Oct 3, 2026

ਕੈਲਗਰੀ ( ਜਗਦੇਵ ਸਿੱਧੂ)-ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ 27 ਅਕਤੂਬਰ ਨੂੰ ਵੀਵੋ ਦੇ ਹਾਲ ਵਿਚ ਹੋਈ। ਸ਼ੁਰੂਆਤ ਰਿਕਾਰਡ ਕੀਤੇ ਸ਼ਬਦ-ਗਾਇਨ ਨਾਲ਼ ਹੋਈ। ਸਕੱਤਰ ਗਰਦਿਆਲ ਸਿੰਘ ਖਹਿਰਾ ਨੇ ਕਾਰਵਾਈ ਸ਼ੁਰੂ ਕਰਦਿਆਂ ਪਿਛਲੇ ਦਿਨੀਂ ਲੰਘੇ ਦੀਵਾਲ਼ੀ ਅਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਅਕਤੂਬਰ ਮਹੀਨੇ ਪੈਂਦੇ ਜਨਮ ਦਿਨ ਵਾਲ਼ੇ ਮੈਂਬਰਾਂ ਨੂੰ ਤੋਹਫ਼ੇ ਦੇ ਕੇ ਮੁਬਾਰਕਾਂ ਦਿੱਤੀਆਂ ਗਈਆਂ। ਹਰਮਨ ਪਿਆਰੇ ਗਾਇਕ ਰਾਜਵੀਰ ਜਵੰਧਾ ਦੀ ਬੇ-ਵਕਤ ਮੌਤ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।  ਅਗਲੇ ਦੋ ਸਾਲਾਂ ਲਈ ਕਾਰਜਕਾਰਨੀ ਦੀ ਚੋਣ ਲਈ ਬਣਾਈ ਕਮੇਟੀ ਨੇ ਚੁਣੇ ਗਏ ਮੈਂਬਰਾਂ ਤੇ ਅਹੁਦੇਦਾਰਾਂ ਦਾ ਵਿਧੀਵਤ ਐਲਾਨ ਕੀਤਾ ਜਿਸ ਅਨੁਸਾਰ  ਪਹਿਲੇ ਮੈਂਬਰ ਇਕ ਵਾਰ ਫਿਰ ਚੁਣੇ ਗਏ। ਜਗਦੇਵ ਸਿੱਧੂ ਦੁਆਰਾ ਸ੍ਵੈ-ਇੱਛਾ ਰਾਹੀਂ ਕਾਰਜਕਾਰਨੀ ਤੋਂ ਬਾਹਰ ਰਹਿਣ ਦੇ ਫੈਸਲੇ ਕਾਰਨ ਉਸ ਦੀ ਥਾਂ ਭਜਨ ਸਿੰਘ ਸਾਗੂ ਨੂੰ ਚੁਣਿਆ ਗਿਆ। ਸਾਰੀ ਚੋਣ ਸਰਬਸੰਮਤੀ ਨਾਲ਼ ਹੋਈ। ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਚੋਣ ਕਮੇਟੀ ਦੇ ਮੈਂਬਰਾਂ – ਕਰਮ ਸਿੰਘ ਭੁੱਲਰ, ਸੁਖਦੇਵ ਸਿੰਘ ਬੈਂਸ ਅਤੇ ਵਿਜੇ ਸਚਦੇਵਾ ਦਾ ਧੰਨਵਾਦ ਕੀਤਾ।  ਦਰਸ਼ਨ ਧਾਲ਼ੀਵਾਲ਼ ਨੇ ਰਾਜਦੀਪ ਧਾਲ਼ੀਵਾਲ ਦੇ ਦੁਬਾਰਾ ਕੌਂਸਲਰ ਚੁਣੇ ਜਾਣ `ਤੇ ਸੁਰਿੰਦਰਜੀਤ ਪਲਾਹਾ ਸਮੇਤ ਸਾਰਿਆਂ ਦੁਆਰਾ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਕਰਮ ਸਿੰਘ ਮੁੰਡੀ, ਜੋਗਾ ਸਿੰਘ ਲਹਿਲ, ਸੁਰਜੀਤ ਸਿੰਘ ਗਿੱਲ ਅਤੇ ਸੁਰਿੰਦਰ ਢਿੱਲੋਂ ਨੇ ਅਮਨ-ਕਾਨੂੰਨ ਦੀ ਵਿਗੜ ਰਹੀ ਹਾਲਤ ਉਪਰ ਚਿੰਤਾ ਜ਼ਾਹਿਰ ਕਰਦਿਆਂ ਕੁੱਝ ਸੁਝਾਅ ਰੱਖੇ। ਸਰਕਾਰ ਨੂੰ ਇਨ੍ਹਾਂ ਮਸਲਿਆਂ ਬਾਰੇ ਕਾਨੂੰਨ ਵਿਚ ਸੋਧ ਕਰਨ ਜਾਂ ਨਵਾਂ ਕਾਨੂੰਨ ਬਨਾਉਣ ਅਤੇ ਸਖਤੀ ਨਾਲ਼ ਲਾਗੂ ਕਰਨ ਦੀ ਲੋੜ ਜਤਾਈ।  ਗੁਰਮਿੰਦਰ ਕੌਰ ਨੇ ਸ਼ਬਦ-ਗਾਇਨ ਕੀਤਾ – ਦੀਵਾਲ਼ੀ ਦੀ ਰਾਤ ਦੀਵੇ ਬਾਲੀਅਨ। ਆਰ.ਸੀ ਵਰਮਾ ਨੇ – ਰਾਤ ਕਲੀ ਇਕ ਖ਼ਵਾਬ ਮੇਂ ਆਈ, ਅਤੇ ਸੁਰਿੰਦਰ ਕਾਲੀਆ ਨੇ – ਮੁਝੇ ਪਿਆਰ ਕੀ ਜ਼ਿੰਦਗੀ ਦੇਨੇ ਵਾਲੇ, ਫ਼ਿਲਮੀ ਗੀਤ ਗਾਏ। ਬਿੱਕਰ ਸਿੰਘ ਸੰਧੂ ਨੇ ਮਧੁਰ ਸੁਰੀਲੀ ਆਵਾਜ਼ ਅਤੇ ਪਿਆਰੇ ਅੰਦਾਜ਼ ਵਿਚ ਇਹ ਗੀਤ ਪੇਸ਼ ਕਰ ਕੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਲਿਆ – ਅਗਰ ਸਾਥ ਦੇਨੇ ਕਾ ਵਾਅਦਾ ਕਰੋ। ਸੁਖਮੰਦਰ ਗਿੱਲ ਨੇ ਤਾਜ਼ਾ ਲਿਖਿਆ ਗੀਤ – ਛੱਡ ਕੇ ਸਾਰੇ ਤਕਰਾਰ, ਆਜਾ ਗਲ਼ ਲੱਗ ਮੇਰੇ ਯਾਰ – ਗਾ ਕੇ ਸੁਖਾਵਾਂ ਮਾਹੌਲ ਬਣਾਇਆ। ਮਨਮੋਹਨ ਬਾਠ ਨੇ – ਦੀਵਾ ਬਲ਼ੇ ਸਾਰੀ ਰਾਤ ਦੀ ਗਾਇਕੀ ਰਾਹੀਂ ਚੰਗਾ ਪ੍ਰਭਾਵ ਛੱਡਿਆ। ਹਰਕੰਵਲਜੀਤ ਕੌਰ ਧਾਲ਼ੀਵਾਲ਼ ਨੇ ਜਦੋਂ ਲੈਅ ਅਤੇ ਸੁਰ ਵਿਚ ਗੀਤ ਗਾਇਆ – ਤੇਰੇ ਵਸਦੇ ਰਹਿਣ ਗਰਾਂ, ਮੇਰੇ ਵੇ ਪਿਆਰੇ ਬਾਬਲਾ, ਤਾਂ ਦਰਸ਼ਕ ਵਿਰਾਗ ਦੀ ਦੁਨੀਆਂ ਵਿਚ ਲਹਿ ਗਏ।  ਭਜਨ ਸਿੰਘ ਸਾਗੂ ਅਤੇ ਹਰਿੰਦਰ ਕੌਰ ਮੁੰਡੀ ਨੇ ਚੁਟਕਲੇ ਸੁਣਾ ਕੇ ਹਾਸਰਸ ਦਾ ਮਾਹੌਲ ਸਿਰਜਿਆ। ਗੁਰਚੇਤ ਚਿਤ੍ਰਕਾਰ ਦੀ ਕਿਸਾਨੀ ਬਾਰੇ ਕੀਤੀ ਰਿਕਾਰਡਿੰਗ ਸੁਣਾਈ ਗਈ।

