-ਹਰਚਰਨ ਸਿੰਘ ਪਰਿਹਾਰ—
ਸਿੱਖਾਂ ਨੂੰ ਇੱਕ ਵਿਸ਼ੇਸ਼ ਧਾਰਮਿਕ ਫਿਰਕੇ ਵਾਂਗ ਦੇਖਣ ਦੀ ਸ਼ੁਰੂਆਤ ਬਰਤਾਨਵੀ ਰਾਜ ਵਿੱਚ ਹੀ ਹੋਈ ਸੀ। ਉਸ ਤੋਂ ਪਹਿਲਾਂ ਸਿੱਖਾਂ ਨੂੰ ਨਾਨਕਪੰਥੀ ਕਿਹਾ ਜਾਂਦਾ ਸੀ। ਜਿਸ ਵਿਚਲੇ ਸ਼ਸਤਰਧਾਰੀ ਗਰੁੱਪ ਨੂੰ ਖਾਲਸੇ ਕਿਹਾ ਜਾਂਦਾ ਸੀ। ਸਿੱਖ ਧਰਮ ਅਤੇ ਸਿੱਖ ਕੌਮ ਆਦਿ ਸ਼ਬਦ ਪਿਛਲੀ ਸਦੀ ਵਿੱਚ ਹੀ ਸਿੰਘ ਸਭਾ ਰਾਹੀਂ ਪ੍ਰਚਲਤ ਹੋਏ। ਉਸੇ ਵਕਤ ਮਰਿਯਾਦਾ ਬਣਾ ਕੇ ਸ਼ਸਤਰਧਾਰੀ ਖਾਲਸੇ ਦੀ ਥਾਂ ਪੰਜ ਕਕਾਰੀ ਧਾਰਮਿਕ ਚਿੰਨ੍ਹਾਂ ਵਾਲ਼ਾ ਸਿੱਖ ਬਣਾਇਆ ਗਿਆ। ਜਿਸ ਵਿੱਚੋਂ ਨਾਨਕ ਪੰਥੀਆਂ ਨੂੰ ਹੌਲ਼ੀ ਹੌਲ਼ੀ ਬਾਹਰ ਕਰ ਦਿੱਤਾ ਗਿਆ ਅਤੇ ਅੱਜ ਨਾਨਕਪੰਥ ਸ਼ਬਦ ਕਿਤੇ ਨਹੀ ਵਰਤਿਆ ਜਾਂਦਾ।
ਜਦਕਿ ਸਿੱਖ ਸਿਰਫ ਸਿੱਖਣ ਵਾਲਿਆਂ ਦਾ ਨਾਂ ਸੀ ਤੇ ਸਿੱਖ ਹੋਣ ਦਾ ਮਤਲਬ ਸੀ, ਸਾਰੀ ਉਮਰ ਸਿੱਖਦੇ ਰਹਿਣਾ। ਗੁਰਬਾਣੀ ਵਿੱਚ ਧਰਮਾਂ ਦੇ ਨਾਮ ‘ਤੇ ਪ੍ਰਚੱਲਤ ਮਰਿਯਾਦਾਵਾਂ ਦਾ ਵਿਰੋਧ ਕੀਤਾ ਗਿਆ ਹੈ ਅਤੇ ਕਿਸੇ ਵੀ ਧਰਮ, ਫਿਰਕੇ, ਜਾਤ, ਕੌਮ ਦਾ ਵਿਅਕਤੀ ਨਾਨਕ ਪੰਥੀ ਸਿੱਖ ਬਣ ਸਕਦਾ ਸੀ। ਜੋ ਸਿਰਫ ਇਸ ਵਿਚਾਰਧਾਰਾ ਨੂੰ ਮੰਨਦਾ ਹੋਵੇ ਅਤੇ ਪੁਜਾਰੀਆਂ ਦੀਆਂ ਕਰਮਕਾਂਡੀ ਮਰਿਯਾਦਾਵਾਂ ਨੂੰ ਛੱਡ ਚੁੱਕਾ ਹੋਵੇ।
ਆਦਿ ਸ੍ਰੀ ਗ੍ਰੰਥ ਸਾਹਿਬ, ਜਿਸ ਨੂੰ ਬਾਦ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਦੇ ਕੇ ਸਿੱਖਾਂ ਦੇ ਗੁਰੂ ਹੋਣ ਵੱਜੋਂ ਸਤਿਕਾਰ ਦਿੱਤਾ ਜਾਣ ਲੱਗਿਆ, ਇਸ ਨੂੰ ਨਿਰੋਲ ਸਿੱਖਾਂ ਦਾ ਗੁਰੂ ਕਹਿ ਦੇਣਾ ਗੁਰਬਾਣੀ ਦਾ ਨਿਰਾਦਰ ਹੈ। ਇਹ ਸਾਰੀ ਮਨੁੱਖਤਾ ਦਾ ਸਰਬ ਸਾਂਝਾ ਗ੍ਰੰਥ ਸੀ, ਜਿਸ ਦੁਆਲ਼ੇ ਮਰਿਯਾਦਾਵਾਂ ਤੇ ਕਰਮਕਾਂਡਾਂ ਦਾ ਅਜਿਹਾ ਜਾਲ਼ ਬੁਣ ਦਿੱਤਾ ਗਿਆ ਕਿ ਇਸਦਾ ਪਾਠ ਕਰਨਾ ਵੀ ਪੰਜ ਕਕਾਰੀ ਸਿੱਖਾਂ ਤੱਕ ਸੀਮਤ ਕੀਤਾ ਜਾ ਰਿਹਾ ਹੈ। ਆਮ ਸਿੱਖਾਂ ਵਿੱਚ ਸਤਿਕਾਰ ਅਤੇ ਬੇਅਦਬੀ ਦੇ ਨਾਮ ਗੁਰਬਾਣੀ ਸੰਬੰਧੀ ਡਰ ਪੈਂਡਾ ਕੀਤਾ ਜਾ ਰਿਹਾ ਹੈ। ਉਹ ਦਿਨ ਬਹੁਤਾ ਦੂਰ ਨਹੀਂ, ਪੰਡਤਾਂ ਵਾਂਗ ਗੁਰਬਾਣੀ ਪੜ੍ਹਨ ਦਾ ਅਧਿਕਾਰ ਵੀ ਸਿੱਖਾਂ ਵਿੱਚ ਤਿਆਰ ਹੋ ਰਹੀ ਪਾਂਡਿਆਂ ਜਮਾਤ ਕੋਲ਼ ਹੀ ਰਹਿ ਜਾਵੇਗਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ ਤੋਂ ਬਿਨਾਂ ਜਿਹੜੇ ਹੋਰ ਸੰਤਾਂ ਭਗਤਾਂ ਦੀ ਬਾਣੀ ਸ਼ਾਮਿਲ ਕੀਤੀ ਗਈ ਹੈ, ਇਹ ਪੂਰੇ ਭਾਰਤ ਦਾ ਇੱਕ ਸਤਿਕਾਰ ਕੀਤੇ ਜਾਣ ਵਾਲਾ ਗ੍ਰੰਥ ਹੈ, ਇਸ ਨੇ ਹੁਣ ਤੱਕ ਸੀ ਸਾਰੀ ਭਗਤੀ ਲਹਿਰ ਨੂੰ ਆਪਣੇ ਅੰਦਰ ਸਮੋਹ ਕੇ ਰਖਿਆ ਹੋਇਆ ਹੈ ਤੇ ਇਸ ਚੋਂ ਹਰੇਕ ਨੂੰ ਆਪਣੇ ਧਾਰਮਿਕ ਅਕੀਦੇ ਦੈ ਖੁਲ੍ਹੇ ਦਰਸ਼ਨ ਦੀਦਾਰੇ ਮਿਲਦੇ ਹਨ। ਇਹ ਸਾਰਿਆਂ ਦਾ ਸਾਂਝਾ ਹੈ। ਇਹ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਭਰਦਾ ਹੈ। ਇਹ ਸਰਬ ਸਾਂਝਾ ਗ੍ਰੰਥ ਸਾਰੇ ਭਾਰਤੀਆਂ ਦਾ ਹੀ ਨਹੀਂ, ਸਾਰੀ ਮਨੁੱਖਤਾ ਦਾ ਸਾਂਝਾ ਧਾਰਮਿਕ ਗ੍ਰੰਥ ਹੈ, ਜਿਸ ਵਿੱਚ ਭਾਰਤ ਦੇ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ, ਭਗਤਾਂ ਦੇ ਸਦੀਆਂ ਦੇ ਅਧਿਆਤਮਿਕ ਅਨੁਭਵ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਗਿਆ ਹੈ।
ਕੁਝ ਕੱਟੜਪੰਥੀ ਲੋਕਾਂ ਦੇ ਦਬਾਅ ਹੇਠ ਬਾਕੀ ਭਾਰਤੀਆਂ ਅਤੇ ਨਾਨਕਪੰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ‘ਤੇ ਆਪਣਾ ਹੱਕ ਨਹੀਂ ਛੱਡਣਾ ਚਾਹੀਦਾ। ਆਮ ਲੋਕਾਂ ਚੋਂ ਉਠ ਕੇ ਨੀਚਾਂ ਸੰਗ ਖੜਨ ਵਾਲ਼ੇ ਪਰਮ ਮਨੁੱਖ, ਗੁਰੂ ਨਾਨਕ, ਕਬੀਰ, ਫਰੀਦ, ਰਵੀਦਾਸ ਜੀ ਆਮ ਲੋਕਾਂ ਦੇ ਰਹਿਬਰ ਹਨ, ਉਹ ਕੱਟੜਪੰਥੀਆਂ, ਜਰਵਾਣਿਆਂ, ਪੰਡਤਾਂ, ਪੁਜਾਰੀਆਂ, ਮੁੱਲਾਂ, ਭਾਈਆਂ ਦੇ ਕੁਝ ਨੀ ਲੱਗਦੇ।
