” ਤਾਂ ਹਾਸਿਆਂ ਦੀ ਪਹਿਚਾਣ ਬਣ ਗਿਆ। ਫ਼ਿਲਮਾਂ ਵਿੱਚ ਆਉਣ ਤੋਂ ਬਾਅਦ ਭੱਲਾ ਦੇ ਡਾਇਲਾਗ ਪੰਜਾਬੀ ਸਿਨੇਮਾ ਦੀ ਸ਼ਾਨ ਬਣੇ। “ਜੁੱਤੀ ਤੰਗ ਤੇ ਜਵਾਈ ਨੰਗ…”, “ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ…” ਵਰਗੇ ਕਥਨਾਂ ਨੇ ਉਹਨਾਂ ਨੂੰ ਅਮਰ ਕਰ ਦਿੱਤਾ।ਭੱਲਾ ਸਿਰਫ਼ ਸਟੇਜ ਜਾਂ ਫ਼ਿਲਮਾਂ ‘ਚ ਹੀ ਨਹੀਂ, ਸਗੋਂ ਆਪਣੀ ਰੋਜ਼ਾਨਾ ਦੀ ਗੱਲਬਾਤ ‘ਚ ਵੀ ਹਾਸਿਆਂ ਨੂੰ ਜਿਉਦਾ ਸੀ। ਸਮਾਜਿਕ ਕੁਰੀਤੀਆਂ ‘ਤੇ ਕਲਮ ਚਲਾਉਣ ਵਾਲਾ ਇਹ ਵਿਅੰਗਕਾਰ ਆਪਣੀ ਜ਼ਿੰਦਗੀ ਦੇ ਹਰੇਕ ਪਲ ਨੂੰ ਹਾਸਿਆਂ ਰਾਹੀਂ ਜਿਉਂਦਾ ਸੀ। ਲੁਧਿਆਣੇ ਦੀਆਂ ਗਲੀਆਂ-ਚੌਰਾਹਿਆਂ – ਭਾਰਤ ਨਗਰ, ਆਰਤੀ ਚੌਕ, ਚੌੜਾ ਬਜ਼ਾਰ, ਪੀ ਏ ਯੂ – ਉਸ ਦੀ ਕਲਾ ਵਿੱਚ ਅਕਸਰ ਸੁਣਨ ਨੂੰ ਮਿਲਦੇ।ਜਸਵਿੰਦਰ ਭੱਲਾ ਹਮੇਸ਼ਾ ਯਾਦ ਆਉਂਦੇ ਰਹਿਣਗੇ। ਚਾਚਾ ਚਤਰ ਸਿੰਘ ਦੇ ਰੂਪ ਵਿੱਚ ਉਹ ਸਾਡੇ ਦਿਲਾਂ ਵਿੱਚ ਸਦੀਵੀ ਵੱਸਦੇ ਰਹਿਣਗੇ।ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

error: Content is protected !!