Mar 7, 2026

Screenshot

ਸੁਖਵਿੰਦਰ ਸਿੰਘ ਚੋਹਲਾ—-

ਪੰਜਾਬ ਵਿਚ ਆਏ ਹੜਾਂ ਨਾਲ ਮੱਚੀ ਤਬਾਹੀ ਨੇ ਹੁਣ ਤੱਕ 43 ਮਨੁੱਖੀ ਜਾਨਾਂ ਲੈ ਲਈਆਂ ਹਨ। ਕਈ ਲੋਕ ਲਾਪਤਾ ਹਨ। ਹਜਾਰਾਂ ਏਕੜ ਫਸਲ ਤਬਾਹ ਹੋ ਗਈ ਹੈ। ਹੜਾਂ ਨਾਲ ਲਗਪਗ 2000 ਪਿੰਡ ਪ੍ਰਭਾਵਿਤ ਹੋਏ ਹਨ ਜਿਹਨਾਂ ਵਿਚ ਘਿਰੇ ਲੋਕ ਅੱਜ ਵੀ ਰਾਹਤ ਕਾਰਜਾਂ ਦੀ ਉਡੀਕ ਕਰ ਰਹੇ ਹਨ। ਦਰਿਆਵਾਂ ਦੇ ਬੰਨਾਂ ਦੀ ਮਜ਼ਬੂਤੀ ਲਈ ਅੱਜ ਵੀ ਸਬੰਧਿਤ ਪਿੰਡਾਂ ਦੇ ਲੋਕ ਦਿਨ ਰਾਤ ਇਕ ਰਹੇ ਹਨ। ਟਰੈਕਟਰ ਚੱਲ ਰਹੇ ਹਨ। ਮਿੱਟੀ ਦੇ ਭਰੇ ਬੈਗ, ਸਟੀਲ ਦੇ ਜਾਲ, ਪੱਥਰ ਤੇ ਹੋਰ ਬੰਨ ਰੋਕੂ ਵਸਤਾਂ ਲਈ ਲੋਕ ਤਰਲੋ ਮੱਛੀ ਹੋ ਰਹੇ ਹਨ। ਹੜ ਮਾਰੇ ਖੇਤਰਾਂ ਤੇ ਬੰਨਾਂ ਉਪਰ ਬੈਠੇ ਤੇ ਬੰਨਾਂ ਦੀ ਮਜ਼ਬੂਤੀ ਲਈ ਕੰਮ ਕਰਦੇ ਲੋਕਾਂ ਕੋਲ ਸਿਆਸੀ ਆਗੂਆਂ ਤੋਂ ਇਲਾਵਾ ਹੋਰ ਹਮਦਰਦ ਲੋਕ ਪੁੱਜੇ ਰਹੇ ਹਨ। ਤਸਵੀਰਾਂ ਖਿਚ ਰਹੇ ਹਨ, ਵੀਡੀਓਜ਼ ਬਣ ਰਹੀਆਂ ਹਨ। ਸ਼ੋਸਲ ਮੀਡੀਆ ਉਪਰ ਇਕ ਹੋੜ ਲੱਗੀ ਹੈ ਕਿ ਕੌਣ ਨੇਤਾ, ਕਿਹੜਾ ਕਲਾਕਾਰ ਤੇ ਕਿਹੜੀ ਸਮਾਜ ਸੇਵੀ ਸੰਸਥਾ ਵਧੇਰੇ ਹਮਦਰਦੀ ਵਿਖਾ ਰਹੀ ਹੈ, ਸਹਾਇਤਾ ਪਹੁੰਚਾ ਰਹੀ ਹੈ। ਕਈ ਥਾਵਾਂ ਤੇ ਰਾਸ਼ਨ ਦੀ ਲੁੱਟ ਹੋ ਰਹੀ ਹੈ। ਕਈ ਲੋਕ ਬੰਨਾਂ ਤੋਂ 30 ਕਿਲੋਮੀਟਰ ਦੂਰ ਬੈਠੇ ਵੀ ਹੜ ਪ੍ਰਭਾਵਿਤ ਹੋਣ ਦਾ ਦਾਅਵਾ ਕਰਦਿਆਂ ਰਾਹਤ ਸਮੱਗਰੀ ਦੀ ਲੁੱਟ ਕਰਨ ਦੀ ਬੇਸ਼ਰਮੀ ਵਿਖਾ ਰਹੇ ਹਨ। ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜੇ ਸਿਆਸੀ ਪਾਰਟੀਆਂ ਦੇ ਆਗੂਆਂ ਵਿਚਾਲੇ ਦੌੜ ਹੈ ਤਾਂ ਲੋਕ ਸੇਵਾ ਕਰਨ ਵਾਲੀਆਂ ਸੰਸਥਾਵਾਂ ਦੇ ਵਲੰਟੀਅਰ ਵੀ ਆਪੋ ਆਪਣੀਆਂ ਸੰਸਥਾਵਾਂ ਦੀ ਮਸ਼ਹੂਰੀ ਕਰਦੇ ਬੈਨਰਾਂ ਸਮੇਤ ਇਕ ਦੂਸਰੇ ਤੋ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਹਨ। ਉਂਜ ਭਾਵੇਂ ਸਿਆਸੀ ਆਗੂਆਂ, ਉਹਨਾਂ ਦੇ ਵਰਕਰਾਂ ਤੇ ਸੇਵਾ ਪੰਥੀ ਸੰਸਥਾਵਾਂ ਵਲੋਂ ਹੜ ਪੀੜਤਾਂ ਦੀ ਮਦਦ ਲਈ ਪਾਜੇਟਿਵ ਭੂਮਿਕਾ ਵਧੇਰੇ ਹੈ ਪਰ ਇਸ ਦੌਰਾਨ ਆਮ ਲੋਕਾਂ ਦਾ ਇਕ ਦੂਸਰੇ ਦੀ ਮਦਦ ਅਤੇ ਹੜ ਰੋਕੂ ਪ੍ਰਬੰਧਾਂ ਵਿਚ ਸਾਥ ਦੇਣ ਦਾ ਅਤੇ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦਾ ਜ਼ਜਬਾ ਕਾਬਿਲੇਤਾਰੀਫ ਹੈ। ਅਜਿਹੀ ਸਥਿਤੀ ਵਿਚ ਲੋਕਾਂ ਦੀ ਸਮੇਂ ਸਿਰ ਮਦਦ ਅਤੇ ਰਾਹਤ ਕਾਰਜਾਂ ਵਿਚ ਸਰਕਾਰ ਅਤੇ ਸਰਕਾਰੀ ਤੰਤਰ ਦੀ ਪਹਿਲੀ ਜਿੰਮੇਵਾਰੀ ਹੁੰਦੀ ਹੈ। ਪਰ ਇਸ ਦੌਰਾਨ ਸਰਕਾਰ ਚਲਾ ਰਹੇ ਲੋਕਾਂ ਦਾ ਕਾਰ ਵਿਹਾਰ ਅਤੇ ਕੇਵਲ ਵਾਹ-ਵਾਹ ਖੱਟਣ ਲਈ ਅਪਣਾਏ ਜਾਂਦੇ ਢੰਗ ਤਰੀਕਿਆਂ ਦੀ ਨੋਟੰਕੀਬਾਜੀ ਬਾਰੇ ਚਰਚਾ ਹੈ ਕਿ ਹੜਾਂ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਨਹੀ, ਸਰਕਾਰ ਦੀਆਂ ਨੀਂਹਾਂ ਵਿਚ ਵੀ ਚਲਾ ਗਿਆ ਹੈ। ਪ੍ਰਸ਼ਾਸਨ ਦੀ ਤਰਫੋਂ ਅੰਮ੍ਰਿਤਸਰ ਦੀ ਇਕ ਮਹਿਲਾ ਡੀਸੀ ਵਲੋਂ ਵਿਖਾਈ ਗਈ ਦਲੇਰੀ ਤੇ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਭ ਤੋਂ ਵੱਧ ਸਲਾਹਿਆ ਜਾ ਰਿਹਾ ਹੈ। ਇਮਾਨਦਾਰੀ ਨਾਲ ਆਪਣਾ ਕੰਮ ਕਰਨ ਵਾਲੇ ਹੋਰ ਅਧਿਕਾਰੀ ਵੀ ਹੋਣਗੇ ਪਰ ਅੰਮ੍ਰਿਤਸਰ ਵਿਚ ਸਾਕਸ਼ੀ ਸਾਹਨੀ ਨਾਮ ਦੀ ਮਹਿਲਾ ਡੀਸੀ ਇਕ ਵੱਖਰੀ ਮਿਸਾਲ ਬਣਕੇ ਉਭਰੀ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹੜ ਮਾਰੇ ਲੋਕਾਂ ਦੀ ਮਦਦ ਲਈ ਉਹਨਾਂ ਵਿਚ ਜਾਣ ਅਤੇ ਹੜ ਦੇ ਪਾਣੀ ਵਿਚ ਉਤਰਨ ਦਾ ਜੋ ਹੌਸਲਾ ਵਿਖਾਇਆ, ਉਹਨਾਂ ਵਿਚ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੇ ਕੰਮ ਕਾਰ ਦਾ ਤਰੀਕਾ ਦੂਸਰਿਆਂ ਨਾਲੋਂ ਅਲਗ ਦਿਖਾਈ ਦਿੱਤਾ ਹੈ। ਉਸ ਵਲੋਂ ਹੜਪੀੜਤਾਂ ਲੋਕਾਂ ਵਿਚ ਜਾਕੇ ਬੰਨਾਂ ਤੇ ਦਿਨ ਰਾਤ ਚਲਦੇ ਟਰੈਕਟਰਾਂ ਲਈ ਡੀਜਲ ਤੇ ਹੋਰ ਪ੍ਰਬੰਧਾਂ ਲਈ ਨਗਦ ਰਾਸ਼ੀ ਦੇ ਕੇ  ਮੌਕੇ ਤੇ ਮਦਦ ਕਰਨ ਅਤੇ ਹੜ ਰੋਕੂ ਪ੍ਰਬੰਧਾਂ ਬਾਰੇ ਕੀਤੀਆਂ ਜਾ ਰਹੀਆਂ ਟਿਪਣੀਆਂ ਨਾਲ ਸੋਸ਼ਲ ਮੀਡੀਆ ਭਰਿਆ ਪਿਆ ਹੈ। ਸਿਆਸੀ ਵਿਰੋਧੀਆਂ ਦੇ ਟਰੋਲ ਜਾਂ ਨੁਕਤਾਚੀਨੀ ਕੁਝ ਵੀ ਹੋਵੇ,ਪਰ ਇਸ ਸਭ ਤੋਂ ਉਪਰ ਸੁਖਬੀਰ ਬਾਦਲ ਜਿਸਨੂੰ ਕੁਝ ਸਮਾਂ ਪਹਿਲਾਂ ਜੱਟ ਕਿਸਾਨੀ ਦੇ ਸਭ ਤੋਂ ਵੱਧ ਰੋਸ ਦਾ ਸ਼ਿਕਾਰ ਹੋਣਾ ਪਿਆ, ਹੜਾਂ ਵਿਚ ਲੋਕਾਂ ਦੀ ਤੁਰੰਤ ਮਦਦ, ਉਸਨੂੰ ਇਕ ਧਰਾਤਲ ਤੇ ਕੰਮ ਕਰਨ ਵਾਲੇ ਆਗੂ ਵਜੋਂ ਉਭਾਰ ਰਹੀ ਹੈ।

ਇਸ ਦੌਰਾਨ ਇਹਨਾਂ ਹੜਾਂ ਦੀ ਭਿਆਨਕਤਾ ਨੂੰ ਲੈਕੇ ਸਿਆਸੀ ਦੂਸ਼ਣਬਾਜੀ ਵੀ ਸਿਖਰ ਤੇ ਹੈ। ਕੇਂਦਰੀ ਖੇਤੀ ਮੰਤਰੀ ਵਲੋਂ ਪੰਜਾਬ ਦੇ ਹੜ ਮਾਰੇ ਖੇਤਰਾਂ ਦੇ ਦੌਰੇ ਉਪਰੰਤ ਹੜਾਂ ਲਈ ਗੈਰ ਕਨੂੰਨੀ ਮਾਈਨਿੰਗ ਨੂੰ ਜਿੰਮੇਵਾਰ ਹੋਣ ਦੇ ਦਾਅਵੇ ਨੇ ਪੰਜਾਬ ਵਿਚ ਰਾਜ ਕਰ ਰਹੀ ਧਿਰ ਉਪਰ ਕਈ ਸਵਾਲ ਖੜੇ ਕੀਤੇ ਹਨ। ਹੜਾਂ ਲਈ ਪਿਛਲੇ ਸਮੇਂ ਵਿਚ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ ਅਤੇ ਹੜ ਪ੍ਰਬੰਧਨ ਫੰਡਾਂ ਦੀ ਵਰਤੋਂ ਉਪਰ ਕਈ ਸਵਾਲ ਹਨ। ਸਰਕਾਰੀ ਕਾਗਜਾਂ ਵਿਚ ਤਾਂ ਹਰ ਸਾਲ ਦੀ ਤਰਾਂ ਦਰਿਆਵਾਂ ਦੇ ਬੰਨਾਂ ਦੀ ਮਜ਼ਬੂਤੀ ਅਤੇ ਨਹਿਰਾਂ ਦੀ ਸਫਾਈ ਹੋਣ ਦੇ ਬਾਵਜੂਦ ਹੜਾਂ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਹਲ ਦਿੱਤੀ ਹੈ। ਵਿਰੋਧੀਆਂ ਦੇ ਦੋਸ਼ ਹਨ ਕਿ ਸਰਕਾਰ ਨੇ ਹੜ ਪ੍ਰਬੰਧਨ ਫੰਡਾਂ ਦੀ ਵਰਤੋਂ ਕਿਸੇ ਹੋਰ ਮਕਸਦ ਲਈ ਕਰਦਿਆਂ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਹੁਣ ਵੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ, ਇਥੋ ਤੱਕ ਕਿ ਪਾਰਟੀ ਸੁਪਰੀਮੋ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਕੇਵਲ ਜੁਬਾਨੀ ਹੌਸਲਾ ਦੇਣ ਅਤੇ ਨੁਕਸਾਨ ਦਾ ਉਚਿਤ ਮੁਆਵਜਾ ਦੇਣ ਦੇ ਐਲਾਨਾਂ ਤੋਂ ਸਿਵਾਏ ਮੌਕੇ ਤੇ ਤੁਰੰਤ ਕੋਈ ਸਹਾਇਤਾ ਦੇਣ ਵਾਲੀ ਘਟਨਾ ਲੋਕ ਚਰਚਾ ਦਾ ਹਿੱਸਾ ਨਹੀ ਬਣੀ। ਉਲਟਾ ਕੇਜਰੀਵਾਲ ਵਲੋਂ ਹੜਪੀੜਤਾਂ ਲਈ ਖੁੱਲਕੇ ਦਾਨ ਕਰਨ ਦੀਆਂ ਅਪੀਲਾਂ ਸਿਆਸੀ ਮਜ਼ਾਕ ਬਣ ਰਹੀਆਂ ਹਨ। 

