Oct 3, 2026

Screenshot

ਪੁਲਿਸ ਨਾਲ ਧੱਕਾਮੁੱਕੀ ਦੌਰਾਨ ਵਿਧਾਇਕ ਦੇ ਫਰਾਰ ਹੋਣ ਦਾ ਦਾਅਵਾ-

ਪਟਿਆਲਾ-ਸਰਕਾਰ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਬਲਾਤਕਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਕੇਸ ਦਰਜ ਕਰਨ ਉਪਰੰਤ ਪਠਾਨਮਾਜਰਾ ਨੂੰ ਕਰਨਾਲ ਦੇ ਡਾਬਰੀ ਪਿੰਡ ਤੋਂ  ਗ੍ਰਿਫ਼ਤਾਰ ਕਰ ਲਿਆ ਗਿਆ ਪਰ ਵਿਧਾਇਕ ਦੇ ਸਮਰਥਕਾਂ ਵੱਲੋਂ ਕੀਤੀ ਧੱਕਾਮੁੱਕੀ ਦੌਰਾਨ ਉਹ ਪੁਲੀਸ ਹਿਰਾਸਤ ਵਿਚੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਪਟਿਆਲਾ ਪੁਲੀਸ ਦੀ ਟੀਮ ਸਥਾਨਕ ਕਰਨਾਲ ਪੁਲੀਸ ਅਤੇ ਐੱਸਐੱਚਓ ਪੱਧਰ ਦੇ ਤਿੰਨ ਅਧਿਕਾਰੀਆਂ ਨਾਲ ‘ਆਪ’ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਮੌਕੇ ’ਤੇ ਪਹੁੰਚੀ ਸੀ। ਹਾਲਾਂਕਿ ਪਠਾਣਮਾਜਰਾ ਪਿੰਡ ਵਾਸੀਆਂ ਤੇ ਸਮਰਥਕਾਂ ਦੀ ਮਦਦ ਨਾਲ ਇੱਕ ਚਿੱਟੇ ਰੰਗ ਦੀ ਐੱਸਯੂਵੀ ਵਿੱਚ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਿਹਾ। ਪੁਲੀਸ ਸੂਤਰਾਂ ਅਨੁਸਾਰ ਭੱਜਣ ਦੌਰਾਨ ਕਥਿਤ ਤੌਰ ‘ਤੇ ਗੋਲੀਆਂ ਵੀ ਚਲਾਈਆਂ ਗਈਆਂ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, “ਕਈ ਟੀਮਾਂ ਦੀ ਮੌਜੂਦਗੀ ਦੇ ਬਾਵਜੂਦ, ਵਿਧਾਇਕ ਸਥਾਨਕ ਲੋਕਾਂ ਦੀ ਮਦਦ ਨਾਲ ਭੱਜ ਗਿਆ। ਅਸੀਂ ਹੁਣ ਉਸ ਨੂੰ ਲੱਭਣ ਲਈ ਹਰਿਆਣਾ ਪੁਲੀਸ ਨਾਲ ਤਾਲਮੇਲ ਕਰ ਰਹੇ ਹਾਂ।” ਪਠਾਣਮਾਜਰਾ ਦੇ ਮੌਕੇ ਤੋਂ ਭੱਜਣ ਦੌਰਾਨ ਐਸ ਯੂ ਵੀ  ਨਾਲ ਟਕਰਾਉਣ ਤੋਂ ਬਾਅਦ ਇੱਕ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਡਿਊਟੀ ’ਤੇ ਮੌਜੂਦ ਪੁਲੀਸ ਅਧਿਕਾਰੀ ’ਤੇ ਹਮਲਾ ਕਰਨ ਅਤੇ ਜ਼ਖਮੀ ਕਰਨ ਲਈ ਵੱਖਰੇ ਤੌਰ ’ਤੇ ਕੇਸ ਦਰਜ ਕੀਤਾ ਜਾਵੇਗਾ।

ਪਠਾਣਮਾਜਰਾ ਖਿਲਾਫ਼ ਕੇਸ ਅਜਿਹੇ ਮੌਕੇ ਦਰਜ ਕੀਤਾ ਗਿਆ ਹੈ ਜਦੋਂ ‘ਆਪ’ ਵਿਧਾਇਕ ਵੱਲੋਂ ਹੜ੍ਹ ਪ੍ਰਬੰਧਨ ਤੇ ਰਾਹਤ ਕਾਰਜਾਂ ਨੂੰ ਲੈ ਕੇ ਆਪਣੀ ਹੀ ਸਰਕਾਰ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੀ ਗਈ ਅਤੇ ‘ਦਿੱਲੀ ਲਾਬੀ’ ਨੂੰ ਧਾੜਵੀ ਦਸਦਿਆਂ  ਪੰਜਾਬ ਦੇ ਮਾਮਲਿਆਂ ਵਿੱਚ ਦਖਲ ਦੇਣ ਦਾ ਦੋਸ਼ ਲਗਾਏ। ਇਸ ਦੌਰਾਨ ਪਠਾਨਮਾਜਰਾ ਦੇ ਹਮਾਇਤੀਆਂ ਵੱਲੋਂ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਪਟਿਆਲਾ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲੀਸ ਵੱਲੋਂ ਫ਼ਰਾਰ ਵਿਧਾਇਕ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।

error: Content is protected !!