Oct 3, 2026

ਕਮਿਊਨਿਟੀ ਦੇ ਸਾਂਝੇ ਪ੍ਰੋਗਰਾਮਾਂ ਦੇ ਨਾਲ ਵਾਰਡ ਨੰਬਰ 10 ਨੂੰ ਮੋਹਰੀ ਵਾਰਡ ਬਣਾਉਣ ਦਾ ਵਾਅਦਾ-

ਕੈਲਗਰੀ ( ਦਲਬੀਰ ਜੱਲੋਵਾਲੀਆ)- ਕੈਲਗਰੀ ਸਿਟੀ ਕੌਂਸਲ ਦੀਆਂ ਚੋਣਾਂ 20 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਲਈ ਵੱਖ-ਵੱਖ ਉਮੀਦਵਾਰਾਂ ਵਲੋਂ ਆਪਣੇ ਚੋਣ ਏਜੰਡੇ ਸਮੇਤ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਵਾਰਡ ਨੰਬਰ 10 ਤੋਂ ਕਮਿਊਨਿਟੀ ਆਗੂ ਤਰਲੋਚਨ ਸਿੰਘ ਸਿੱਧੂ ਚੋਣ ਮੈਦਾਨ ਵਿਚ ਹਨ। ਉਹਨਾਂ ਨੇ ਆਪਣੀ ਚੋਣ ਮੁਹਿੰਮ ਦੌਰਾਨ ਵੋਟਰਾਂ ਨਾਲ ਸੰਪਰਕ ਕਰਦਿਆਂ ਵਾਰਡ ਨੰਬਰ 10 ਲਈ ਆਪਣਾ ਇਕ ਪ੍ਰੋਗਰਾਮ ਰੱਖਿਆ ਹੈ ਜਿਸ ਤਹਿਤ ਉਹਨਾਂ ਨੇ ਅਣਗੌਲੇ ਵਾਰਡ ਨੰਬਰ 10 ਨੂੰ ਕੈਲਗਰੀ ਦਾ ਮੋਹਰੀ ਵਾਰਡ ਬਣਾਉਣ ਦਾ ਅਹਿਦ ਕੀਤਾ ਹੈ।

ਤਰਲੋਚਨ ਸਿੱਧੂ  ਲੰਬੇ ਸਮੇਂ ਤੋਂ ਵਾਰਡ ਨੰਬਰ 10 ਦੇ ਵਾਸੀ ਹਨ। ਉਹ ਆਪਣੇ ਵਾਰਡ ਨੂੰ ਸੁਰੱਖਿਅਤ ਬਣਾਉਣ ਦੇ ਨਾਲ ਨੌਜਵਾਨਾਂ ਨੂੰ ਕਮਿਊਨਿਟੀ ਨਾਲ ਜੋੜਨ ਅਤੇ ਕੈਲਗਰੀ ਦੀ ਸੱਭਿਆਚਾਰਕ ਵਿਭਿੰਨਤਾ ਵਿਚ ਮਜ਼ਬੂਤੀ ਦੀ ਗੱਲ ਕਰਦੇ ਹਨ । ਉਹਨਾਂ ਦਾ ਕਹਿਣਾ ਹੈ ਕਿ  “ਵਾਰਡ 10 ਦੇ ਸ਼ਾਨਦਾਰ ਲੋਕਾਂ ਨੂੰ ਸਿਟੀ ਦੇ ਬਹੁਤ ਸਾਰੇ ਸਮੂਹਿਕ ਫੈਸਲਿਆਂ ਤੋਂ ਬਾਹਰ ਰੱਖਿਆ ਗਿਆ ਹੈ ਭਾਵ ਉਹਨਾਂ ਦੀ ਆਵਾਜ਼ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਮੈਂ ਇਸ ਵਿਹਾਰ ਨੂੰ ਬਦਲਣ ਦਾ ਚਾਹਵਾਨ ਹਾਂ ਅਤੇ ਚਾਹੁੰਦਾ ਹਾਂ ਕਿ ਵਾਰਡ ਨੰਬਰ 10 ਦੇ ਲੋਕਾਂ ਦੀ ਆਵਾਜ਼ ਸਿਟੀ ਹਾਲ ਵਿਚ ਸੁਣੀ ਜਾਵੇ।

