May 14, 2026

ਪੁਸਤਕ ”ਦਾ ਅੰਡਰਡੌਗ-ਏ ਵੈਟਨੇਰੀਅਨਜ ਫਾਈਟ ਅਗੇਂਸਟ ਰੇਸਿਜ਼ਮ ਐਂਡ ਇਨਜਸਟਿਸ” ਦਾ ਸ਼ਾਨਦਾਰ ਰੀਲੀਜ਼ ਸਮਾਰੋਹ-

ਸਰੀ ( ਦੇ ਪ੍ਰ ਬਿ)- ਉਘੇ ਵੈਟਰਨਰੀ ਡਾਕਟਰ ਹਾਕਮ ਸਿੰਘ ਭੁੱਲਰ ਵਲੋਂ ਬੀਸੀ ਕੈਨੇਡਾ ਵਿਚ ਪਰਵਾਸ ਦੌਰਾਨ ਆਪਣੀ ਮੈਡੀਕਲ ਦੀ ਪੜਾਈ ਦੀ ਮਾਨਤਾ ਲਈ ਕੀਤੇ ਗਏ ਸੰਘਰਸ਼ ਅਤੇ ਨਸਲਵਾਦ ਖਿਲਾਫ ਲੜੀ ਗਈ ਇਕ ਲੰਬੀ ਕਨੂੰਨੀ ਲੜਾਈ ਸਬੰਧੀ ਲਿਖੀ ਗਈ ਪੁਸਤਕ ”ਦਾ ਅੰਡਰਡੌਗ-ਏ ਵੈਟਨੇਰੀਅਨਜ ਫਾਈਟ ਅਗੇਂਸਟ ਰੇਸਿਜ਼ਮ ਐਂਡ ਇਨਜਸਟਿਸ”  ਦਾ ਰੀਲੀਜ਼ ਸਮਾਰੋਹ ਬੀਤੇ ਦਿਨ ਤਾਜ ਬੈਕੁਇੰਟ ਹਾਲ ਵਿਖੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ।

ਇਸ ਮੌਕੇ ਸ਼ਹਿਰ ਦੀਆਂ ਉਘੀਆਂ ਹਸਤੀਆਂ ਅਤੇ ਵੱਡੀ ਗਿਣਤੀ ਵਿਚ ਪੁੱਜੇ ਮਹਿਮਾਨਾਂ ਨੇੇ ਡਾ ਹਾਕਮ ਸਿੰਘ ਭੁੱਲਰ ਵਲੋਂ ਕੈਨੇਡਾ ਵਿਚ ਆਪਣੀ ਵੈਟਰਨਰੀ ਮੈਡੀਕਲ ਦੀ ਪੜਾਈ ਅਤੇ ਪ੍ਰੋਫੈਸ਼ਨਲ ਕਿੱਤੇ ਦੀ ਮਾਨਤਾ ਲਈ ਲੜੇ ਗਏ ਕਨੂੰਨੀ ਸੰਘਰਸ਼ ਅਤੇ ਉਸ ਵਿਚ ਸਫਲਤਾ ਦੀ ਕਹਾਣੀ ਨੂੰ ਇਕ ਕਿਤਾਬੀ ਰੂਪ ਦਿੱਤੇ ਜਾਣ ਲਈ ਵਧਾਈ ਦਿੱਤੀ ਤੇ ਉਮੀਦ ਪ੍ਰਗਟਾਈ ਕਿ ਇਸ ਕਿਤਾਬ ਵਿਚਲੀ ਕਹਾਣੀ ਅਤੇ ਵਿਚਾਰ ਨਵੀਂ ਪੀੜੀ ਜਾਂ ਸੰਘਰਸ਼ ਕਰਦੇ ਲੋਕਾਂ ਲਈ ਇਕ ਪ੍ਰੇਰਨਾ ਸਰੋਤ ਬਣੇਗੀ। ਵੱਡੀ ਗਿਣਤੀ ਵਿਚ ਸਮਾਗਮ ਵਿਚ ਪੁੱਜੇ ਲੋਕਾਂ ਦੇ ਰੂਬਰੂ ਹੁੰਦਿਆਂ ਡਾ ਹਾਕਮ ਸਿੰਘ ਭੁੱਲਰ ਨੇ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਨਸਲਵਾਦੀ ਸੋਚ ਖਿਲਾਫ ਆਪਣੇ ਸੰਘਰਸ਼ ਦੇ ਕਈ ਕੌੜੇ ਤਜੁਰਬੇ ਵੀ ਬਿਆਨ ਕੀਤੇ। ਕੈਨੇਡਾ ਵਰਗੇ ਵਿਕਸਿਤ ਮੁਲਕ ਵਿਚ ਪ੍ਰੋਫੈਸ਼ਨਲ ਪੱਧਰ ਤੇ ਵਿਤਕਰੇਬਾਜ਼ੀ ਤੇ ਨਸਲਵਾਦੀ ਸੋਚ ਦੇ ਘ੍ਰਿਣਤ ਚਿਹਰੇ ਨੂੰ ਬੇਨਕਾਬ ਕਰਨ ਤੇ ਇਸਦੇ ਖਿਲਾਫ ਕਨੂੰਨੀ ਲੜਾਈ ਵਿਚ ਆਪਣੇ ਸਾਥੀਆਂ ਅਤੇ ਮੀਡੀਆ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਨੇ ਨਿਆਂ ਪ੍ਰਾਪਤੀ ਲਈ ਲੜੇ ਗਏ ਇਸ ਸੰਘਰਸ਼ ਦੇ ਸਾਰੇ ਪੱਖ ਪੂਰੀ ਇਮਾਨਦਾਰੀ ਨਾਲ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ। ਨਸਲਵਾਦ ਖਿਲਾਫ ਲੜੀ ਗਈ ਇਸ ਕਨੂੰਨੀ ਲੜਾਈ ਤੇ ਉਸ ਵਿਚ ਜਿੱਤ ਸਬੰਧੀ ਪੂਰੀ ਕਹਾਣੀ ਵਿਚ ਕਿਸੇ ਨੂੰ ਨਿੰਦਣ ਜਾਂ ਖੁਦ ਨੂੰ ਸਲਾਹੁਣ ਦਾ ਯਤਨ ਨਹੀ ਬਲਕਿ ਇਨਸਾਫ ਪ੍ਰਾਪਤੀ ਲਈ ਆਈਆਂ ਔਕੜਾਂ ਅਤੇ ਉਹਨਾਂ ਦਾ ਮੁਕਾਬਲਾ ਕਰਨ ਦੀ ਇਖਲਾਕੀ ਤਾਕਤ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਅਤੇ ਵਿਰਾਸਤ ਚੋ ਮਿਲੀ ਹੈ, ਨੂੰ ਦਰਸਾਉਣ ਅਤੇ ਪ੍ਰੇਰਨਾ ਸਰੋਤ ਵਜੋਂ ਪ੍ਰਸਤੁਤ ਕਰਨ ਦਾ ਨਿਮਾਣਾ ਜਿਹਾ ਉਪਰਾਲਾ ਹੈ। ਇਸ ਮੌਕੇ ਉਹਨਾਂ ਨੇ ਅਦਾਲਤੀ ਸੁਣਵਾਈ ਦੇ ਕੁਝ ਰੌਚਕ ਤੇ ਰੌਂਗਟੇ ਖੜੇ ਕਰਨ ਵਾਲੇ ਪਲਾਂ ਦਾ ਵੀ ਖਾਸ ਜ਼ਿਕਰ ਕੀਤਾ।

