Oct 3, 2026

ਅਕਾਲੀ ਉਮੀਦਵਾਰ ਨੇ ਦਿੱਤੀ ਸਖਤ ਟੱਕਰ- ਅਕਾਲੀ ਦਲ ਦੀ ਵਾਪਸੀ ਦੇ ਸੰਕੇਤ

ਪੰਥਕ ਉਮੀਦਵਾਰ ਮਨਦੀਪ ਸਿੰਘ ਤੀਸਰੇ ਅਤੇ ਕਾਂਗਰਸੀ ਉਮੀਦਵਾਰ ਚੌਥੇ ਸਥਾਨ ਤੇ ਰਹੇ-

ਤਰਨ ਤਾਰਨ ( ਦੇ ਪ੍ਰ ਬਿ)-ਭਗਵੰਤ ਮਾਨ ਸਰਕਾਰ ਲਈ ਵੱਕਾਰ ਦਾ ਸਵਾਲ ਬਣੀ ਤਰਨ ਤਾਰਨ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 11000 ਤੋਂ ਵੱਧ ਵੋਟਾਂ ਦੇ ਫਰਕ ਨਾਲ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਤੋਂ ਜੇਤੂ ਰਹੇ ਹਨ। ਵੋਟਾਂ ਦੀ ਗਿਣਤੀ ਦੇ ਪਹਿਲੇ ਤਿੰਨ ਪੜਾਵਾਂ ਦੌਰਾਨ ਅਕਾਲੀ ਉਮੀਦਵਾਰ ਆਪ ਉਮੀਦਵਾਰ ਤੋਂ ਲੀਡ ਲੈ ਰਹੀ ਸੀ ਪਰ ਬਾਦ ਵਿਚ ਹਰਮੀਤ ਸਿੰਘ ਸੰਧੂ ਅੱਗੇ ਲੰਘ ਗਏ ਤੇ ਉਹ ਆਖਰੀ ਗੇੜ ਦੀ ਗਿਣਤੀ ਤੱਕ ਆਪਣੀ ਲੀਡ ਵਧਾਉਣ ਵਿਚ ਕਾਮਯਾਬ ਰਹੇ। ਉਹਨਾਂ ਨੂੰ ਕੁਲ 42,619 ਵੋਟਾਂ ਮਿਲੀਆਂ ਜਦੋਂਕਿ ਅਕਾਲੀ ਉਮੀਦਵਾਰ ਨੂੰ 30,558 ਵੋਟਾਂ ਮਿਲੀਆਂ। ਤੀਸਰੇ ਸਥਾਨ ਤੇ ਵਾਰਿਸ ਪੰਜਾਬ ਪਾਰਟੀ ਦੇ ਸਾਂਝੇ ਪੰਥਕ ਉਮੀਦਵਾਰ ਮਨਦੀਪ ਸਿੰਘ ਖਾਲਸਾ ਰਹੇ। ਉਹਨਾਂ ਨੂੰ 19,580 ਵੋਟਾਂ ਮਿਲੀਆਂ ਜਦੋਂਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ 15,045 ਵੋਟਾਂ ਨਾਲ ਚੌਥੇ ਸਥਾਨ ਤੇ ਰਹੇ। ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਸਥਾਨ ਤੇ ਰਹੇ। ਉਹਨਾਂ ਨੂੰ 6206 ਵੋਟਾਂ ਮਿਲੀਆਂ। ਇਥੋ ਆਜਾਦ ਉਮੀਦਵਾਰ ਬੀਬੀ ਹਰਬਿੰਦਰ ਕੌਰ ਉਸਮਾ ਨੂੰ 542 ਵੋਟਾਂ ਤੇ ਨੀਟੂ ਸ਼ਟਰਾਂ ਵਾਲੇ ਨੂੰ 462 ਵੋਟਾਂ ਮਿਲੀਆਂ।

ਤਾਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਕੁਲ਼ 15 ਉਮੀਦਵਾਰ ਮੈਦਾਨ ਵਿਚ ਸਨ| ਵੋਟਾਂ ਦੀ ਗਿਣਤੀ 14 ਨਵੰਬਰ ਨੂੰ  ਸਵੇਰੇ 8 ਵਜੇ ਮਾਈ ਭਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ, ਪਿੱਦੀ (ਤਰਨ ਤਾਰਨ) ’ਚ ਸ਼ੁਰ ਹੋਈ।ਜਿਕਰਯੋਗ ਹੈ ਕਿ ਤਰਨ ਤਾਰਨ ਜਿਮਨੀ ਚੋਣ ਇਥੋਂ ਆਪ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਦੇ ਅਚਾਨਕ ਦੇਹਾਂਤ ਕਾਰਣ ਕਰਵਾਈ ਗਈ ਹੈ।

