Mar 7, 2026

ਪ੍ਰੋ. ਕੁਲਬੀਰ ਸਿੰਘ-

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਤਕਨੀਕੀ ਅਧਿਕਾਰੀਆਂ ਦੇ ਇਕ ਉੱਚ-ਪੱਧਰੀ ਸਮੂਹ ਨਾਲ ਲੰਮੀ ਮੀਟਿੰਗ ਕੀਤੀ। ਦਿਲਚਸਪ ਪਹਿਲੂ ਇਹ ਸੀ ਕਿ ਇਸ ਮੀਟਿੰਗ ਵਿਚ ਐਲਨ ਮਸਕ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਦਿਆਂ ਲੰਮੀ ਮੇਜ਼ ਦੁਆਲੇ ਉੱਚ-ਬੁੱਧੀ ਵਾਲੇ 33 ਤੋਂ ਵੱਧ ਆਈ ਟੀ  ਦਿੱਗਜ ਮੌਜੂਦ ਸਨ।

ਡੋਨਾਲਡ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਆਈ ਟੀ ਕੰਪਨੀਆਂ ਸਾਡੇ ਦੇਸ਼ ਨੂੰ ਨਵੀਆਂ ਉੱਚਾਈਆਂ ‘ਤੇ ਲਿਜਾ ਰਹੀਆਂ ਹਨ।

ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਕਿ ਚੋਟੀ ਦੇ ਆਈ ਟੀ  ਦਿੱਗਜਾਂ ਨੂੰ ਇਕ ਮੇਜ਼ ‘ਤੇ ਇਕੱਠਾ ਕੀਤਾ ਗਿਆ ਹੋਵੇ। ਸਮੇਂ ਨਾਲ ਤਕਨੀਕ ਦੀ ਤੇਜ਼ੀ ਨਾਲ ਵੱਧਦੀ ਮਹੱਤਤਾ ਕਾਰਨ ਅਜਿਹਾ ਹੋਇਆ ਹੈ। ਇਸਦਾ ਮਕਸਦ ਦੁਨੀਆਂ ਦੇ ਬੇਹੱਦ

ਸਫ਼ਲ ਕਾਰੋਬਾਰੀਆਂ ਦਾ ਧਿਆਨ ਆਕਰਸ਼ਿਤ ਕਰਨਾ ਵੀ ਹੋ ਸਕਦਾ ਹੈ।

ਇਹ ਸਪੱਸ਼ਟ ਹੋ ਚੁੱਕਾ ਹੈ ਕਿ ਡੋਨਾਲਡ ਟਰੰਪ ਦੀ ਦੋਸਤੀ ਵੀ ਖਤਰਨਾਕ, ਦੁਸ਼ਮਣੀ ਵੀ ਖਤਰਨਾਕ। ਬਾਵਜੂਦ ਇਸਦੇ ਹਰੇਕ ਵੱਡੀ ਕੰਪਨੀ ਇਸ ਚੰਚਲ ਰਾਸ਼ਟਰਪਤੀ ਨਾਲ ਜੁੜੇ ਰਹਿਣਾ ਪਸੰਦ ਕਰਦੀ ਹੈ। ਇਸੇ ਲਈ ਸਾਰੇ ਹੁੰਮਹੁਮਾ ਕੇ ਰਾਤ ਦੇ ਖਾਣ ‘ਤੇ ਹਾਜ਼ਰ ਹੋਏ।

ਟਰੰਪ ਦੇ ਹਰੇਕ ਕਦਮ, ਹਰੇਕ ਗੱਲ ਵਿੱਚੋਂ ਝਲਕਦਾ ਹੈ ਕਿ ਉਹ ਅਮਰੀਕਾ ਦੀ ਵਿੱਤੀ-ਵਿਵਸਥਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਇਸੇ ਲਈ ਉਨ੍ਹਾਂ ਹਰੇਕ ਨੂੰ ਪੁੱਛਿਆ ਕਿ ਉਹ ਅਮਰੀਕਾ ਵਿਚ ਕਿੰਨਾ ਨਿਵੇਸ਼ ਕਰਨਗੇ?

ਸੱਭ ਤੋਂ ਪਹਿਲਾਂ ਫੇਸਬੁਕ ਅਤੇ ਮੇਟਾ ਦੇ ਜੁਕਰਬਰਗ ਨੇ ਕਿਹਾ ਕਿ ਉਹ 600 ਅਰਬ ਡਾਲਰ ਨਿਵੇਸ਼ ਕਰ ਰਹੇ ਹਨ।

ਐਪਲ ਦੇ ਟਿਮ ਕੁਕ ਨੇ ਵੀ ਏਨੀ ਰਕਮ ਹੀ ਦੱਸੀ। ਜਦ ਕਿ ਗੂਗਲ ਦੇ ਸੁੰਦਰ ਪਿਚਾਈ ਨੇ 250 ਅਰਬ ਡਾਲਰ ਨਿਵੇਸ਼ ਕਰਨ ਦੀ ਗੱਲ ਕਹੀ।

