Oct 3, 2026

ਬਰੈਂਪਟਨ 25 ਫਰਵਰੀ ( ਰਮਿੰਦਰ ਵਾਲੀਆ ) -ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਹੀਨਾਵਾਰ ਪ੍ਰੋਗਰਾਮ “ਸਿਰਜਨਾ ਦੇ ਆਰ ਪਾਰ “ 23 ਫਰਵਰੀ ਦਿਨ ਸੋਮਵਾਰ ਨੂੰ ਕਰਵਾਇਆ ਗਿਆ ।ਇਹ ਪ੍ਰੋਗਰਾਮ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬੀ ਰੰਗਮੰਚ ਦੇ ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਨਾਲ ਵਿਸ਼ੇਸ਼ ਰੂਬਰੂ ਕਰਵਾਇਆ ਗਿਆ। ਰਮਿੰਦਰ ਰੰਮੀ ਨੇ ਵੀ ਸਤਿਕਾਰ ਸਹਿਤ ਜੀ ਆਇਆ ਆਖਦਿਆਂ ਦਰਸ਼ਕਾਂ ਦਾ ਸਵਾਗਤ ਕੀਤਾ। ਉਹਨਾਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਹੋ ਰਹੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ । ਉਹਨਾਂ ਨੇ ਕੇਵਲ ਧਾਲੀਵਾਲ ਜੀ ਦਾ ਸ਼ੁਕਰੀਆ ਅਦਾ ਕੀਤਾ ਕਿ ਅੱਜ ਉਹਨਾਂ ਨਿਉਤਾ ਸਵੀਕਾਰ ਕਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਕੁਲਜੀਤ ਜੀ ਨੇ ਸਿਰਜਨਾ ਦੇ ਆਰ ਪਾਰ ਵਿੱਚ ਉਹਨਾਂ ਦਾ ਰੂਬਰੂ ਕੀਤਾ । ਪ੍ਰੋਗਰਾਮ ਦੀ ਸ਼ੁਰੂਆਤ ਰੰਗਮੰਚ ਨਾਲ ਜੁੜੀ ਹਸਤੀ ਦਲਬੀਰ ਸੋਨਾ ਵੱਲੋਂ ਕੀਤੀ ਗਈ।ਉਹਨਾਂ ਨੇ ਕੇਵਲ ਧਾਲੀਵਾਲ ਜੀ ਦੇ ਜੀਵਨ ਦੇ ਬਾਰੇ ਵਿੱਚ , ਉਹਨਾਂ ਦੇ ਨਾਟਕਾਂ ਅਤੇ ਉਹਨਾਂ ਦੇ ਪਿਆਰੇ ਤੇ ਨਿੱਘੇ ਸੁਭਾਅ ਦੇ ਬਾਰੇ ਸਾਰਿਆਂ ਨਾਲ ਸਾਂਝ ਪਾਈ । ਉਨ੍ਹਾਂ ਨੇ ਕੇਵਲ ਧਾਲੀਵਾਲ ਦੇ ਮਾਰਗਦਰਸ਼ਨ ਨੂੰ ਆਪਣੇ ਜੀਵਨ ਲਈ ਮਾਰਗਦਰਸ਼ਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਆਮਦ ਸਾਰੇ ਪੰਜਾਬੀ ਪ੍ਰੇਮੀਆਂ ਲਈ ਖੁਸ਼ਗਵਾਰ ਅਤੇ ਲਾਹੇਵੰਦ ਹੈ।
ਸੀ . ਮੀਤ ਪ੍ਰਧਾਨ ਅਤੇ ਮਾਡਰੇਟਰ ਪ੍ਰੋ. ਕੁਲਜੀਤ ਕੌਰ ਨੇ ਸੰਵਾਦਾਤਮਕ ਅੰਦਾਜ਼ ਵਿੱਚ ਕੇਵਲ ਧਾਲੀਵਾਲ ਦੀ ਜੀਵਨ ਯਾਤਰਾ, ਸੰਘਰਸ਼ ਅਤੇ ਰੰਗਮੰਚੀ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੇਵਲ ਧਾਲੀਵਾਲ ਨੇ ਆਪਣੇ ਪਰਿਵਾਰਕ ਪਿਛੋਕੜ, ਮਾਤਾ-ਪਿਤਾ ਅਤੇ ਪਤਨੀ ਅਰਵਿੰਦਰ ਕੌਰ ਧਾਲੀਵਾਲ ਦੇ ਸਹਿਯੋਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਰੰਗਮੰਚ ਉਨ੍ਹਾਂ ਲਈ ਜੀਵਨ ਦਾ ਅਟੁੱਟ ਹਿੱਸਾ ਹੈ।