ਸ਼ਾਇਰ – ਸ਼ਮੀ ਜਲੰਧਰੀ-
ਸਮੀਖਿਆ-ਜਸਵੰਤ ਵਾਗਲਾ-
“ਉਹ ਪਹਿਲੀ ਮੁਹੱਬਤ” ਕੇਵਲ ਕਵਿਤਾਵਾਂ ਦਾ ਸੰਗ੍ਰਹਿ ਨਹੀਂ ਹੈ ਸਗੋਂ ਉਹ ਦਿਲਾਂ ਦੀ ਕਹਾਣੀ ਹੈ ਜੋ ਇਸ਼ਕ ਦੇ ਸੰਤਾਪ ਵਿੱਚ ਦਿਨ ਰਾਤ ਜਲ਼ਦੇ ਹਨ ਤੇ ਅੰਤ ਵਿੱਚ ਰੂਹ ਦੀ ਗਹਿਰਾਈ ਤੱਕ ਪਹੁੰਚਦੇ ਹਨ। ਪਹਿਲੀਂ ਮੁਹੱਬਤ ਦੀ ਜਦੋਂ ਵੀ ਗੱਲ ਕਰਦੇ ਹਾਂ ਤਾਂ ਸਾਡੇ ਜ਼ਿਹਨ ਵਿਚ ਚੜ੍ਹਦੀ ਜਵਾਨੀ ਦੇ ਇਸ਼ਕ ਮੁਹੱਬਤ ਦਾ ਹੀ ਖ਼ਿਆਲ ਆਉਂਦਾ ਹੈ ਪਰ ਮੁਹੱਬਤ ਦਾ ਘੇਰਾ ਬਹੁਤ ਵਿਸ਼ਾਲ ਹੈ।
ਸ਼ਾਇਰ ਸ਼ਮੀ ਜਲੰਧਰੀ ਲਿਖਦਾ ਹੈ।
ਇਹ ਹੱਥਾਂ ਤੇ ਉਸ ਦੇ ਨੇ ਬੁੱਲ੍ਹਾਂ ਦੇ ਬੋਸੇ,
ਤੇ ਤਾਂਹੀ ਤਾਂ ਦਿਲ ਦੇ ਨੇ ਅਹਿਸਾਸ ਕੋਸੇ,
ਮੇਰੇ ਮਨ ‘ਚ ਉਲਫ਼ਤ ਦਾ ਵੱਸਦਾ ਸ਼ਹਿਰ ਹੈ,
ਉਹ ਪਹਿਲੀ ਮੁਹੱਬਤ ਦਾ ਅੱਜ ਵੀ ਅਸਰ ਹੈ।
ਸ਼ਮੀ ਦੇ ਕਹਿਣ ਮੁਤਾਬਿਕ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਮਾਂ ਬਾਪ, ਦਾਦਾ- ਦਾਦੀ ਭੈਣ ਭਰਾ ਤੇ ਹੋਰ ਸਕੇ ਸੰਬੰਧੀ ਉਸਦਾ ਮੱਥਾ ਤੇ ਹੱਥਾਂ ਨੂੰ ਚੁੰਮਦੇ ਹਨ ਤਾਂ ਇਹ ਉਸ ਬੱਚੇ ਦੀ ਸੱਭ ਤੋਂ ਪਹਿਲੀ ਮੁਹੱਬਤ ਹੀ ਤੇ ਹੁੰਦੀ ਹੈ –
ਮੈਂ ਅੱਜ ਵੀ ਜਦੋਂ ਰਾਤ ਅਰਸ਼ਾਂ ਨੂੰ ਤੱਕਦਾਂ,
ਉਹ ਮਹਿਤਾਬ ਚੋਂ ਉਸ ਦੀ ਸੂਰਤ ਹਾਂ ਲੱਭਦਾ,
ਜੋ ਇੱਕ ਇੱਕ ਸਿਤਾਰੇ ਨੂੰ ਸਾਰੀ ਖ਼ਬਰ ਹੈ,
ਉਹ ਪਹਿਲੀ ਮੁਹੱਬਤ ਦਾ ਅੱਜ ਵੀ ਅਸਰ ਹੈ।
ਜਦ ਕੋਈ ਸ਼ਖ਼ਸ ਰਾਤ ਨੂੰ ਚੰਨ ਤਾਰਿਆਂ ਨੂੰ ਦੇਖਦਾ ਹੈ ਤਾਂ ਇਹ ਜ਼ਰੂਰੀ ਨਹੀਂ ਕੇ ਉਹ ਉਨ੍ਹਾਂ ਤਾਰਿਆਂ ਵਿੱਚੋਂ ਆਪਣੇ ਮਹਿਬੂਬ ਨੂੰ ਹੀ ਲੱਭਦਾ ਹੋਵੇ । ਉਨ੍ਹਾਂ ਤਾਰਿਆਂ ਵਿੱਚੋਂ ਇੱਕ ਯਤੀਮ ਬੱਚਾ ਆਪਣੇ ਮਾਂ ਬਾਪ ਨੂੰ ਵੀ ਲੱਭਦਾ ਹੋ ਸਕਦਾ ਹੈ ਜਾਂ ਪਰਦੇਸ ਵਿੱਚ ਬੈਠਾ ਕੋਈ ਪਰਦੇਸੀ ਉਸ ਚੰਨ ਵਿੱਚੋਂ ਆਪਣੇ ਵਤਨ ਦਾ ਨਕਸ਼ਾ ਤਲਾਸ਼ ਕਰ ਰਿਹਾ ਹੋ ਸਕਦਾ ਹੈ ਜਿੱਥੇ ਉਸ ਨੇ ਆਪਣੀ ਜਿੰਦਗੀ ਦੇ ਜਿਉਣ ਦੇ ਪਹਿਲੀ ਵਾਰ ਖ਼ਾਬ ਬੁਣੇ ਹੋਣਗੇ -ਇਹ ਪਹਿਲੀ ਮੁਹੱਬਤ ਦੀ ਤੜਪ ਹੀ ਤੇ ਹੁੰਦੀ ਹੈ –
“ਉਹ ਪਹਿਲੀ ਮੁਹੱਬਤ” ਕਾਵਿ ਸੰਗ੍ਰਹਿ, ਵਿਛੋੜੇ ਦੀ ਤਪਸ਼ ਤੇ ਯਾਦਾਂ ਦਾ ਦਰਦ, ਜਿਸ ਨੂੰ ਸ਼ਾਇਰ ਨੇ ਰੱਬੀ ਇਸ਼ਕ ਦੇ ਰੇਸ਼ਮ ਵਾਂਗ ਬੁਣਿਆ ਹੈ। ਜਿਸ ਤਰ੍ਹਾਂ ਸੂਫ਼ੀ ਕਹਿੰਦੇ ਨੇ ਕਿ ਹਰ ਵਿਛੋੜਾ, ਹਰ ਚੋਟ ਹਰ ਜ਼ਖ਼ਮ ਇਨਸਾਨ ਨੂੰ ਕਾਦਿਰ ਦੇ ਨੇੜੇ ਲੈ ਜਾਂਦਾ ਹੈ ਓਸੇ ਤਰ੍ਹਾਂ ਇਸ ਕਿਤਾਬ ਦੀ ਤੜਪਣ ਇੱਕ ਰੂਹਾਨੀ ਆਵਾਜ਼ ਬਣਕੇ ਉੱਭਰਦੀ ਹੈ। ਉਹ ਪਹਿਲੀ ਮੁਹੱਬਤ ਇਕ ਆਮ ਪ੍ਰੇਮ ਦੀ ਕਿਤਾਬ ਨਹੀਂ ਸਗੋਂ ਇਕ ਸੂਫ਼ੀ ਦਰਵਾਜ਼ਾ ਹੈ ਜਿਸਦੇ ਰਾਹੀਂ ਪਾਠਕ ਆਪਣੇ ਅੰਦਰ ਦੀ ਖੋਜ ਸ਼ੁਰੂ ਕਰ ਸਕਦਾ ਹੈ। ਸ਼ਮੀ ਦੇ ਕੁਝ ਸ਼ਿਅਰ ਦੇਖੋ
ਜੇ ਕੋਈ ਕਾਫ਼ਿਰ ਦੁਸ਼ਮਣ ਦੇ ਵੀ ਮੱਲ੍ਹਮ ਪੱਟੀ ਬੰਨ੍ਹੇ।
ਫ਼ਰਕ ਨਈਂ ਪੈਂਦਾ ਫਿਰ ਉਹ ਰੱਬ ਨੂੰ ਮੰਨੇ ਜਾਂ ਨਾ ਮੰਨੇ।
ਮੋਮਿਨ ਰੋਜ਼ ਨਮਾਜ਼ਾਂ ਪੜ੍ਹ ਪੜ੍ਹ ਭੰਨਦਾ ਆਪਣਾ ਮੱਥਾ,
ਪਰ ਆਪਣੇ ਐਬਾਂ ਦੇ ਕੁੱਜੇ ਜਾਣ ਨਾ ਉਸ ਤੋਂ ਭੰਨੇ।