ਸਿਆਸੀ ਪਾਰਟੀਆਂ ਤੇ ਉਸਦੇ ਆਗੂਆਂ ਵਲੋਂ ਆਪੋ ਆਪਣੇ ਸਿਆਸੀ ਮੁਫਾਦਾਂ ਦੀ ਭਾਲ ਹਿੱਤ, ਕਈ ਤਰਾਂ ਦੀ ਦੂਸ਼ਣਬਾਜੀ ਚਲਦੀ ਰਹੇਗੀ ਪਰ ਇਸ ਸਮੇਂ ਸਭ ਤੋਂ ਪਹਿਲਾ ਬਚਾਓ ਕਾਰਜਾਂ ਦੇ ਨਾਲ ਹੋਰ ਨੁਕਸਾਨ ਨੂੰ ਰੋਕਣਾ ਅਤੇ ਪੀੜਤਾਂ ਦੀ ਤੁਰੰਤ ਸਹਾਇਤਾ ਮੁੱਖ ਮੁੱਦਾ ਹੈ। ਬਾਰਿਸ਼ਾਂ ਦੇ ਥੰਮਣ ਅਤੇ ਹੜਾਂ ਦੇ ਪਾਣੀ ਦਾ ਪੱਧਰ ਘਟਣ ਉਪਰੰਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਅਤੇ ਕਿਸੇ ਅਣਕਿਆਸੀ ਮਹਾਂਮਾਰੀ ਤੋਂ ਬਚਾਅ ਲਈ ਤੁਰੰਤ ਉਠਾਏ ਜਾਣ ਵਾਲੇ ਕਦਮਾਂ ਅਤੇ ਉਪਾਵਾਂ ਦੀ ਲੋੜ ਹੈ। ਸਰਕਾਰਾਂ ਅਤੇ ਵੋਟ ਰਾਜਨੀਤੀ ਕਰਨ ਵਾਲੀਆਂ ਧਿਰਾਂ ਲਈ ਦਰਿਆਵਾਂ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਨੂੰ ਹਰ ਵਾਰ ਹੜਾਂ ਦੀ ਮਾਰ ਤੋਂ ਬਚਾਉਣ ਲਈ ਠੋਸ ਯੋਜਨਾਬੰਦੀ ਦੇ ਨਾਲ ਹੜਾਂ ਵਾਲੇ ਸੰਭਾਵੀ ਖੇਤਰਾਂ ਦੀ ਪਹਿਚਾਣ ਅਤੇ ਉਹਨਾਂ ਥਾਵਾਂ ਤੇ ਪੱਕੀਆਂ ਰਿਹਾਇਸ਼ਾਂ ਬਣਾਉਣ ਤੇ ਪਾਬੰਦੀ ਲਈ ਸਖਤ ਕਨੂੰਨੀ ਨਿਯਮ ਵੀ ਧਿਆਨ ਦੀ ਮੰਗ ਕਰਦੇ ਹਨ।

ਖਬਰ ਹੈ ਕਿ ਹੜ ਮਾਰੇ ਖੇਤਰ ਵਿਚ ਜ਼ਮੀਨ ਤੇ ਬੈਠਕੇ, ਹੱਥ ਤੇ ਰੋਟੀ ਰੱਖਕੇ ਖਾਣ ਤੇ ‘ਗੰਦਾ’ ਪਾਣੀ ਪੀਣ ਨਾਲ  ਮੁੱਖ ਮੰਤਰੀ ਬੀਮਾਰ ਹੋ ਗਏ ਹਨ। ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ।  ਦੁਆ ਕਰੋ ਉਹ ਜਲਦੀ ਤੰਦਰੁਸਤ ਹੋਕੇ ਹੜ ਪ੍ਰਭਾਵਿਤ ਲੋਕਾਂ ਵਿਚ ਪਰਤਣ ਤੇ ਆਪਣੇ ਹਰੇ ਪੈਨ ਨਾਲ ਕਿਸੇ ਵੱਡੀ ਰਾਹਤ ਦੇ ਐਲਾਨ ਉਪਰ ਸਹੀ ਪਾਉਣ…..