ਉਨ੍ਹਾਂ ਨੇ ਦੱਸਿਆ ਕਿ ਉਹ 250 ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ, 150 ਤੋਂ ਵੱਧ ਵਿੱਚ ਅਭਿਨਯ ਅਤੇ 6000 ਤੋਂ ਵੱਧ ਸਟੇਜ ਪ੍ਰਦਰਸ਼ਨ ਕਰ ਚੁੱਕੇ ਹਨ। 25 ਲਾਈਟ ਐਂਡ ਸਾਊਂਡ ਸ਼ੋਅ ਅਤੇ ਅਨੇਕਾਂ ਸਟੇਜ ਡਿਜ਼ਾਈਨਾਂ ਰਾਹੀਂ ਉਨ੍ਹਾਂ ਨੇ ਰੰਗਮੰਚ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਦੀਆਂ ਕਈ ਰਚਨਾਵਾਂ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲੀ ਹੈ ਅਤੇ ਉਹ ਵਿਦੇਸ਼ਾਂ ਵਿੱਚ ਵੀ ਪੰਜਾਬੀ ਥੀਏਟਰ ਦੀ ਨੁਮਾਇੰਦਗੀ ਕਰ ਚੁੱਕੇ ਹਨ। ਫਿਰ ਸੰਸਥਾ ਦੀ ਬੈਕ ਬੋਨ ਅਤੇ ਚੇਅਰਪਰਸਨ ਡਾ. ਸਰਬਜੀਤ ਕੌਰ ਸੋਹਲ ਨੇ ਕੇਵਲ ਧਾਲੀਵਾਲ ਦੇ ਯੋਗਦਾਨ ਨੂੰ ਵੱਡਮੁੱਲਾ ਦੱਸਦਿਆਂ ਕਿਹਾ ਕਿ ਉਹ ਸਮਾਜਿਕ ਸਰੋਕਾਰਾਂ ਨਾਲ ਜੁੜੇ ਨਾਟਕ ਰਾਹੀਂ ਅਗਾਂਹਵਧੂ ਵਿਚਾਰ ਪੇਸ਼ ਕਰਦੇ ਹਨ। ਇਸ ਮੌਕੇ ਕੈਨੇਡੀਅਨ ਪੰਜਾਬੀ ਸਭਾ ਦੇ ਅਹੁਦੇਦਾਰ ਮਲੂਕ ਸਿੰਘ ਕਾਹਲੋਂ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਦਲਬੀਰ ਸਿੰਘ ਕਥੂਰੀਆ ਅਤੇ ਸਿਫ਼ਰ ਸਤਬੀਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਅੰਤ ਵਿੱਚ ਸੰਸਥਾ ਦੇ ਚੇਅਰਮੈਨ ਸ. ਪਿਆਰਾ ਸਿੰਘ ਕੁੱਦੋਵਾਲ ਨੇ ਪ੍ਰੋਗਰਾਮ ਨੂੰ ਸਮੇਟਦਿਆਂ ਕਿਹਾ ਕਿ ਨਾਟਕ ਲਿਖਣਾ, ਖੇਡਣਾ ਅਤੇ ਨਿਰਦੇਸ਼ਨ ਕਰਨਾ ਬੜੀ ਜ਼ਿੰਮੇਵਾਰੀ ਦਾ ਕੰਮ ਹੈ, ਜਿਸਨੂੰ ਕੇਵਲ ਧਾਲੀਵਾਲ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਇਸ ਸਮਾਗਮ ਨੂੰ ਦੇਸ਼-ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਲਈ ਲਾਹੇਵੰਦ ਕਰਾਰ ਦਿੱਤਾ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ।
ਪ੍ਰੋਗਰਾਮ ਦੇ ਅੰਤ ਵਿੱਚ ਫਰਵਰੀ ਮਹੀਨੇ ਦਾ ਈ-ਮੈਗਜ਼ੀਨ ਰਿਲੀਜ਼ ਕੀਤਾ ਗਿਆ। ਸਮਾਗਮ ਵਿੱਚ ਵਿਜੇਤਾ ਰਾਜ , ਹਰਜੀਤ ਬਮਰਾ , ਗੁਰਚਰਨ ਸਿੰਘ ਜੋਗੀ, ਡਾ. ਜੋਤੀ ਮਾਂਗਟ, ਰਾਜਬੀਰ ਕੌਰ ਗਰੇਵਾਲ, ਸੁਨੀਲ ਚੰਦਿਆਣਵੀ , ਸਤਿੰਦਰ ਸਿੰਘ ਓਛੀ . ਅਮਰ ਕੌਰ ਬੇਦੀ ਸਮੇਤ ਕਈ ਸਾਹਿਤਕ ਅਤੇ ਸਾਂਸਕ੍ਰਿਤਿਕ ਹਸਤੀਆਂ ਦੇਸ਼ ਵਿਦੇਸ਼ ਤੋਂ ਸ਼ਾਮਲ ਹੋਈਆਂ।

error: Content is protected !!