Oct 3, 2026

ਸੁਸਾਇਟੀ ਵਲੋਂ ਪ੍ਰੇਸ਼ਾਨ ਮਨ ਨਾਲ ਗੁਰਦੁਆਰਾ ਪ੍ਰਬੰਧਕਾਂ ਤੇ ਸੰਗਤਾਂ ਨੂੰ ਅਪੀਲ-

ਸਰੀ ( ਦੇ ਪ੍ਰ ਬਿ)- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਹਦੂਦ ਅੰਦਰ ਕਾਰਜਸ਼ੀਲ ”ਇੰਡੋ- ਕੈਨੇਡੀਅਨ ਸੀਨੀਅਰ ਸੁਸਾਇਟੀ” ਵਲੋਂ ਪਿਛਲੇ ਦਿਨੀਂ ਇਮਾਰਤ ਉਪਰੋਂ ਸੁਸਾਇਟੀ ਦਾ ਬੋਰਡ ਉਤਾਰਕੇ ”ਰੀਪਬਲਿਕ ਆਫ ਖਾਲਿਸਤਾਨ” ਅਤੇ ”ਖਾਲਿਸਤਾਨ ਜਿੰਦਾਦਬਾਦ” ਦੇ ਬੋਰਡ ਲਗਾਏ ਜਾਣ ਵਿਰੁਧ ਰੋਸ ਪ੍ਰਗਟਾਵਾ ਕਰਦਿਆਂ ਗੁਰਦੁਆਰਾ ਪ੍ਰਬੰਧਕਾਂ ਨੂੰ ਇਹ ਬੋਰਡ ਉਤਾਰਨ ਅਤੇ ਸੁਸਾਇਟੀ ਦਾ ਬੋਰਡ ਮੁੜ ਲਗਾਏ ਜਾਣ ਦੀ ਅਪੀਲ ਕੀਤੀ ਗਈ ਸੀ। ਇਸ ਸਬੰਧੀ ਸੀਨੀਅਰ ਸੁਸਾਇਟੀ ਵਲੋਂ ਪੁਲਿਸ ਅਤੇ ਬਾਈਲਾਅਜ਼ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ। ਸੀਨੀਅਰ ਸੁਸਾਇਟੀ ਦੇ ਪ੍ਰਧਾਨ ਸ ਅਵਤਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਜੁਰਗਾਂ ਦਾ ਇਕ ਵਫਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਮਿਲਿਆ ਸੀ। ਪਰ ਉਹਨਾਂ ਦੀ ਮੰਗ ਵੱਲ ਧਿਆਨ ਨਾ ਦਿੱਤੇ ਜਾਣ ਅਤੇ ਕਾਰਵਾਈ ਦੀ ਉਡੀਕ ਕਰਨ ਉਪਰੰਤ ਸੀਨੀਅਰ ਸੁਸਾਇਟੀ ਵਲੋਂ ਆਪਣਾ  ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਦਾ ਪੁਰਾਣਾ ਬੋਰਡ ਇਮਾਰਤ ਦੇ ਦਰਵਾਜ਼ੇ ਉਪਰ ਮੁੜ ਸਥਾਪਿਤ ਕਰ ਦਿੱਤਾ ਗਿਆ। ਇਸ ਮੌਕੇ ਸਾਬਕਾ ਪਬਲਿਕ ਸੇਫਟੀ ਮਨਿਸਟਰ ਅਤੇ ਸਰੀ ਮੁਢਲਾ ਢਾਂਚਾ ਵਿਕਾਸ ਬਾਰੇ ਪਾਰਲੀਮਾਨੀ ਸੈਕਟਰੀ ਗੈਰੀ ਬੈਗ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸੀਨੀਅਰ ਸੁਸਾਇਟੀ ਵਲੋਂ 18 ਅਗਸਤ ਨੂੰ ਲਗਾਇਆ ਗਿਆ ਬੋਰਡ ਦੋ ਦਿਨ ਬਾਦ ਹੀ ਉਤਾਰ ਦਿੱਤਾ ਗਿਆ ਤੇ ਇਸਦੀ ਥਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸੀਨੀਅਰ ਸੈਂਟਰ ਦੇ ਨਾਮ ਵਾਲਾ  ਨਵਾਂ ਬੋਰਡ ਲਗਾ ਦਿੱਤਾ ਗਿਆ ਹੈ। ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਨੇ ਇਸ ਤਾਜ਼ਾ ਘਟਨਾਕ੍ਰਮ ਤੇ ਮੁੜ ਚਿੰਤਾ ਪ੍ਰਗਟ ਕਰਦਿਆਂ ਮੀਡੀਆ ਨੂੰ ਭੇਜੇ ਇਕ ਪ੍ਰੈਸ ਨੋਟ ਵਿਚ ਗੁਰਦੁਆਰਾ ਕਮੇਟੀ ਤੇ ਸੰਗਤ ਨੂੰ ਅਪੀਲ ਕਰਦਿਆਂ ਆਪਣੀ ਮਾਨਸਿਕ ਪੀੜਾ ਬਿਆਨ ਕੀਤੀ ਹੈ।

