Mar 7, 2026

ਵੱਖ-ਵੱਖ ਮਿਸ਼ਨਰੀ ਗਾਇਕਾਂ ਨੇ ਮਹਾਂਪੁਰਸ਼ਾਂ ਨੂੰ ਯਾਦ ਕਰਦਿਆਂ ਧਾਰਮਿਕ ਰਚਨਾਵਾਂ ਨਾਲ ਭਰੀ ਹਾਜ਼ਰੀ

ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਸ਼੍ਰੀ 108 ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਵੈਨਕੂਵਰ ਕਨੇਡਾ ਵਲੋਂ  ਲਵਲੀ ਬੈਕੁੰਟ ਹਾਲ ਸਰੀ ਵਿਖੇ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸਤਿਗੁਰੂ ਸੁਆਮੀ ਨਿਰੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਧੰਨ ਧੰਨ ਸਤਿਗੁਰ ਸੁਆਮੀ ਸਰਵਣ ਦਾਸ ਮਹਾਰਾਜ , ਸ਼੍ਰੀਮਾਨ ਸੰਤ ਗਰੀਬ ਦਾਸ ਮਹਾਰਾਜ ਜੀ ਦੀ ਸਲਾਨਾ ਬਰਸੀ ਅਤੇ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਦਾ ਆਯੋਜਨ ਸਮੂਹ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਕੀਤਾ ਗਿਆ । ਕਨਵੀਨਰ ਵਰਿੰਦਰ ਬੰਗੜ ਅਤੇ ਸੰਚਾਲਕ ਗੋਪਾਲ ਲੋਹੀਆ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਰਵਿਦਾਸੀਆ ਭਾਈਚਾਰੇ ਦੀਆਂ ਸੰਗਤਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਆਪਣੇ ਮਹਾਂਪੁਰਸ਼ਾਂ ਨੂੰ ਨਤਮਸਤਕ ਹੋਈਆਂ ਅਤੇ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਸੰਕਲਪ ਲਿਆ। ਜਿੱਥੇ ਇਸ ਮੌਕੇ ਵੱਖ ਵੱਖ ਬੁਲਾਰਿਆਂ ਮਹਾਂਪੁਰਸ਼ਾਂ ਦੀ ਜੀਵਨ ਸ਼ੈਲੀ ਵਿਚਾਰਧਾਰਾ ਅਤੇ ਉਹਨਾਂ ਦੀ ਮਹਾਨ ਕੁਰਬਾਨੀ ਪ੍ਰਤੀ ਸੰਗਤ ਨੂੰ ਸੰਬੋਧਨ ਕੀਤਾ, ਉਥੇ ਹੀ ਕੌਮ ਦੇ ਮਿਸ਼ਨਰੀ  ਕਲਾਕਾਰ ਜਿਨ੍ਹਾਂ ਵਿੱਚ ਪੰਮਾ ਸੁੰਨੜ, ਕੁਲਦੀਪ ਚੁੰਬਰ, ਹੈਰੀ ਬੱਲ, ਸ਼ਾਮ ਪੰਡੋਰੀ, ਮਦਨ ਕਮਾਲਪੁਰੀ ਸਮੇਤ ਕਈ ਹੋਰਾਂ ਆਪਣੇ ਮਿਸ਼ਨਰੀ ਗੀਤਾਂ ਨਾਲ ਹਾਜ਼ਰੀ ਭਰ ਕੇ ਸੰਗਤ ਨੂੰ ਮਹਾਂਪੁਰਸ਼ਾਂ ਦੀ ਯਾਦ ਦਿਵਾਈ। ਮੰਚ ਦੇ ਕਨਵੀਅਰ ਵਰਿੰਦਰ ਬੰਗੜ ਵਲੋਂ ਡੇਰੇ ਦੇ ਸਮੁੱਚੇ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਸਾਰੀਆਂ ਸੰਗਤਾਂ ਨੂੰ ਦਿੱਤੀ ਗਈ ਅਤੇ ਡੇਰੇ ਦੇ ਅਨਿਨ ਸ਼ਰਧਾਲੂ ਬੀਬੀ ਭਜਨੋ ਜੀ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਗਈ । ਮੰਚ ਦਾ ਸੰਚਾਲਨ ਸ਼੍ਰੀਮਾਨ ਗੋਪਾਲ ਲੋਹੀਆ ਨੇ ਕੀਤਾ । ਸ੍ਰੀ ਅੰਮ੍ਰਿਤਬਾਣੀ ਦੇ ਪਾਠ ਦੀ ਸੇਵਾ ਸ਼੍ਰੀਮਾਨ ਰਾਮ ਪ੍ਰਕਾਸ਼ ਭੱਟੀ ਹੁਰਾਂ ਬਾਖੂਬੀ ਨਿਭਾਈ । ਇਸ ਸਮਾਗਮ ਵਿੱਚ ਟਰੱਸਟੀ ਮਦਨ ਝਿੰਮ, ਸੁਖਦੇਵ ਬੰਗੜ, ਸੁੰਦਰ ਕੈਲੇ, ਜੈ ਵਿਰਦੀ ਤੋਂ ਇਲਾਵਾ ਸੇਵਾ ਨਿਭਾਉਣ ਵਾਲੇ ਮਦਨ ਕੈਂਥ, ਕੁਲਦੀਪ ਪੌਲ, ਨਵ ਬੰਗੜ, ਰਜੇਸ਼ ਰਾਜੂ ਅਤੇ ਅਵੀਜੋਤ ਮਹੇ, ਕੁਲਵੀਰ ਮਹੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਬੀਬੀ ਪੂਨਮ ਬੰਗੜ ਜਿਨ੍ਹਾਂ ਨੇ ਅਰਦਾਸ ਦੀ ਸੇਵਾ ਨਿਭਾਈ। ਸਮਾਗਮ ਵਿੱਚ ਸ਼੍ਰੀਮਾਨ ਸਵਰਨ ਦਾਸ ਬੰਗੜ ਜੀ ਦਾ ਪਰਿਵਾਰ ਜੋ ਕਿ ਇੰਗਲੈਂਡ ਤੋਂ ਉਚੇਚੇ ਤੌਰ ਤੇ ਪ੍ਰੋਗਰਾਮ ਤੇ ਪਹੁੰਚਿਆ ਦਾ ਵੀ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਰਵਿਦਾਸੀਆ ਕੌਮ ਦੀ ਸ਼ਾਨ ਬਣੀ ਲੜਕੀ ਗੁਰੀਤ ਕੌਰ ਔਜਲਾ ਜੋ ਕਿ ਯੂਨੀਵਰਸਿਟੀ ਆਫ ਲੈਸਟਰ ਯੂਕੇ ਤੋਂ ਫੈਮਲੀ ਲਾਅ ਅਤੇ ਸਿਵਲ ਲਿਟੀਗੇਸ਼ਨ ਵਿੱਚ ਬਤੌਰ ਏ ਲੌਇਰ ਦਾ ਵੱਡਾ ਰੁਤਬਾ ਲੈ ਕੇ ਆਈ ਦਾ  ਵੀ ਵਿਸ਼ੇਸ਼ ਤੌਰ ਤੇ ਸਭਾ ਵਲੋਂ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ । ਅੰਤ ਵਿੱਚ ਆਈ ਸੰਗਤ ਵਿੱਚ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।