ਇਹ ਲੋਕ ਕਿਸ ਕਿਸ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਕਰਮਕਾਂਡੀ ਮਰਿਯਾਦਾਵਾਂ ਅਤੇ ਬੇਅਦਬੀ ਦੇ ਨਾਮ ‘ਤੇ ਤੋੜਨਗੇ? ਕੀ ਬੰਗਾਲ ਦੇ ਲੋਕਾਂ ਨੂੰ ਤੋੜਨਗੇ, ਜਿਥੋਂ ਦੇ ਸ਼੍ਰੋਮਣੀ ਭਗਤ ਜੈਦੇਵ, ਜੋ ਗੀਤ-ਗੋਬਿੰਦ ਦੇ ਰਚੈਤਾ ਹਨ, ਦੀ ਬਾਣੀ ਦਰਜ ਹੈ ਜਾਂ ਮਰਾਠੀ ਲੋਕਾਂ ਨੂੰ ਤੋੜਣਗੇ, ਜਿੱਥੋਂ ਦੇ ਭਗਤ ਨਾਮਦੇਵ ਦੀ ਬਾਣੀ ਦਰਜ ਹੈ।
ਇਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਭਗਤ ਰਾਮਾਨੰਦ, ਭਗਤ ਕਬੀਰ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ (ਕਰਨਾਟਕਾ) ਆਦਿ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ, ਉਹਨਾਂ ਦਾ ਵੀ ਇਸ ਵਿੱਚ ਉਤਨਾ ਹੀ ਹਿੱਸਾ ਹੈ, ਜਿੰਨਾ ਗੁਰੂ ਸਾਹਿਬਾਨ ਦਾ ਹੈ। ਇਸਦਾ ਭਾਵ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਪੂਰੇ ਭਾਰਤ ਦੇਸ਼ ਦਾ ਸਰਬ ਸਾਂਝਾ ਪਵਿੱਤਰ ਗ੍ਰੰਥ ਹੈ। ਇਹ ਹਿੰਦੂਆਂ ਸਿੱਖਾਂ ਦਾ ਹੀ ਸਾਂਝਾ ਗ੍ਰੰਥ ਨਹੀਂ, ਬਾਬਾ ਫਰੀਦ ਜੀ ਦੀ ਬਾਣੀ ਰਾਹੀਂ ਇਸਦੀ ਸਾਂਝ ਮੁਸਲਮਾਨਾਂ ਨਾਲ਼ ਵੀ ਉਤਨੀ ਹੀ ਬਣ ਜਾਂਦੀ ਹੈ।
ਸੋ ਸਿੱਖਾਂ ਦੇ ਵੱਡੇ ਭਾਗ ਹਨ ਕਿ ਉਹ ਜਿਸਨੂੰ ਆਪਣਾ ਗੁਰੂ ਮੰਨਦੇ ਹਨ, ਉਹ ਸਿਰਫ ਉਹਨਾਂ ਦਾ ਹੀ ਨਹੀਂ, ਪੂਰੇ ਭਾਰਤ ਦਾ ਪਵਿਤਰ ਗ੍ਰੰਥ ਹੈ। ਇਸ ਲਈ ਸਿੱਖਾਂ ਦਾ ਨਾਤਾ ਕਿਸੇ ਤੋਂ ਤੋੜਿਆ ਨਹੀਂ ਜਾ ਸਕਦਾ। ਸਿੱਖ ਹੋਣਾ ਪੂਰੇ ਭਾਰਤ ਦਾ ਬਸ਼ਿੰਦਾ ਹੋਣਾ ਹੈ। ਗੁਰਬਾਣੀ ਦਾ ਇਲਾਹੀ ਸੰਦੇਸ਼ ਸਾਰੀ ਮਨੁੱਖਤਾ ਲਈ ਸਾਂਝਾ ਹੈ, ਸਾਰਾ ਵਿਸ਼ਵ ਹੀ ਸਾਡੀ ਸਭ ਦੀ ਧਰਤੀ ਹੈ।