ਦੇਸ ਪ੍ਰਦੇਸ ਵਲੋਂ ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਫੋਨ ਨੰਬਰ ਤੇ ਕਾਲ ਕੀਤੀ ਪਰ ਕੋਈ ਜਵਾਬ ਨਹੀਂ ਆਇਆ।

ਪਾਠਕਾਂ ਦੀ ਜਾਣਕਾਰੀ ਲਈ ਇਹ ਅਪੀਲ ਹੂਬਹੂ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ-

-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ–ਡੈਲਟਾ ਦੀ ਅਪੀਲ

ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਬਹੁਤ ਹੀ ਦੁਖੀ ਅਤੇ ਪਰੇਸ਼ਾਨ ਮਨ ਨਾਲ ਬੇਨਤੀ ਕਰਦੇ ਹਾਂ ਕਿ ਇਹ ਸੋਸਾਇਟੀ 1993 ਵਿੱਚ ਬੀ.ਸੀ. ਸੋਸਾਇਟੀ ਐਕਟ ਅਧੀਨ ਰਜਿਸਟਰ ਹੋਈ ਸੀ ਅਤੇ ੳਦੋ ਤੋ ਹੀ ਇਸਦਾ ਰਜਿਸਟਰਡ ਆਫਿਸ ਯੁਨਿਟ 200 7050 120 ਸਟਰੀਟ, ਸਰੀ ਵਿਖੇ ਚੱਲ ਰਿਹਾ ਹੈ। 29 ਜੁਲਾਈ 2025 ਦੀ ਰਾਤ ਨੂੰ ਗੁਰੂ ਨਾਨਕ ਸਿਖ ਗੁਰਦੁਆਰਾ ਕਮੇਟੀ ਨੇ ਇਸ ਸੋਸਾਇਟੀ ਦੇ ਨਾਮ ਦਾ ਬੋਰਡ ਉਤਾਰ ਦਿੱਤਾ ਸੀ। ਪਹਿਲੀ ਅਗਸਤ 2025 ਨੂੰ ਦੋ ਵੱਡੇ-ਵੱਡੇ ਰਿਪਬਲਿਕ ਆਫ ਖਾਲਿਸਤਾਨ ਤੇ ਖਾਲਿਸਤਾਨ ਜਿੰਦਾਬਾਦ ਦੇ ਬੋਰਡ ਲਗਾ ਦਿੱਤੇ ਗਏ। ਇਸ ਸੋਸਾਇਟੀ ਦੇ 500 ਮੈਂਬਰ ਹਨ। ਅਸੀਂ ਗੁਰਦੁਆਰਾ ਸਾਹਿਬ ਕਮੇਟੀ ਨੂੰ 5 ਅਗਸਤ ਨੂੰ ਬੇਨਤੀ ਕੀਤੀ ਕਿ ਸਾਡੇ 200 ਤੋ ਜ਼ਿਆਦਾ ਬਜੁਰਗ ਹਰ ਸਾਲ ਇੰਡੀਆ ਜਾਂਦੇ ਹਨ ਤੇ ਖਾਲਿਸਤਾਨ ਦੇ ਨਾਮ ਤੇ ਇਹਨਾਂ ਬਜੁਰਗਾਂ ਨੂੰ ਇੰਡੀਆ ਸਰਕਾਰ ਵੱਲੋ ਤੰਗ ਕੀਤਾ ਜਾ ਸਕਦਾ ਹੈ । ਇਸ ਕਰਕੇ ਤੁਸੀ ਖਾਲਿਸਤਾਨ ਦੇ ਦੋਵੇਂ ਬੋਰਡ ਅਤੇ ਫਲੈਗ ੳਤਾਰ ਦਿੳ ਅਤੇ ਇਸ ਸੋਸਾਇਟੀ ਦੇ ਨਾਮ ਦਾ ਬੋਰਡ ਲਗਾ ਦਿੳ। ਇਸ ਚਿੱਠੀ ਉਪਰ 161 ਬਜੁਰਗਾਂ ਨੇ ਸਾਇਨ ਕੀਤੇ ਸਨ। 6-7 ਅਗਸਤ ਨੂੰ ਗੁਰਦੁਆਰੇ ਦੇ ਸੈਕਟਰੀ ਜੀ ਨੇ ਰੈਡ ਐਫ.