ਕਾਰੋਬਾਰੀਆਂ ਦੀ ਸਹਾਇਤਾ ਲਈ ਠੋਸ ਆਰਥਿਕ ਪ੍ਰੋਗਰਾਮ ਲਿਆਉਣਾ ਵਿਚਾਰ ਅਧੀਨ-
ਸਰੀ ( ਦੇ ਪ੍ਰ ਬਿ)- ਬੀਤੇ ਦਿਨ ਪੰਜਾਬੀ ਪ੍ਰੈਸ ਕਲੱਬ ਬੀ ਸੀ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਕੈਬਨਿਟ ਮਨਿਸਟਰ ਰਵੀ ਕਾਹਲੋਂ ਅਤੇ ਕੈਬਨਿਟ ਮਨਿਸਟਰ ਜੈਸੀ ਸੁੰਨੜ ਨੇ ਟਰੰਪ ਟੈਰਿਫ ਕਾਰਣ ਪੈਦਾ ਹੋਈ ਅਨਿਸਚਤਤਾ ਅਤੇ ਦਰਪੇਸ਼ ਆਰਥਿਕ ਸੰਕਟ ਦੇ ਹੱਲ ਲਈ ਸੂਬਾ ਸਰਕਾਰ ਵਲੋਂ ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਯਤਨਾਂ ਅਤੇ ਯੋਜਨਾਵਾਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਐਨ ਡੀ ਪੀ ਸਰਕਾਰ ਸੂਬਾ ਨਿਵਾਸੀਆਂ ਦੀਆਂ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹੈ ਤੇ ਇਹਨਾਂ ਸਮੱਸਿਆਵਾਂ ਦੇ ਹੱਲ ਅਤੇ ਸੂਬੇ ਦੇ ਰੌਸ਼ਨ ਭਵਿਖ ਲਈ ਕਈ ਕਦਮ ਉਠਾਏ ਜਾ ਰਹੇ ਹਨ।
ਰਵੀ ਕਾਹਲੋਂ ਜੋ ਕਿ ਨੌਕਰੀਆਂ ਅਤੇ ਆਰਥਿਕ ਵਿਕਾਸ ਬਾਰੇ ਵਿਭਾਗ ਦੇ ਮੰਤਰੀ ਹਨ ਅਤੇ ਜੈਸੀ ਸੁੰਨੜ ਜਿਹਨਾਂ ਕੋਲ ਸੈਕੰਡਰੀ ਐਜੂਕੇਸ਼ਨ ਦੇ ਨਾਲ ਭਵਿੱਖੀ ਹੁਨਰ ਬਾਰੇ ਵਿਭਾਗ ਵੀ ਹੈ, ਨੇ ਆਪੋ ਆਪਣੇ ਮਹਿਕਮਿਆਂ ਵਿਚਾਲੇ ਤਾਲਮੇਲ ਅਤੇ ਮਿਲਕੇ ਯੋਜਨਾਵਾਂ ਬਣਾਏ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਜਲਦ ਹੀ ਅਨਿਸ਼ਚਤਤਾ ਦੇ ਦੌਰ ਨੂੰ ਖਤਮ ਕਰਦਿਆਂ ਕਾਰੋਬਾਰੀ ਲੋਕਾਂ ਲਈ ਠੋਸ ਯੋਜਨਾ ਦਾ ਖੁਲਾਸਾ ਕਰੇਗੀ। ਇਸ ਮੌਕੇ ਪੱਤਰਕਾਰਾਂ ਵਲੋਂ ਆਰਥਿਕ ਸੰਕਟ, ਇਮੀਗ੍ਰੇਸ਼ਨ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਯੂਨੀਵਰਸਿਟੀਆਂ ਵਿਚ ਸੀਟਾਂ ਖਾਲੀ ਹੋਣ ਅਤੇ ਅਕਾਦਮਿਕ ਨੌਕਰੀਆਂ ਵਿਚ ਕਟੌਤੀਆਂ ਦੇ ਨਾਲ ਹੋਰ ਕਈ ਮੁੱਦਿਆਂ ਉਪਰ ਸਵਾਲ ਪੁੱਛੇ ਜਿਹਨਾਂ ਦੇ ਦੋਵਾਂ ਮੰਤਰੀਆਂ ਨੇ ਆਪਣੇ ਮਹਿਕਮਿਆਂ ਦੀਆਂ ਯੋਜਨਾਵਾਂ ਮੁਤਾਬਿਕ ਜਵਾਬ ਦਿੱਤੇ। ਫੈਡਰਲ ਕੰਸਰਵੇੇਟਿਵ ਆਗੂ ਪੀਅਰ ਪੋਲੀਅਰ ਵਲੋਂ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਪ੍ਰੋਗਰਾਮ ਬੰਦ ਕੀਤੇ ਜਾਣ ਦੀ ਮੰਗ ਸਬੰਧੀ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਮੀਗ੍ਰੇਸ਼ਨ ਇਸ ਮੁਲਕ ਦੀ ਜ਼ਰੂਰਤ ਹੈ। ਹੁਨਰਮੰਦ ਕਾਮਿਆਂ ਦੀ ਹਰ ਖੇਤਰ ਵਿਚ ਮੰਗ ਹੈ, ਇਸ ਲਈ ਹੁਨਰਮੰਦ ਕਾਮਿਆਂ ਲਈ ਵਰਕ ਪਰਮਿਟ ਪ੍ਰੋਗਰਾਮ ਜਾਰੀ ਰੱਖਿਆ ਜਾਵੇਗਾ। ਉਹਨਾਂ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਕਾਰਨੀ ਦੇ ਬਿਆਨ ਦਾ ਵੀ ਹਵਾਲਾ ਦਿੱਤਾ ਜਿਹਨਾਂ ਨੇ ਕੰਸਰਵੇਟਿਵ ਆਗੂ ਦੀ ਮੰਗ ਨੂੰ ਨਕਾਰਿਆ ਹੈ। ਕੌਮਾਂਤਰੀ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਅਤੇ ਯੂਨੀਵਰਸਿਟੀਆਂ ਵਿਚ ਨੌਕਰੀਆਂ ਦੇ ਖਤਮ ਹੋਣ ਬਾਰੇ ਸਵਾਲਾਂ ਦੇ ਵੀ ਉਹਨਾਂ ਨੇ ਜਵਾਬ ਦਿੱਤੇ। ਇਸ ਮੌਕੇ ਸ੍ਰੀ ਰਵੀ ਕਾਹਲੋਂ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਸਰਕਾਰ ਟਰੰਪ ਟੈਰਿਫ ਕਾਰਣ ਫੈਲੀ ਅਨਿਸ਼ਚਤਤਾ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ। ਉਹਨਾਂ ਕਿਹਾ ਜਲਦ ਹੀ ਸੂਬੇ ਦੇ ਕਾਰੋਬਾਰੀ ਲੋਕਾਂ ਲਈ ਇਕ ਠੋਸ ਯੋਜਨਾ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਇਕ ਨਵੀਂ ਦਿਸ਼ਾ ਦੇ ਨਾਲ ਕਾਰੋਬਾਰੀ ਲੋਕਾਂ ਵਿਚ ਇਕ ਵਿਸ਼ਵਾਸ ਦਾ ਮਾਹੌਲ ਪੈਦਾ ਹੋਵੇਗਾ।
ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਉਹਨਾਂ ਸੂਬਾ ਸਰਕਾਰ ਵਲੋਂ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਲੜਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਅਤੇ ਇਤਿਹਾਸਕ ਯੋਗਦਾਨ ਨੂੰ ਮਾਨਤਾ ਦਿੰਦਿਆਂ ਸਰਕਾਰ ਵਲੋਂ 6 ਸਤੰਬਰ ਨੂੰ ਭਾਈ ਜਸਵੰਤ ਸਿੰਘ ਖਾਲੜਾ ਦਿਹਾੜਾ ਮਨਾਏ ਜਾਣ ਦੇ ਐਲਾਨਨਾਮੇ ਨੂੰ ਜਾਰੀ ਕੀਤੇ ਜਾਣ ਦੀ ਜਾਣਕਾਰੀ ਵੀ ਦਿੱਤੀ ਜਿਸਦਾ ਪ੍ਰੈਸ ਕਲੱਬ ਦੇ ਮੈਂਬਰਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।