ਇੱਥੇ ਸ਼ਾਇਰ ਦੇ ਕਹਿਣ ਮੁਤਾਬਿਕ ਉਹ ਸ਼ਖਸ ਜਿਸ ਨੂੰ ਲੋਕ ਕਾਫ਼ਿਰ ਕਹਿੰਦੇ ਹਨ ਜੇ ਉਹ ਦੁਸ਼ਮਣ ਦੇ ਵੀ ਜ਼ਖ਼ਮਾਂ ਤੇ ਮੱਲ੍ਹਮ ਪੱਟੀ ਬੰਨਦਾ ਹੈ ਤਾਂ ਇਸਦਾ ਕੋਈ ਫ਼ਰਕ ਨਹੀਂ ਪੈਂਦਾ ਕੇ ਉਹ ਰੱਬ ਨੂੰ ਮੰਨਦਾ ਹੈ ਜਾਂ ਨਹੀ। ਤੇ ਦੂਜੇ ਪਾਸੇ ਆਪਣੇ ਆਪ ਨੂੰ ਮੋਮਿਨ (ਧਾਰਮਿਕ ਲੋਕ) ਜੋ ਇੱਕ ਦੂਜੇ ਦੀ ਨਿੰਦਿਆ ਠੱਗੀਆਂ ਤੇ ਤਰ੍ਹਾਂ ਤਰ੍ਹਾਂ ਦੇ ਪਖੰਡ ਕਰ ਰਹੇ ਹਨ ਤੇ ਆਪਣੇ ਆਪ ਨੂੰ ਧਾਰਮਿਕ ਕਹਾਉਂਦੇ ਹਨ ਉਨਾਂ ਤੋਂ ਕਾਫ਼ਿਰ ਲੱਖ ਦਰਜੇ ਚੰਗਾ ਹੈ ਜੋ ਮਨੁੱਖਤਾ ਦੀ ਸੇਵਾ ਕਰਦਾ ਹੋ ਤੇ ਉਨ੍ਹਾਂ ਦਾ ਦਰਦ ਵੰਡਾਉਂਦਾ ਹੈ।
ਉਹ ਪਹਿਲੀ ਮੁਹੱਬਤ ਨੂੰ ਪੜ੍ਹਦੇ ਹੋਏ ਤੁਸੀਂ ਸ਼ਾਇਰ ਦੇ ਮਜ਼ਹਬ ਦਾ ਤੇ ਸ਼ਾਇਰ ਕਿਸ ਸ਼ਹਿਰ ਜਾਂ ਸੂਬੇ ਨਾਲ ਸੰਬੰਧ ਰੱਖਦਾ ਹੈ ਅੰਦਾਜ਼ਾ ਨਹੀਂ ਲਾ ਸਕਦੇ ਕਦੇ ਸ਼ਾਇਰ ਤੁਹਾਨੂੰ ਲਹਿੰਦੇ ਪੰਜਾਬ ਦਾ ਲੱਗੇਗਾ ਤੇ ਕਦੇ ਚੜ੍ਹਦੇ ਪੰਜਾਬ ਦਾ। ਸ਼ਮੀ ਜੀ ਦੀ ਸੋਚ ਮੁਤਾਬਿਕ ਸ਼ਾਇਰ ਦੀ ਸੋਚ ਦਾ ਦਾਇਰਾ ਵੱਡਾ ਹੋਣਾ ਚਾਹੀਦਾ ਹੈ ਉਸ ਨੂੰ ਕਿਸੇ ਵੀ ਕੌਮ ਜਾਂ ਮਜ਼ਹਬ ਦੀਆਂ ਦੀਵਾਰਾਂ ਵਿਚ ਕੈਦ ਨਹੀਂ ਹੋਣਾ ਚਾਹੀਦਾ। ਸ਼ਮੀ ਦੀ ਰਚਨਾਵਾਂ ਪੜ੍ਹਕੇ ਬਿਲਕੁਲ ਏਸੇ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ ਸ਼ਾਇਰ ਸਾਰੇ ਧਾਰਮਿਕ ਬੰਧਨਾਂ ਤੋਂ ਆਜ਼ਾਦ ਹੇ ਤੇ ਸਾਂਝੀਵਾਲਤਾ ਦੀ ਗੱਲ ਕਰਦਾ ਹੈ। ਉਸਦੀ ਇਕ ਰਚਨਾ ਦੇਖੋ
ਨਾ ਟੋਪੀ, ਨਾ ਪਗੜੀ, ਜਨੇਊ ਨਾ ਪਾਉਂਦਾ
ਨਾ ਹੱਥਾਂ ‘ਚ ਆਪਣੇ ਉਹ ਤਸਬੀ ਘੁਮਾਉਂਦਾ
