Mar 7, 2026

ਸੁਖਵਿੰਦਰ ਸਿੰਘ ਚੋਹਲਾ—-

ਪਿਛਲੇ ਦਿਨੀਂ ਹੁਸ਼ਿਆਰਪੁਰ ਵਿਚ ਇਕ ਪਰਵਾਸੀ ਮਜਦੂਰ ਵਲੋਂ ਇਕ ਬੱਚੇ ਨਾਲ ਬਦਫੈਲੀ ਪਿੱਛੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਦੁਖਦਾਈ ਖਬਰ ਨੇ ਪੂਰੇ ਪੰਜਾਬੀ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੁਲਿਸ ਵਲੋਂ ਅਪਰਾਧੀ ਨੂੰ ਪਕੜ ਲੈਣ ਦੇ ਬਾਵਜੂਦ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਪਰਵਾਸੀ ਮਜ਼ਦੂਰਾਂ ਖਿਲਾਫ ਉਠੀ ਇਕ ਜਾਤੀ ਨਫਰਤ ਨੇ ਪੂਰੇ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਲੱਗਦਾ ਹੈ। ਹਰ ਕਸਬੇ ਅਤੇ ਸ਼ਹਿਰ ਵਿਚ ”ਪਰਵਾਸੀ ਭਜਾਓ ਤੇ ਪੰਜਾਬ ਬਚਾਓ” ਦੇ ਨਾਅਰਿਆਂ ਨਾਲ ਕੀਤੇ ਜਾ ਰਹੇ ਰੋਸ ਵਿਖਾਵੇ ਅਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਕੀਤੇ ਜਾ ਰਹੇ ਇਕੱਠ ਅਤੇ ਪਰਵਾਸੀਆਂ ਦੇ ਸਮਾਜਿਕ ਬਾਈਕਾਟ ਦੇ ਮਤੇ ਸਥਿਤੀ ਨੂੰ ਹੋਰ ਵੀ ਗੰਭੀਰ ਅਤੇ ਚਿੰਤਾਜਨਕ ਬਣਾਉਣ ਵਾਲੇ ਹਨ। ਖਬਰਾਂ ਹਨ ਕਿ ਹੁਸ਼ਿਆਰਪੁਰ, ਬਠਿੰਡਾ ਅਤੇ ਬਰਨਾਲਾ ਵਿੱਚ ਘੱਟੋ-ਘੱਟ 40 ਪਿੰਡ ਦੀਆਂ ਪੰਚਾਇਤਾਂ ਨੇ ਇਸ ਤਰ੍ਹਾਂ ਦੇ ਮਤੇ ਪਾਸ ਕੀਤੇ ਹਨ, ਜਿਨ੍ਹਾਂ ਵਿੱਚ ਮੰਗ ਕੀਤੀ ਗਈ ਕਿ ਪਰਵਾਸੀ ਮਜ਼ਦੂਰਾਂ ਨੂੰ ਪਿੰਡਾਂ ਦੀਆਂ ਹੱਦਾਂ ਦੇ ਬਾਹਰ ਕੱਢਿਆ ਜਾਵੇ। ਕੁਝ ਮਤਿਆਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਪਤੇ ਦੀ ਵਰਤੋਂ ਕਰਕੇ ਵੋਟਰ ਜਾਂ ਆਧਾਰ ਕਾਰਡ ਪ੍ਰਾਪਤ ਕਰਨ ਜਾਂ ਸਿਰਫ਼ ਪੰਜਾਬ ਦੇ ਵਸਨੀਕਾਂ ਲਈ ਬਣਾਈ ਗਈ ਕਿਸੇ ਵੀ ਸਰਕਾਰੀ ਯੋਜਨਾ ਤੱਕ ਪਹੁੰਚ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਕਸਬਿਆਂ ਅਤੇ ਸ਼ਹਿਰਾਂ ਵਿਚ ਪਰਵਾਸੀ ਮਜ਼ਦੂਰਾਂ ਖਿਲਾਫ ਇਸ ਨਫਰਤੀ ਲਹਿਰ ਅਤੇ ਤਣਾਅ ਭਰੀ ਸਥਿਤੀ ਦਰਮਿਆਨ, ਹੁਸ਼ਿਆਰਪੁਰ, ਬਠਿੰਡਾ, ਸਮਰਾਲਾ, ਆਨੰਦਪੁਰ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਬਲਾਚੌਰ ਵਿੱਚ ਸਥਾਨਕ ਨਿਵਾਸੀਆਂ ਅਤੇ ਸਬਜ਼ੀ ਮੰਡੀਆਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨਾਲ ਝੜਪਾਂ ਦੀਆਂ ਵੀ ਖਬਰਾਂ ਹਨ। ਅਜਿਹੀ ਸਥਿਤੀ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਸਾਵਧਾਨੀ ਵਜੋਂ ਜਿਲਾ ਕਪੂਰਥਲਾ, ਬਠਿੰਡਾ ਅਤੇ ਪਠਾਨਕੋਟ ਵਿਚ ਪੁਲਿਸ ਫਲੈਗ ਮਾਰਚ ਵੀ  ਕੱਢੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀ ਮਜ਼ਦੂਰਾਂ ਖਿਲਾਫ ਰੋਸ ਵਿਖਾਵਿਆਂ ਤੇ ਚਿੰਤਾ ਪ੍ਰਗਟ ਕਰਦਿਆਂ  ਹੁਸ਼ਿਆਰਪੁਰ ਕੇਸ ਦੇ ਮਾਮਲੇ ਵਿੱਚ, ਕਾਨੂੰਨ ਵਲੋਂ ਆਪਣਾ ਕੰਮ ਕਰਨ ਅਤੇ  ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦਾ ਵਿਸ਼ਵਾਸ ਦਿੰਦਿਆਂ ਇਹ ਸਪੱਸ਼ਟ ਕੀਤਾ ਹੈ ਜੋ ਲੋਕ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਚੋ ਕੱਢਣ ਦੀ ਮੰਗ ਕਰ ਰਹੇ ਹਨ, ਉਹਨਾਂ ਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ  ਪੰਜਾਬੀ ਵੀ ਦੂਸਰੇ ਸੂਬਿਆਂ ਵਿਚ ਵੱਡੀ ਗਿਣਤੀ ਵਿਚ ਆਬਾਦ ਹਨ। ਅਗਰ ਕੋਈ ਉਹਨਾਂ ਨੂੰ ਉਹਨਾਂ ਸੂਬਿਆਂ ਚੋਂ ਕੱਢਣ ਦੀ ਗੱਲ ਕਰੇਗਾ ਤਾਂ ਅਸੀ ਕੀ ਕਰਾਂਗੇ ? ਮੁੱਖ ਮੰਤਰੀ ਦੇ ਇਸ ਬਿਆਨ ਨੂੰ ਸਮਝਿਆ ਜਾ ਸਕਦਾ ਹੈ ਕਿ ਉਹ ਪਰਵਾਸੀ ਮਜ਼ਦੂਰਾਂ ਖਿਲਾਫ ਉਠੀ ਇਸ ਨਫਰਤੀ ਲਹਿਰ ਨਾਲ ਕੋਈ ਵੀ ਸਖਤੀ ਵਰਤਣ ਦੀ ਬਿਜਾਏ ਰਾਜਸੀ ਨੁਕਤਾ ਨਿਗਾਹ ਮੁਤਾਬਿਕ ਬਿਆਨ ਦੇਣ ਲਈ ਮਜ਼ਬੂਰ ਹਨ। ਜਦੋਂਕਿ ਸੱਚਾਈ ਇਹ ਹੈ ਕਿ ਪੰਜਾਬ ਵਿਚ ਕੁਝ ਸਿਆਸੀ ਅਤੇ ਧਾਰਮਿਕ ਧਿਰਾਂ ਅਜਿਹੀਆਂ ਹਨ ਜੋ ਪੰਜਾਬ ਦੇ ਹਿੱਤਾਂ ਦੇ ਪਰਦੇ ਹੇਠ ਪੰਜਾਬੀ ਤੇ ਗੈਰ ਪੰਜਾਬੀਆਂ ਦਾ ਮੁੱਦਾ ਅਕਸਰ ਉਭਾਰਦੀਆਂ ਹਨ। ਸਮੇਂ ਦੀਆਂ ਕੇਂਦਰ ਸਰਕਾਰਾਂ ਵਲੋਂ ਪੰਜਾਬ ਨਾਲ ਵਿਤਕਰੇ ਅਤੇ ਮਤਰੇਵੇ ਸਲੂਕ ਦੀਆਂ ਕਈ ਉਦਾਹਰਣਾਂ ਪੇਸ਼ ਕਰਦਿਆਂ ਇਹ ਧਿਰਾਂ ਗੈਰ ਪੰਜਾਬੀਆਂ ਲਈ ਸਖਤ ਕਨੂੰਨ ਬਣਾਉਣ ਦੀ ਮੰਗ ਕਰਦੀਆਂ ਹਨ। ਸਿਆਸੀ ਵਿਰੋਧੀ ਆਗੂਆਂ ਵੱਲੋਂ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਾਂਗ ਕਾਨੂੰਨ ਬਣਾਉਣ ਦੀ ਆਪਣੀ ਮੰਗ ਕਰਦਿਆਂ ਪ੍ਰਵਾਸੀਆਂ ਨੂੰ ਜ਼ਮੀਨ ਦੇ ਮਾਲਕ, ਵੋਟਰ ਬਣਨ ਜਾਂ ਸਰਕਾਰੀ ਨੌਕਰੀਆਂ ਤੋਂ ਦੂਰ ਰੱਖੇ ਜਾਣ ਉਪਰ ਜੋਰ ਦਿੱਤਾ ਜਾਂਦਾ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ  ਤਾਂ ਜਨਵਰੀ 2023 ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਪ੍ਰਾਈਵੇਟ ਮੈਂਬਰ ਬਿੱਲ ਪਹਿਲਾਂ ਹੀ ਪੇਸ਼ ਕਰ ਚੁੱਕੇ ਹਨ , ਜਿਸ ਵਿੱਚ ਪੰਜਾਬ ਲਈ ਅਜਿਹੀ ਕਾਨੂੰਨੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਲੰਬਾ ਸਮਾਂ  ਸੱਤਾ ਵਿਚ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਜਨਤਕ ਤੌਰ ਤੇ ਇਹ ਐਲਾਨ ਕਰਦੇ ਹਨ ਕਿ ਅਗਰ ਅਕਾਲੀ ਮੁੜ ਸੱਤਾ ਵਿੱਚ ਆਉਂਦੇ ਹਨ, ਤਾਂ ਸਰਕਾਰੀ ਨੌਕਰੀਆਂ ਸਿਰਫ਼ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ, ਜ਼ਮੀਨਾਂ ਖਰਦੀਣ ਤੇ ਰੋਕ ਹੋਵੇਗੀ ਅਤੇ ਉਹ ਇਹ ਯਕੀਨੀ ਵੀ ਬਣਾਉਣਗੇ ਕਿ ਪ੍ਰਾਈਵੇਟ ਕੰਪਨੀਆਂ ਵੀ 80 ਪ੍ਰਤੀਸ਼ਤ ਪੰਜਾਬੀ ਕਰਮਚਾਰੀਆਂ ਦੀ ਭਰਤੀ ਕਰਨ। ਸਿਆਸੀ ਆਗੂਆਂ ਵਲੋਂ ਅਜਿਹੀ ਬਿਆਨਬਾਜੀ ਪਰਵਾਸੀਆਂ ਖਿਲਾਫ ਇਕ ਜਾਤੀ ਨਫਰਤ ਵਾਲਾ ਮਾਹੌਲ ਪੈਦਾ ਕਰਨ ਵਿਚ ਸਹਾਈ ਹੁੰਦੀ ਹੈ। ਉਂਜ ਇਹ ਵੀ ਨਹੀ ਕਿ ਸਰਕਾਰ ਜਾਂ ਸਿਆਸੀ ਆਗੂ ਇਹ ਨਹੀ ਜਾਣਦੇ ਕਿ ਪਰਵਾਸੀ ਮਜ਼ਦੂਰਾਂ ਦਾ ਪੰਜਾਬ ਦੀ ਆਰਥਿਕਤਾ ਵਿਚ ਕੀ ਯੋਗਦਾਨ ਹੈ। ਅੰਕੜੇ ਬੋਲਦੇ ਹਨ ਕਿ ਇਸ ਸਮੇਂ ਪੰਜਾਬ ਵਿਚ ਲਗਪਗ 25 ਲੱਖ ਤੋਂ ਉਪਰ ਪਰਵਾਸੀ ਮਜ਼ਦੂਰ ਖੇਤਾਂ, ਫੈਕਟਰੀਆਂ ਅਤੇ ਹੋਰ ਵਪਾਰਕ ਤੇ ਸਨਅਤੀ ਅਦਾਰਿਆਂ ਵਿਚ ਕੰਮ ਕਰਦੇ ਹਨ। ਇਕੱਲੇ ਲੁਧਿਆਣਾ ਸ਼ਹਿਰ ਦੀ ਸਨਅਤ ਵਿਚ 8 ਲੱਖ ਤੋਂ ਉਪਰ ਪਰਵਾਸੀ ਹਨ। ਜੇ ਪੰਜਾਬ ਦੀਆਂ ਸਨਅਤਾਂ ਵਿਚ ਗੈਰ ਮੁਹਾਰਤ ਵਾਲੇ ਪਰਵਾਸੀ ਮਜਦੂਰ ਕੰਮ ਕਰ ਰਹੇ ਹਨ ਤਾਂ ਪੰਜਾਬ ਦੀ ਖੇਤੀ ਵਿਚ ਵੀ ਸੀਜਨਲ ਕਾਮਿਆਂ ਤੋਂ ਬਿਨਾਂ ਕੋਈ ਚਾਰਾ ਨਹੀਂ। ਪਰਵਾਸੀ ਮਜਦੂਰਾਂ ਦੀ  ਪੰਜਾਬ ਦੀ ਸਨਅਤ ਅਤੇ ਖੇਤੀ  ਵਿਚ ਭੂਮਿਕਾ ਨੂੰ ਕਦੇ ਵੀ ਛੁਟਿਆਇਆ ਨਹੀਂ ਜਾ ਸਕਦਾ।

ਪਰਵਾਸੀ ਮਜਦੂਰਾਂ ਖਿਲਾਫ ਤਾਜਾ ਨਫਰਤੀ ਲਹਿਰ ਨੂੰ ਸਮਝਣ ਦੀ ਲੋੜ ਹੈ। ਇਕ ਅਪਰਾਧਿਕ ਮਾਨਸਿਕਤਾ ਵਾਲੇ ਪਰਵਾਸੀ ਦੇ ਕੁਕਰਮ ਲਈ ਪੂਰੇ ਪਰਵਾਸੀ ਭਾਈਚਾਰੇ ਨੂੰ ਜਿੰਮੇਵਾਰ ਠਹਿਰਾਉਣਾ ਕਚਾਚਿਤ ਉਚਿਤ ਨਹੀਂ। ਜੋ ਪੰਜਾਬੀ ਇਕ ਪਰਵਾਸੀ ਮਜਦੂਰ ਦੇ ਅਪਰਾਧ ਲਈ ਸਾਰੇ ਭਾਈਚਾਰੇ ਨੂੰ ਪੰਜਾਬ ਚੋਂ ਬਾਹਰ ਕੱਢਣ ਦੇ ਨਾਅਰੇ ਲਗਾਉਂਦੇ ਹਨ, ਉਹਨਾਂ ਨੂੰ ਇਹ ਜਾਣਨ ਦੀ ਵੀ ਲੋੜ ਹੈ ਕਿ ਪੰਜਾਬ ਤੋਂ ਬਾਹਰ ਦੂਸਰੇ ਸੂਬਿਆਂ ਜਾਂ ਵਿਦੇਸ਼ਾਂ ਵਿਚ ਵਸਣ ਵਾਲੇ ਪੰਜਾਬੀਆਂ ਤੇ ਇਸਦਾ ਕੀ ਪ੍ਰਭਾਵ ਪਵੇਗਾ। ਵਿਦੇਸ਼ਾਂ ਵਿਚ ਅਨੇਕਾਂ ਅਜਿਹੇ ਪੰਜਾਬੀ ਹਨ ਜਿਹਨਾਂ ਦੇ ਕੁਕਰਮ ਜੱਗ ਜਾਹਰ ਹੋਏ ਹਨ ਪਰ ਕਦੇ ਕਿਸੇ ਨੇ ਪੂਰੇ ਪੰਜਾਬੀ ਭਾਈਚਾਰੇ ਉਪਰ ਦੋਸ਼ ਨਹੀ ਮੜੇ। ਯੂਕੇ ਵਿਚ ਸਾਲ 2003 ਵਿਚ ਇਕ ਪੰਜਾਬੀ ਮਨਿੰਦਰਪਾਲ ਕੋਹਲੀ ਵਲੋਂ ਇਕ ਗੋਰੀ ਵਿਦਿਆਰਥਣ ਹੱਨਾ ਫੋਸਟਰ ਨੂੰ ਅਗਵਾ, ਬਲਾਤਕਾਰ ਤੇ ਕਤਲ ਦਾ ਮਾਮਲਾ ਅੱਜ ਵੀ ਇਕ ਘ੍ਰਿਣਤ ਅਪਰਾਧ ਦੀ ਉਦਾਹਰਣ ਹੈ। ਕੀ ਮਨਿੰਦਰ ਕੋਹਲੀ ਦੇ ਕੁਕਰਮ ਲਈ ਇੰਗਲੈਂਡ ਵਿਚ ਵਸਦੇ ਸਾਰੇ ਪੰਜਾਬੀ ਜਾਂ ਸਿੱਖਾਂ ਨੂੰ ਬਾਹਰ ਕੱਢੋ ਦੇ ਨਾਅਰੇ ਲੱਗੇ ਸਨ ? ਘ੍ਰਿਣਤ ਅਪਰਾਧ ਉਪਰੰਤ ਇੰਗਲੈਂਡ ਤੋਂ ਪੰਜਾਬ ਭੱਜ ਆਏ ਕੋਹਲੀ ਦੀ ਗ੍ਰਿਫਤਾਰੀ ਅਤੇ ਇਨਸਾਫ ਦੀ ਪ੍ਰਾਪਤੀ ਲਈ ਹੱਨਾ ਫੋਸਟਰ ਦੇ ਮਾਪਿਆਂ ਨੂੰ ਚੰਡੀਗੜ ਆਕੇ ਮੀਡੀਆ ਦੇ ਰੁਬਰੂ ਹੁੰਦਿਆਂ ਅਪਰਾਧੀ ਦੀ ਖੋਜ ਵਿਚ ਸਹਾਇਤਾ ਲਈ ਅਪੀਲ ਕਰਨੀ ਪਈ ਸੀ। 