ਸੁਰਿੰਦਰਜੀਤ ਪਲਾਹਾ ਨੇ ਐਸੋਸੀਏਸ਼ਨ ਦੇ ਅਗਲੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਜਿਸ ਅਨੁਸਾਰ 17 ਨਵੰਬਰ ਨੂੰ ਸਾਲਾਨਾ ਜਨਰਲ ਅਜਲਾਸ ( ਏ.ਜੀ.ਐਮ) ਹੋਣਾ ਹੈ। ਉਨ੍ਹਾਂ ਨੇ ਕੈਨੇਡਾ ਅੰਦਰ ਲਗਾਤਾਰ ਹੋ ਰਹੀਆਂ ਕਾਤਲਾਨਾ ਘਟਨਾਵਾਂ ਵੱਲ ਧਿਆਨ ਦਿਵਾਇਆ ਅਤੇ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਠੋਸ ਉਪਰਾਲੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਬਤੌਰ ਪ੍ਰਧਾਨ ਐਸੋਸੀਏਸ਼ਨ ਦੀ ਕਾਰਜ-ਕੁਸ਼ਲਤਾ ਨੂੰ ਬਿਹਤਰ ਬਣਾਈ ਰੱਖਣ ਦਾ ਅਹਿਦ ਦੁਹਰਾਇਆ ਅਤੇ ਸਾਰੇ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਸਾਰੀ ਕਾਰਵਾਈ ਨੂੰ ਬਰਿੰਦਰ ਮਦਾਨ ਨੇ ਕੁਸ਼ਲਤਾ ਨਾਲ਼ ਕੈਮਰਾਬੰਦ ਕੀਤਾ।

 

 

 

 

error: Content is protected !!