ਨਾ ਰੀਤਾਂ ਦੇ ਸਰਵਰ ‘ਚ ਗੋਤੇ ਉਹ ਲਾਉਂਦਾ
ਮੈਂ ਲੱਭ ਲੱਭ ਕੇ ਥੱਕਾ ਹਾਂ ਮਜ਼ਹਬ ਖ਼ੁਦਾ ਦਾ
ਕਈ ਵਾਰੀ ਸ਼ਾਇਰ ਨੂੰ ਸਵਾਲ ਪੁੱਛਿਆ ਜਾਂਦਾ ਹੈ ਕੇ ਉਹ ਚਲੰਤ ਮੁੱਦਿਆਂ ਤੇ ਕਿਉਂ ਨਹੀਂ ਲਿਖਦਾ ਹਮੇਸ਼ਾ ਮੁਹੱਬਤ ਦੀ ਹੀ ਗੱਲ ਕਿਉਂ ਕਰਦਾ ਹੈ। ਸ਼ਾਇਰ ਮੁਤਾਬਿਕ ਦੁਨੀਆਂ ਦਾ ਕੋਈ ਵੀ ਮੁੱਦਾ ਚਾਹੇ ਉਹ ਗਰੀਬੀ ਦਾ ਹੋਵੇ, ਭੁੱਖਮਰੀ ਦਾ ਹੋਵੇ, ਲੜਾਈ ਝਗੜੇ ਜੰਗ ਦਾ ਹੋਵੇ ਮੁਹੱਬਤ ਦੇ ਬਿਨ ਹੱਲ ਨਹੀਂ ਹੋ ਸਕਦਾ।
ਸ਼ਮੀ ਦੀ ਕਵਿਤਾ ਵਿੱਚ ਰੁਹਾਨੀਅਤ ਵੀ ਹੈ ਅਤੇ ਮਾਰਕਸਵਾਦ ਵੀ ਪਰ ਉਹ ਕਿਸੇ ਵੀ ਧਿਰ ਦਾ ਕੈਦੀ ਨਹੀਂ ਹੈ। ਉਹ ਰੁਹਾਨੀਅਤ ਦੇ ਨਾਮ ਉੱਤੇ ਕਿਸੇ ਮਜ਼੍ਹਬ ਦਾ ਗੁਲਾਮ ਨਹੀਂ ਬਣਨਾ ਚਾਹੁੰਦਾ ਤੇ ਨਾ ਹੀ ਮਾਰਕਸਵਾਦ ਦੇ ਨਾਮ ਉੱਤੇ ਆਪਣੇ ਆਪ ਨੂੰ ਕਿਸੇ ਧਿਰ ਨਾਲ ਜੋੜਨਾ ਚਾਹੁੰਦਾ ਹੈ- ਉਹ ਆਪਣੀ ਕਵਿਤਾ ਵਾਂਗ ਇਹਨਾਂ ਸਾਰੀਆਂ ਬੰਦਿਸ਼ਾਂ ਤੋਂ ਅਜ਼ਾਦ ਹੈ -ੳਹ ਕਾਦਰ ਤੇ ਉਸਦੀ ਕੁਦਰਤ ਨੂੰ ਪਿਆਰ ਕਰਨ ਵਾਲਾ ਸ਼ਾਇਰ ਹੈ ਏਸੇ ਲਈ ਸ਼ਮੀ ਲਿਖਦਾ ਹੈ।
ਮੈਂ ਪਾਣੀ ਹਵਾ ਧੁੱਪ ਮਿੱਟੀ ਦਾ ਜ਼ਾਇਆ
ਇਹ ਰੁੱਤਾਂ ਨੇ ਮੈਨੂੰ ਹੈ ਸ਼ਾਇਰ ਬਣਾਇਆ
ਉਹ ਨਦੀਆਂ ਪਹਾੜਾਂ ਤੇ ਝੀਲਾਂ ਦੀ ਅਜ਼ਮਤ
ਇਹ ਮਿੱਟੀ ਦੀ ਖ਼ੁਸ਼ਬੂ ਤੇ ਬਾਰਿਸ਼ ਦੀ ਬਰਕਤ
ਇਹ ਨੈਣਾਂ ਨੇ ਜਦ ਵੀ ਹੈ ਤੱਕਿਆ ਉਹ ਅੰਬਰ
ਆ ਉੱਤਰ ਕੇ ਬੈਠੀ ਮੇਰੇ ਕੋਲ ਕੁਦਰਤ
ਉਹ ਬੱਦਲ ਦਾ ਪੀਹ ਪੀਹ ਕੇ ਸੁਰਮਾਂ ਮੈਂ ਪਾਇਆ