ਐਮ ਰੇਡੀਓ ਨੂੰ ਦੱਸਿਆ ਕਿ ਉਹ ਖਾਲਿਸਤਾਨ ਦੇ ਬੋਰਡ ਤੇ ਨਹੀ ੳਤਾਰੇ ਜਾਣਗੇ ਤੇ ਅਸੀ ਇਹਨਾਂ ( ਸੁਸਾਇਟੀ) ਦੀ ਚਿੱਠੀ ਦਾ ਜਵਾਬ ਜਰੂਰ ਦਿਆਂਗੇ। ਪਰ ਹੁਣ ਤੱਕ ਕੋਈ ਚਿੱਠੀ ਦਾ ਜਵਾਬ ਨਹੀ ਆਇਆ। ਅਸੀ ਆਪਣੀ ਸੋਸਾਇਟੀ ਦੀ ਨਵੀ ਨੇਮ ਪਲੇਟ ਬਨਵਾਈ ਤੇ 18 ਅਗਸਤ ਨੂੰ ਬੀ.ਸੀ ਦੇ ਐਮ.ਐਲ.ਏ ਗੈਰੀ ਬੈਗ ਤੇ ਰੌਣਕ ਸਿੰਘ ਸੀਨੀਅਰ ਐਡਵਾਈਜਰ ਪਾਰਲੀਆਮੈਂਟ ਸੈਕਟਰੀ ਬੀ.ਸੀ.ਗਵਰਨਮੈਂਟ ਦੀ ਮੌਜੂਦਗੀ ਵਿਚ  ਲਗਵਾਈ। ਫੋਟੋ ਵੀ ਖਿੱਚੀ ਗਈ। ਪਰ 18 ਅਗਸਤ ਦੀ ਰਾਤ ਨੂੰ ਫਿਰ ਇਹ ਨੇਮ ਪਲੇਟ ਮੁੜ ਉਤਾਰ ਦਿੱਤੀ ਗਈ ਤੇ 23 ਅਗਸਤ ਨੂੰ ਗੁਰਦੁਵਾਰੇ ਦੇ ਨਾਮ ਦੀ ਛੋਟੀ ਨੇਮ ਪਲੇਟ ਲਗਾ ਦਿੱਤੀ ਗਈ । ਬਜੁਰਗਾਂ ਨੂੰ ਤੰਗ ਕਰਨਾ ਕੋਈ ਬਹੁਤੀ ਅੱਛੀ ਗੱਲ ਨਹੀ ਹੈ । ਇਹ ਸਾਰੀ ਗੱਲ ਬੀ.ਸੀ. ਗਵਰਨਮੈਂਟ ਤੇ ਪੁਲਿਸ ਨੂੰ ਦੱਸ ਦਿਤੀ ਗਈ ਹੈ। ਅਸੀ ਬਜੁਰਗਾਂ ਵਾਸਤੇ ਸੁਖਾਲਾ ਮਾਹੌਲ ਬਣਾਉਂਦੇ ਹਾਂ ਪਰ ਹੁਣ ਬਜੁਰਗਾਂ ਵਿੱਚ ਡਰ ਦਾ ਮਹੌਲ ਬਣ ਗਿਆ ਹੈ।  ਹੁਣ ੳਹ ਇੰਡੀਆ ਜਾਣ ਤੋਂ ਵੀ ਘਬਰਾ ਰਹੇ ਹਨ। ਇਹ ਗੁਰਦੁਆਰਾ ਸੰਗਤ ਦਾ ਹੈ। ਕਮੇਟੀਆਂ  ਬਦਲਦੀਆਂ ਰਹਿੰਦੀਆਂ ਹਨ। ਬਜੁਰਗਾਂ ਨੂੰ ਤੰਗ ਨਹੀ ਕਰਨਾ ਚਾਹੀਦਾ।ਗੁਰਦੁਵਾਰਾ ਕਮੇਟੀ ਅਤੇ ਸਾਰੀ ਸੰਗਤ ਨੂੰ ਸਤਿਕਾਰ ਸਹਿਤ ਬੇਨਤੀ ਹੈ ਇਸ ਸੋਸਾਇਟੀ ਦੇ ਨਾਮ ਦੀ ਪਲੇਟ/ਬੋਰਡ ਲਗਾ ਦਿੱਤੀ ਜਾਏ। ਆਸ ਕਰਦੇ ਹਾਂ ਕਿ ਸਾਡੀ ਬੇਨਤੀ ਪ੍ਰਵਾਨ ਕਰੋਗੇ। ਧੰਨਵਾਦ।

ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਦੇ ਬੋਰਡ ਦੀ ਥਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸੀਨੀਅਰ ਸੈਂਟਰ ਦੇ ਨਾਮ ਵਾਲਾ ਲਗਾਇਆ ਨਵਾਂ ਬੋਰਡ।

ਸੁਸਾਇਟੀ ਵਲੋਂ ਲਿਖੇ ਪੱਤਰ ਦੀ ਕਾਪੀ ਅਤੇ ਮੈਂਬਰਾਂ ਦੇ ਦਸਤਖਤ-

Removal of Khalistan Banners from Sr.Centre

 

 

 

 

 

error: Content is protected !!