—ਸਰਬਜੀਤ ਸੋਹੀ, ਆਸਟ੍ਰੇਲੀਆ—
ਪੰਜਾਬੀ ਗ਼ਜ਼ਲ ਨੂੰ ਮੌਜੂਦਾ ਮਾਣਮੱਤੇ ਮੁਕਾਮ ਅਤੇ ਇਹਤਰਾਮ ਤੀਕਰ ਲੈ ਕੇ ਆਉਣ ਵਾਲੇ ਅਦਬੀ ਪਾਂਧੀਆਂ ਦੀ ਕਤਾਰ ਵਿਚ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਦਾ ਨਾਮ ਆਪਣੇ ਕਲਮੀ ਨਾਮ ਰੌਸ਼ਨ ਨੂੰ ਤਸਦੀਕ ਕਰਦਾ ਹੈ। ਉਸਤਾਦ ਦੀਪਕ ਜੈਤੋਈ ਜੀ ਦੇ ਨਾਮਵਰ ਸ਼ਗਿਰਦਾਂ ਵਿਚ ਉਹਨਾਂ ਦਾ ਸਥਾਨ ਇਕ ਉੱਚ ਦੁਮਾਲੜੇ ਸ਼ਾਇਰ ਵਜੋਂ ਆਉਂਦਾ ਹੈ। ਗੁਰਦਿਆਲ ਰੌਸ਼ਨ ਨੇ ਗ਼ਜ਼ਲ ਦਾ ਲੋਕ-ਪੱਖੀ ਮੁਹਾਂਦਰਾ ਘੜਦਿਆਂ ਇਸ ਨੂੰ ਸਮਾਜਿਕ ਸਰੋਕਾਰਾਂ ਦੀ ਸਾਰਥੀ ਬਣਾਇਆ ਹੈ। ਪ੍ਰਚਲਿਤ ਚੰਚਲ, ਇਸ਼ਕੀਆ ਅਤੇ ਵਿਅਕਤੀਗਤ ਸ਼ਾਇਰੀ ਦੇ ਪਰਸਪਰ ਉਸ ਨੇ ਆਪਣੇ ਆਗਮਨ ਦੇ ਨਾਲ ਹੀ— ਲੋਕ ਪੱਖੀ ਰੁਝਾਣਾਂ, ਮਾਨਵਵਾਦੀ ਵਿਚਾਰਧਾਰਾ ਅਤੇ ਪ੍ਰਗਤੀਸ਼ੀਲ ਸਮਾਜ ਲਈ ਪ੍ਰਤਿਬੱਧ ਸ਼ਾਇਰ ਵਜੋਂ ਦਸਤਕ ਦਿੱਤੀ ਸੀ। ਉਹ ਜਾਤੀ-ਜਮਾਤੀ ਵਖਰੇਵਿਆਂ, ਹਕੂਮਤੀ ਦਮਨ ਅਤੇ ਧਾਰਮਿਕ ਸੰਕੀਰਨਤਾ ਦੇ ਖਿਲਾਫ ਡੱਟ ਕੇ ਲਿਖਣ ਵਾਲਾ ਸ਼ਾਇਰ ਹੈ। ਮਰਹੂਮ ਸ਼ਾਇਰ ਪ੍ਰਮਿੰਦਰਜੀਤ ਦੀ ਯਾਦ ਵਿਚ ਇਪਸਾ ਨੇ ਦਸ ਸਾਲ ਪਹਿਲਾਂ ਇੱਕ ਪੁਰਸਕਾਰ ਦੀ ਸ਼ੁਰੂਆਤ ਡਾ. ਮੋਹਨਜੀਤ ਹੁਰਾਂ ਦੇ ਨਾਮ ਨਾਲ ਕੀਤੀ ਸੀ। ਇਸ ਵਾਰ ਦਸਵਾਂ ਅਤੇ ਇਸ ਲੜੀ ਦਾ ਅੰਤਮ ਪੁਰਸਕਾਰ ਦਿੱਤਾ ਜਾਣਾ ਸੀ। ਇਸ ਲਈ ਅਸੀਂ ਪ੍ਰਮਿੰਦਰਜੀਤ ਵਰਗੇ ਹੀ ਕਿਸੇ ਬੇਬਾਕ, ਵਿਦਰੋਹੀ ਅਤੇ ਫ਼ਕੀਰਾਨਾ ਕਵੀ ਦੀ ਚੋਣ ਕਰਨੀ ਚਾਹੁੰਦੇ ਸੀ। ਇਸ ਲਈ ਸਾਡੇ ਸਾਹਮਣੇ ਬਹੁਤ ਸਾਰੇ ਨਾਮ ਸਨ— ਪਰ ਉਹਨਾਂ ਵਿੱਚੋਂ ਅਸੀਂ ਸ਼ਾਇਰ ਗੁਰਦਿਆਲ ਰੌਸ਼ਨ ਜੀ ਦਾ ਨਾਮ ਚੁਣਦਿਆਂ, ਯਕੀਨ ਕਰਦੇ ਹਾਂ ਕਿ ਅਦਬੀ ਹਲਕਿਆਂ ਵਿਚ ਇਸ ਦੀ ਪ੍ਰੋੜ੍ਹਤਾ ਦਿਲ ਦੀਆਂ ਗਹਿਰਾਈਆਂ ਵਿਚੋਂ ਕੀਤੀ ਜਾਵੇਗੀ। ਪ੍ਰਮਿੰਦਰਜੀਤ ਵਾਂਗ ਹੀ ਗੁਰਦਿਆਲ ਰੌਸ਼ਨ ਵੀ ਅਕਾਦਮਿਕ ਦਾਇਰੇ ਦੀ ਉਸ ਖੋਜ, ਮਾਨਤਾ ਅਤੇ ਸਨਮਾਨ ਤੋਂ ਵਾਂਝਾ ਰਿਹਾ ਹੈ— ਜੋ ਹੋਰਨਾਂ ਨੂੰ ਉੱਚ ਅਦਾਰਿਆਂ ਵਿਚ ਪ੍ਰੋਫੈਸਰੀਆਂ ਮਾਣਦਿਆਂ ਪੰਜਾਬੀ ਲੇਖਕਾਂ ਨੂੰ ਆਮ ਹੀ ਮਿਲ ਜਾਇਆ ਕਰਦਾ ਹੈ। ਕਿਤਾਬ ਦਰ ਕਿਤਾਬ ਚਾਰ ਦਹਾਕਿਆਂ ਤੋਂ ਜ਼ਿਆਦਾ ਸਫ਼ਰ ਤੈਅ ਕਰਦਿਆਂ ਗੁਰਦਿਆਲ ਰੌਸ਼ਨ ਨੇ ਅਹੁਦਿਆਂ, ਸਮਝੌਤਿਆਂ ਅਤੇ ਸਾਹਿਤਕ ਗੁੱਟਬੰਦੀਆਂ ਤੋਂ ਇੱਕ ਦੂਰੀ ਬਣਾਈ ਰੱਖੀ। ਲੁਧਿਆਣੇ ਵਰਗੇ ਕੇਂਦਰੀ ਸ਼ਹਿਰ ਵਿੱਚ ਰਹਿੰਦਿਆਂ ਵੀ ਉਹ ਕਲਮ, ਕਿਰਤ ਅਤੇ ਆਪਣੇ ਅਕੀਦੇ ਤੀਕ ਸੀਮਤ ਇੱਕ ਸਾਦਗੀ— ਪਰ ਪੁਖ਼ਤਗੀ ਭਰਿਆ ਸ਼ਾਇਰ ਹੈ। ਸਰਕਾਰੀ ਅਦਾਰਿਆਂ ਵੱਲੋਂ ਲਗਭਗ ਨਜ਼ਰਅੰਦਾਜ਼ ਅਤੇ ਤਕਰੀਬਨ ਬਿਨ ਸਨਮਾਨ— ਉਹ ਨਿਰੰਤਰ ਰੌਸ਼ਨ ਚਿਰਾਗ਼ ਹੈ, ਜੋ ਤੁਫ਼ਾਨੀ ਰਾਤਾਂ ਦੀ ਦਹਿਸ਼ਤ ਵਿਚ ਨਾ ਬੁੱਝਣ ਦਾ ਅਹਿਦ ਨਿਭਾਈ ਜਾ ਰਿਹਾ ਹੈ।
ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਲੜੋਆ ਵਿਚ ਜਨਮਿਆ ਗੁਰਦਿਆਲ ਰੌਸ਼ਨ ਕਿੱਤੇ ਵਜੋਂ ਸਿੱਖਿਆ ਵਿਭਾਗ ਵਿੱਚੋਂ ਸੇਵਾ-ਮੁਕਤ ਹੋ ਚੁੱਕਿਆ ਹੈ। ਉਸਦੀ ਪਹਿਲੀ ਕਿਤਾਬ ‘ਸੂਹੇ ਬੁੱਲ੍ਹ ਜ਼ਰਦ ਮੁਸਕਾਨ’ ਸਾਲ 1984 ਵਿਚ ਪ੍ਰਕਾਸ਼ਿਤ ਹੋਈ ਸੀ। ਇਸ ਤੋਂ ਬਾਅਦ ਹੁਣ ਤਕ ਉਸ ਨੇ ਤਾਜ਼ਾ ਗ਼ਜ਼ਲ ਸੰਗ੍ਰਹਿ ‘ਤਹਿਰੀਕ 2023’ ਤੀਕ ਕੁੱਲ 20 ਗ਼ਜ਼ਲ ਸੰਗ੍ਰਹਿ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਪਾਏ ਹਨ। ਉਸ ਦੇ ਸੰਨ੍ਹ 1991 ਵਿਚ ਆਏ ਪਹਿਲੇ ਗੀਤ ਸੰਗ੍ਰਹਿ ‘ਗੀਤਾਂ ਦੇ ਬੋਲ’ ਤੋਂ ਲੈ ਕੇ ‘ਕਲੰਦਰੀ 2024’ ਤਕ ਕੁੱਲ 10 ਗੀਤ/ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਇਸ ਤੋਂ ਇਲਾਵਾ ਉਸਦੀਆਂ ਕਈ ਨਿਬੰਧ ਪੁਸਤਕਾਂ, ਬਾਲ ਸਾਹਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਕ ਸੰਪਾਦਕ ਵਜੋਂ ਵੀ ਉਹਨਾਂ ਦੀ ਦਰਜਨਾਂ ਪੁਸਤਕਾਂ ਛਪੀਆਂ ਹਨ, ਜੋ ਉਹਨਾਂ ਦੀ ਨਿਰੰਤਰ ਗ਼ਜ਼ਲ ਕਿਆਰੀ ਨੂੰ ਮਹਿਕਦਿਆਂ ਰੱਖਣ ਦੇ ਸਿਰੜ ਅਤੇ ਸਮਰਪਣ ਦਾ ਪ੍ਰਤੀਕ ਹਨ। ਗੁਰਦਿਆਲ ਰੌਸ਼ਨ ਦੁਆਰਾ ਪ੍ਰਿੰਟ ਮੀਡੀਆ ਅਤੇ ਸ਼ੋਸ਼ਲ ਮੀਡੀਆ ਰਾਹੀਂ ਕਈ ਗ਼ਜ਼ਲ ਲੜੀਵਾਰ ਕਾਲਮ ਪ੍ਰਕਾਸ਼ਿਤ ਹੋ ਰਹੇ ਹਨ, ਜਿਸ ਨੇ ਜਿੱਥੇ ਸਥਾਪਿਤ ਗ਼ਜ਼ਲਗੋਆਂ ਦਾ ਕਲਾਮ ਲੋਕਾਂ ਤੀਕ ਪਹੁੰਚਾਇਆ ਹੈ, ਉੱਥੇ ਨਵੀਆਂ ਕਲਮਾਂ ਲਈ ਮਾਰਗ ਦਰਸ਼ਨ ਦਾ ਕਾਰਜ ਵੀ ਕੀਤਾ ਹੈ। ਉਸਤਾਦ ਗੁਰਦਿਆਲ ਰੌਸ਼ਨ ਨੇ ਨਾ ਸਿਰਫ਼ ਇਕ ਸਿਰਜਕ ਦੀ ਵੱਡੀ ਭੂਮਿਕਾ ਨਿਭਾਈ ਹੈ, ਬਲਕਿ ਇਕ ਉਸਤਾਦ ਵਜੋਂ ਦਰਜਨਾਂ ਗ਼ਜ਼ਲਕਾਰਾਂ ਦੀ ਰਹਿਨੁਮਾਈ ਵੀ ਕੀਤੀ ਹੈ। ਉਹਨਾਂ ਦੇ ਦੇਸ਼-ਵਿਦੇਸ਼ਾਂ ਵਿਚ ਅਣਗਿਣਤ ਸ਼ਗਿਰਦ ਹਨ, ਜੋ ਗ਼ਜ਼ਲਗੋਈ ਦੀ ਜ਼ਮੀਨ ਨੂੰ ਜ਼ਰਖੇਜ਼ ਰੱਖਣ ਵਿਚ ਅਹਿਮ ਕੋਸ਼ਿਸ਼ ਕਰ ਰਹੇ ਹਨ। ਗੁਰਦਿਆਲ ਰੌਸ਼ਨ ਦਾ ਯੋਗਦਾਨ ਇਕ ਦੋ ਪੈਰਾਂ ਤੇ ਤੁਰੀ ਫਿਰਦੀ ਬਹੁਪੱਖੀ ਸੰਸਥਾ ਦੇ ਬਰਾਬਰ ਹੈ। ਆਪਣੇ ਸਮਕਾਲ ਵਿਚ ਉਹਨਾਂ ਦਾ ਰੁਤਬਾ ਸਦਾ ਸਤਿਕਾਰ ਦਾ ਪਾਤਰ ਰਿਹਾ ਹੈ। ਉਸ ਨੂੰ ਹੁਣ ਸੌ ਦੇ ਕਰੀਬ ਸਨਮਾਨ ਮਿਲ ਚੁੱਕੇ ਹਨ, ਅਸੀਂ ਇਪਸਾ ਵੱਲੋਂ ਗੁਰਦਿਆਲ ਰੌਸ਼ਨ ਦਾ ਨਾਮ ਦਸਵੇਂ ਪ੍ਰਮਿੰਦਰਜੀਤ ਪੁਰਸਕਾਰ ਲਈ ਨਾਮਜ਼ਦ ਕਰਦਿਆਂ ਗੌਰਵ ਮਹਿਸੂਸ ਕਰਦੇ ਹਾਂ।
ਇਪਸਾ ਵੱਲੋਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਸਰਪ੍ਰਸਤੀ ਤਹਿਤ ਦਿੱਤਾ ਹੈ, ਜਿਸਦੇ ਮੁੱਖ ਸੰਚਾਲਕ ਸ਼ੈਲਿੰਦਰਜੀਤ ਸਿੰਘ ਰਾਜਨ ਹਨ। ਇਸ ਪੁਰਸਕਾਰ ਵਿਚ 21 ਹਜ਼ਾਰ ਦੀ ਰਾਸ਼ੀ, ਇਕ ਸੋਵੀਨਾਰ ਅਤੇ ਦੁਸ਼ਾਲਾ ਸਬੰਧਿਤ ਸ਼ਖ਼ਸੀਅਤ ਨੂੰ ਭੇਂਟ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਹ ਵੱਕਾਰੀ ਪੁਰਸਕਾਰ ਹੁਣ ਤੀਕ ਡਾ. ਮੋਹਨਜੀਤ, ਡਾ. ਜਗਵਿੰਦਰ ਜੋਧਾ, ਡਾ. ਰਵਿੰਦਰ, ਡਾ. ਪਾਲ ਕੌਰ, ਹਰਭਜਨ ਹੁੰਦਲ, ਦਰਸ਼ਨ ਬੁੱਟਰ, ਪ੍ਰੋ. ਕੁਲਵੰਤ ਔਜਲਾ, ਮਿੰਦਰਪਾਲ ਭੱਠਲ ਅਤੇ ਵਿਸ਼ਾਲ ਬਿਆਸ ਨੂੰ ਦਿੱਤਾ ਜਾ ਚੁੱਕਾ ਹੈ। ਇਹ ਪੁਰਸਕਾਰ ਸਮਾਰੋਹ ਮਿਤੀ 1 ਮਾਰਚ ਦਿਨ ਐਤਵਾਰ ਨੂੰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹਾਜ਼ਰੀਨ ਕਵੀਆਂ ਤੇ ਆਧਾਰਤ ਕਵੀ ਦਰਬਾਰ ਵੀ ਰਚਾਇਆ ਜਾਵੇਗਾ। ਸਮੂਹ ਲੋਕ ਹਿਤੈਸ਼ੀ ਅਦਬੀ ਪ੍ਰੇਮੀਆਂ ਅਤੇ ਲੇਖਕ ਭਾਈਚਾਰੇ ਨੂੰ ਸ਼ਮੂਲੀਅਤ ਲਈ ਬੇਨਤੀ ਹੈ।
ਹੋਰ ਜਾਣਕਾਰੀ ਲਈ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਪਸਾ ਗਰੁਪ ਵੱਲੋਂ ਸ਼ੁਭ ਇੱਛਾਵਾਂ !