ਜਦ ਮਾਈਕਰੋਸਾਫਟ ਦੀ ਵਾਰੀ ਆਈ ਤਾਂ ਟਰੰਪ ਨੇ ਕਿਹਾ ਕਿ ਇਨ੍ਹਾਂ ਦੀ ਰਕਮ ਦੇ ਸੀ.ਈ.ਓ. ਸਤਸ ਨਡੇਲਾ ਨੇ ਕਿਹਾ ਕਿ ਸਾਡੀ ਰਕਮ ਹਰੇਕ ਸਾਲ 80 ਬਿਲੀਅਨ ਡਾਲਰ ਤੱਕ ਹੋਵੇਗੀ। ਟਰੰਪ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ, ”ਬਹੁਤ ਵਧੀਆ।”

ਇਹ ਵੇਖ ਕੇ ਸੱਭ ਨੂੰ ਹੈਰਾਨੀ ਹੋਈ ਕਿ ਇਸ ਵਿਸ਼ੇਸ਼ ਭਾਂਤ ਦੀ ਮੀਟਿੰਗ ਲਈ ਮਸਕ ਨੂੰ ਨਹੀਂ ਸੱਦਿਆ ਗਿਆ ਸੀ ਪਰੰਤੂ ਮਸਕ ਦੇ ਵੱਡੇ ਵਿਰੋਧੀ ਓਪਨ ਏ ਆਈ ਦੇ ਸੈਮ ਆਲਟਮੈਨ ਮੌਜੂਦ ਸਨ।

ਇਸ ਤੋਂ ਪਹਿਲਾਂ ਦੁਪਹਿਰ ਵੇਲੇ ਵਾਈਟ ਹਾਊਸ ਦੀ ਨਵੀਂ ‘ਆਰਟੀਫੀਸ਼ੀਅਲ ਇੰਟੈਲੀਲੈਂਸ ਸਿੱਖਿਆ ਟਾਸਕ ਫੋਰਸ ਦੀ ਮੀਟਿੰਗ ਵੀ ਹੋ ਚੁੱਕੀ ਸੀ। ਰਾਤ ਦੇ ਖਾਣੇ ਵਾਲੀ ਮੀਟਿੰਗ ਵਿਚ ਬਿਲ ਮੇਟਸ, ਗ੍ਰੇਮ ਬਾਰਕਮੈਨ, ਸਫਰਾ ਕੈਟਜ, ਡੇਵਿਡ ਲਿੰਪ, ਸੰਜੇ ਮੇਹਰੋਤਰਾ, ਵਿਵੇਕ ਰਣਦਿਵੇ, ਸ਼ਿਆਮ ਸ਼ੰਕਰ ਅਲੈਕਜੈਂਡਰ ਵਾਂਗ, ਜੇਰੇਡ ਇਸਾਕਮੈਨ ਵੀ ਸ਼ਾਮਿਲ ਸਨ।

ਟਰੰਪ ਦੀ ਹੀ ਪਾਰਟੀ ਦੇ ਕੁਝ ਨੇਤਾਵਾਂ ਨੇ ਆਈ ਟੀ  ਦਿੱਗਜਾਂ ਨਾਲ ਅਜਿਹੀਆਂ ਮੀਟਿੰਗਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਹ ਵੇਖਣਾ ਸਮਝਣਾ ਪਵੇਗਾ ਕਿ ਆਈ ਟੀ  ਕੰਪਨੀਆਂ ਕੀ ਬਣਾਉਣ ਅਤੇ ਨਸ਼ਟ ਕਰਨ ਦੀ ਯੋਜਨਾ ਬਣਾ ਰਹੀਆਂ ਹਨ।

ਟਰੰਪ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਕਸਰ ਏ.ਆਈ. (ਮਸਨੂਈ ਬੁੱਧੀ) ਦੁਆਰਾ ਬਣਾਈਆਂ ਤਸਵੀਰਾਂ ਨੂੰ ਆਨਲਾਈਨ ਸਾਂਝੀਆਂ ਕਰਦੇ ਰਹਿੰਦੇ ਹਨ। ਪਰੰਤੂ ਨਾਲ ਹੀ ਭਰਮ ਫੈਲਾਉਣ ਵਾਲੀਆਂ ਵੀਡੀਓ ਬਨਾਉਣ ‘ਤੇ ਇਤਰਾਜ਼ ਦਾ ਪ੍ਰਗਟਾਵਾ ਵੀ ਕਰਦੇ ਹਨ। ਟਰੰਪ ਨੇ ਮਜ਼ਾਜ ਵਿਚ ਕਿਹਾ ਕਿ ਜਦ ਕੁਝ ਬਹੁਤ ਹੀ ਬੁਰਾ ਵਾਪਰ ਜਾਵੇਗਾ ਤਾਂ ਮੈਂ ਕੇਵਲ ਏ.ਆਈ. ਨੂੰ ਦੋਸ਼ ਦੇ ਦੇਵਾਂਗਾ। ਦੁਪਹਿਰ ਦੀ ਮੀਟਿੰਗ ਵਿਚ ਏ.ਆਈ. ਦੀ ਸਮਰੱਥਾ ਅਤੇ ਖ਼ਤਰਿਆਂ ਸੰਬੰਧੀ ਖੁਲ੍ਹ ਕੇ ਗੱਲਬਾਤ ਹੋਈ।

