Apr 23, 2026

ਵਿਕਟੋਰੀਆ ( ਦੇ ਪ੍ਰ ਬਿ)- ਬੀ.ਸੀ. ਸਰਕਾਰ ਫੈਡਰਲ ਸਰਕਾਰ ਨੂੰ ਬਿੱਲ C-12 ਨੂੰ ਤੁਰੰਤ ਪਾਸ ਕਰਨ ਲਈ ਅਪੀਲ ਕਰ ਰਹੀ ਹੈ, ਤਾਂ ਜੋ ਉਹ ਖਾਮੀਆਂ ਦੂਰ ਕੀਤੀਆਂ ਜਾ ਸਕਣ ਜਿਨ੍ਹਾਂ ਦਾ ਫਾਇਦਾ ਜਬਰਨ ਵਸੂਲੀ ਵਿੱਚ ਸ਼ਾਮਲ ਸੰਗਠਿਤ ਅਪਰਾਧਿਕ ਗਰੁੱਪ ਉਠਾ ਰਹੇ ਹਨ।

ਸੌਲਿਸਿਟਰ ਜਨਰਲ ਅਤੇ ਜਨਤਕ ਸੁਰੱਖਿਆ ਮੰਤਰੀ, ਨੀਨਾ ਕਰੀਗਰ ਨੇ ਫੈਡਰਲ ਜਨਤਕ ਸੁਰੱਖਿਆ ਮੰਤਰੀ, ਗੈਰੀ ਅਨੰਦਸੈਂਗਰੀ ਅਤੇ ‘ਸਟੈਂਡਿੰਗ ਸੈਨੇਟ ਕਮੇਟੀ ਆਨ ਨੈਸ਼ਨਲ ਸਿਕਿਉਰਟੀ’, ‘ਡਿਫੈਂਸ ਐਂਡ ਵੈਟਰਨਜ਼ ਅਫ਼ੇਅਰਜ਼’ ਨੂੰ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਵਿਧਾਨ ’ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਮੰਤਰੀ ਕਰੀਗਰ ਨੇ ਮੰਤਰੀ ਅਨੰਦਸੈਂਗਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਬਿੱਲ C-12 ਪੇਸ਼ ਕੀਤਾ ਅਤੇ ਇਸ ਲਈ ਵੀ ਕਿ ਉਹ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਦੁਆਰਾ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਵਚਨਬੱਧ ਹਨ। ਸੂਬਾ ਫੈਡਰਲ ਵਿਧਾਇਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਜਲਦੀ ਕਾਰਵਾਈ ਕਰਨ ਤਾਂ ਜੋ ਇਹ ਮਹੱਤਵਪੂਰਨ ਸੁਧਾਰ ਬਿਨਾ ਕਿਸੇ ਦੇਰੀ ਦੇ ਲਾਗੂ ਕੀਤੇ ਜਾ ਸਕਣ।

ਸੌਲਿਸਿਟਰ ਜਨਰਲ ਅਤੇ ਜਨਤਕ ਸੁਰੱਖਿਆ ਮੰਤਰੀ, ਨੀਨਾ ਕਰੀਗਰ ਨੇ ਹੋਰ ਕਿਹਾ ਕਿ “ਜਬਰਨ ਵਸੂਲੀ ਦੇ ਮਾਮਲੇ ਬੀ.ਸੀ. ਵਿੱਚ ਪਰਿਵਾਰਾਂ ਅਤੇ ਕਾਰੋਬਾਰਾਂ ਲਈ ਅਸਲ ਡਰ ਪੈਦਾ ਕਰ ਰਹੇ ਹਨ, ਅਤੇ ਕੁਝ ਅਪਰਾਧੀ ਨਿਆਂ ਤੋਂ ਬਚਣ ਲਈ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦਾ ਗਲਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ, “ਬਿੱਲ C‑12 ਪਾਸ ਹੋਣ ਨਾਲ ਉਨ੍ਹਾਂ ਵਿਦੇਸ਼ੀ ਨਾਗਰਿਕ ਅਪਰਾਧੀਆਂ ਲਈ ਕੈਨੇਡਾ ਤੋਂ ਕੱਢੇ ਜਾਣ ਤੋਂ ਬਚਣਾ ਮੁਸ਼ਕਲ ਹੋ ਜਾਵੇਗਾ, ਜੋ ਝੂਠੇ ਤੌਰ ’ਤੇ ‘ਰੈਫ਼ਿਊਜੀ’ ਦਰਜਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਸੁਧਾਰ ਸੰਗਠਿਤ ਅਪਰਾਧਕ ਨੈਟਵਰਕਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਾਜ਼ਮੀ ਹਨ।”

