Apr 23, 2026

ਐਬਸਫੋਰਡ ( ਡਾ ਗੁਰਵਿੰਦਰ ਸਿੰਘ)-ਐਬਸਫੋਰਡ ਦੇ ਪੰਜਾਬੀ ਭਾਈਚਾਰੇ ਲਈ ਅੱਜ ਦੀ ਸਵੇਰ ਮਨਹੂਸ ਹੋ ਨਿਬੜੀ, ਜਦੋਂ ਹਥਿਆਰਬੰਦ ਹਮਲਾਵਰ ਨੇ ਇੱਥੋਂ ਦੇ ਨਾਮੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ। ਐਬਸਫੋਰਡ ਟਾਊਨ ਲਾਈਨ ਰੋਡ ਤੋਂ ਰਿਜਵਿਊ ‘ਤੇ ਸਥਿਤ ਘਰ ਦੇ ਡਰਾਈਵੇ ‘ਤੇ ਖੜੇ ਟਰੱਕ ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਕਾਰੋਬਾਰੀ ਦਰਸ਼ਨ ਸਿੰਘ ਭਿਆਨਕ ਹਿੰਸਾ ਦੀ ਭੇਟ ਚੜ ਗਿਆ। ਦਰਸ਼ਨ ਸਿੰਘ ਸਾਹਸੀ ਦੀ ਉਮਰ ਕਰੀਬ 68 ਸਾਲ ਦੀ ਸੀ ਅਤੇ ਉਹ ਪੰਜਾਬ ਦੇ ਜ਼ਿਲਾ ਲੁਧਿਆਣਾ ‘ਚ ਪੈਂਦੇ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਨਾਲ ਸੰਬੰਧਤ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਤੇ ਵੱਖ-ਵੱਖ ਦੇਸ਼ਾਂ ਵਿੱਚ ਕੱਪੜਿਆਂ ਦੇ ਕਾਰੋਬਾਰ ਕਰਦੇ ਸਨ। ਭਾਰਤ ਤੇ ਕੈਨੇਡਾ ਤੋਂ ਇਲਾਵਾ ਹੋਰ ਕਈ ਦੇਸ਼ਾਂ ਵਿੱਚ ਉਹਨਾਂ ਦੇ ਕਲਾਥ ਰੀਸਾਈਕਲਿੰਗ ਦੇ ਕਾਰੋਬਾਰ ਸਨ ਅਤੇ ਉਹ ਬੇਹੱਦ ਮਿਹਨਤੀ ਅਤੇ ਮਿਲਣਸਾਰ ਵਿਅਕਤੀ ਸਨ।
ਐਬਸਫੋਰਡ ਸ਼ਹਿਰ ਦੇ ਸਿਟੀ ਕੌਂਸਲ ਤੋਂ ਲੈ ਕੇ ਪ੍ਰੋਵਿੰਸ਼ਿਅਲ ਅਤੇ ਫੈਡਰਲ ਪੱਧਰ ਦੇ ਸਿਆਸਤਦਾਨ ਵੀ ਨਿੱਜੀ ਤੌਰ ਤੇ ਦਰਸ਼ਨ ਸਿੰਘ ਸਾਹਸੀ ਹੁਰਾਂ ਦੇ ਭਾਈਚਾਰਕ ਤੌਰ ‘ਤੇ ਮੋਹਰੀ ਸੁਭਾਅ ਤੋਂ ਭਲੀ ਭਾਂਤ ਵਾਕਫ ਸਨ। ਇਉਂ ਇਹ ਕਤਲ ਮਹਿਜ਼ ਵਾਰਦਾਤ ਨਾ ਹੋ ਕੇ, ਸਿਆਸੀ ਹਲਕਿਆਂ ਵਿੱਚ ਵੀ ਗਹਿਰੀ ਚਿੰਤਾ ਦਾ ਵਿਸ਼ਾ ਹੈ। ਪੁਲਿਸ ਨੇ ਸਾਰੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ ਹੈ ਪਰ ਅਜੇ ਤੱਕ ਕਾਤਲਾਂ ਬਾਰੇ ਜਾਂ ਕਤਲ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਦਾ ਸੁਰਾਗ ਨਹੀਂ ਮਿਲਿਆ।
ਸੂਤਰਾਂ ਮੁਤਾਬਿਕ ਹਮਲਾਵਰ ਦੋ ਘੰਟਿਆਂ ਤੋਂ ਸ਼ੱਕੀ ਹਾਲਤ ਵਿੱਚ ਹਮਲੇ ਦੀ ਤਾਕ ਵਿੱਚ ਖੜਾ ਉਡੀਕ ਕਰ ਰਿਹਾ ਸੀ। ਕਰੀਬ 9.22 ਵਜੇ ਜਿਉਂ ਹੀ ਦਰਸ਼ਨ ਸਿੰਘ ਸਾਹਸੀ ਆਪਣੇ ਟਰੱਕ ਚ ਸਵਾਰ ਹੋਣ ਲੱਗੇ, ਤਾਂ ਉਸ ਵੇਲੇ ਗੋਲੀਆਂ ਦੀ ਬਛਾੜ ਕਰ ਦਿੱਤੀ ਗਈ, ਜਿਹੜੀਆਂ ਕਿ ਉਹਨਾਂ ਲਈ ਜਾਨਲੇਵਾ ਸਾਬਤ ਹੋਈਆਂ। ਐਬਸਫੋਰਡ, ਸਰੀ ਅਤੇ ਨੇੜਲੇ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਗੋਲੀਬਾਰੀ ਦੀਆਂ ਕਰੀਬ ਪੰਜ ਵਾਰਦਾਤਾਂ ਹੋਈਆਂ ਹਨ।