ਇਸ ਮੌਕੇ ਮੁਖ ਬੁਲਾਰਿਆਂ ਵਿਚ  ਸਪੀਕਰ ਰਾਜ ਚੌਹਾਨ, ਬੀਸੀ ਦੇ ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ, ਸਾਬਕਾ ਮੰਤਰੀ ਹੈਰੀ ਬੈਂਸ, ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ, ਸਾਬਕਾ ਮੰਤਰੀ ਜਿੰਨੀ ਸਿਮਸ,ਐਮ ਪੀ ਸੁੱਖ ਧਾਲੀਵਾਲ, ਐਮ ਐਲ ਏ ਤੇ ਮੰਤਰੀ ਜੈਸੀ ਸੁੰਨੜ, ਐਮ ਐਲ ਏ  ਤੇ ਪਾਰਲੀਮਾਨੀ ਸੈਕਟਰੀ ਸੁਨੀਤਾ ਧੀਰ, ਐਮ ਐਲ ਏ ਸਟੀਵ ਕੂਨਰ, ਕੌਂਸਲਰ ਲਿੰਡਾ ਐਨਿਸ , ਮਨਿੰਦਰ ਸਿੰਘ ਗਿੱਲ ਰੇਡੀਓ ਇੰਡੀਆ ਤੇ ਹੋਰ ਸ਼ਾਮਿਲ ਸਨ। ਹੋਰ ਸ਼ਖਸੀਅਤਾਂ ਵਿਚ  ਪ੍ਰੋ ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ ਸੁਖਬੀਰ ਕੌਰ ਮਾਹਲ, ਡਾ ਏ ਐਸ ਮਾਹਲ, ਜੇ ਮਿਨਹਾਸ, ਡਾ ਗੁਲਜ਼ਾਰ ਸਿੰਘ ਬਲਿੰਗ, ਮੋਹਣ ਗਿੱਲ,  ਰੇਡੀਓ ਹੋਸਟ ਜਸਬੀਰ ਸਿੰਘ ਰੋਮਾਣਾ, ਹਰਜਿੰਦਰ ਸਿੰਘ ਥਿੰਦ, ਗੁਰਬਾਜ਼ ਸਿੰਘ ਬਰਾੜ ਸਰੀ ਨਿਊਜ, ਕੁਲਦੀਪ ਸਿੰਘ ਸਾਂਝਾ ਟੀਵੀ, ਨਿੰਮੀ ਡੌਲਾ, ਹਰਕੀਰਤ ਸਿੰਘ ਕੁਲਾਰ ਪੰਜਾਬ ਗਾਰਡੀਅਨ, ਦੀਪਕ ਸੌਂਧੀ ਟਾਈਮਜ ਆਫ ਏਸ਼ੀਆ ਐਡਮਿੰਟਨ, ਗੀਤਕਾਰ ਬਲਵੀਰ ਬੋਪਾਰਾਏ, ਡਾ ਕੰਵਰਜੀਤ ਸਿੰਘ ਹੁੰਦਲ ਸਿਆਟਲ, ਇੰਜ. ਦਲਜੀਤ ਸਿੰਘ ਕੋਹਲੀ, ਸ ਸਵਿੰਦਰ ਸਿੰਘ ਸੰਧੂ ਸਾਬਕਾ ਪੁਲਿਸ ਅਧਿਕਾਰੀ ਤੇ ਹੋਰ ਹਾਜ਼ਰ ਸਨ। ਮੰਚ ਸੰਲਾਚਕ ਦੀ ਜਿੰਮੇਵਾਰੀ ਡਾ ਸੁਖ ਕਾਹਲੋਂ ਨੇ ਬਾਖੂਬੀ ਨਿਭਾਈ।