ਬੀ.ਸੀ. ਵਿੱਚ ਕਾਨੂੰਨ-ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਅਜਿਹੇ ਮਾਮਲੇ ਵੇਖੇ ਹਨ ਜਿਨ੍ਹਾਂ ਵਿੱਚ ਜਬਰਨ ਵਸੂਲੀ ਸੰਬੰਧੀ ਗਤੀਵਿਧੀਆਂ ਨਾਲ ਜੁੜੇ ਵਿਅਕਤੀਆਂ ਕੋਲ ਐਕਸਪਾਇਰਡ ਵੀਜ਼ੇ[1] ਹੋ ਸਕਦੇ ਹਨ, ਉਨ੍ਹਾਂ ਦੇ ‘ਰੈਫ਼ਿਊਜੀ ਕਲੇਮ’[2] ਬਕਾਇਆ ਹੋ ਸਕਦੇ ਹਨ, ਜਾਂ ਉਹ ਗੈਰ-ਅਨੁਕੂਲ ਵਿਦਿਆਰਥੀ ਵੀਜ਼ੇ ਹੋਣ ਦੇ ਬਾਵਜੂਦ ਹਿੰਸਕ ਅਪਰਾਧਾਂ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਜਾਂ ਉਨ੍ਹਾਂ ਨਾਲ ਸੰਬੰਧਤ ਹੋ ਸਕਦੇ ਹਨ। ਜੇ ਬਿੱਲ C‑12 ਪਾਸ ਹੋ ਜਾਂਦਾ ਹੈ, ਤਾਂ ਸੰਗਠਿਤ ਅਪਰਾਧਕ ਨੈਟਵਰਕਾਂ ਨਾਲ ਸਾਬਤ ਸੰਬੰਧ ਰੱਖਣ ਵਾਲੇ ਵਿਅਕਤੀਆਂ ਲਈ ਅਯੋਗਤਾ ਦੇ ਫ਼ੈਸਲੇ ਅਤੇ ਕੈਨੇਡਾ ਤੋਂ ਨਿਕਾਸੀ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਜਾਵੇਗਾ। ਇਸਦਾ ਮਤਲਬ ਹੈ ਕਿ ਜਬਰਨ ਵਸੂਲੀ ਲਈ ਜ਼ਿੰਮੇਵਾਰ ਲੋਕਾਂ ਨੂੰ ਕੈਨੇਡਾ ਤੋਂ ਹੋਰ ਜਲਦੀ ਕੱਢਿਆ ਜਾ ਸਕੇਗਾ, ਅਤੇ ਕਾਨੂੰਨ-ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਸੰਗਠਿਤ ਅਪਰਾਧ ਨੂੰ ਰੋਕਣ ਲਈ ਲੋੜੀਂਦੇ ਸਾਧਨ ਹੋਣਗੇ।

ਬੀ.ਸੀ. ਨਵੇਂ ਆਏ ਲੋਕਾਂ ਲਈ ਮਜ਼ਬੂਤ ਓਰੀਐਂਟੇਸ਼ਨ ਦੀ ਵੀ ਹਿਮਾਇਤ ਕਰ ਰਿਹਾ ਹੈ, ਤਾਂ ਜੋ ਕੈਨੇਡਾ ਵਿੱਚ ਆਉਣ ਵਾਲੇ ਲੋਕ ਇੱਥੇ ਦੇ ਕਾਨੂੰਨਾਂ ਅਤੇ ਜਨਤਕ ਸੁਰੱਖਿਆ ਸੰਬੰਧੀ ਉਮੀਦਾਂ ਨੂੰ ਸਮਝ ਸਕਣ, ਅਤੇ ਅਪਰਾਧਕ ਤੱਤਾਂ ਦੁਆਰਾ ਅਣਜਾਣੇ ਤੌਰ ‘ਤੇ ਭਰਤੀ ਜਾਂ ਸ਼ੋਸ਼ਣ ਤੋਂ ਬਚ ਸਕਣ।

ਜਬਰਨ ਵਸੂਲੀ ਬਾਰੇ ਭਾਈਚਾਰਕ ਸਲਾਹਕਾਰ ਗਰੁੱਪ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ, ਇਸ ਲਿੰਕ ‘ਤੇ ਜਾਓ: https://www2.gov.bc.ca/gov/content/safety/crime-prevention/extortion