ਰਾਤ ਦੇ ਖਾਣੇ ‘ਤੇ ਹੋਈ ਮੀਟਿੰਗ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਇਸ ਵਿਚ ਪੰਜ ਭਾਰਤੀ ਮੂਲ ਦੇ ਸੀ.ਈ.ਓ. ਸ਼ਾਮਿਲ ਸਨ।

ਦਰਅਸਲ ਡੋਨਾਲਡ ਟਰੰਪ ਦਾ ਮਕਸਦ ਏ.ਆਈ. ਖੇਤਰ ਵਿਚ ਅਮਰੀਕਾ ਦੇ ਵੱਧਦੇ ਕਦਮਾਂ, ਨਿਵੇਸ਼ ਅਤੇ ਖੋਜ ਵੱਲ ਦੁਨੀਆਂ ਦਾ ਧਿਆਨ ਖਿੱਚਣਾ ਸੀ। ਨਿਰਸੰਦੇਹ ਇਹਦੇ ਵਿਚ ਉਹ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ।

ਏ.ਆਈ. ਦੇ ਪ੍ਰਸੰਗ ਵਿਚ ਦੁਨੀਆਂ ਦੇ ਪ੍ਰਮੁੱਖ ਸ਼ਕਤੀਸ਼ਾਲੀ ਦੇਸ਼ਾਂ ਵਿਚਾਲ ਡਿਜ਼ੀਟਲ ਜੰਗ ਦਿਨੋਂ ਦਿਨ ਤੇਜ਼ ਹੋ ਰਹੀ ਹੈ।

ਇਹ ਉਸੇ ਜੰਗ ਦੀ ਇਕ ਮਹੱਤਵਪੂਰਨ ਕੜੀ ਸੀ। ਦੁਨੀਆਂ ਨੂੰ ਇਹ ਸੰਦੇਸ਼ ਦੇਣਾ ਕਿ ਇਸ ਖੇਤਰ ਵਿਚ ਅਸੀਂ ਕਿਸੇ ਤੋਂ ਪਿੱਛੇ ਨਹੀਂ ਹਾਂ।

ਹਾਂਲਾਕਿ ਮੀਟਿੰਗ ਦੇ ਏਜੰਡੇ ਵਿਚ ਦੱਸਿਆ ਗਿਆ ਕਿ ਇਸਦਾ ਉਦੇਸ਼ ਅਮਰੀਕੀ ਨੌਜਵਾਨਾਂ ਲਈ ਏ.ਆੲ. ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ।

ਹਾਲੇ ਕੁਝ ਦਿਨ ਪਹਿਲਾਂ ਚੀਨ ਨੇ ਵਿਕਟਰੀ ਡੇਅ ਪਰੇਡ ਮੌਕੇ ਆਪਣੀ ਮਿਲਟਰੀ ਤਾਕਤ ਦਾ ਖੁਲ੍ਹਾ ਕੇ ਪ੍ਰਦਰਸ਼ਨ ਕੀਤਾ। ਉਸ ਤੋਂ ਕੁਝ ਦਿਨ ਬਾਅਦ ਅਮਰੀਕਾ ਨੇ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਤਕਨੀਕੀ ਦਾ ਡੰਕਾ ਵਜਾ ਦਿੱਤਾ। ਟਰੰਪ ਦੱਸਣਾ ਚਾਹੁੰਦਾ ਹੈ ਕਿ ਜੇਕਰ ਚੀਨ ਕੋਲ ਆਪਣਾ ਉਤਪਾਦਨ ਹੈ ਤਾਂ ਅਮਰੀਕਾ ਕੋਲ ਆਪਣੀ ਤਕਨੀਕ ਹੈ।

ਚੱਲਦੇ ਚੱਲਦੇ ਇਹ ਮੀਟਿੰਗ ਇਕ ਦੂਸਰੇ ਦੀ ਪ੍ਰਸੰਸਾ ਵਿਚ ਤਬਦੀਲ ਹੋ ਗਈ। ਟਰੰਪ ਨੇ ਸਾਰੇ ਆਈ ਟੀ  ਉੱਚ-ਅਧਿਕਾਰੀਆਂ ਦੀ ਖੁਲ੍ਹ ਕੇ ਤਾਰੀਫ਼ ਕੀਤੀ। ਟਰੰਪ ਉਨ੍ਹਾਂ ਨੂੰ ਵਾਰ-ਵਾਰ ਉੱਚ-ਬੁੱਧੀ ਵਾਲੇ ਲੋਕ’ ਕਹਿ ਰਿਹਾ ਸੀ। ਅਮਰੀਕਾ ਦੀਆਂ ਕਈ ਅਖਬਾਰਾਂ ਨੇ ਇਸ ਮੀਟਿੰਗ ਦੇ ਪ੍ਰਸੰਗ ਵਿਚ ਲਿਖਿਆ ਕਿ ਟਰੰਪ ਦਾ ਮਤਲਬ ਹੈ ਕਾਰੋਬਾਰ।