-ਅਕਾਲੀ ਉਮੀਦਵਾਰ ਦਾ ਸ਼ਾਨਦਾਰ ਪ੍ਰਦਰਸ਼ਨ ਅਕਾਲੀਆਂ ਲਈ ਸ਼ੁਭ ਸੰਕੇਤ-

ਤਰਨਤਾਰਨ ਜ਼ਿਮਨੀ ਚੋਣ ਵਿਚ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਵਲੋਂ ਸੱਤਾਧਾਰੀ ਉਮੀਦਵਾਰ ਨੂੰ ਸਖਤ ਟੱਕਰ ਦੇਣ ਅਤੇ ਦੂਸਰੇ ਨੰਬਰ ਤੇ ਰਹਿਕੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ  ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸਿਆਸੀ ਜ਼ਮੀਨ ਤੇ ਵਾਪਸੀ ਕਰ ਲਈ ਹੈ ਅਤੇ ਉਸ ਵਲੋਂ  ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਭਰਕੇ ਸਾਹਮਣੇ ਆਉਣ ਦੇ ਸੰਕੇਤ ਹਨ।

ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ  ਪੋਲ ਰੁਝਾਨਾਂ ਵਿੱਚ ਇੱਕ ਮਜ਼ਬੂਤ ਲੀਡ ਦੇ ਕੇ ਜ਼ਿਮਨੀ ਚੋਣ ਵਿੱਚ ਤਰਨਤਾਰਨ ਸੀਟ ਬਰਕਰਾਰ ਰੱਖਣ ਵਿਚ ਕਾਮਯਾਬ ਰਹੀ, ਪਰ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਵੱਲੋਂ ਦਿੱਤੀ ਗਈ ਸਖ਼ਤ ਟੱਕਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ‘ਵੱਖ ਹੋਏ’ ਜਾਂ ‘ਪੁਨਰਸੁਰਜੀਤ’ ਦੇ ਟੈਗ ਵਾਲੇ ਬਾਗੀ ਅਕਾਲੀ ਦੀ ‘ਪੰਥਕ ਪਕੜ’ ਉਹ ਨਹੀ ਜਿਸਦਾ ਉਹ ਦਾਅਵਾ ਕਰਦੇ ਆ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ  ਨੇ ਇੱਥੋਂ ਸੁਖਵਿੰਦਰ ਕੌਰ ਰੰਧਾਵਾ ਨੂੰ ਮੈਦਾਨ ਵਿੱਚ ਉਤਾਰਿਆ, ਜੋ ਇਕ ਸਾਬਕਾ ਪ੍ਰਿੰਸੀਪਲ ਅਤੇ  ‘ਧਰਮੀ ਫੌਜੀ’ ਪਰਿਵਾਰ ਨਾਲ ਸਬੰਧਿਤ ਹੈ।

ਦੂਜੇ ਪਾਸੇ, ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਪਾਰਟੀ ‘ਵਾਰਿਸ ਪੰਜਾਬ ਦੇ’  ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਸਨ। ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦਾ ਭਰਾ ਹੈ, ਜੋ ਸ਼ਿਵ ਸੈਨਾ (ਟਕਸਾਲੀ) ਦੇ ਆਗੂ ਸੁਧੀਰ ਸੂਰੀ ਦੇ ਕਤਲ ਵਿੱਚ ਮੁਲਜ਼ਮ ਹੈ। ਸੰਨੀ ਇਸ ਸਮੇਂ ਸੰਗਰੂਰ ਜੇਲ੍ਹ ਵਿੱਚ ਬੰਦ ਹੈ ਅਤੇ ਹਾਲ ਹੀ ਵਿੱਚ ਪਟਿਆਲਾ ਜੇਲ੍ਹ ਵਿੱਚ ਫਰਜ਼ੀ ਮੁਕਾਬਲਿਆਂ ਦੇ ਕੇਸਾਂ ਵਿੱਚ ਦੋਸ਼ੀ ਠਹਿਰਾਏ ਗਏ ਸਾਬਕਾ ਪੁਲੀਸ ਅਧਿਕਾਰੀਆਂ ’ਤੇ ਹਮਲਾ ਕਰਨ ਕਾਰਨ ਸੁਰਖੀਆਂ ਵਿੱਚ ਆਇਆ ਸੀ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਥਕ ਸਮਝੇ ਜਾਂਦੇ ਤਰਨ ਤਾਰਨ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਜੇਤੂ ਰਹੇ ਉਮੀਦਵਾਰ ਹਰਮੀਤ ਸਿੰਘ ਸੰਧੂ ਵੀ ਇਕ ਸਾਬਕਾ ਅਕਾਲੀ ਵਿਧਾਇਕ ਹਨ। ਉਹ ਕਿਸੇ ਸਮੇਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਾਸਮ ਖਾਸ ਰਹੇ ਹਨ।

ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ
ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ, ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਤੇ ਪੰਥਕ ਉਮੀਦਵਾਰ ਮਨਦੀਪ ਸਿੰਘ ਖਾਲਸਾ।

 

error: Content is protected !!