ਸਸਕਾਰ ਤੇ ਅੰਤਿਮ ਅਰਦਾਸ 28 ਸਤੰਬਰ ਨੂੰ–
ਸਰੀ (ਡਾ. ਗੁਰਵਿੰਦਰ ਸਿੰਘ) -ਸਰੀ ਨਿਵਾਸੀ ਗੁਰਸਿੱਖ ਨੌਜਵਾਨ ਭਾਈ ਦਵਿੰਦਰ ਸਿੰਘ ਰੋਮਾਣਾ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ। ਉਹਨਾਂ ਦਾ ਸਸਕਾਰ 28 ਸਤੰਬਰ ਦਿਨ ਐਤਵਾਰ ਨੂੰ ਫਾਈਵ ਰਿਵਰ ਫਿਊਨਰਲ ਹੋਮ, ਡੈਲਟਾ ਵਿਖੇ ਬਾਅਦ ਦੁਪਹਿਰ 2 ਵਜੇ ਹੋਏਗਾ ਅਤੇ ਸਹਿਜ ਪਾਠ ਦੇ ਭੋਗ ਗੁਰਦੁਆਰਾ ਖਾਲਸਾ ਸਕੂਲ, ਨਿਊਟਨ ਬਰਾਂਚ ਸਰੀ ਵਿਖੇ 3.30 ਵਜੇ ਪੈਣਗੇ। ਇਸ ਦੌਰਾਨ ਭਾਈ ਦਵਿੰਦਰ ਸਿੰਘ ਦੀ ਯਾਦ ਵਿੱਚ ਰੋਜ਼ਾਨਾ ਸ਼ਾਮ ਨੂੰ 6 ਤੋਂ 8 ਵਜੇ ਤੱਕ ਖਾਲਸਾ ਸਕੂਲ ਸਰੀ ਵਿਖੇ ਅਖੰਡ ਕੀਰਤਨ ਹੁੰਦਾ ਹੈ ਅਤੇ ਸੰਗਤਾਂ ਨੂੰ ਪਹੁੰਚਣ ਲਈ ਖੁੱਲਾ ਸੱਦਾ ਹੈ। ਨਾਮ ਦੇ ਰੰਗ ਵਿੱਚ ਸਦਾ ਲੀਨ ਰਹਿਣ ਵਾਲੀ ਸੁਰਤੀ ਬਿਰਤੀ ਦੇ ਮਾਲਕ ਨੌਜਵਾਨ ਭਾਈ ਦਵਿੰਦਰ ਸਿੰਘ ਦੇ ਅਚਾਨਕ ਵਿਛੋੜੇ ਨੇ ਸੰਗਤਾਂ ਅੰਦਰ ਭਾਰੀ ਬੈਰਾਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਈ ਦਵਿੰਦਰ ਸਿੰਘ ਰੋਮਾਣਾ ਦੀ ਸ਼ਖਸੀਅਤ ਤੋਂ ਕੌਣ ਵਾਕਫ ਨਹੀਂ ਸੀ? ਖਾਲਸਾ ਸਕੂਲ ਤੋਂ ਲੈ ਕੇ ਹਰ ਧਾਰਮਿਕ, ਸਮਾਜਕ ਅਤੇ ਵਿਦਿਅਕ ਸਮਾਗਮ ਵਿੱਚ ਉਹ ਮੌਜੂਦ ਰਹਿੰਦੇ। ਮੇਰਾ ਰੋਮਾਣਾ ਪਰਿਵਾਰ ਨਾਲ ਸਨੇਹ ਉਸ ਵੇਲੇ ਬਣਿਆ, ਜਦੋਂ 1999 ਵਿੱਚ ਖਾਲਸਾ ਸਕੂਲ ਪੜਾਉਣਾ ਸ਼ੁਰੂ ਕੀਤਾ। ਉਸ ਵੇਲੇ ਦਵਿੰਦਰ ਸਿੰਘ ਬਾਲ ਉਮਰ ਵਿੱਚ ਵਿਦਿਆਰਥੀ ਸਨ। ਉਦੋਂ ਤੋਂ ਲੈ ਕੇ ਪਿਛਲੇ ਮਹੀਨੇ, ਭਾਵ ਅਗਸਤ 2025 ਤੱਕ ਕਿਵੇਂ ਨਾ ਕਿਵੇਂ ਵਿਚਾਰਾ ਰਾਹੀਂ ਅਸੀਂ ਜੁੜੇ ਰਹੇ।ਉਹਨਾਂ ਦਾ ਆਖਰੀ ਸਨੇਹਾ ਸਤੰਬਰ 2025 ਨੂੰ ਸਕੂਲ ਖੁੱਲਣ ਤੋਂ ਪਹਿਲਾਂ ਆਇਆ ਕਿ ਮਾਪਿਆ ਨੂੰ ਕਿਹਾ ਜਾਏ ਕਿ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਜਰੂਰ ਪੜਾਓ। ਗੁਰਦੁਆਰਿਆਂ ਅਤੇ ਹੋਰਨਾ ਸੰਸਥਾਵਾਂ ਨੂੰ ਉਤਸ਼ਾਹਤ ਕਰੋ ਤਾਂ ਕਿ ਬੱਚੇ ਸਿੱਖੀ ਜੁੜੇ ਰਹਿਣ।
ਇਨੀਂ ਪਿਆਰ ਭਿੱਜੀ ਰੂਹ ਦਾ ਅਚਨਚੇਤ ਵਿਛੋੜਾ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਦਵਿੰਦਰ ਸਿੰਘ ਦੀ ਜੀਵਨ ਲੀਲਾ ਦੀ ਸਮਾਪਤੀ ਦਾ ਕਾਰਨ ਹਾਦਸਾ ਬਣਿਆ, ਜੋ ਕਿ ਅਤਿ ਦੁਖਦਾਈ ਹੈ। ਰੋਮਾਣਾ ਪਰਿਵਾਰ ਅਤੇ ਸਮੂਹ ਨਜ਼ਦੀਕੀਆਂ ਨਾਲ ਹਮਦਰਦੀ ਦਾ ਇਜਹਾਰ ਕਰਦੇ ਹੋਏ, ਵਾਹਿਗੁਰੂ ਦੇ ਚਰਨਾਂ ‘ਚ ਅਰਦਾਸ ਹੈ ਕਿ ਅਜਿਹੀ ਗੁਰਮੁਖ ਰੂਹ ਨੂੰ ਸਦੀਵੀ ਆਪਣੇ ‘ਚ ਲੀਨਤਾ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਭਾਈ ਦਵਿੰਦਰ ਸਿੰਘ ਰੋਮਾਣਾ ਸਹੀ ਅਰਥਾਂ ਵਿੱਚ ਨਿਸ਼ਕਾਮ, ਨਿਰਮਲ ਅਤੇ ਨੇਕ ਆਤਮਾ ਵਾਲੇ ਗੁਰਮੁਖ ਪਿਆਰੇ ਨੌਜਵਾਨ ਸਨ, ਜਿਨਾਂ ਦੇ ਪ੍ਰੇਮ ਦੀਆਂ ਮਿਸਾਲਾਂ ਸਦਾ ਹੀ ਪ੍ਰੇਮੀ ਸਿੱਖਾਂ ਦੇ ਹਿਰਦਿਆਂ ਵਿੱਚ ਕਾਇਮ ਰਹਿਣਗੀਆਂ।
