ਕਿਉਂ?
ਮੇਰੇ ਹਾਸੇ ਕਿਉਂ ਤੇਰੇ ਲਈ ਜਹਿਰ ਬਣੇ?
ਕਿਉਂ ਤੇਰੇ ਲਈ ਪੁੱਠੇ ਮੇਰੇ ਪੈਰ ਬਣੇ?
ਮੇਰਾ ਹੋਣਾ ਕਾਹਤੋਂ ਤੈਨੂੰ ਚੁਭਦਾ ਸੀ ਏਨਾਂ?
ਕਿਉਂ ਮੇਰੇ ਹੁੰਦਿਆਂ ਆਪਣੇ ਤੇਰੇ ਗੈਰ ਬਣੇ ?
ਮੈਂ ਤੈਨੂੰ ਤੱਕਦੀ ਸੀ ਸਾਹ ਚਲਦੇ ਰੱਖਣ ਲਈ ,
ਮੇਰੇ ਹੱਕ ਹੀ ਮੇਰੇ ਲਈ ਕਿਉਂ ਕਹਿਰ ਬਣੇ?
ਦਿਲ ਨੂੰ ਬੜੀ ਸਜ਼ਾ ਦਿੱਤੀ ਤੇਰੇ ਤੇ ਡੁੱਲਣ ਦੀ,
ਨੈਣ ਨਿਮਾਣੇ ਤੇਰੇ ਕਰਕੇ ਨਹਿਰ ਬਣੇ।
ਜੋਬਨ ਰੁਤੇ ਚਾਂਅ ਤੇ ਸਧਰਾ ਮੁੱਕ ਗਈਆਂ,
ਵੀਰਪਾਲ ਕੋਈ ਵਜ੍ਹਾ ਜਿਉਣ ਦੀ ਖੈਰ ਬਣੇ।
ਤੈਥੋਂ ਪਹਿਲਾਂ ਇਸ਼ਕ ਇਬਾਦਤ ਲੱਗਦਾ ਸੀ ,
ਤੇਰੇ ਕਰਕੇ ਰੱਬ ਦੇ ਨਾਲ ਵੀ ਵੈਰ ਬਣੇ।
ਦਰਗਾਹ ਦੇ ਵਰਗੇ ਸਾਨੂੰ ਜਿਹੜੇ ਲੱਗਦੇ ਸੀ,
ਉਹੀ ਸਾਡੇ ਲਈ ਖੰਡਰ ਤੇਰੇ ਸ਼ਹਿਰ ਬਣੇ।
ਮੁੜ ਕੇ ਅਸੀਂ ਮੁਹੱਬਤ ਦੀ ਦਹਲੀਜ਼ ਨਹੀਂ ਲੰਘੀ ,
ਤੇਰੇ ਦਿੱਤੇ ਦਰਦ ਜਦੋਂ ਦੇ ਲਹਿਰ ਬਣੇ।
ਵੀਰਪਾਲ ਭੱਠਲ
