Apr 23, 2026

ਸਰੀ – ਬੀਤੇ ਐਤਵਾਰ ਸਰੀ ਦੇ ਇੰਪਾਇਰ ਬੈਂਕੁਇਟ ਹਾਲ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜੋ ਪੰਜਾਬੀ ਕਾਮੇਡੀ ਅਤੇ ਅਕਾਦਮਿਕ ਜਗਤ ਦੇ ਮਹਾਨ ਹਸਤੀ ਡਾ. ਜਸਵਿੰਦਰ ਭੱਲਾ ਦੀ ਯਾਦ ਨੂੰ ਸਮਰਪਿਤ ਸੀ। ਡਾ. ਭੱਲਾ ਦਾ 22 ਅਗਸਤ 2025 ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ।

ਇਹ ਸਮਾਗਮ ਪੀ ਏ ਯੂ  ਫੈਮਿਲੀ ਐਸੋਸੀਏਸ਼ਨ ਵੈਂਕੂਵਰ ਵੱਲੋਂ ਡਾ. ਗੁਲਜ਼ਾਰ ਸਿੰਘ ਵਿਲਿੰਗ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਭੱਲਾ ਸਾਹਿਬ ਦੇ ਦੋਸਤਾਂ, ਕਲਾਕਾਰਾਂ ਅਤੇ ਕਈ ਹੋਰ ਪੰਜਾਬੀ ਪਿਆਰਿਆਂ ਨੇ ਭਾਗ ਲਿਆ। ਹਰ ਕੋਈ ਉਹਨਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਅਤੇ ਕਹਾਣੀਆਂ ਸਾਂਝੀਆਂ ਕਰਦਾ ਦਿਖਾਈ ਦਿੱਤਾ।
ਡਾ. ਜਸਵਿੰਦਰ ਭੱਲਾ ਸਿਰਫ਼ ਮਜ਼ਾਹੀਆ  ਕਲਾਕਾਰ ਹੀ ਨਹੀਂ ਸਗੋਂ ਇੱਕ ਵਿਦਵਾਨ ਅਕਾਦਮਿਕ ਵੀ ਸਨ। ਉਹਨਾਂ ਨੇ ਆਪਣੀ ਪੜ੍ਹਾਈ ਪੰਜਾਬ ਐਗ੍ਰਿਕਲਚਰਲ ਯੂਨੀਵਰਸਿਟੀ (ਲੁਧਿਆਣਾ) ਤੋਂ ਕੀਤੀ ਅਤੇ ਬਾਅਦ ਵਿੱਚ ਐਕਸਟੈਂਸ਼ਨ ਐਜੂਕੇਸ਼ਨ ਵਿੱਚ ਪੀਐਚ.ਡੀ. ਹਾਸਲ ਕੀਤੀ। 1989 ਵਿੱਚ ਉਹ ਪੀ.ਏ.ਯੂ. ਵਿੱਚ ਅਸਿਸਟੈਂਟ ਪ੍ਰੋਫੈਸਰ ਬਣੇ ਅਤੇ ਰਿਟਾਇਰਮੈਂਟ ਤੱਕ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਦੇ ਮੁਖੀ ਰਹੇ। ਉਹਨਾਂ ਨੇ ਖੇਤੀਬਾੜੀ ਨਾਲ ਜੁੜੇ ਵਿਸ਼ਿਆਂ ਨੂੰ ਆਸਾਨ ਤੇ ਹਾਸ ਵਿਅੰਗ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ।

1988 ਵਿੱਚ ਜਦੋਂ ਉਹਨਾਂ ਨੇ ਆਪਣੀ ਮਸ਼ਹੂਰ ਹਾਸੇ-ਵਿਅੰਗੀ ਸੀਰੀਜ਼ ਛਣਕਾਟਾ  ਦੀ ਸ਼ੁਰੂਆਤ ਕੀਤੀ, ਤਾਂ ਉਹਨਾਂ ਨੇ ਪੰਜਾਬੀ ਮਨੋਰੰਜਨ ਜਗਤ ਵਿੱਚ ਇੱਕ ਨਵੀਂ ਦਿਸ਼ਾ ਦਿੱਤੀ। ਚਾਚਾ ਚਤਰ ਸਿੰਘ ਵਰਗੇ ਕਿਰਦਾਰ ਘਰ-ਘਰ ਵਿੱਚ ਮਸ਼ਹੂਰ ਹੋਏ। ਬਾਅਦ ਵਿੱਚ ਉਹਨਾਂ ਨੇ ਮਾਹੌਲ ਠੀਕ ਹੈ, ਜੱਟ ਐਂਡ ਜੂਲੀਅਟ, ਕੈਰੀ ਆਨ ਜੱਟਾ, ਸਰਦਾਰ ਜੀ ਵਰਗੀਆਂ ਫ਼ਿਲਮਾਂ ਵਿੱਚ ਆਪਣਾ ਵਿਲੱਖਣ ਕਾਮੇਡੀ ਅੰਦਾਜ਼ ਪੇਸ਼ ਕੀਤਾ। ਉਹਨਾਂ ਦਾ “ਕਾਲਾ ਕੋਟ” ਵਾਲਾ ਕਿਰਦਾਰ ਪੰਜਾਬੀ ਸਿਨੇਮਾ ਦੀ ਇਤਿਹਾਸਕ ਪਹਚਾਣ ਬਣ ਗਿਆ।

ਸਮਾਗਮ ਵਿੱਚ ਬੋਲਣ ਵਾਲਿਆਂ ਨੇ ਕਿਹਾ ਕਿ ਡਾ. ਭੱਲਾ ਨੇ ਸਿਰਫ਼ ਹਾਸੇ ਰਾਹੀਂ ਹੀ ਨਹੀਂ ਸਗੋਂ ਸਮਾਜਿਕ ਮੁੱਦਿਆਂ ’ਤੇ ਵੀ ਬੋਲਣ ਦਾ ਸਾਹਸ ਕੀਤਾ। ਉਹਨਾਂ ਦਾ ਵਿਅੰਗ ਸਮਾਜ ਵਿੱਚ ਸੋਚ ਪੈਦਾ ਕਰਦਾ ਸੀ। ਉਹ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸੰਭਾਲਣ ਲਈ ਹਮੇਸ਼ਾਂ ਜ਼ੋਰ ਦਿੰਦੇ ਰਹੇ। ਸਮਾਗਮ ਦੌਰਾਨ ਕਈ ਸੱਜਣਾਂ ਨੇ ਉਹਨਾਂ ਨਾਲ ਜੁੜੀਆਂ ਹਾਸੇ ਭਰੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਜਿਸ ਨਾਲ ਹਾਲ ਵਿੱਚ ਬੈਠੇ ਲੋਕ ਹੱਸਦੇ ਵੀ ਰਹੇ ਅਤੇ ਅੱਖਾਂ ਵਿੱਚ ਨਮੀ ਵੀ ਮਹਿਸੂਸ ਕਰਦੇ ਰਹੇ।