Mar 7, 2026

ਗੁਰੂ ਨਾਨਕ ਫੂਡ ਬੈਂਕ ਲਈ ਪ੍ਰਬੰਧਕਾਂ ਦੇ ਉਦਮ ਦੀ ਸ਼ਲਾਘਾ-ਐਮ ਪੀ ਰਣਦੀਪ ਸਰਾਏ ਤੇ ਐਮ ਐਲ ਏ ਮਨਦੀਪ ਧਾਲੀਵਾਲ ਨਾਲ ਮੁਲਾਕਾਤ ਕੀਤੀ-
ਸਰੀ , ਕਬੱਡੀ ਦੀ ਦੁਨੀਆ ਦੀ ਨਾਮਵਰ ਸ਼ਖ਼ਸੀਅਤ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੁਰਮੇਲ ਪਹਿਲਵਾਨ ਅੱਜਕੱਲ੍ਹ ਕੈਨੇਡਾ ਦੌਰੇ ‘ਤੇ ਹਨ। ਉਨ੍ਹਾਂ ਆਪਣੀ ਫੇਰੀ ਦੇ ਪਹਿਲੇ ਦੌਰੇ ਦੌਰਾਨ ਟਰਾਂਟੋ ਵਿਚ ਆਪਣੇ ਨਜ਼ਦੀਕੀਆਂ ਨਾਲ ਮੁਲਾਕਾਤਾਂ ਕੀਤੀਆਂ। ਟਰਾਂਟੋ ਵਿਖੇ ਉਨ੍ਹਾਂ ਨੇ ਆਪਣੇ ਦੋਸਤਾਂ-ਮਿੱਤਰਾਂ ਤੇ ਪਾਰਟੀ ਦੇ ਸਾਥੀਆਂ ਨਾਲ ਮਿਲਣੀਆਂ ਦਾ ਦੌਰ ਚਲਾਇਆ।
ਇਸ ਤੋਂ ਬਾਅਦ ਉਹ ਵੈਨਕੂਵਰ ਪੁੱਜੇ ਅਤੇ ਸਰੀ ਵਿਚ ਆਪਣੇ ਨਜ਼ਦੀਕੀਆਂ ਨਾਲ ਮੁਲਾਕਾਤਾਂ ਕਰ ਰਹੇ ਹਨ। ਗੁਰਮੇਲ ਪਹਿਲਵਾਨ ਸਰੀ ਵਿਚ ਇਕ ਵਿਆਹ ਵਿਚ ਵੀ ਉਚੇਰੇ ਤੌਰ ‘ਤੇ ਸ਼ਾਮਲ ਹੋਣ ਆਏ ਹਨ। ਇਸ ਦੌਰਾਨ ਗੁਰੂ ਨਾਨਕ ਫੂਡ ਬੈਂਕ ਵੱਲੋਂ ਸਰੀ ਵਿਖੇ ਕਰਵਾਏ ਇਕ ਸਮਾਗਮ ਵਿਚ ਵੀ ਗੁਰਮੇਲ ਪਹਿਲਵਾਨ ਉਚੇਰੇ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਰਣਜੀਤ ਸਿੰਘ ਖੰਨਾ ਆਦਿ ਵੀ ਮੌਜੂਦ ਸਨ। ਇਸ ਮੌਕੇ ਫੂਡ ਬੈਂਕ ਦੇ ਮੋਢੀ ਗਿਆਨੀ ਨਰਿੰਦਰ ਸਿੰਘ ਤੇ ਡਾਇਰੈਕਟਰ ਜੇ. ਮਿਨਹਾਸ ਨੇ ਗੁਰਮੇਲ ਪਹਿਲਵਾਨ ਦਾ ਵਿਸ਼ੇਸ਼ ਤੌਰ ‘ਤੇ ਸਵਾਗਤ ਕੀਤਾ। ਸਮਾਗਮ ਦੌਰਾਨ ਗੁਰਮੇਲ ਸਿੰਘ ਪਹਿਲਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਸੱਲੀ ਪ੍ਰਗਟ ਕੀਤੀ ਕਿ ਕੈਨੇਡਾ ਵਿਚ ਪੰਜਾਬੀਆਂ ਨੇ ਆਪਣਾ ਵਿਲੱਖਣ ਮੁਕਾਮ ਬਣਾਇਆ ਹੈ। ਉਨਾਂ ਕਿਹਾ ਕਿ ਪੰਜਾਬੀ ਪਰਵਾਸੀਆਂ ਨੇ ਕੈਨੇਡਾ ਵਿਚ ਹਰੇਕ ਖੇਤਰ ਵਿਚ ਨਵੇਂ ਮੀਲ ਪੱਥਰ ਸਥਾਪਤ ਕੀਤੇ ਹਨ, ਜੋ ਸਮੂਹ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਵਿਸ਼ੇਸ਼ ਕਰਕੇ ਗੁਰੂ ਨਾਨਕ ਫੂਡ ਬੈਂਕ ਵੱਲੋਂ ਇਨਸਾਨੀਅਤ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕੇ ਫੂਡ ਬੈਂਕ ਦੀ ਅਗਵਾਈ ਕਰਨ ਵਾਲੇ ਗਿਆਨੀ ਨਰਿੰਦਰ ਸਿੰਘ ਤੇ ਜੇ ਮਿਨਹਾਸ ਸਮੇਤ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਫੂਡ ਬੈਂਕ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਦੁਨੀਆ ਭਰ ਵਿਚ ਪ੍ਰਚਾਰਿਆ ਜਾ ਰਿਹਾ ਹੈ। ਗੁਰਮੇਲ ਸਿੰਘ ਪਹਿਲਵਾਨ ਨੇ ਕਿਹਾ ਫੂਡ ਬੈਂਕ ਰਾਹੀਂ ਸਿੱਖੀ ਦਾ ਪ੍ਰਸਾਰ ਵੀ ਹੋ ਰਿਹਾ ਹੈ।
ਗੁਰਮੇਲ ਸਿੰਘ ਪਹਿਲਵਾਨ ਨੇ ਇਸ ਮੌਕੇ ਕੈਨੇਡਾ ਦੇ ਸੰਸਦ ਮੈਂਬਰ ਰਣਦੀਪ ਸਰਾਏ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਮਨਦੀਪ ਧਾਲੀਵਾਲ ਨਾਲ ਮੁਲਾਕਾਤ ਕੀਤੀ ਅਤੇ ਕਈ ਮੁੱਦਿਆਂ ਉਪਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵੱਲੋਂ ਕੈਨੇਡਾ ਵਿਚ ਹੋਰ ਖੇਤਰਾਂ ਤੋਂ ਇਲਾਵਾ ਸਿਆਸੀ ਖੇਤਰ ਵਿਚ ਵੀ ਉਚ ਮੁਕਾਮ ਹਾਸਲ ਕਰਨਾ ਸਾਡੇ ਸਾਰਿਆਂ ਲਈ ਮਾਣ ਤੇ ਸਤਿਕਾਰ ਦੀ ਗੱਲ ਹੈ। ਗੁਰਮੇਲ ਪਹਿਲਵਾਨ ਨੇ ਕੈਨੇਡਾ ਵਿਚਲੇ ਕਈ ਹੋਰ ਨਾਮਵਰ ਪੰਜਾਬੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ।