Apr 23, 2026

Screenshot

ਐਨ ਆਰ ਆਈ ਭਾਈਚਾਰੇ ਨੂੰ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ ਦਾ ਸੱਦਾ-

ਵੈਨਕੂਵਰ ( ਦੇ ਪ੍ਰ ਬਿ)- ਪੰਜਾਬ ਵਿਚ ਭਾਰੀ ਬਾਰਿਸ਼ ਅਤੇ ਡੈਮਾਂ ਤੋਂ ਛੱਡੇ ਪਾਣੀ ਕਾਰਣ ਆਏ ਹੜਾਂ ਨੇ ਭਾਰੀ ਤਬਾਹੀ ਮਚਾਈ ਹੈ। ਹੜਾਂ ਕਾਰਣ ਜਿਥੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਉਥੇ ਦੋ ਦਰਜਨ ਤੋਂ ਉਪਰ ਮਨੁੱਖੀ ਜਾਨਾਂ ਵੀ ਚਲੀਆਂ ਗਈਆਂ ਹਨ ਜਦੋਂਕਿ ਵੱਡੀ ਗਿਣਤੀ ਵਿਚ ਲੋਕ ਘਰੋਂ ਬੇਘਰ ਹੋ ਗਏ ਹਨ। ਪੰਜਾਬ ਦੇ ਸਾਰੇ 23 ਜਲਿਆਂ ਨੂੰ ਹੜ ਪ੍ਰਭਾਵਿਤ ਖੇਤਰ ਐਲਾਨਿਆ ਜਾ ਚੁੱਕਾ ਹੈ। ਰਾਵੀ, ਬਿਆਸ ਤੇ ਸਤਲੁਜ ਵਿਚ ਆਏ ਹੜਾਂ ਤੋਂ ਬਾਦ ਹੁਣ ਘੱਗਰ ਵਿਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ। ਕਈ ਥਾਵਾਂ ਤੇ ਹੜ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਅਤੇ ਉਹਨਾਂ ਦੀ ਸਹਾਇਤਾ ਲਈ ਸਿਵਲ ਪ੍ਰਸ਼ਾਸਨ ਦੇ ਨਾਲ ਫੌਜ ਵੀ ਸਹਾਇਤਾ ਕਰ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵਲੋਂ ਲੋਕਾਂ ਦੀ ਸਹਾਇਤਾ ਲਈ ਖਾਣ ਪੀਣ ਦਾ ਸਮਾਨ, ਲੰਗਰ ਲਗਾਉਣ ਦੇ ਨਾਲ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਐਨ ਆਰ ਆਈ ਭਰਾਵਾਂ ਅਤੇ ਵਿਦੇਸ਼ਾਂ ਵਿਚ ਕਈ ਸੰਸਥਾਵਾਂ ਵਲੋਂ ਪੰਜਾਬ ਵਿਚ ਆਏ ਹੜਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ , ਫੰਡ ਇਕੱਤਰ ਕਰਨ ਅਤੇ ਸਹਾਇਤ ਸਮੱਗਰੀ ਭੇਜੇ ਜਾਣ ਲਈ ਸਹਾਇਤ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਲਿਬਰਲ ਆਗੂ ਡਾ ਗੁਲਜ਼ਾਰ ਸਿੰਘ ਚੀਮਾ ਨੇ ਇਕ ਬਿਆਨ ਰਾਹੀਂ ਪੰਜਾਬ ਵਿਚ ਆਏ ਹੜਾਂ ਕਾਰਣ ਪ੍ਰਭਾਵਿਤ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਐਨ ਆਰ ਆਈ ਭਰਾਵਾਂ ਨੂੰ ਖੁੱਲਕੇ ਦਾਨ ਕਰਨ ਅਤੇ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਵਿਚ ਆਏ ਹੜਾਂ ਕਾਰਣ ਪਾਣੀ ਵਿਚ ਘਿਰੇ ਪਿੰਡਾਂ ਅਤੇ ਘਰਾਂ ਦੀ ਛੱਤਾਂ ਉਪਰ ਬੈਠੇ ਲੋਕਾਂ, ਬੇਜੁਬਾਨੇ ਡੰਗਰਾਂ ਦੇ ਮਰਨ ਅਤੇ ਹੜਾਂ ਤੋਂ ਬਚਾਅ ਲਈ ਯਤਨ ਕਰਦੇ ਲੋਕਾਂ ਦੀਆਂ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਦਿਲ ਕੰਬਾਅ ਦੇਣ ਵਾਲੀਆਂ ਹਨ। ਉਹਨਾਂ ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬੀਆਂ ਵਲੋਂ ਮੁਸੀਬਤ ਮਾਰੇ ਲੋਕਾਂ ਦੀ ਮਦਦ ਕਰਨ ਅਤੇ ਲੋਕਾਂ ਦੇ ਏਕੇ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਹੀ ਪੰਜਾਬ ਦੇ ਲੋਕਾਂ ਦੀ ਅਸਲ ਪਛਾਣ ਹੈ। ਉਹ ਹਰ ਸਮੇਂ ਮੁਸੀਬਤ ਦੇ ਸਮੇਂ ਇਕੱਠੇ ਹੁੰਦੇ ਹਨ ਤੇ ਮਿਲਕੇ ਮੁਸੀਬਤ ਉਪਰ ਫਤਹਿ ਪਾਉਂਦੇ ਹਨ। ਉਹਨਾਂ ਕਿਹਾ ਕਿ ਹੜਾਂ ਦੀ ਇਹ ਮੁਸੀਬਤ ਦੀ ਟਲ ਜਾਵੇਗਾ ਪਰ ਜਦੋਂ ਹੜਾਂ ਦਾ ਪਾਣੀ ਥੱਲੇ ਉਤਰਿਆ ਤਾਂ ਕਈ ਤਰਾਂ ਦੀਆਂ ਬੀਮਾਰੀਆਂ ਦੇ ਫੈਲਣ ਦਾ ਖਤਰਾ ਹੈ। ਉਹਨਾਂ ਹੜ ਪ੍ਰਭਾਵਿਤ ਖੇਤਰਾਂ ਵਿਚ ਮੁਫਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਏ ਦੀ ਲੋੜ ਤੇ ਵਧੇਰੇ ਜ਼ੋਰ ਦੇਣ ਲਈ ਕਿਹਾ ਹੈ।