ਇਹ ਰੁੱਤਾਂ ਨੇ ਮੈਨੂੰ ਹੈ ਸ਼ਾਇਰ ਬਣਾਇਆ
ਦੁਨੀਆਂ ਦੇ ਵਿਚ ਮੁਹੱਬਤ ਦੇ ਬਿਨ ਸਭ ਕੁਝ ਅਧੂਰਾ ਹੈ। ਸ਼ਮੀ ਲਿਖਦਾ ਹੈ।
ਇਹ ਸਜਦੇ ਅਧੂਰੇ, ਇਬਾਦਤ ਅਧੂਰੀ
ਇਹ ਕਲਮੇ, ਨਮਾਜ਼ਾਂ, ਅਕੀਦਤ ਅਧੂਰੀ
ਅਧੂਰੇ ਨੇ ਰੋਜ਼ੇ, ਨਿਆਜ਼ਾਂ ਤੇ ਸਦਕੇ
ਮੁਹੱਬਤ ਦੇ ਬਿਨ ਹਰ ਰਵਾਇਤ ਅਧੂਰੀ।
ਸ਼ਮੀ ਆਪਣੀ ਕਵਿਤਾ ਵਿਚ ਜ਼ਿਕਰ ਕਰਦਾ ਹੈ ਕਿ ਸਾਨੂੰ ਆਪਣੇ ਅੱਜ ਨੂੰ ਚੰਗਾ ਬਣਾਉਣਾ ਚਾਹੀਦਾ ਹੈ ਤੇ ਅੱਜ ਵਿਚ ਹੀ ਜੀਣਾ ਚਾਹੀਦਾ ਹੈ ਕੱਲ ਦੇ ਇੰਤਜ਼ਾਰ ਵਿਚ ਸਾਨੂੰ ਆਪਣਾ ਅੱਜ ਖ਼ਰਾਬ ਨਹੀਂ ਕਰਨਾ ਚਾਹੀਦਾ। ਏਸੇ ਲਈ ਉਹ ਲਿਖਦਾ ਹੈ।
ਮੌਤ, ਕਿਆਮਤ ਬਾਅਦ ਦੀ ਗੱਲ ਐ।
ਦੋਜ਼ਖ਼, ਜੰਨਤ ਬਾਅਦ ਦੀ ਗੱਲ ਹੈ।
ਅੱਜ ਦਾ ਮਸਲਾ ਹੱਲ ਕਰ ਪਹਿਲਾਂ,
ਕੱਲ੍ਹ ਦੀ ਆਫ਼ਤ ਬਾਅਦ ਦੀ ਗੱਲ ਹੈ।
ਸ਼ਮੀ ਦੀ ਇਹ ਕਵਿਤਾ ਉਹਨਾਂ ਧਾਰਮਿਕ ਲਾਲਸਾਵਾਂ ਨੂੰ ਵੰਗਾਰ ਹੈ ਜੋ ਜੰਨਤ ਦੇ ਸੁਫਨੇ ਦਿਖਾ ਦਿਖਾ ਕੇ ਲੋਕਾਂ ਨੂੰ ਅੱਜ ਵੀ ਲੁੱਟ ਰਹੇ ਹਨ –
ਅੰਤ ਵਿੱਚ ਏਹੀ ਕਹਾਂਗਾ ਕੇ ਸ਼ਾਇਰ ਸ਼ਮੀ ਜਲੰਧਰੀ ਦੀ ਕਲ਼ਮ ਏਸੇ ਤਰ੍ਹਾਂ ਚਲਦੀ ਰਹੇ ਤੇ ਭਵਿੱਖ ਵਿੱਚ ਵੀ ਸਾਨੂੰ ਸੋਹਣੀਆਂ- ਸੋਹਣੀਆਂ ਨਜ਼ਮਾਂ ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਰਹਿਣ ਤੇ ਉਹ ਆਪਣੀਆਂ ਲਿਖਤਾਂ ਦੇ ਖ਼ਜ਼ਾਨੇ ਨਾਲ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਹੋਰ ਭਰਪੂਰ ਕਰਦਾ ਰਹੇ। ਆਮੀਨ।
ਬ੍ਰਿਸਬੇਨ
M – +61 432 224 327
