Oct 3, 2026

ਕੈਲਗਰੀ ( ਦਲਵੀਰ ਜੱਲੋਵਾਲੀਆ)- ਪੰਜਾਬੀ ਦੇ ਉਘੇ ਕਾਮੇਡੀਅਨ ਤੇ ਫਿਲਮੀ ਕਲਾਕਾਰ ਡਾ ਜਸਵਿੰਦਰ ਭੱਲਾ ਦੇ ਅਚਾਨਕ ਸਦੀਵੀ ਵਿਛੋੜੇ ਦਿੱਤੇ ਜਾਣ ਬਾਦ ਉਹਨਾਂ ਨਮਿਤ ਕੈਲਗਰੀ ਵਿਖੇ ਇਕ ਸ਼ਰਧਾਂਜਲੀ ਸਮਾਰੋਹ ਕੋਸੋ ਹਾਲ ਵਿਖੇ ਕਰਵਾਇਆ ਗਿਆ। ਗਾਇਕ ਅਤੇ ਅਦਾਕਾਰ ਮਨਜੀਤ ਰੂਪੋਵਾਲੀਆ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਇਸ ਸ਼ਰਧਾਂਜਲੀ ਸਮਾਗਮ ਮੌਕੇ ਉਹਨਾਂ  ਦੱਸਿਆ ਕਿ ਉਨ੍ਹਾਂ ਦੇ ਜਸਵਿੰਦਰ ਭੱਲਾ ਨਾਲ ਬੇਹੱਦ ਨੇੜਲੇ ਸੰਬੰਧ ਸਨ। ਉਹਨਾਂ ਨਾਲ ਬਿਤਾਇਆ ਸਮਾਂ, ਹਾਸੇ-ਮਜ਼ਾਕ ਤੇ ਪਰਿਵਾਰਕ ਰਿਸ਼ਤੇ ਅੱਜ ਵੀ ਉਨ੍ਹਾਂ ਦੀ ਯਾਦ ਵਿੱਚ ਤਾਜ਼ਾ ਹਨ।
ਸਮਾਰੋਹ ਦੌਰਾਨ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਜਸਵੰਤ ਸੰਦੀਲਾ ਨੇ ਵੀ ਜਸਵਿੰਦਰ ਭੱਲਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਭੱਲਾ ਜੀ ਹਮੇਸ਼ਾ ਪਿਆਰ ਤੇ ਇੱਜ਼ਤ ਦੇ ਪਾਤਰ ਰਹੇ। ਇਸੇ ਤਰ੍ਹਾਂ ਅਜੇ ਦਿਓਲ ਤੇ ਸੁਮਨ ਦੱਤਾ ਨੇ ਵੀ ਉਨ੍ਹਾਂ ਨਾਲ ਬਿਤਾਏ ਪਲ ਯਾਦ ਕਰਦੇ ਹੋਏ ਭਾਵੁਕਤਾ ਜਾਹਿਰ ਕੀਤੀ।
ਇਸ ਸ਼ਰਧਾਂਜਲੀ ਸਮਾਰੋਹ ਵਿੱਚ ਤਰਲੋਕ ਚੁਗ ਤੇ ਜਸਵੰਤ ਰਾਏ ਸ਼ਰਮਾ ਨੇ ਵੀ ਭੱਲਾ ਜੀ ਨਾਲ ਬਿਤਾਇਆ ਲੰਮਾ ਸਮਾਂ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਅਨੇਕਾਂ ਸਟੇਜਾਂ ਤੇ ਕੰਮ ਕਰਨ ਦਾ ਮੌਕਾ ਮਿਲਿਆ, ਜੋ ਹਮੇਸ਼ਾ ਉਨ੍ਹਾਂ ਦੀ ਯਾਦਾਂ ਵਿੱਚ ਜਿਊਂਦਾ ਰਹੇਗਾ।
ਇਸ ਮੌਕੇ ਹਾਜ਼ਰ ਸਾਰੇ ਲੋਕਾਂ ਨੇ ਜਸਵਿੰਦਰ ਭੱਲਾ ਦੀ ਕਲਾ, ਹਾਸ-ਰਸ ਅਤੇ ਮਨੁੱਖੀ ਗੁਣਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ  ਸ਼ਰਧਾਂਜਲੀ ਅਰਪਿਤ ਕੀਤੀ।
ਇਸ ਮੌਕੇ ਤੇ ਜੱਸੀ ਨਈਅਰ ਅੰਮ੍ਰਿਤਸਰੀ ਤੜਕੇ ਵਾਲੇ ਨੇ ਜਸਵਿੰਦਰ ਭੱਲਾ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ “ਭੱਲਾ ਜੀ ਦੀ ਸੋਚ ਕਾਬਿਲ-ਏ-ਸਲਾਮ ਸੀ, ਉਹਨਾਂ ਵਲੋਂ ਬੋਲੇ ਕਈ ਤਕੀਆ ਕਲਾਮ ਦੇ ਟੋਟਕੇ  ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਹਨ।
ਸ਼ਰਧਾਂਜਲੀ ਸਮਾਰੋਹ ਵਿੱਚ ਡਾ. ਜੋਗਾ ਸਿੰਘ ਸਹੋਤਾ, ਗੀਤਕਾਰ ਜਸਵੀਰ ਸਿੰਘ ਸਹੋਤਾ ,ਖਹਿਰਾ ਜੀ,ਸੁਖਮਿੰਦਰ ਸਿੰਘ ਗਿੱਲ, ਹਰਮਿੰਦਰ ਪਾਲ ਸਿੰਘ, ਸੁਖਦੀਪ ਸੁੱਖੀ,ਮਨਜੋਤ ਗਿੱਲ, ਕੇਲਗਰੀ ਤੋਂ ਕਲਾਕਾਰ ਗੁਰਜਾਨ,ਮੰਗਲ ਚੱਠਾ ਇਸ ਤੋਂ ਇਲਾਵਾ ਫ਼ਿਲਮੀ ਅਦਾਕਾਰ ਨਵਦੀਪ ਕਲੇਰ ਵੀ ਮੌਜੂਦ ਸਨ।

error: Content is protected !!