Mar 7, 2026

ਲੇਖਕ : ਗੁਰਦੇਵ ਸਿੰਘ ਆਲਮਵਾਲਾ–

ਜਿੱਥੇ ਜਿੰਦਗੀ ਦੇ ਅਨੇਕਾਂ ਸੁੱਖ ਹਨ ਨਾਲੇ ਨਾਲ ਕਦੇ ਕਦੇ ਦੁੱਖ ਵੀ ਮਿਲਦੇ ਰਹਿੰਦੇ ਹਨ। ਪਰ ਇਨਸਾਨ ਨੂੰ ਦੁੱਖ ਵੇਖ ਕੇ ਘਬਰਾਉਣਾ ਨਹੀਂ ਚਾਹੀਦਾ, ਜਿਸ ਤਰਾਂ ਸਮਾਂ ਕਦੇ ਵੀ ਰੁਕਦਾ ਨਹੀ, ਘੜੀ ਆਪਣੀ ਤੋਰ ਹਮੇਸ਼ਾ ਤੁਰਦੀ ਰਹਿੰਦੀ ਏ, ਅਨੇਕਾਂ ਸੁੱਖ ਦੀਆਂ ਘੜੀਆਂ ਤੇ ਦੁੱਖ ਦੇ ਪਲ਼ ਗੁਜ਼ਰਦੇ ਰਹਿੰਦੇ ਹਨ ਇਸ ਤਰਾਂ ਹਰ ਇਕ ਦਾ ਔਖਾ ਸੌਖਾ ਵਖਤ ਵੀ ਨਿਕਲ ਜਾਂਦਾ ਹੈ। ਕਦੀ ਦੁੱਖ ਲੰਮੀ ਜ਼ਹਿਮਤ ਬਣਕੇ ਨਾਸੂਰ ਵਾਂਗੂੰ ਟੱਸ ਟੱਸ ਕਰਕੇ ਸਰੀਰ ਦੀਆਂ ਨਾੜੀਆਂ ਰਾਹੀਂ ਦਿਲ ਦਿਮਾਗ਼ ਦੇ ਕਲਪਤ ਹਥੌੜੇ ਵਾਂਗੂੰ ਸਿਰ ਵਿਚ ਵੱਜਦੇ ਮਹਿਸੂਸ ਹੁੰਦੇ ਹਨ। ਕਈ ਦੁੱਖ ਧੀਮੀਂ ਵੇਗ ਨਾਲ ਤਨਦੇਹੀ ਨਾਲ ਜੁੜ ਜਾਂਦੇ ਤੇ ਬਹੁਤੇ ਇਨਸਾਨ ਉਸ ਨੂੰ ਰੱਬ ਦੇ ਦਿੱਤੇ ਕਰਮਾਂ ਦੇ ਭਰੋਸੇ ਸਮਝ ਕੇ ਉਸ ਤਰਾਂ ਦੀ ਹੀ ਜਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰ ਲੈਦੇ ਹਨ। ਖੁਸ਼ੀ ਦਾ ਸਮਾਂ ਤੇ ਤੰਦਰੁਸਤੀ ਦੇ ਸਾਲ ਬੜੀ ਤੇਜ਼ੀ ਨਾਲ ਬਸ ਇਉਂ ਲਗਦਾ ਮਹੀਨਿਆਂ ਹਫ਼ਤਿਆਂ ਵਾਂਗੂੰ ਛੇਤੀ ਲੰਘ ਜਾਂਦੇ ਨੇ, ਤੇ ਦੁੱਖ ਅਤੇ ਹਿਜ਼ਰ ਦੀ ਇੱਕ ਰਾਤ ਹੀ ਬਹੁਤ ਲੰਮੀ ਹੋ ਜਾਂਦੀ ਮਹਿਸੂਸ ਹੁੰਦੀ ਐ, ਉਦੋਂ ਇਉਂ ਲੱਗਦਾ ਸਮਾਂ ਇੱਕ ਥਾਂ ਖੜ ਗਿਆ ਹੋਵੇ। ਦੁੱਖ ਦੇ ਟਾਈਮ ਵਾਰ ਵਾਰ ਘੜੀ ਟਾਈਮ-ਪੀਸ ਵੇਖਣਾ ਇਉਂ ਲਗਦਾ ਜਿਵੇਂ ਕਿਸੇ ਆੜ ਵਿੱਚ ਤੁਰਦਾ ਖੂਹ ਦਾ ਪਾਣੀ ਵਾਰ ਵਾਰ ਵੇਖਣ ਨਾਲ ਉਸ ਦੀ ਚਾਲ ਬਹੁਤ ਸੁਸਤ ਹੋ ਜਾਂਦੀ ਏ ਏਸੇ ਤਰਾਂ ਲੱਗਦਾ ਘੜੀ ਦੀਆਂ ਸੂਈਆਂ ਵੀ ਖੜੋ ਗਈਆਂ ਹਨ ਪਰ ਕੁਝ ਚਿਰ ਏਸ ਵਕਤ ਨੂੰ ਵੇਖਣ ਤੋਂ ਪਰਹੇਜ਼ ਕਰਕੇ ਮਨ ਪਾਸੇ ਹਟਾਉਣ ਨਾਲ ਲੱਗਦਾ ਇੰਨਾਂ ਦੀ ਗਤੀ ਨੇ ਰਫਤਾਰ ਤੇਜ਼ ਕਰ ਲਈ ਹੈ। ਸਰੀਰ ਨੂੰ ਸਹੀ ਖ਼ੁਰਾਕ ਤੇ ਮਨ ਨੂੰ ਹਾਂ ਪੱਖੀ (ਪੌਜੇਟਿਵ) ਸੋਚ ਰੱਖ ਕੇ ਅਨੇਕਾਂ ਬੀਮਾਰੀਆਂ ਦੇ ਇਲਾਜ਼ ਹੋ ਸਕਦੇ ਹਨ। ਤੁਹਾਡੇ ਸਰੀਰ ਵਿੱਚ ਹੀ ਇੱਕ ਬਹੁਤ ਵੱਡਾ ਦੁਆਈਆਂ ਦਾ ਕਾਰਖਾਨਾ ਲੈਬ ਲਬਾਰਟਰੀ ਤੇ ਫਾਰਮੇਸੀ ਹੈ ਜੋ ਸਰੀਰਕ ਇੰਦਰੇ (ਔਰਗਨ) ਨੂੰ ਰੀਪੇਅਰ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਨੂੰ ਸਿੱਧ ਕਰਨ ਵਾਸਤੇ ਇੱਕ ਉਦਾਹਰਣ ਦੇਣੀ ਉਚਿਤ ਸਮਝਦੇ ਹਾਂ ਜਿਵੇਂ ਤੁਹਾਡੇ ਸਰੀਰ ਉੱਤੇ ਮੌਕ੍ਹੇ ਨਿਕਲਿਆ ਦੀ ਗੱਲ ਕਰੀਏ, ਕਿਸੇ ਮੜ੍ਹੀ ਮਸਾਣੀ ਉਪਰ ਸੁੱਖ ਸੁੱਖੀ ! ਬੌਂਕਰ ਜਾਂ ਸੁੱਖਿਆ ਲੂਣ ਨਾਲ ਸਾਰੇ ਮੌਕ੍ਹੇ ਝੜ ਜਾਂਦੇ ਹਨ ਦਰਅਸਲ ਨਾਂ ਬੌੰਕਰ, ਨਾਂ ਲੂਣ ਜਾਂ ਮੜ੍ਹੀ ਦਾ ਕਮਾਲ ਹੁੰਦਾ, ਉਹ ਤੁਹਾਡੇ ਮਨ ਨੂੰ ਵਿਸ਼ਵਾਸ ਹੋ ਜਾਂਦਾ ਕਿ ਹੁਣ ਸੁੱਖ ! ਸੁਖ ਲਈ ਬਸ ਹੁਣ ਮੇਰੇ ਮੌਹਕੇ ਝੜ ਗਏ ਸਮਝੋ। ਤੁਹਾਡੇ ਮਨ ਨੇ ਵਿਸ਼ਵਾਸ ਕਰਕੇ ਤੁਹਾਡੀ ਬਾਡੀ ਅੰਦਰ ਬੈਠੀ ਫਾਰਮੇਸੀ ਨੂੰ ਸਹੀ ਸਿਗਨਲ ਦੇ ਦਿੱਤਾ ਅਤੇ ਉਸ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੇ ਦਿਨੋ-ਦਿਨ ਮ੍ਹੌਕੇ ਠੀਕ ਹੋਣੇ ਸ਼ੁਰੂ ਹੋ ਜਾਂਦੇ ਹਨ। ਮਨ ਵਿੱਚ ਆਸ ਦੀ ਇੱਕ ਸਹੀ ਧਾਰਨਾਂ ਜਿੰਦਗੀ ਦੇ ਬਹੁਤ ਸਾਰੇ ਦੁੱਖ-ਤੋੜ ਸਕਦੀ ਹੈ। ਆਸਤਕ ਲੋਕ ਪ੍ਰਾਰਥਨਾਵਾਂ ਤੇ ਪਾਠ ਕਰਕੇ ਮਨ ਨੂੰ ਹੋਰ ਪਾਸੇ ਲਾ ਸਕਦੇ ਹਨ ਜਦ ਕਿ ਅਗਾਂਹ ਵਧੂ ਸਵੇਰ ਸ਼ਾਮ ਦੀ ਸੈਰ (ਵਾਕ) ਲਾਇਬ੍ਰੇਰੀ, ਅਖਬਾਰ ਕਿਤਾਬਾਂ ਕਹਾਣੀਆਂ ਪੜ੍ਹਨ ਵਿੱਚ ਦਿਲਚਸਪੀ ਵਧਾ ਕੇ ਮਨ ਨੂੰ ਹੋਰ ਪਾਸੇ ਲਾ ਸਕਦੇ ਹਨ। ਤਾਸ਼ ਦੀ ਬਾਜ਼ੀ ਸੀਪ ਖੇਡਣ ਵਾਲਿਆਂ ਨੂੰ ਕਦੇ ਡੁਮੈਨਸ਼ਿਆ ਰੋਗ ਨਹੀਂ ਹੁੰਦਾ। ਖੇਡਦਿਆਂ ਉਹਨਾਂ ਦੇ ਦਿਮਾਗ ਦੇ ਸੈੱਲਾਂ ਦੀ ਵਰਜਿਸ ਹੁੰਦੀ ਰਹਿੰਦੀ ਹੈ। ਮਤਲਵ ਤੁਹਾਡੀ ਜ਼ਿੰਦਗੀ ਵਿੱਚ ਬਹੁਤੀਆਂ ਬਿਮਾਰੀਆਂ ਦੇ ਇਲਾਜ ਤੁਸੀਂ ਖ਼ੁਦ ! ਆਪ ਹੀ ਮਨ ਨੂੰ ਹਾਂ ਪੱਖੀ ਕਰਕੇ ਆਪਣੇ ਆਪ ਦੇ ਦੁੱਖ-ਤੋੜ ਸਕਦੇ ਹੋ। ਜ਼ਮਾਨੇ ਵਿੱਚ ਅਨੇਕਾਂ ਨੀਮ-ਹਕੀਮ ਵੈਦ ਡਾਕਟਰ ਹਨ ਜੋ ਪੈਸੇ ਦੇ ਲਾਲਚ ਵਿੱਚ ਆਕੇ ਆਪਣੇ ਮਸ਼ਹੂਰ ਦੂੱਖ-ਤੋੜ ਨੁਸਖੇ ਦੱਸ ਕੇ ਤੁਹਾਨੂੰ ਚੱਕਰਾਂ ਵਿੱਚ ਪਾ ਸਕਦੇ ਹਨ ਪਰ ਬਹੁਤ ਥੋੜੇ ਇਮਾਨਦਾਰ ਹਕੀਮ ਹਨ ਜੋਂ ਸਹੀ ਸਲਾਹ ਤੇ ਵਾਜਬ ਦੇਸੀ ਦਵਾਈ ਦਿੰਦੇ, ਨਾਲ ਆਪ ਨੂੰ ਦਵਾਈ ਬਨਾਉਣ ਦੀ ਸਹੀ ਵਿਧੀ ਵੀ ਦੱਸ ਦਿੰਦੇ ਹਨ ਕਿ ਇਹ ਦਵਾਈ ਤੁਸੀਂ ਖ਼ੁਦ ਆਪ ਵੀ ਤਿਆਰ ਕਰ ਸਕਦੇ ਹੋ। ਉਹਨਾਂ ਨੂੰ ਸਹੀ ਦੁੱਖ-ਤੋੜ ਵੈਦ ਡਾਕਟਰ ਕਿਹਾ ਜਾ ਸਕਦਾ ਹੈ। ਆਂਮ ਪਿੰਡਾਂ ਵਿੱਚ ਕਈ ਸਾਧਾਰਨ ਬੰਦਿਆਂ ਦੇ ਨਾਵਾਂ ਨਾਲ ਅੱਲ ਵੀ ਪੈ ਜਾਂਦੀ ‘ਦੁੱਖ-ਤੋੜ’ ਦੀ, ਉਹ ਹਰੇਕ ਗੱਲ ਨਾਲ ਆਖਣ ਗੇ “ਮੀਂਹ ਟਾਈਮ ਸਿਰ ਪਿਆ ਬਸ ਦੁਖ-ਤੋੜ ਦਿੱਤੇ, ਫ਼ਸਲ ਬਹੁਤ ਸੋਹਣੀ ਹੋਈ ਦੁੱਖ ਤੋੜਤੇ, ਵਧੀਆ ਧੁੱਪਾਂ ਨੇ ਦੁੱਖ-ਤੋੜ ਦਿੱਤੇ, ਅੱਜ ਸਾਰੇ ਦੁੱਖ ਤੋੜ ਦਿਆਂਗੇ” ਇਹੋ ਜਿਹੇ ਇਨਸਾਨ ਹਮੇਸ਼ਾਂ ਖੁਸ਼ ਰਹਿੰਦੇ ਹਨ। ਏਸੇ ਤਰਾਂ ਦਾ ਇਕ ‘ਦੁੱਖ-ਤੋੜ’ ਅਮਲੀ ਕਿਤੇ ਪੁਲਸ ਦੇ ਅੜਿੱਕੇ ਆ ਗਿਆ, ਉਸ ਨੂੰ ਥਾਣੇ ਲਿਆਂਦਾ ਗਿਆ। ਅੱਗੇ ਕੁਦਰਤੀ ਪਿੰਡ ਦਾ ਸਰਪੰਚ ਥਾਣੇ ਕਿਸੇ ਹੋਰ ਕੰਮ ਆਇਆ ਹੋਇਆ ਸੀ ਉਸ ਨੇ ਅਮਲੀ ਨੂੰ ਵੇਖਦਿਆਂ ਕਿਹਾ “ਓ ਦੁੱਖ-ਤੋੜਾ’ ਸੁੱਖ ਹੈ ਅੱਜ ਐਥੇ” ਇਹ ਸੁਣ ਕੇ ਕੁਝ ਸਿਪਾਹੀਆਂ ਦਾ ਧਿਆਨ ਜ਼ਿਆਦਾ ਦੁੱਖ-ਤੋੜ ਲਫ਼ਜ਼ ਵੱਲ ਖਿੱਚਿਆ ਗਿਆ, ਕਹਿੰਦੇ “ਇਹ ਕਿਹੜੇ ਕਿਹੜੇ ਦੁੱਖ ਤੋੜਦਾ ਏ” ਸਰਪੰਚ ਨੇ ਰੋਗਾਂ ਦੀ ਲਿਸਟ ਗਿਣਾਈ “ਕਿਸੇ ਦੇ ਹੱਡ ਪੈਰ ਗੋਡੇ ਦੁਖਦੇ ਹੋਵਣ, ਕਿਸੇ ਦਾ ਸਿਰ ਦੁਖਦਾ ਹੋਵੇ, ਮਨ ਘਾਊਂ ਮਾਊਂ ਹੁੰਦਾ ਹੋਵੇ, ਕਿਸੇ ਤੋਂ ਪੂਰੀ ਦਿਹਾੜੀ ਕੰਮ ਨਾਂ ਹੁੰਦਾ ਹੋਵੇ, ਕਈ ਇਸਤਰੀਆਂ ਦੇ ਨਿੱਕੇ ਨਿਆਣੇ ਰਾਤ ਨੂੰ ਘੱਟ ਸੌਂਦੇ ਹੋਵਣ, ਲੂਜ਼ ਮੋਸ਼ਨਾਂ ਦਾ ਪੱਕਾ ਇਲਾਜ ਕਰਨਾ ਹੋਵੇ, ਕਿਸੇ ਨੂੰ ਸਾਰਾ ਪਿੰਡ ਮਿੱਤਰਾਂ ਦਾ ਨਾਂ ਲੱਗਦਾ ਹੋਵੇ ਤਾਂ ਏਸੇ ਦੁੱਖ-ਤੋੜ ਕੋਲ ਆਉਂਦੇ ਹਨ ਏਸੇ ਕਰਕੇ ਹੀ ਇਸ ਦਾ ਨਾਮ ਦੁੱਖ-ਤੋੜ ਪੱਕ ਗਿਆ ਹੈ। ਕੋਲ ਖੜੇ ਕਈ ਸਿਪਾਹੀ ਆਪ ਦੀਆਂ ਕੁਹਣੀਆਂ ਤੇ ਮ੍ਹੌਰ ਟੋਹਣ ਲੱਗ ਪਏ, ਕਈ ਵਾਰ ਇਹੋ ਜਿਹੀਆਂ ਬਿਮਾਰੀਆਂ ਪੈਰ ਉੱਤੇ ਵੀ ਪ੍ਰਗਟ ਹੋ ਜਾਂਦੀਆਂ, ਜਿਵੇਂ ਘਰ ਵਿੱਚ ਕੋਈ ਢੂਈ ਮਲ਼ਣ ਵਾਲਾ ਸੱਦਿਆ ਹੋਵੇ ਤਾਂ ਸਾਰਾ ਟੱਬਰ ਢੂਈਆਂ ਗਿੱਟੇ ਗੋਡੇ ਪਲੋਸਣ ਲੱਗ ਪੈਂਦਾ ਜਿਵੇਂ ਉਹਨਾਂ ਦੇ ਸਰੀਰ ਵਿੱਚ ਕੁਝ ਨਾ ਕੁੱਝ ਦਰਦ ਹੋਣ ਲੱਗ ਪਿਆ ਹੋਵੇ। ਹੌਲਦਾਰ ਨੇ ਸਿਪਾਹੀ ਨੂੰ ਅੱਖ ਮਾਰੀ ਤੇ ਕੰਡੇ ਵਾਲੀ ਚਾਹ ਦਾ ਆਰਡਰ ਦਿੱਤਾ। ਥੱਲੇ ਬੈਠੇ ਦੁੱਖ-ਤੋੜ ਅਮਲੀ ਨੂੰ ਇਸ਼ਾਰਾ ਕਰਕੇ ਕੁਰਸੀ ਉੱਤੇ ਬੈਠਾਇਆ ਗਿਆ, ਅਮਲੀ ਹੌਸਲੇ ਨਾਲ ਕੁਰਸੀ ਮਲਦਿਆਂ ਬੋਲਿਆ “ਆਹ ਤਾਂ ਬਈ ਸੱਚੀ ਦੁੱਖ-ਤੋੜ ਦਿੱਤੇ” ਹੌਲਦਾਰ ਬੋਲਿਆ “ਅਮਲੀਆਂ ਤੇਰੇ ਘਰ ਨੂੰ ਜਾਣ ਤੋਂ ਪਹਿਲਾਂ ਆਪਾਂ ਇਕ ਨਾਅਰਾ ਜਰੂਰ ਲਾਉਣਾ “ਦੁੱਖ-ਤੋੜ ਜਿੰਦਾਬਾਦ ਦੁੱਖ-ਤੋੜ ਜਿੰਦਾਬਾਦ” ਕੁਝ ਦੇਰ ਬਾਅਦ ਅਮਲੀ ਸਿਪਾਹੀਆਂ ਨਾਲ ਚਾਹ ਪੀ ਕੇ ਸਾਰੀ ਪੁਲਿਸ ਦੇ ਖਿੜਿਆਂ ਚਿਹਰਿਆਂ ਨੂੰ ਵੇਖਦਾ ਵੇਖਦਾ ਸਰਪੰਚ ਦੀ ਜੀਪ ਵਿੱਚ ਬੈਠ ਗਿਆ । ਏਸੇ ਤਰ੍ਹਾਂ ਦਾ ਇੱਕ ਹੋਰ ਵਾਕਿਆ ਹੋਇਆ। ਤਿੰਨ ਭਾਈ ਨਾਰੰਗ ! ਇਕ ਦੁਰਜਨ (ਦੁੱਖ-ਤੋੜ ਜਿਸ ਕੋਲ ਟੈਕਸ ਰਿਟਰਨ ਦਾ ਮਸਲਾ, ਵਰਕ ਪਰਮਿਟ ਤੇ ਐਲਐਮ ਆਈਆਂ, ਅੰਨ-ਅਪਲਾਇਮੈਟ ਦਾ ਮਸਲਿਆਂ ਦੇ ਹਰ ਤਰਾਂ ਦੇ ਦੁੱਖ-ਤੋੜ ਦਿੰਦਾ) ਦੂਸਰਾ ਮੇਲ ਨਾਰੰਗ (ਲੰਮੀ ਤੇ ਡੂੰਘੀ ਸੋਚ ਵਾਲਾ, ਕਨੂੰਨੀ ਮਸਲਿਆਂ ਦਾ ਮਾਹਰ ਅਤੇ ਬਹੁਤ ਆਹਰੀ ਕਿਸਮ ਦਾ ਬੰਦਾ) ਤੀਸਰਾ ਅੰਬਾਂ (ਖੰਡ ਦਾ ਖਿਉਣਾ, ਗਲ ਥੱਲੇ ਨਹੀਂ ਡਿੱਗਣ ਦਿੰਦਾ, ਹਾਜ਼ਰ ਜਵਾਬੀ, ਬਿਮਾਰ ਤੋਂ ਬਿਮਾਰ ਬੰਦੇ ਦੀਆਂ ਹਸਾ ਕੇ ਵੱਖੀਆਂ ਦੁਖਣ ਲਾ ਦਿੰਦਾ) ਕੈਨੇਡਾ ਤੋਂ ਇਹ ਤਿੰਨੇ ਭਰਾ ਪਿੰਡ ਢੁੱਡੀਕੇ ਘੁੰਮਣ ਫਿਰਨ ਗਏ, ਪਰ ਦੁਰਜਨ (ਦੁੱਖ-ਤੋੜ) ਕੋਈ ਜਰੂਰੀ ਕਾਗਜ਼ਾਤ ਐਬਸਫੋਰਡ ਭੁੱਲ ਗਿਆ। ਉਸ ਨੂੰ ਪਤਾ ਲੱਗਾ ਕਿ ਉਸ ਦਾ ਮਿੱਤਰ ਹੰਸਰਾ ਹਫ਼ਤੇ ਦੇ ਅੰਦਰ ਅੰਦਰ ਪੰਜਾਬ ਆ ਰਿਹਾ, ਉਸ ਨੇ ਕੈਨੇਡਾ ਫੂਨ ਲਾਇਆ “ਹੈਲੋ ਹੰਸਰੇ ! ਯਾਰ ਕੂਝ ਜਰੂਰੀ ਕਾਗਜ਼ ਪੱਤਰ ਘਰ ਰਹਿ ਗਏ ਸਨ ਸਾਡੇ ਘਰੋਂ ਲੈਕੇ ਸਿੱਧਾ ਸਾਡੇ ਪਿੰਡ ਹੀ ਪਹੁੰਚਦੇ ਕਰਕੇ ਫਿਰ ਆਪਦੇ ਪਿੰਡ ਨੂੰ ਜਾਵੀਂ” ਹੰਸਰੇ ਹਾਮੀ ਭਰੀ “ਬਾਈ ਗੱਲ ਹੀ ਕੋਈ ਨਹੀਂ ਮੈਂ ਸਿੱਧਾ ਹੀ ਤੁਹਾਡੇ ਕੋਲ ਪਿੰਡ ਢੁਡੀਕੇ ਆਵਾਂਗਾ” ਹੰਸਰੇ ਨੇ ਸਾਰੇ ਪਰਵਾਰ ਸਮੇਤ, ਵੈਨਕੂਵਰ ਤੋਂ ਫਲਾਈਟ ਪਕੜੀ ਤੇ ਪੰਜਾਬ ਵੱਲ ਨੂੰ ਰਵਾਨਾ ਹੋ ਗਿਆ। ਫਲਾਈਟ ਦਿੱਲੀ ਏਅਰਪੋਰਟ ਲੱਗੀ ਅੱਗੇ ਇਕ ਚਕਵਾਂ ਡਰਾਈਵਰ ਗੱਡੀ ਲੈਕੇ ਪਹੁੰਚਿਆ ਹੋਇਆ ਸੀ ਜਿਸ ਕੋਲ ਨਾਂ ਕੋਈ ਗੱਡੀ ਦੇ ਪੇਪਰ ਤੇ ਨਾਂ ਹੀ ਡਰਾਈਵਰ ਲਾਇਸੈਂਸ, ਕਿਸੇ ਟਰੱਕ ਦੀ ਕਲੀਡਰੀ ਛੱਡ ਨਵਾਂ ਨਵਾਂ ਗੱਡੀ ਚਲਾਉਣ ਲੱਗਾ ਸੀ। ਹੰਸਰਾ, ਉਸ ਦੀ ਪਤਨੀ ਅਤੇ ਬੱਚੇ ਨਾਲ ਅਟੈਚੀਆਂ ਨਾਲ ਲੱਦ ਕੇ ਉਸ ਨੇ ਗੱਡੀਂ ਸਿੱਧੀ ਢੁਡੀਕਿਆ ਨੂੰ ਕਰ ਦਿੱਤੀ। ਡਰਾਈਵਰ ਚੱਕਵਾਂ ਫੁਕਰੇ ਸੁਭਾਅ ਦਾ ਰਸਤੇ ਵਿਚ ਲੂਤ ਲੂਤ ਕਰਦਾ ਆਵੇ, ਜਦੋਂ ਵੀ ਗੱਡੀ ਕਿਸੇ ਪਾਸੇ ਨੂੰ ਮੋੜੇ ਬੱਸ ਕਲਕੱਤਾ ਕੱਟ ਹੀ ਮਾਰੇ, ਉਧਰ ਹੰਸਰਾ ਦੋਨੇ ਹੱਥ ਜੋੜੀ ਪਾਸੇ ਪੈਸੰਜ਼ਰ ਸੀਟ ਬੈਠਾ ਕਦੇ ਕਦੇ ਆਪ ਦੇ ਖਾਲੀ ਪੈਰਾਂ ਨਾਲ਼ ਬਨਾਉਟੀ ਬਰੇਕਾਂ ਨੱਪੇ, ਲੁਧਿਆਣੇ ਤੱਕ ਆਉਂਦੇ ਹੰਸਰੇ ਦਾ ਸਜਾ ਪੈਰ ਵੈਸੇ ਹੀ ਥੱਕ ਗਿਆ। ਚਕਵੇਂ ਡਰਾਇਵਰ ਦੀ ਡਰਾਈਵਰੀ ਵੇਖ ਕੇ ਉਸ ਨੂੰ ਆਉਦੀ ਨੀਂਦਰ ਤੇ ਥਕੇਵੇ ਦਾ ਖਿਆਲ ਤਾਂ ਕਿਧਰੇ ਉੱਡ ਪੁੱਡ ਹੀ ਗਿਆ, ਸਾਰੇ ਰਾਹ ਵਾਹਿਗੁਰੂ ਵਾਹਿਗੁਰੂ ਕਰਦੇ ਨੂੰ ਜਦੋਂ ਜੀ ਟੀ ਰੋਡ ਜਗਰਾਵਾਂ ਲੰਘਦਿਆਂ ਸਾਰ ਖੱਬੇ ਹੱਥ ਨਾਨਕਸਰ ਠਾਠ ਆਈ ਤਾਂ ਉਸ ਨੇ ਦੋਨੇ ਹੱਥ ਉੱਪਰ ਨੂੰ ਚੁੱਕੇ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਕਹਿੰਦਾ “ਦਾਤਿਆ ! ਬੱਸ ਸੁਖੀ ਸਾਂਦੀ ਪਹੁੰਚਣ ਦੇ ਨੇੜ ਹੀ ਹਾਂ ਜ਼ਰਾ ਮੇਹਰ ਰੱਖੀਂ” ਗੱਡੀ ਜੀ ਟੀ ਰੋਡ ਲਚਕੋਰੇ ਖਾਂਦੀ ਮੋਸੇ ਮਾਰਦੀ ਧੂੜਾਂ ਪੱਟੀ ਜਾਂਦੀ ਜਾ ਰਹੀ ਸੀ। ਅੱਗੇ ਅਜੀਤ ਵਾਲ (ਜਿੱਤਵਾਲ) ਤੋਂ ਪਹਿਲਾਂ ਕਿਲ੍ਹੀ ਚਾਹਲ਼ਾਂ ਕੋਲ ਪੁਲਿਸ ਦਾ ਬਹੁਤ ਵੱਡਾ ਨਾਕਾ ਲੱਗਾ ਹੋਇਆ ਤੇ ਭਾਰੀ ਚੈਕਿੰਗ ਹੋ ਰਹੀ ਸੀ ਪੁਲਿਸ ਮੁਲਾਜ਼ਮ ਨੇ ਚਕਵੇਂ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਚਕਵੇਂ ਡਰਾਈਵਰ ਗੱਡੀ ਰੋਕ ਲਈ, ਪੇਪਰਾਂ ਦੀ ਪੁਛ-ਤਾਸ਼ ਸ਼ੁਰੂ ਹੋਈ ਤਾਂ ਚਕਵੇਂ ਡਰਾਇਵਰ ਨੇ ਮੌਕਾ ਜਿਹਾ ਵੇਖ ਉਥੋਂ ਇਕਦਮ ਗੱਡੀ ਭਜਾ ਲਈ ਖੱਬੇ ਨੂੰ ਮੋੜ ਕੱਟ ਕੇ ਗੱਡੀਂ ਢੁਡੀਕਿਆਂ ਨੂੰ ਸਿੱਧੀ ਕਰ ਦਿੱਤੀ ਅੱਗੇ ਰੇਲਵੇ ਲਾਈਨ ਉੱਪਰ ਫਾਟਕ ਥੱਲੇ ਨੂੰ ਸੜਕ ਬੰਦ ਕਰਨ ਵਾਸਤੇ ਹੌਲੀ ਹੌਲੀ ਆ ਰਹੇ ਸਨ। ਚੁਸਤ ਡਰਾਈਵਰ ਨੇ ਫੁਰਤੀ ਨਾਲ ਸੜਕ ਦੀ ਵੱਖੀ ਵਿਚ ਦੀ ਫਾਟਕ ਥੱਲੇ ਲੱਗਣ ਤੋਂ ਪਹਿਲਾਂ ਪਹਿਲਾਂ ਰੇਲਵੇ ਲਾਈਨ ਕਰਾਸ ਕਰ ਦਿੱਤੀ ਨਾਲ ਥੋੜਾ ਜਿਹਾ ਹੱਸਿਆ ਕਿ ਮਗਰ ਪੁਲਿਸ ਜਿਪਸੀ ਵਿਚ ਵੱਡਾ ਅਫਸਰ ਤੇ ਚਾਰ ਸਿਪਾਹੀ ਫਾਟਕ ਬੰਦ ਵਿਚ ਅੜ ਗਏ ਹਨ। ਪੁਲਿਸ ਅਫਸਰ ਨੇ ਫਾਟਕ ਮਾਸਟਰ ਨੂੰ ਨਾਰੇ ਬਲਦ ਵਰਗੀਆੰ ਦੋਨੋਂ ਮੁੱਛਾਂ ਉਪਰ ਕੀਤੀਆਂ ਵਿਖਾਈਆਂ, ਨਾਲ ਦੋਨੋ ਉਂਗਲਾਂ ਉਤਾਂਹ ਨੂੰ ਚੁੱਕੀਆਂ ਤੇ ਜਬਰੀ ਫਾਟਕ ਖੁਲਵਾ ਲਏ, ਅਤੇ ਕੋਸ਼ਿਸ਼ ਕੀਤੀ ਕਿ ਭਜਾਈ ਗੱਡੀ ਫੜੀ ਜਾ ਸਕੇ। ਗੱਡੀ ਵਿੱਚ ਹੰਸਰਾ ਤੇ ਪਰਵਾਰ ਦਿਲ ਉੱਤੇ ਹੱਥ ਰੱਖ ਸਹਿਮਿਆ ਤੇ ਬਹੁਤ ਘਬਰਾਇਆ ਬੈਠਾ ਪਿੱਛੇ ਨੂੰ ਵਾਰ ਵਾਰ ਵੇਖੇ ਨਾਲ ਕਹੇ “ਪਤੰਦਰਾ ਤੂੰ ਗੱਡੀ ਕਿਉਂ ਭਜਾਈ” ਭੂਤਰਿਆਂ ਡਰਾਈਵਰ ਪੂਰਾ ਹਰਫਲਿਆ ਪਰ ਬੋਲੇ ਕੁਝ ਨਾਂ, ਹੰਸਰੇ ਫੇਰ ਧੋਣ ਘੁੰਮਾਅ ਕੇ ਪਿੱਛੇ ਨੂੰ ਵੇਖਿਆ ਤੇ ਬੋਲਿਆ “ਤੇਰੇ ਪਿਉ ਮਗਰ ਹੀ ਆ ਰਹੇ ਹੈ” ਪੁਲਿਸ ਜਿਪਸੀ ਕਾਫੀ ਫ਼ਰਕ ਕੱਢ ਕੇ ਕੁਝ ਫ਼ਾਸਲੇ ਉੱਪਰ ਮਗਰ ਸੀ, ਖੱਬੇ ਮੋੜ ਮੁੜਨ ਤੋਂ ਪਹਿਲਾਂ ਉਹਨਾਂ ਨੂੰ ਭਜਾਈ ਗੱਡੀ ਚੂਰੜਚੱਕ ਵੱਲ ਨੂੰ ਮੁੜਦੀ ਦਿਸ ਗਈ। ਬੱਸ ਕੁਝ ਹੀ ਫਾਸਲੇ ਉੱਤੇ ਪੁਲਿਸ ਨੇ ਗੱਡੀ ਮੂਹਰਿਓ ਵਲ਼ ਲਈ। ਸਿਪਾਹੀਆਂ ਧੂਹ ਕੇ ਡਰਾਈਵਰ ਨੂੰ ਬਾਹਰ ਕੱਢ ਕੇ ਜਿਪਸੀ ਵਿੱਚ ਇਉਂ ਸੁੱਟ ਲਿਆ ਜਿਵੇਂ ਕਿਸੇ ਵੱਡੇ ਸਮਾਗਮ ਉੱਤੇ ਆਲੂਆਂ ਦੀ ਬੋਰੀ ਲਿਜਾਣੀ ਹੁੰਦੀ ਹੈ। ਉਧਰ ਕੁਦਰਤੀ ਨੇੜ ਹੀ ਤਿੰਨੇ ਭਰਾ ਨਾਰੰਗ ਸੜਕੇ ਸੜਕ ਉੱਥੇ ਤੁਰੇ ਜਾਣ, ਉਹ ਖੜ ਕੇ ਸਾਰਾ ਤਮਾਸ਼ਾ ਵੇਖਣ ਲੱਗ ਪਏ। ਉਹਨਾਂ ਨੂੰ ਵੇਖ ਕੇ ਹੰਸਰੇ ਨੇ ਗੱਡੀ ਦਾ ਸ਼ੀਸ਼ਾ ਖੋਲ ਕੇ ਸੁੱਕੇ ਸੰਘ ਅਵਾਜ਼ ਮਾਰੀ “ਫਸਾ ਦਿੱਤਾ ਚਕਵੇਂ ਡਰਾਇਵਰ ਨੇ ਮੇਰਾ ਤਾਂ ਸਣੇ ਜੁਆਕੀ ਸਮਾਨ ਵੀ ਵਿੱਚੇ ਹੀ ਹੈ” ਨਾਰੰਗ ਭਰਾਵਾਂ ਨੂੰ ਛੇਤੀ ਛੇਤੀ ਤਰਦੀ ਤਰਦੀ ਸਾਰੀ ਕਹਾਣੀ ਸੁਣਾਈ। ਚੱਕਵਾਂ ਡਰਾਇਵਰ ਸਿਪਾਹੀਆਂ ਨੇ ਕੁੱਕੜ ਵਾਂਗੂੰ ਲਪੇਟ ਕੇ ਜਿਪਸੀ ਵਿੱਚ ਸੁੱਟਿਆ ਹੋਇਆ ਸੀ। ਅੰਬੇ ਨਾਰੰਗ ਦੀ ਪਤਨੀ ਅਤੇ ਐਸ ਐਸ ਪੀ ਮੋਗਾ ਦੀ ਪਤਨੀ ਦੋਨੇ ਜੁਆਨ ਉਮਰ ਇਕੱਠੀਆਂ ਪੜਦੀਆਂ ਤੇ ਪੱਕੀਆਂ ਸਹੇਲੀਆਂ ਸਨ। ਅੰਬੇ ਨੇ ਤੁਰੰਤ ਮੋਗੇ ਐਸ ਪੀ ਨੂੰ ਫੂਨ ਘੁੰਮਾਇਆ, ਕੁਝ ਹੀ ਮਿੰਟਾਂ ਬਾਅਦ ਓਸ ਵਾਰਦਾਤ ਵਿਖੇ ਪੁਲਿਸ ਅਫ਼ਸਰ ਦਾ ਫੂਨ ਖੜਕਿਆ ਤੇ ਉਹ ਜਿਪਸੀ ਵਾਲਾ ਅਫ਼ਸਰ ਕੁਝ ਢਹਿਲ਼ਾ ਜਿਹਾ ਪੈ ਗਿਆ, ਕਹਿੰਦਾ “ਹੁਣ ਜੇਕਰ ਮੈਂ ਇਸ ਨੂੰ ਛੱਡ ਦਿੱਤਾ ਤਾਂ ਮੇਰੀ ਮਹਿਕਮੇ ਵਿੱਚ ਬਹੁਤ ਬੇਇੱਜ਼ਤੀ ਹੋਵੇਗੀ ਕਿ ਫੜਿਆ ਨਹੀਂ ਗਿਆ, ਇਕ ਵਾਰ ਤਾਂ ਮੈਂ ਇਸ ਨੂੰ ਵਾਪਸ ਨਾਕੇ ਉੱਤੇ ਲਿਜਾਣਾ ਹੀ ਲਿਜਾਣਾ, ਭਾਵੇਂ ਤੁਸੀਂ ਨਾਲ ਹੀ ਆ ਜਾਵੋ, ਬੱਚ ਗਿਆ ਸਾਲ਼ਾ ਇਹ ਕੰਜਰ ਕੁੱਤਾ” ਨਾਲ ਹੀ ਉਸ ਨੇ ਆਪਣੀ ਖੱਬੀ ਮੁੱਛ ਨੂੰ ਵੱਟ ਦੇਕੇ ਲਾਲ ਅੱਖਾਂ ਚਕਵੇਂ ਡਰਾਇਵਰ ਵੱਲ ਨੂੰ ਕੱਢੀਆਂ। ਅਫ਼ਸਰ ਦੀਆਂ ਫੇਰ ਦੋਨੋਂ ਮੁੱਛਾਂ ਨਾਰੇ ਬਲਦ ਦੇ ਸਿੰਗਾਂ ਵਾਂਗੂੰ ਲੰਮੀਆਂ ਤਿੱਖੀਆਂ ਤੇ ਆਕੜੀਆਂ ਰੋਹਬ ਵਿਖਾ ਰਹੀਆਂ ਸਨ। ਚਕਵੇਂ ਨੂੰ ਗਾਹਲ਼ਾਂ ਦਾ ਸੰਗਨ ਤਾਂ ਨਾਲ਼ੇ ਨਾਲ ਹੀ ਬਹੁਤ ਹੋਈ ਗਿਆ। ਪੁਲਿਸ ਨੇ ਕੰਬਦੀਆਂ ਖੁੱਚਾਂ ਤੇ ਛਲਕਦੀਆਂ ਵੱਖੀਆਂ ਨਾਲ ਜਿਪਸੀ ਵਿੱਚੋਂ ਚੱਕਵਾਂ ਬਾਹਰ ਕੱਢਿਆ ਤੇ ਕਿਹਾ “ਇਸ ਨੂੰ ਨਾਲ ਲੈਕੇ ਘਰ ਨੂੰ ਚਲੋਂ ਉੱਥੇ ਸਮਾਨ ਤੇ ਬੱਚੇ ਉਤਾਰੋ ਫਿਰ ਇਸ ਨੂੰ ਨਾਕੇ ਵਾਲੀ ਜਗ੍ਹਾ ਉੱਪਰ ਲੈਕੇ ਚਲੋਂ, ਅਸੀਂ ਤੁਹਾਡੇ ਮਗਰ ਮਗਰ ਰਹਾਂਗੇ” ਅੰਬੇ ਭਰਾਵਾਂ ਦੀ ਕੋਠੀ ਦੇ ਵੱਡੇ ਬਾਹਰਲੇ ਤੱਖਤੇ ਚੀਕਦੇ ਖੁੱਲੇ, ਦੋਨੇ ਗੱਡੀਆਂ ਵਾਰੀ ਵਾਰੀ ਅੰਦਰ ਲੰਘ ਗਈਆਂ, ਸਿਪਾਹੀਆਂ ਨੂੰ ਚਾਹ ਪਾਣੀ ਵਰਤਣਾਂ ਸ਼ੁਰੂ ਹੋ ਗਿਆ, ਨਾਲ ਦੇ ਆਂਡੀ ਗੁਆਂਢੀ ਅੱਡੀਆਂ ਚੱਕ ਚੱਕ ਵੇਖਣ ਤੇ ਸੋਚਣ ਕਿ ਇੰਨਾਂ ਦੇ ਕੋਈ ਵੱਡਾ ਹੀ ਮਹਿਮਾਨ ਆਇਆ ਹੋਇਆ ਲਗਦਾ ਜਿਸ ਨੂੰ ਪੂਰੀ ਫੋਰਸ ਗਾਰਦ ਘਰ ਤੱਕ ਛੱਡਣ ਆਈ ਹੈ। ਸਾਇਡ ਉੱਤੇ ਚੱਕਵਾਂ ਡਰਾਈਵਰ ਸੁੱਕੇ ਸੰਘ ਮੂੰਹ ਦੀਆਂ ਖਾਲੀ ਘੁੱਟਾ ਜਿਹੀਆਂ ਭਰ ਰਿਹਾ ਸੀ ਉਸ ਨੂੰ ਪਾਣੀ ਤੱਕ ਨਹੀਂ ਕਿਸੇ ਪੁਛਿਆ। ਵਾਪਿਸ ਨਾਕੇ ਵੱਲ ਜਾਂਦਿਆਂ ਚਕਵੇਂ ਡਰਾਇਵਰ ਦੀ ਗੱਡੀ ਵਿੱਚ ਮੇਲ਼ ਮੂਹਰਲੀ ਪੈਸੰਜਰ ਸੀਟ ਤੇ ਅੰਬਾਂ ਮਗਰਲੀ ਸੀਟ ਬੈਠਾ । ਅੰਬਾ ਵੱਡੇ ਭਰਾ ਮੇਲ ਨੂੰ ਡਰਾਇਵਰ ਦੇ ਕੰਨਾਂ ਵੱਲ ਇਸ਼ਾਰੇ ਕਰਕੇ ਕਹਿੰਦਾ “ਮੇਲ ਆਹ ਕੰਨ ਵੇਖ ! ਡਰਾਇਵਰ ਦੇ ਚੰਗੇ ਭਲੇ ਹਨ ਜੇ ਆਪਾਂ ਨਾਂ ਮਿਲਦੇ ਤਾਂ ਹੁਣ ਨੂੰ ਗੁਲਗਲਿਆ ਵਾਗੂੰ ਫੁੱਲੇ ਹੋਣੇ ਸਨ” ਚੱਕਵਾਂ ਡਰਾਈਵਰ ਮੂੰਹ ਘੁੱਟੀ ਬੈਠਾ ਸੀ। ਅੰਬਾ ਫਿਰ ਬੋਲਿਆ “ਮੇਲ ਇਹ ਆਪਦੇ ਬੁੱਲ ਜਿਹੇ ਘੁੱਟੀ ਬੈਠਾ ਏ, ਹੁਣ ਨੂੰ ਤਾ ਇਹਦਾ ਤੋਤੇ ਵਾਂਗੂੰ ਬੋਲਦੇ ਦਾ ਅੜਾਟ ਪਿਆ ਹੋਣਾ ਸੀ” ਚੱਕਵਾਂ ਫੇਰ ਚੁੱਪ। ਮੇਲ ਫੂਨ ਕੰਨ ਨੂੰ ਲਾਕੇ ਕਿਤੇ ਕੋਈ ਆਰਡਰ ਕਰ ਰਿਹਾ ਸੀ। “ਮੇਲ ਮੈਨੂੰ ਲਗਦਾ ਆਪਾਂ ਇਸ ਦੀ ਸਰਵਿਸ ਜਿਹੀ ਕਰਵਾ ਹੀ ਲਈਏ ਫੇਰ ਸ਼ਾਇਦ ਰੈਲ਼ਾ ਜਿਹਾ ਹੋਕੇ ਕੋਈ ਗੱਲ ਮੂੰਹੋਂ ਫੁੱਟੇ” ਅੰਤ ਚੱਕਵੈਂ ਆਪਣੇ ਕੰਨ ਟੋਹਦਿਆਂ ਮੂੰਹ ਖੋਲਿਆ “ਬਾਈ ਤੁਸੀਂ ਤਾਂ ਸਾਰੇ ਦੁੱਖ-ਤੋੜ ਦਿੱਤੇ ਅਗਾਂਹ ਨੂੰ ਮੈਂ ਗੱਡੀ ਦੇ ਸਾਰੇ ਪੇਪਰ ਪੂਰੇ ਕਰੂੰ ਗਾ ਇਹ ਮੇਰਾ ਪਹਿਲਾ ਚਾਨਸ ਸੀ” ਅੰਬੇ ਫਿਰ ਟਕੋਰ ਕੀਤੀ “ਅਜੇ ਇੱਕ ਦੋ ਵਾਰ ਤਾਂ ਹੋਰ ਤਜਰਬਾ ਕਰ ਲਵੀਂ ਅਸੀਂ ਦੋ ਮਹੀਨੇ ਏਥੇ ਹੀ ਹਾਂ ਤੇਰੀ ਹਸਪਤਾਲ ਖ਼ਬਰ ਨੂੰ ਆਇਆ ਕਰਾਂਗੇ” ਇਸ ਤਰਾਂ ਗੱਲਾਂ ਕਰਦਿਆਂ ਨਾਕਾ ਆ ਗਿਆ। ਚੱਕਵਾਂ ਜਿਵੇ ਕਿਸੇ ਵਿਆਹ ਉੱਤੇ ਬਿਨ-ਬੁਲਾਏ ਮਹਿਮਾਨ ਵਾਂਗੂੰ ਉੱਥੇ ਸਿੱਧਾ ਹੀ ਧੁੱਸ ਦੇਕੇ ਦਾਖਲ ਹੋ ਗਿਆ। ਜਿਪਸੀ ਵਿੱਚੋਂ ਜਿੱਤੇ ਪਹਿਲਵਾਨਾਂ ਵਾਂਗੂੰ ਵੱਡਾ ਅਫਸਰ ਤੇ ਚਾਰੇ ਸਿਪਾਹੀ ਬਾਹਰ ਨਿਕਲੇ। ਬਾਕੀ ਦੇ ਉੱਥੇ ਖੜੇ ਮੁਲਾਜ਼ਮ ਸੋਚਣ ਕਿ ਹੁਣ ਤੱਕ ਚੱਕਵੇ ਡਰਾਈਵਰ ਦੇ ਝੱਗੇ ਦੇ ਬੱਖੀਏ ਉਧੇੜੇ ਹੋਣੇ ਸਨ ਪਰ ਪਤਾ ਨਹੀ ਕਿਉਂ ਨਹੀਂ ਉਧੇੜੇ ? ਏਨੇ ਨੂੰ ਤੰਦੂਰੀ ਮੁਰਗੇ ਤੇ ਨੁਕਲ ਪਾਣੀ ਉੱਥੇ ਪਹੁੰਚ ਗਿਆ ਦਰਅਸਲ ਮੇਲ ਨੇ ਰਸਤੇ ਵਿੱਚ ਆਉਂਦਿਆਂ ਜਿੱਤਵਾਲ ਵਾਸੇ ਢਾਬੇ ਉਪਰ ਆਰਡਰ ਕਰ ਦਿੱਤਾ ਸੀ। ਦੋਨੋਂ ਭਾਈ ਮੇਲ ਤੇ ਅੰਬਾ ਬੋਲੇ “ਤੁਸੀ ਸਾਰੇ ਮੁਲਾਜ਼ਮ ਲੰਚ ਕਰੋ ਤੇ ਆਪ ਦੇ ਦੁੱਖ-ਤੋੜੋ ਅਸੀ ਅੱਜ ਚਕਵੇਂ ਨੂੰ ਪਿੰਡ ਰੱਖਦੇ ਹਾਂ, ਇਸ ਦੀ ਸ਼ਾਮ ਨੂੰ ਕਲਾਸ ਲਾਉਂਦੇ ਹਾਂ। ਚਕਵਾਂ ਜਿਹੜੇ ਪੰਜ ਕਿਲੋਮੀਟਰ ਦੇ ਸਫ਼ਰ ਵਿੱਚ ਢੁਡੀਕਿਆ ਨੂੰ ਭੂਤਰਿਆ ੨ ਗਿਆ ਸੀ ਹੁਣ ਉਹ ਸਹਿਜ ਸਮਾਈ ਨਾਲ ਆਸੇ ਪਾਸੇ ਵੇਖਦਾ ਡਰਾਈਵਰੀ ਕਰ ਰਿਹਾ ਸੀ। ਅੰਬਾਂ ਫਿਰ ਬੋਲਿਆ “ਤੂੰ ਸੋਚ ਜੇ ਅਸੀਂ ਨਾਂ ਮਿਲਦੇ ਤਾਂ ਤੇਰਾ ਹਾਲ ਕੀ ਹੋਣਾ ਸੀ” ਚੱਕਵਾਂ ਡਰਾਈਵਰ ਬੱਸ ਸਿਰ ਹੀ ਹਿਲਾਉਂਦਾ ਰਿਹਾ ਜਿਵੇਂ ਥਾਣੇਦਾਰ ਦੀਆਂ ਵੱਟ ਦਿੱਤੀਆਂ ਮੁੱਛਾਂ ਦਾ ਪਰਛਾਵਾਂ ਉਸ ਦੀਆਂ ਅੱਖਾਂ ਤੋਂ ਪਾਸੇ ਨਾਂ ਹੁੰਦਾ ਹੋਵੇ।

brar.kds@gmail.com