ਪੰਜਾਬ ਵਿਚ ਵਾਪਰੀ ਤਾਜਾ ਦੁਖਦਾਈ ਘਟਨਾ ਹਰ ਇਕ ਨੂੰ ਵਿਆਕੁਲ ਕਰਨ ਵਾਲੀ ਹੈ। ਪਰ ਇਸ ਘਟਨਾ ਲਈ ਪੂਰੇ ਪਰਵਾਸੀ ਭਾਈਚਾਰੇ ਨੂੰ ਜਿੰਮੇਵਾਰ ਠਹਿਰਾਉਣਾ ਕਿੰਨਾ ਕੁ ਜਾਇਜ ਹੈ। ਪਰਵਾਸੀ ਮਜ਼ਦੂਰਾਂ ਖਿਲਾਫ ਰੋਸ ਵਿਖਾਵਿਆਂ ਵਿਚ ਸਿੱਖੀ ਸਰੂਪ ਵਾਲੇ ਲੋਕਾਂ ਦਾ ਸ਼ਾਮਿਲ ਹੋਣਾ ਤੇ ਨਫਰਤ ਭਰੇ ਨਾਅਰੇ ਗੁੰਜਾਉਣਾ, ਪੰਜਾਬ ਦੀ ਰਹਿਤਲ ਉਪਰ ਵੀ ਪ੍ਰਸ਼ਨ ਚਿੰਨ ਲਗਾਉਂਦਾ ਹੈ। ਉਹ ਪੰਜਾਬ ਜਿਸ ਬਾਰੇ ਕਿਹਾ ਜਾਂਦਾ ਹੈ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ, ਸਰਬੱਤ ਦਾ ਭਲਾ ਮੰਗਣ ਵਾਲਾ ਤੇ ਗੁਰੂ ਸਾਹਿਬਾਨ ਦੀ ਸਿੱਖਿਆ ਤੇ ਚਲਦਿਆਂ ਕਿਰਤ ਕਮਾਈ ਕਰਨ, ਵੰਡ ਕੇ ਛਕਣ ਦੇ ਨਾਲ ਦੁਖੀਆਂ ਦਾ ਦੁਖ ਵੰਡਾਉਣ ਵਾਲਾ ਪੰਜਾਬ । ਕੀ ਗੁਰੂਆਂ ਦੇ ਅਨੁਆਈ ਤੇ ਸ਼ਹੀਦਾਂ ਦੇ ਵਾਰਿਸ ਕਹਾਉਣ ਵਾਲੇ ਲੋਕਾਂ ਅਤੇ ਪੰਜਾਬ ਦੀ ਹੋਂਦ ਨੂੰ ਅੱਜ ਪਰਵਾਸੀ ਮਜ਼ਦੂਰਾਂ ਤੋ ਖਤਰਾ ਹੈ? “ਭਈਏ ਭਜਾਓ, ਪੰਜਾਬ ਬਚਾਓ” ਦਾ ਨਾਅਰਾ ਲਗਾਉਣ ਵਾਲੇ ਲੋਕ ਕੌਣ ਹਨ? ਜ਼ਰੂਰ ਇਸਦੇ ਪਿਛੇ ਕੋਈ ਵੱਡੀ ਸਿਆਸੀ ਸ਼ਰਾਰਤ ਹੈ। ਵੋਟ ਰਾਜਨੀਤੀ ਹੈ।ਪੰਜਾਬ ਦੇ ਵੱਡੀ ਗਿਣਤੀ ਵਿਚ ਲੋਕ ਹੜਾਂ ਵਿਚ ਘਿਰੇ ਹਨ। ਕਈ ਮਾਰੇ ਗਏ, ਕਈ ਲਾਪਤਾ ਹਨ। ਹਜਾਰਾਂ ਏਕੜ ਫਸਲ ਤਬਾਹ ਹੋ ਗਈ ਹੈ। ਸਰਕਾਰ ਨੇ ਅਤਿ ਗੰਭੀਰ ਆਫਤ ਵਾਲੀ ਸਥਿਤੀ ਐਲਾਨੀ ਹੈ। ਇਸ ਮੌਕੇ ਹੜ ਪੀੜਤਾਂ ਦੀ ਮਦਦ ਕਰਨ ਤੇ ਸਹਾਰਾ ਬਣਨ ਦੀ ਲੋੜ ਹੈ ਪਰ ਮੁਸੀਬਤ ਦੇ ਸਮੇਂ ਜਾਤੀ ਨਫਰਤ ਦੀ ਲਹਿਰ ਨੂੰ ਕੌਣ ਹਵਾ ਦੇ ਰਿਹਾ ਹੈ?  ਇਸਨੂੰ ਸਮਝਣਾ, ਸਰਬੱਤ ਦਾ ਭਲਾ ਮੰਗਣ ਵਾਲੇ ਤੇ ਹਰ ਗੁਰੂ ਵਾਲੇ ਪੰਜਾਬੀ ਦਾ ਫਰਜ਼ ਹੀ ਨਹੀਂ ਗੁਰੂ ਦਾ ਸੰਦੇਸ਼ ਵੀ ਯਾਦ ਰੱਖਣ ਦੀ ਲੋੜ ਹੈ… ਮਾਨਸ ਕੀ ਜਾਤਿ ਸਭੈ ਏਕੇ ਪਹਿਚਾਨਬੋ।