ਚਾਹੀਦਾ ਤਾਂ ਇਹ ਸੀ ਕਿ ਸਿੱਖ ਹਰ ਉਸ ਥਾਂ ਨੂੰ ਅਪਣਾ ਲੈਂਦੇ, ਜਿਥੋਂ ਜਿੱਥੋਂ ਭਗਤਾਂ ਦੀ ਬਾਣੀ ਆਈ ਤੇ ਉਥੇ ਗੁਰੂ ਸਾਹਿਬਾਨ ਦੀ ਬਾਣੀ ਪੁਚਾ ਦਿੰਦੇ। ਉਨ੍ਹਾਂ ਲੋਕਾਂ ਨੂੰ ਦੱਸਦੇ ਕਿ ਇਹ ਸਿਰਫ ਸਾਡਾ ਨਹੀਂ, ਤੁਹਾਡੀ ਵੀ ਉਤਨਾ ਹੀ ਹੈ। ਤੁਹਾਡਾ ਵੀ ਇਸ ਉੱਪਰ ਉਤਨਾ ਹੀ ਹੱਕ ਹੈ। ਤੁਸੀ ਵੀ ਪੜ੍ਹੋ, ਬੇਸ਼ੱਕ ਆਪਣੇ ਘਰਾਂ ‘ਚ ਰੱਖੋ। ਅਸੀ ਪੰਜਾਬੀਅਤ ਨੇ ਜੇ ਆਪਣੀ ਮਰਜੀ ਨਾਲ਼ ਗੁਰੂ ਗ੍ਰੰਥ ਸਾਹਿਬ ਨਾਲ਼ ਕੋਈ ਮਨਮਤੀ ਮਰਿਯਾਦਾਵਾਂ ਬਣਾ ਲਈਆਂ ਹਨ, ਅਸੀ ਮੰਨੀਏ, ਪਰ ਦੂਜਿਆਂ ‘ਤੇ ਧੱਕੇ ਨਾਲ਼ ਨਾ ਥਾਪੀਏ? ਜਿਵੇਂ ਕਿ ਹੁਣ ਹੋ ਰਿਹਾ ਹੈ।
ਇਤਿਹਾਸਕਾਰ ਸਚਾਈ ਇਹੀ ਹੈ ਕਿ ਗੁਰੂ ਸਾਹਿਬ ਨੇ ਸੰਪਾਦਨਾ ਕੀਤੀ, ਪਰ ਸਾਰੀਆਂ ਮਰਿਯਾਦਾਵਾਂ, ਕਰਮਕਾਂਡ ਸਮੇਂ ਦੇ ਨਾਲ਼ ਘੜੇ ਗਏ ਜਾਂ ਅਸੀਂ ਉਨ੍ਹਾਂ ਮੰਨ ਰਹੇ ਹਾਂ ਜੋ ਨਿਰਮਲਿਆਂ ਨੇ 1840 ਵਿੱਚ ਸਾਨੂੰ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਰਾਹੀਂ ਦਿੱਤੇ ਸਨ। ਇਹ ਸਾਰੇ ਉਹ ਸਨ, ਜਿਹੜੇ ਗੁਰੂ ਹਰਿਗੋਬਿੰਦ ਸਾਹਿਬ ਦੇ ਅੰਮ੍ਰਿਤਸਰ ਛੱਡਣ ਬਾਅਦ ਕਬਜ਼ਾ ਕਰਨ ਵਾਲ਼ੇ ਗੁਰੂ ਘਰ ਦੇ ਵਿਰੋਧੀ ਪ੍ਰਿਥੀ ਚੰਦੀਆਂ, ਧੀਰਮੱਲੀਆਂ, ਰਾਮਰਾਈਆਂ ਅਤੇ ਬਾਅਦ ‘ਚ ਮਹੰਤਾਂ ਨਿਰਮਲਿਆਂ ਨੇ ਪ੍ਰਚੱਲਤ ਕੀਤੇ ਸਨ।
ਆਓ! ਮਨੁੱਖਤਾ ਦੇ ਇਸ ਸਰਬ ਸਾਂਝੇ ਗ੍ਰੰਥ ਦੁਆਲ਼ੇ ਸਿਰਜੀਆਂ ਮਰਿਯਾਦਾ ਤੇ ਕਰਮਕਾਂਡਾਂ ਦੀਆਂ ਦੀਵਾਰਾਂ ਤੋੜ ਕੇ ਇਸਨੂੰ ਸਾਰੀ ਮਨੁੱਖਤਾ ਦਾ ਰਹਿਬਰ ਬਣਾਈਏ। ਸਾਰੀ ਦੁਨੀਆਂ ਦਾ ਸਰਬ ਸਾਂਝਾ ਗ੍ਰੰਥ ਬਣਾਈਏ!
