Oct 3, 2026
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
  ਪੰਡੋਰੀ ਸਿੱਧਵਾਂ 9501100062

ਵਜ਼ੀਰ ਖਾਨ ਜਿਸ ਨੂੰ ਸਿੱਖ ਇਤਿਹਾਸ ਵਿੱਚ ਵਾਰ ਵਾਰ ਸਰਹਿੰਦ ਦਾ ਸੂਬੇਦਾਰ ਲਿਖਿਆ ਗਿਆ ਹੈ, ਅਸਲ ਵਿੱਚ ਫੌਜ਼ਦਾਰ ਸੀ ਤੇ ਇਸ ਦਾ ਅਸਲ ਨਾਮ ਮਿਰਜ਼ਾ ਅਸਕਰੀ ਵਜ਼ੀਰ ਖਾਨ ਸੀ। । ਸਰਹਿੰਦ ਸਰਕਾਰ, ਦਿੱਲੀ ਸੂਬੇ ਦੇ ਅਧੀਨ ਆਉਂਦੀ ਸੀ ਤੇ ਸਤਲੁਜ ਤੋਂ ਲੈ ਕੇ ਜਮਨਾ ਤੱਕ (ਸਮੇਤ ਪਹਾੜੀ ਰਾਜੇ) ਦਾ ਇਲਾਕਾ ਇਸ ਦੇ ਅਧੀਨ ਸੀ। ਵਜ਼ੀਰ ਖਾਨ ਇਰਾਨੀ ਨਸਲ ਦਾ ਕੱਟੜ ਸੁੰਨੀ ਮੁਸਲਿਮ ਸੀ ਜਿਸ ਦਾ ਜਨਮ 1635 ਈਸਵੀ ਦੇ ਕਰੀਬ ਕੁੰਜਪੁਰਾ (ਹੁਣ ਜਿਲ੍ਹਾ ਕਰਨਾਲ, ਹਰਿਆਣਾ) ‘ਚ ਹੋਇਆ ਸੀ। ਇਸ ਦਾ ਦਾਦਾ ਮਿਰਜ਼ਾ ਅਕਬਰ ਸ਼ਾਹੀ ਵਜ਼ੀਰ ਖਾਨ ਮੁਗਲ ਬਾਦਸ਼ਾਹ ਹੁਮਾਯੂੰ ਨਾਲ ਇਰਾਨ ਤੋਂ ਭਾਰਤ ਆਇਆ ਸੀ ਤੇ ਉਸ ਦਾ ਇੱਕ ਪ੍ਰਮੁੱਖ ਦਰਬਾਰੀ ਸੀ। ਹੁਮਾਯੂੰ 26 ਜੂਨ 1539 ਨੂੰ ਚੌਸਾ ਅਤੇ 17 ਮਈ 1540 ਨੂੰ ਕੰਨੌਜ ਦੀ ਜੰਗ ਵਿੱਚ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਇਰਾਨ ਭੱਜ ਗਿਆ ਸੀ ਜਿੱਥੇ ਬਾਦਸ਼ਾਹ ਸ਼ਾਹ ਤੈਹਮਾਸਪ ਪਹਿਲੇ ਨੇ ਉਸ ਨੂੰ ਸ਼ਰਨ ਦਿੱਤੀ ਸੀ। ਸ਼ੇਰ ਸ਼ਾਹ ਸੂਰੀ ਤੇ ਉਸ ਦੇ ਪੁੱਤਰ ਇਸਲਾਮ ਸ਼ਾਹ ਦੀ ਕ੍ਰਮਵਾਰ 22 ਮਈ 1545 ਤੇ 22 ਨਵੰਬਰ 1554 ਈਸਵੀ ਨੂੰ ਹੋਈ ਮੌਤ ਤੋਂ ਬਾਅਦ 1555 ਈਸਵੀ ਵਿੱਚ 14 ਸਾਲ ਦੇ ਬਨਵਾਸ ਤੋਂ ਬਾਅਦ ਦਿੱਲੀ ਵਾਪਸ ਆ ਸਕਿਆ ਸੀ। ਵਜ਼ੀਰ ਖਾਨ ਦੇ ਬਾਪ ਦਾ ਨਾਮ ਮਿਰਜ਼ਾ ਜ਼ਹੀਰ ਹਰਮ ਖਾਨ ਤੇ ਮਾਂ ਦਾ ਨਾਮ ਅਮੀਨਾ ਬੇਗਮ ਸੀ। ਮਿਰਜ਼ਾ ਜ਼ਹੀਰ ਵੀ ਮੁਗਲ ਪ੍ਰਸ਼ਾਸ਼ਨ ਵਿੱਚ ਕਈ ਅਹਿਮ ਅਹੁਦਿਆਂ ‘ਤੇ ਰਿਹਾ ਸੀ। ਵਜ਼ੀਰ ਖਾਨ 17 – 18 ਉਮਰ ਵਿੱਚ ਮੁਗਲ ਫੌਜ ਵਿੱਚ ਭਰਤੀ ਹੋ ਗਿਆ ਤੇ ਤਰੱਕੀ ਕਰਦਾ ਹੋਇਆ ਪੰਜ ਹਜ਼ਾਰੀ ਮਨਸਬਦਾਰ ਬਣ ਗਿਆ। ਮੁਗਲ ਰਾਜ ਵਿੱਚ ਅਫਸਰਾਂ ਨੂੰ ਜਾਗੀਰ ਦੀ ਬਜਾਏ ਮਨਸਬ ਦਿੱਤੀ ਜਾਂਦੀ ਸੀ। ਪੰਜ ਹਜ਼ਾਰੀ ਦਾ ਮਤਲਬ ਹੈ ਕਿ ਇਸ ਨੂੰ ਪੰਜ ਹਜ਼ਾਰ ਪੈਦਲ ਤੇ ਪੰਜ ਹਜ਼ਾਰ ਘੋੜਸਵਾਰ ਸੈਨਿਕ ਰੱਖਣ ਦਾ ਅਧਿਕਾਰ ਸੀ ਜਿਨ੍ਹਾਂ ਦੀ ਤਨਖਾਹ ਦਿੱਲੀ ਦਰਬਾਰ ਵੱਲੋਂ ਅਦਾ ਕੀਤੀ ਜਾਂਦੀ ਸੀ। 1780 – 81 ਈਸਵੀ ਵਿੱਚ ਔਰੰਗਜ਼ੇਬ ਦੇ ਰਾਜ ਕਾਲ ਸਮੇਂ ਦਿੱਲੀ ਸੂਬੇ ਦੇ ਸੂਬੇਦਾਰ ਮੁਨੀਮ ਖਾਨ ਨੇ ਉਸ ਨੂੰ ਆਪਣੇ ਅਧੀਨ ਸਰਹਿੰਦ ਦਾ ਫੌਜਦਾਰ ਨਿਯੁੱਕਤ ਕੀਤਾ ਸੀ ਤੇ ਅਗਲੇ ਸੂਬੇਦਾਰ ਗਾਜ਼ੀਉਦੀਨ ਖਾਨ ਫਿਰੋਜ਼ ਜੰਗ ਨੇ ਵੀ ਉਸ ਦਾ ਇਹ ਅਹੁਦਾ ਕਾਇਮ ਰੱਖਿਆ।

  ਗੁਰੂਘਰ ਨਾਲ ਦੁਸ਼ਮਣੀ ਦੀ ਕਰਤੂਤ ਤੋਂ ਇਲਾਵਾ ਇਤਿਹਾਸ ਵਿੱਚ ਇਸ ਦਾ ਕੋਈ ਹੋਰ ਕਾਰਨਾਮਾ ਸਾਹਮਣੇ ਨਹੀਂ ਆਇਆ। ਉਸ ਵੇਲੇ ਭਾਰਤ ‘ਤੇ ਧਾਰਮਿਕ ਤੌਰ ‘ਤੇ ਅਤਿਅੰਤ ਕੱਟੜ ਔਰੰਗਜ਼ੇਬ ਦਾ ਰਾਜ ਸੀ ਤੇ ਉਸ ਦੀ ਖੁਸ਼ਨੂਦੀ ਹਾਸਲ ਕਰਨ ਲਈ ਦਸਵੇਂ ਪਾਤਸ਼ਾਹ ਨਾਲ ਦੁਸ਼ਮਣੀ ਕਰਨ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਸੀ? ਇਸ ਨੇ ਪਹਾੜੀ ਰਾਜਿਆਂ ਦੀ ਮਦਦ ਨਾਲ ਆਨੰਦਪੁਰ ਸਾਹਿਬ ‘ਤੇ ਕਈ ਵਾਰ ਹਮਲੇ ਕੀਤੇ ਜੋ ਅਸਫਲ ਰਹੇ। ਪਰ 