ਉਹਨਾਂ ਨੇ ਆਪਣੀ ਚੋਣ ਮੁਹਿੰਮ ਦੌਰਾਨ ਸਮਾਜਿਕ ਸੁਰੱਖਿਆ ਲਈ ਪੁਲਿਸਿੰਗ ਵਧਾਉਣ, ਸਟਰੀਟ ਲਾਈਟਿੰਗ ਵਿਚ ਸੁਧਾਰ, ਨੌਜਵਾਨਾਂ ਲਈ  ਵਧੇਰੇ ਮੌਕੇ, ਵਾਰਡ ਵਿਚ ਪਾਰਕਾਂ ਤੇ ਹੋਰ ਮਨੋਰੰਜਨ ਸਾਧਨਾਂ ਦੇ ਵਿਸਥਾਰ ਦੇ ਨਾਲ ਖੇਡ ਮੈਦਾਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਗੱਲ ਕੀਤੀ ਹੈ।  ਵਾਤਾਵਰਣ ਦੀ ਸੰਭਾਲ ਲਈ ਸਥਾਨਕ ਪਾਰਕਾਂ ਅਤੇ ਕਮਿਊਨਿਟੀ ਗਾਰਡਨਾਂ ਵਿੱਚ ਨਿਵੇਸ਼ ਵਧਾਉਣ ਦੀ ਲੋੜ ਹੈ। ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦੇ ਨਾਲ  ਆਵਾਜਾਈ ਦੇ ਸਾਧਨਾਂ ਦਾ ਵਿਸਥਾਰ ਅਤੇ ਪੈਦਲ ਯਾਤਰੀਆਂ ਲਈ ਸੁਰੱਖਿਅਤ ਕਰਾਸਿੰਗਾਂ ਬਣਾਉਣ ਤੋਂ ਇਲਾਵਾ ਪਰਿਵਾਰਕ ਸਹਾਇਤਾ ਅਤੇ ਸ਼ਮੂਲੀਅਤ ਲਈ ਪਰਿਵਾਰਾਂ, ਬਜ਼ੁਰਗਾਂ, ਨਵੇਂ ਆਉਣ ਵਾਲਿਆਂ ਅਤੇ ਹਾਸ਼ੀਏ ‘ਤੇ ਰਹਿ ਰਹੇ ਸਮੂਹਾਂ ਦੀ ਸੇਵਾ ਕਰਨ ਵਾਲੇ ਪ੍ਰੋਗਰਾਮਾਂ ਨੂੰ ਮਜ਼ਬੂਤੀ ਤੇ ਜ਼ੋਰ ਦੇਣ ਦੀ ਗੱਲ ਕੀਤੀ ਹੈ।   ਸਿਹਤ ਅਤੇ ਤੰਦਰੁਸਤੀ ਲਈ ਹਸਪਤਾਲਾਂ ‘ਤੇ ਦਬਾਅ ਘੱਟ ਕਰਨ ਅਤੇ ਸਥਾਨਕ ਸਿਹਤ ਸੰਭਾਲ ਅਤੇ ਰੋਕਥਾਮ ਪ੍ਰੋਗਰਾਮਾਂ ਤੱਕ ਪਹੁੰਚ ਵਧਾਉਣ ਲਈ ਨੇਬਰਹੁੱਡ ਕਲੀਨਿਕਾਂ ਦੀ ਸ਼ੁਰੂਆਤ ਕੀਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ ਹੈ।

ਸ ਸਿੱਧੂ ਦਾ ਕਹਿਣਾ ਹੈ ਕਿ ਅਗਰ ਵਾਰਡ ਨੰਬਰ 10 ਦੇ ਲੋਕ ਉਹਨਾਂ ਨੂੰ ਸਿਟੀ ਹਾਲ ਵਿਚ ਭੇਜਦੇ ਹਨ ਤਾਂ ਉਹ ਉਹਨਾਂ ਦੀ ਆਵਾਜ਼ ਨੂੰ ਮਜਬੂਤੀ ਨਾਲ ਉਠਾਉਣਗੇ ਅਤੇ ਵਾਰਡ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਨਹੀ ਛਡਣਗੇ।

 

 

error: Content is protected !!