1704 ਈਸਵੀ ਨੂੰ ਕੀਤੀ ਗਈ ਕਈ ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਗੁਰੂ ਸਾਹਿਬ ਨੂੰ ਆਨੰਦਪੁਰ ਦਾ ਕਿਲਾ ਛੱਡਣਾ ਪਿਆ। ਇਸ ਨੇ ਗੁਰੂ ਸਾਹਿਬ ਨਾਲ ਕੀਤੇ ਵਾਅਦੇ ਤੋੜ ਕੇ ਸਰਸਾ ਨਦੀ ਪਾਰ ਕਰਦੇ ਸਮੇਂ ਸਿੱਖਾਂ ‘ਤੇ ਹਮਲਾ ਕਰ ਦਿਤਾ ਜਿਸ ਕਾਰਨ ਗੁਰੂ ਸਾਹਿਬ ਦਾ ਪਰਿਵਾਰ ਵਿੱਛੜ ਗਿਆ ਸੀ। ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ (ਮਾਤਾ ਗੁਜਰ ਕੌਰ) ਇਸ ਦੁਸ਼ਟ ਕਾਰਨ ਸ਼ਹੀਦ ਹੋਏ ਸਨ। ਸਾਹਿਬਜ਼ਾਦਾ ਅਜੀਤ ਸਿੰਘ (ਉਮਰ 17 ਸਾਲ) ਤੇ ਜੁਝਾਰ ਸਿੰਘ (ਉਮਰ 13 ਸਾਲ) ਚਮਕੌਰ ਦੀ ਜੰਗ ਵਿੱਚ ਦਸੰਬਰ 1704 ਈਸਵੀ ਨੂੰ ਸ਼ਹੀਦ ਹੋਏ ਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ (ਉਮਰ 9 ਸਾਲ) ਤੇ ਫਤਿਹ ਸਿੰਘ (ਉਮਰ 6 ਸਾਲ) ਨੂੰ 26 – 27 ਦਸੰਬਰ 1704 ਈਸਵੀ ਵਾਲੇ ਦਿਨ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਗੁਜਰੀ ਨੇ ਵੀ ਸਵਾਸ ਤਿਆਗ ਦਿੱਤੇ ਸਨ।
  ਇਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਦੇ ਹੁਕਮਾਂ ਨਾਲ ਸ਼ਹੀਦ ਕੀਤਾ ਸੀ ਜਾਂ ਉਹ ਖੁਦ ਹੀ ਐਨੀ ਘਟੀਆ ਮਾਨਸਿਕਤਾ ਦਾ ਵਿਅਕਤੀ ਸੀ ਕਿ ਅਜਿਹੀ ਘਿਣਾਉਣੀ ਹਰਕਤ ਕਰ ਗਿਆ। ਵਰਨਣਯੋਗ ਹੈ ਕਿ ਔਰੰਗਜ਼ੇਬ ਦੋ ਮੁਸਲਿਮ ਰਿਆਸਤਾਂ (ਬੀਜਾਪੁਰ ਤੇ ਗੋਲਕੁੰਡਾ) ਤੇ ਮਰਾਠਿਆਂ ਦੇ ਖਿਲਾਫ ਲੜਨ ਲਈ 1681 ਈਸਵੀ ਵਿੱਚ ਦੱਖਣ ਚਲਾ ਗਿਆ ਸੀ ਤੇ ਸੰਨ 1707 ਈਸਵੀ ਵਿੱਚ ਮੌਤ ਹੋਣ ਤੱਕ ਉਥੇ ਹੀ ਰਿਹਾ।  ਛੋਟੇ ਸਾਹਿਬਜ਼ਾਦੇ 19 – 20 ਦਸੰਬਰ ਨੂੰ ਗ੍ਰਿਫਤਾਰ ਤੇ 26 – 27 ਦਸੰਬਰ ਨੂੰ ਸ਼ਹੀਦ ਕੀਤੇ ਗਏ ਸਨ। ਜੇ ਉਸ ਨੇ ਔਰੰਗਜ਼ੇਬ ਦੀ ਸਹਿਮਤੀ ਲਈ ਦੱਖਣ ਵੱਲ ਦੂਤ ਭੇਜੇ ਹੁੰਦੇ ਤਾਂ ਉਹ ਕਈ ਮਹੀਨਿਆਂ ਤੱਕ ਵਾਪਸ ਹੀ ਨਹੀਂ ਆ ਸਕਦੇ ਸਨ। ਔਰੰਗਜ਼ੇਬ ਇਕੱਲਤਾ ਪ੍ਰੇਮੀ ਸੀ ਤੇ ਉਸ ਨੂੰ ਮਿਲਣ ਲਈ ਤਾਂ ਦੂਸਰੇ ਦੇਸ਼ਾਂ ਦੇ ਰਾਜਦੂਤਾਂ ਨੂੰ ਵੀ ਕਈ ਕਈ ਮਹੀਨੇ ਉਡੀਕਣਾ ਪੈਂਦਾ ਸੀ। ਵਜ਼ੀਰ ਖਾਨ ਵਰਗੇ ਛੋਟੇ ਅਫਸਰ ਦੇ ਦੂਤ ਤਾਂ ਉਸ ਨੂੰ ਮਿਲ ਹੀ ਨਹੀਂ ਸਕਦੇ ਸਨ। ਖੁਸ਼ਵੰਤ ਸਿੰਘ ਨੇ ਆਪਣੀ ਕਿਤਾਬ ਹਿਸਟਰੀ ਆਫ ਸਿਖਸ ਵਿੱਚ ਮੁਗਲ ਦਰਬਾਰ ਦੇ ਰਿਕਾਰਡ ਤੋਂ ਇਹ ਗੱਲ ਲਿਖੀ ਹੈ ਕਿ ਇਰਾਨ ਦੇ ਨਵ ਨਿਯੁੱਕਤ ਰਾਜਦੂਤ ਨੂੰ ਔਰੰਗਜ਼ੇਬ ਨੂੰ ਮਿਲਣ ਲਈ 4 ਮਹੀਨੇ ਲੱਗ ਗਏ ਸਨ। ਵੈਸੇ ਵੀ ਇਹ ਇੱਕ ਇਤਿਹਾਸਕ ਸੱਚਾਈ ਹੈ ਕਿ ਔਰੰਗਜ਼ੇਬ ਨੇ ਚਾਹੇ ਕਿੰਨੇ ਵੀ ਜ਼ੁਲਮ ਕੀਤੇ ਹੋਣ, ਉਸ ਨੇ ਕਦੇ ਵੀ ਆਪਣੇ ਕਿਸੇ ਵੱਡੇ ਦੁਸ਼ਮਣ ਦੇ ਬੱਚੇ ਕਤਲ ਨਹੀਂ ਸਨ ਕੀਤੇ।
  ਸੰਨ 1689 ਈਸਵੀ ਵਿੱਚ ਉਸ ਨੇ ਸ਼ਿਵਾ ਜੀ ਮਰਾਠਾ ਦੇ ਪੁੱਤਰ ਛਤਰਪਤੀ ਸ਼ੰਭਾ ਜੀ ਨੂੰ ਪਰਿਵਾਰ ਸਮੇਤ ਗ੍ਰਿਫਤਾਰ ਕੀਤਾ ਸੀ। ਸ਼ੰਭਾ ਜੀ ਨੂੰ ਤਾਂ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਉਸ ਦੇ ਪੁੱਤਰ ਸ਼ਾਹੂ ਜੀ ਉਸ ਨੇ 18 ਸਾਲ ਆਪਣੇ ਕੋਲ ਰੱਖ ਕੇ ਪਾਲਿਆ ਸੀ ਤੇ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਵੀ ਨਹੀਂ ਸੀ ਕੀਤੀ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਹੀ ਉਸ ਦੀ ਰਿਹਾਈ ਹੋਈ ਸੀ। ਇਸ ਤੋਂ ਸਾਫ ਜ਼ਾਹਰ ਹੈ ਕਿ ਛੋਟੇ ਸਾਹਿਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਫੈਸਲਾ ਵਜ਼ੀਰ ਖਾਨ ਦਾ ਖੁਦ ਦਾ ਹੀ ਸੀ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਖਤ ਨਸ਼ੀਨੀ ਦੀ ਜੰਗ ਸਮੇਂ ਉਸ ਦੇ ਵੱਡੇ ਪੁੱਤਰ ਬਹਾਦਰ ਸ਼ਾਹ ਦੀ ਉਸ ਦੇ ਭਰਾ ਮੁਹੰਮਦ ਆਜ਼ਮ ਸ਼ਾਹ ਦੇ ਖਿਲਾਫ ਜਾਜੂ ਦੀ ਜੰਗ (20 ਜੂਨ 1707 ਈਸਵੀ) ਵਿੱਚ ਸੈਨਿਕ ਮਦਦ ਕੀਤੀ ਸੀ। ਇਸ ਕਾਰਨ ਗੁਰੂ ਸਾਹਿਬ ਦੇ ਬਹਾਦਰ ਸ਼ਾਹ ਨਾਲ ਚੰਗੇ ਸਬੰਧ ਬਣ ਗਏ ਸਨ। ਇਸ ਤੋਂ ਡਰ ਕੇ ਵਜ਼ੀਰ ਖਾਨ ਨੇ ਜਮਸ਼ੇਦ ਖਾਨ ਅਤੇ ਵਾਸਿਲ ਬੇਗ ਨਾਮਕ ਦੋ ਭਾੜੇ ਦੇ ਕਾਤਲ ਦੱਖਣ ਵੱਲ ਭੇਜੇ ਜਿੰਨ੍ਹਾਂ ਨੇ ਗੁਰੂ ਸਾਹਿਬ ਨੂੰ ਤੇਜ਼ ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਸੀ। ਇਸ ਕਾਰਨ 7 ਅਕਤੂਬਰ 1708 ਈਸਵੀ ਨੂੰ ਗੁਰੂ ਸਾਹਿਬ ਜੋਤੀ ਜੋਤ ਸਮਾਂ ਗਏ। ਪਰ ਇਸ ਤੋਂ ਬਾਅਦ ਇਸ ਦੁਸ਼ਟ ਦਾ ਆਖਰੀ ਸਮਾਂ ਵੀ ਜਲਦੀ ਹੀ ਆ ਗਿਆ ਸੀ। ਗੁਰੂ ਸਾਹਿਬ ਵੱਲੋਂ ਥਾਪੜਾ ਦੇ ਕੇ ਭੇਜੇ ਗਏ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨਾਲ 12 ਮਈ 1710 ਵਾਲੇ ਦਿਨ ਹੋਈ ਚੱਪੜ ਚਿੜੀ ਦੀ ਜੰਗ ਦੌਰਾਨ ਭਾਈ ਫਤਿਹ ਸਿੰਘ ਨੇ ਸਿਰ ਵੱਢ ਕੇ ਇਸ ਨੂੰ ਨਰਕਾਂ ਵੱਲ ਤੋਰ ਦਿੱਤਾ।
error: Content is protected !!